ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ‘ਹਾਰਾ’

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕੁੱਝ ਸਾਲ ਪਹਿਲਾਂ ਤਕ ਪੰਜਾਬ ਦੇ ਘਰਾਂ ਦੀ ਰਸੋਈ ਨੇੜੇ ਹੀ ਕੰਧ ਵਿਚ ਇਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ ਜਿਸ ’ਚ ਢੋਲ ਦੀ ਸ਼ਕਲ ਦਾ ਪਾਤਰ ਡੂੰਘਾਈ ਰੂਪ ਵਿਚ ਬਣਿਆ...

representational Image


ਕੁੱਝ ਸਾਲ ਪਹਿਲਾਂ ਤਕ ਪੰਜਾਬ ਦੇ ਘਰਾਂ ਦੀ ਰਸੋਈ ਨੇੜੇ ਹੀ ਕੰਧ ਵਿਚ ਇਕ ਆਲੇ ਵਾਂਗ ਆਕਾਰ ਬਣਿਆ ਹੁੰਦਾ ਸੀ ਜਿਸ ’ਚ ਢੋਲ ਦੀ ਸ਼ਕਲ ਦਾ ਪਾਤਰ ਡੂੰਘਾਈ ਰੂਪ ਵਿਚ ਬਣਿਆ ਹੁੰਦਾ ਸੀ ਜਾਂ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਵਾਲੀ ਇਕ ਢੋਲ ਦੀ ਸ਼ਕਲ ਦੀ ਮਿੱਟੀ ਦੀ ਭੜੋਲੀ ਬਣੀ ਹੁੰਦੀ ਸੀ ਜਿਸ ਨੂੰ ‘ਹਾਰਾ’ ਕਹਿੰਦੇ ਸਨ। 
ਹਾਰਾ ਪਿੰਡਾਂ ਦੀਆਂ ਔਰਤਾਂ ਦੀ ਹਸਤ ਕਲਾ ਦਾ ਗਵਾਹ ਤਾਂ ਸੀ ਹੀ, ਨਾਲ ਹੀ ਇਸ ਵਿਚ ਰਿੰਨ੍ਹੀਆਂ ਦਾਲਾਂ ਅਤੇ ਹੋਰ ਚੀਜ਼ਾਂ ਦਾ ਸਵਾਦ ਗੈਸ ਦੀ ਅੱਗ ’ਤੇ ਛੇਤੀ-ਛੇਤੀ ਰਿੱਝਣ ਵਾਲੀਆਂ ਦਾਲਾਂ, ਸਬਜ਼ੀਆਂ ਤੋਂ ਕਾਫ਼ੀ ਭਿੰਨ ਹੁੰਦਾ ਸੀ। ਹਾਰੇ ਵਿਚ ਪਾਥੀਆਂ ਆਦਿ ਜਲਾ ਕੇ ਦੁੱਧ, ਸਾਗ, ਖਿਚੜੀ, ਦਾਲ ਜਾਂ ਜਿਹੜੀ ਵੀ ਹੋਰ ਚੀਜ਼ ਬਣਾਉਣੀ ਹੁੰਦੀ ਧਰ ਦਿਤੀ ਜਾਂਦੀ ਸੀ। ਸਾਰੇ ਦਿਨ ਵਿਚ ਇਕ-ਦੋ ਵਾਰੀ ਅੱਗ ਦਾ ਸੇਕ ਜਾਰੀ ਰੱਖਣ ਲਈ ਹੋਰ ਗੋਹੇ ਭੰਨ ਕੇ ਲਾ ਦਿਤੇ ਜਾਂਦੇ। ਭੋਜਨ ਬਣਾਉਣ ਦਾ ਇਹ ਕੰਮ ਮੱਠੀ ਅੱਗ ਉਤੇ ਹੁੰਦਾ ਸੀ।

ਹਾਰੇ ਵਿਚ ਪਾਏ ਗੋਹੇ ਹੌਲੀ-ਹੌਲੀ ਸਾਰਾ ਦਿਨ ਧੁਖਦੇ ਰਹਿੰਦੇ ਤੇ ਜਿਹੜੀ ਵੀ ਚੀਜ਼ ਬਣਨੀ ਧਰੀ ਹੋਣੀ, ਬਹੁਤ ਹੀ ਸਵਾਦਲੀ ਬਣਦੀ ਸੀ। ਹਾਰੇ ਦੀ ਘਰ ਵਿਚ ਉਪਯੋਗਤਾ ਹੋਣ ਦੇ ਨਾਲ–ਨਾਲ ਇਸ ਨੂੰ ਕਈ ਵਾਰ ਸਜਾਵਟੀ ਤੱਤਾਂ ਨਾਲ ਸ਼ਿੰਗਾਰਿਆ ਵੀ ਜਾਂਦਾ ਸੀ। ਜਿਹੜੀਆਂ ਸੁਆਣੀਆਂ ਹਸਤ-ਕਲਾ ਦੇ ਨਮੂਨਿਆਂ ਵਿਚ ਜ਼ਿਆਦਾ ਮਾਹਰ ਹੁੰਦੀਆਂ ਸਨ, ਉਹ ਹਾਰੇ ਦੇ ਬਾਹਰਲੇ ਸਿਰੇ ਉਤੇ ਮੋਰ–ਘੁੱਗੀਆਂ, ਮਣਕਿਆਂ ਵਾਂਗ ਮਿੱਟੀ ਦੀ ਮਾਲਾ, ਪਸ਼ੂ-ਪੰਛੀਆਂ ਨੂੰ ਦਰਸਾਉਂਦੀਆਂ ਆਕ੍ਰਿਤੀਆਂ ਬਣਾ ਲੈਂਦੀਆਂ ਸਨ। 

ਪਿੰਡਾਂ ਵਿਚ ਮਿੱਟੀ ਦਾ ਅਜਿਹਾ ਕੰਮ, ਜੋ ਕੇਵਲ ਔਰਤਾਂ ਹੀ ਕਰਦੀਆਂ ਸਨ, ਕਿਸੇ ਕਲਾਤਮਕ ਰਚਨਾ ਤੋਂ ਘੱਟ ਨਹੀਂ ਆਖਿਆ ਜਾ ਸਕਦਾ। ਹਾਰੇ ਦਾ ਜ਼ਿਕਰ ਗੀਤਾਂ ਵਿਚ ਵੀ ਆਉਂਦਾ ਹੈ, ‘‘ਰੀਝਾਂ ਨਾਲ ਜਿਹੜਾ ਮੈਂ ਬਣਾਇਆ ਸੀ ਹਾਰਾ, ਮਾਹੀ ਉਹਦੇ ਵਿਚ ਅੜਕ ਕਲ ਡਿੱਗ ਪਿਆ ਵਿਚਾਰਾ....।’’ ਹੁਣ ਨਾ ਹਾਰੇ ਨਾਲ ਜੁੜੇ ਗਾਣੇ ਸੁਣਨ ਨੂੰ ਮਿਲਦੇ ਹਨ ਨਾ ਹੀ ਦੇਖਣ ਨੂੰ ਹਾਰੇ। ਲੰਘੇ ਵੇਲੇ ਇਹ ਹਾਰੇ ਸਾਡੇ-ਤੁਹਾਡੇ ਸਾਰਿਆਂ ਦੇ ਘਰਾਂ ਵਿਚ ਦੇਖਣ ਨੂੰ ਮਿਲਦੇ ਸਨ, ਜੋ ਹੁਣ ਘਰਾਂ ਵਿਚੋਂ ਅਲੋਪ ਹੋ ਰਹੇ ਹਨ।