ਜਿਨਸੀ ਹਿੰਸਾ ਦੀਆਂ ਹੱਦਾਂ
ਜੇ ਅਠਵੀਂ ਦੇ ਬੱਚੇ ਨੇ ਇਕ ਹੋਰ ਅਧਿਆਪਕਾ ਨੂੰ ਕੈਂਡਲ ਨਾਈਟ ਡਿਨਰ ਦਾ ਸੱਦਾ ਦਿਤਾ ਅਤੇ ਉਸ ਤੋਂ ਬਾਅਦ ਸਰੀਰਕ ਸਬੰਧ ਬਣਾਉਣ ਦੀ ਗੱਲ ਆਖੀ
ਗੁੜਗਾਉਂ ਦੇ ਇਕ ਮਸ਼ਹੂਰ ਸਕੂਲ ਵਿਚ ਜਿਸ ਤਰ੍ਹਾਂ ਦੋ ਅਧਿਆਪਕਾਵਾਂ ਨੂੰ ਸਤਵੀਂ-ਅਠਵੀਂ ਵਿਚ ਪੜ੍ਹਨ ਵਾਲੇ ਦੋ ਬੱਚਿਆਂ ਨੇ ਅਸ਼ਲੀਲ ਧਮਕੀ ਦਿਤੀ, ਉਹ ਬੜੀ ਖ਼ੌਫ਼ਨਾਕ ਹੈ। ਇਸ ਖ਼ਬਰ ਨੂੰ ਜਿਸ ਨੇ ਵੀ ਪੜ੍ਹਿਆ, ਪਹਿਲਾਂ ਉਹ ਹੈਰਾਨ ਹੋਇਆ, ਫਿਰ ਸ਼ਰਮ ਖਾ ਗਿਆ। ਇਸ ਗੱਲ ਉਤੇ ਭਰੋਸਾ ਕਰਨਾ ਮੁਸ਼ਕਿਲ ਹੋ ਗਿਆ ਕਿ ਕੀ ਬੱਚੇ ਵੀ ਇਹੋ ਜਿਹਾ ਕਰ ਸਕਦੇ ਹਨ?
ਆਨਲਾਈਨ ਦਿਤੀਆਂ ਗਈਆਂ ਇਨ੍ਹਾਂ ਧਮਕੀਆਂ ਵਿਚ ਸਤਵੀਂ ਦੇ ਇਕ ਬੱਚੇ ਨੇ ਕਿਹਾ ਕਿ ਉਹ ਸਕੂਲ ਵਿਚ ਇਕ ਅਧਿਆਪਕਾ ਅਤੇ ਉਸ ਦੀ ਉਥੇ ਪੜ੍ਹਨ ਵਾਲੀ ਲੜਕੀ ਨਾਲ ਬਲਾਤਕਾਰ ਕਰੇਗਾ। ਦੂਜੇ ਅਠਵੀਂ ਦੇ ਬੱਚੇ ਨੇ ਇਕ ਹੋਰ ਅਧਿਆਪਕਾ ਨੂੰ ਕੈਂਡਲ ਨਾਈਟ ਡਿਨਰ ਦਾ ਸੱਦਾ ਦਿਤਾ ਅਤੇ ਉਸ ਤੋਂ ਬਾਅਦ ਸਰੀਰਕ ਸਬੰਧ ਬਣਾਉਣ ਦੀ ਗੱਲ ਆਖੀ। ਅਪਣੀਆਂ ਅਧਿਆਪਕਾਵਾਂ ਲਈ ਛੋਟੇ ਬੱਚਿਆਂ ਦੇ ਮੂੰਹ 'ਚੋਂ ਇਹੋ ਜਹੀਆਂ ਗੱਲਾਂ ਨਿਕਲਣਾ ਅਤੇ ਉਹ ਵੀ ਕਿਸੇ ਨੂੰ ਕਹਿਣਾ ਨਹੀਂ, ਆਨਲਾਈਨ ਲਿਖਣਾ ਜਾਣ ਕੇ ਬੜੀ ਪ੍ਰੇਸ਼ਾਨੀ ਹੁੰਦੀ ਹੈ। ਸਹਿਜੇ ਵਿਸ਼ਵਾਸ ਨਹੀਂ ਹੁੰਦਾ ਕਿ ਬੱਚੇ ਇਹੋ ਜਿਹਾ ਕਰ ਸਕਦੇ ਹਨ। ਜੇਕਰ ਇਸ ਨੂੰ ਤਬਦੀਲੀ ਕਹਿੰਦੇ ਹਨ ਤਾਂ ਇਸ ਨੂੰ ਚੰਗਾ ਹਰਗਿਜ਼ ਨਹੀਂ ਮੰਨਿਆ ਜਾ ਸਕਦਾ।
ਪਿਛਲੇ ਦਿਨੀਂ ਜਦੋਂ ਕਿਸ਼ੋਰ ਅਪਰਾਧ ਕਾਨੂੰਨਾਂ ਵਿਚ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਗੱਲ ਤੇ ਕਾਫ਼ੀ ਬਹਿਸ ਹੋ ਰਹੀ ਸੀ ਕਿ ਇਸ ਕਾਨੂੰਨ ਵਿਚ ਤਬਦੀਲੀ ਨਾਲ ਸਾਰੇ ਬੱਚਿਆਂ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਇਸ ਵਿਚ ਤਬਦੀਲੀ ਤੋਂ ਬਾਅਦ ਬੱਚਿਆਂ ਨੂੰ ਵੱਡਿਆਂ ਦੀ ਤਰ੍ਹਾਂ ਅਪਰਾਧ ਕਰਨ ਅਤੇ ਵੱਡਿਆਂ ਵਾਂਗ ਹੀ ਸਜ਼ਾ ਦੇਣ ਦੀ ਸ਼ਰਤ ਹੈ। ਬਹੁਤ ਸਾਰੇ ਪਛਮੀ ਦੇਸ਼ਾਂ ਵਿਚ ਇਹੋ ਜਿਹੇ ਕਾਨੂੰਨ ਹਨ ਕਿ ਬੱਚਿਆਂ ਨੇ ਜੇਕਰ ਵੱਡਿਆਂ ਦੀ ਤਰ੍ਹਾਂ ਅਪਰਾਧ ਕੀਤਾ ਹੈ ਤਾਂ ਉਸ ਨੂੰ ਸਜ਼ਾ ਵੀ ਵਡਿਆਂ ਵਾਂਗ ਹੀ ਮਿਲੇ। ਉਸ ਵੇਲੇ ਬੱਚਿਆਂ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਮਾਹਰ ਕਹਿ ਰਹੇ ਸਨ ਕਿ ਕੁੱਝ ਬੱਚਿਆਂ ਦੇ ਕੀਤੇ ਦੀ ਸਜ਼ਾ ਸਾਰਿਆਂ ਨੂੰ ਕਿਉਂ ਮਿਲੇ? ਪਰ ਇਸ ਘਟਨਾ ਨਾਲ ਸੋਚਣਾ ਪੈਂਦਾ ਹੈ ਕਿ ਆਖ਼ਰ ਕੀਤਾ ਕੀ ਜਾਵੇ? ਅਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਮੁਸੀਬਤ ਵਿਚੋਂ ਕਿਵੇਂ ਕਢਿਆ ਜਾਵੇ?
ਜਿਸ ਅਧਿਆਪਕਾ ਅਤੇ ਉਸ ਦੀ ਧੀ ਨੂੰ ਬਲਾਤਕਾਰ ਦੀ ਧਮਕੀ ਦਿਤੀ ਗਈ, ਉਸ ਨੇ ਈ-ਮੇਲ ਕਰ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ। ਅਧਿਆਪਕਾ ਨੇ ਲਿਖਿਆ ਕਿ ਉਹ ਮਾਨਸਿਕ ਰੂਪ ਤੋਂ ਬਹੁਤ ਪ੍ਰੇਸ਼ਾਨ ਹੈ। ਉਹ ਨਾ ਕਿਸੇ ਉਤੇ ਦੋਸ਼ ਲਾਉਣਾ ਚਾਹੁੰਦੀ ਹੈ ਅਤੇ ਨਾ ਹੀ ਕੋਈ ਬਦਲੇ ਦੀ ਕਾਰਵਾਈ ਚਾਹੁੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਤਕਨੀਕ ਦੇ ਵੱਧ ਇਸਤੇਮਾਲ ਨੇ ਬੱਚਿਆਂ ਨੂੰ ਵਿਗਾੜ ਦਿਤਾ ਹੈ। ਉਨ੍ਹਾਂ ਦੇ ਕੋਮਲ ਮਨ ਨੂੰ ਭ੍ਰਿਸ਼ਟ ਕਰ ਦਿਤਾ ਹੈ। ਉਹ ਤਾਂ ਜਿਵੇਂ ਚੰਗੇ ਅਤੇ ਬੁਰੇ ਦਾ ਫ਼ਰਕ ਹੀ ਭੁੱਲ ਗਏ ਹਨ। ਸ਼ਾਇਦ ਉਨ੍ਹਾਂ ਨੂੰ ਇਹੋ ਜਹੀਆਂ ਗੱਲਾਂ ਕੋਈ ਸਿਖਾਉਂਦਾ ਹੀ ਨਹੀਂ। ਇਸ ਲਈ ਸਕੂਲਾਂ ਅਤੇ ਮਾਤਾ-ਪਿਤਾ ਨੂੰ ਇਸ ਵਲ ਧਿਆਨ ਦੇਣ ਦੀ ਜ਼ਰੂਰਤ ਹੈ।
ਸਾਡੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੀ ਜ਼ਰੂਰਤ ਹੈ ਤਾਕਿ ਅੱਗੇ ਤੋਂ ਇਹੋ ਜਹੀਆਂ ਘਟਨਾਵਾਂ ਨਾ ਹੋਣ। ਇਸ ਅਧਿਆਪਕਾ ਦੀ ਸਤਵੀਂ ਵਿਚ ਪੜ੍ਹਨ ਵਾਲੀ ਬੱਚੀ ਵੀ ਏਨੀ ਡਰੀ ਹੋਈ ਹੈ ਕਿ ਉਹ ਸਕੂਲ ਨਹੀਂ ਜਾ ਰਹੀ। ਹਾਲਾਂਕਿ ਇਸ ਅਧਿਆਪਕਾ ਦੇ ਪਤੀ ਨੇ ਪੁਲਿਸ ਵਿਚ ਸਾਰੇ ਸਬੂਤਾਂ ਨਾਲ ਸ਼ਿਕਾਇਤ ਦਰਜ ਕਰਵਾਈ ਹੈ। ਤੇ ਸਾਇਬਰ ਸੈੱਲ ਅਤੇ ਹਰਿਆਣਾ ਮਹਿਲਾ ਕਮਿਸ਼ਨ ਵੀ ਇਸ ਦੀ ਜਾਂਚ ਕਰ ਰਿਹਾ ਹੈ। ਸਕੂਲ ਨੇ ਮਾਪਿਆਂ ਦੀ ਮੀਟਿੰਗ ਵੀ ਬੁਲਾਈ ਸੀ ਤਾਕਿ ਇਸ ਸਮੱਸਿਆ ਬਾਰੇ ਚਰਚਾ ਕੀਤੀ ਜਾ ਸਕੇ।
ਅਜੇ ਤਕ ਇਹੋ ਜਹੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਸਕੂਲਾਂ ਵਿਚ ਛੋਟੇ ਛੋਟੇ ਬੱਚੇ ਇਕ ਦੂਜੇ ਨੂੰ ਪ੍ਰੇਮ ਸੁਨੇਹੇ ਭੇਜ ਰਹੇ ਹਨ। ਕਈ ਬੱਚੇ ਘਰੋਂ ਭੱਜ ਵੀ ਚੁੱਕੇ ਹਨ। ਕਈ ਵਾਰ ਪਤਾ ਲੱਗਣ ਤੇ ਸਕੂਲਾਂ ਵਿਚ ਇਹੋ ਜਹੇ ਬੱਚਿਆਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ ਪਰ ਅਧਿਆਪਕਾਵਾਂ ਨਾਲ ਇਹੋ ਜਹੀ ਘਟਨਾ ਦਿਲ ਕੰਬਾਉਣ ਵਾਲੀ ਹੈ। ਉਹ ਘਰ, ਦਫ਼ਤਰ, ਸਕੂਲ ਵਿਚ ਖ਼ੁਦ ਨੂੰ ਕਿਸ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਨ? ਜਿਨ੍ਹਾਂ ਬੱਚਿਆਂ ਨੂੰ ਉਹ ਪੜ੍ਹਾਉਂਦੀਆਂ ਹਨ, ਉਨ੍ਹਾਂ ਦੇ ਦਿਲ ਵਿਚ ਇਹੋ ਜਹੀਆਂ ਗੱਲਾਂ ਕਿਵੇਂ ਘਰ ਕਰ ਗਈਆਂ? ਫਿਰ ਬਲਾਤਕਾਰ ਦੀ ਗੱਲ ਛੋਟੇ ਬੱਚਿਆਂ ਦੇ ਦਿਮਾਗ਼ ਵਿਚ ਇੰਜ ਕਿਵੇਂ ਆ ਗਈ ਕਿ ਉਹ ਇਸ ਨੂੰ ਬਦਲਾ ਲੈਣ ਜਾਂ ਆਨੰਦ ਦਾ ਵਸੀਲਾ ਸਮਝਣ ਲੱਗੇ ਅਤੇ ਇਹ ਵੀ ਕਿ ਕਿਸੇ ਔਰਤ ਅਤੇ ਲੜਕੀ ਨੂੰ ਇਸ ਤਰ੍ਹਾਂ ਨਾਲ ਡਰਾਇਆ-ਧਮਕਾਇਆ ਜਾ ਸਕਦਾ ਹੈ? ਦੂਜਾ ਬੱਚਾ, ਜਿਸ ਨੇ ਅਧਿਆਪਕਾ ਨਾਲ ਸ੍ਰੀਰਕ ਸਬੰਧ ਬਣਾਉਣ ਦੀਆਂ ਗੱਲਾਂ ਆਖੀਆਂ, ਉਸ ਨੂੰ ਇਨ੍ਹਾਂ ਗੱਲਾਂ ਦਾ ਖ਼ਿਆਲ ਕਿਵੇਂ ਆਇਆ? ਇਹ ਛੋਟੇ ਬੱਚੇ, ਜਿਨ੍ਹਾਂ ਨੇ ਦੁਨੀਆਂ ਵਿਚ ਅਜੇ ਅੱਖਾਂ ਹੀ ਖੋਲ੍ਹੀਆਂ ਹਨ, ਪੜ੍ਹਨ-ਲਿਖਣ ਅਤੇ ਜੀਵਨ ਦੇ ਸਾਰੇ ਸੁੱਖ ਸਾਧਨ ਮੌਜੂਦ ਹਨ, ਉਹ ਅਪਰਾਧ ਦੇ ਰਾਹ ਕਿਉਂ ਪੈ ਗਏ?
ਕਾਫ਼ੀ ਸਮੇਂ ਤੋਂ ਮਾਹਰ ਇਸ ਵਲ ਇਸ਼ਾਰਾ ਕਰ ਰਹੇ ਹਨ ਕਿ ਸਾਡੇ ਬੱਚੇ ਅਪਣੀ ਉਮਰ ਨਾਲੋਂ ਵੱਧ ਵੱਡੇ ਹੋ ਗਏ ਹਨ। ਉਹ ਵੱਡੀ ਗਿਣਤੀ ਵਿਚ ਫ਼ੇਸਬੁਕ ਦਾ ਪ੍ਰਯੋਗ ਕਰਦੇ ਹਨ। ਅਕਸਰ ਬੱਚਿਆਂ ਦੇ ਹੱਥ ਵਿਚ ਮਹਿੰਗੇ ਮੋਬਾਈਲ ਅਤੇ ਲੈਪਟਾਪ ਮੌਜੂਦ ਹੁੰਦੇ ਹਨ। ਉਹ ਕੰਪਿਊਟਰ ਅਤੇ ਮੋਬਾਈਲ ਉਤੇ ਭਾਰੀ ਮਾਤਰਾ ਵਿਚ ਅਸ਼ਲੀਲ ਸਾਈਟਾਂ ਵੇਖਦੇ ਹਨ। ਅਫ਼ਸੋਸ ਇਸ ਗੱਲ ਦਾ ਹੁੰਦਾ ਹੈ ਕਿ ਟੀ.ਵੀ. ਤੇ ਆਉਣ ਵਾਲੀਆਂ ਕਈ ਬਹਿਸਾਂ ਵਿਚ ਬਹੁਤ ਸਾਰੇ ਮੰਨੇ-ਪ੍ਰਮੰਨੇ ਲੋਕ ਬੱਚਿਆਂ ਦੇ ਅਸ਼ਲੀਲ ਸਾਈਟਾਂ ਵੇਖਣ ਦਾ ਸਮਰਥਨ ਕਰਦੇ ਵੇਖੇ ਜਾਂਦੇ ਹਨ। ਉਹ ਇਸ ਨੂੰ ਬੱਚਿਆਂ ਦੀ ਆਜ਼ਾਦੀ ਨਾਲ ਜੋੜਦੇ ਹਨ। ਆਜ਼ਾਦੀ ਦੇ ਨਾਂ ਤੇ ਬੱਚਿਆਂ ਦੇ ਬਚਪਨ ਨੂੰ ਖੋਹ ਕੇ ਉਨ੍ਹਾਂ ਨੂੰ ਉਸ ਪਾਸੇ ਧੱਕ ਦੇਣਾ ਕਿ ਉਹ ਅਪਰਾਧਾਂ ਨੂੰ ਵੀ ਅਪਣੀ ਆਜ਼ਾਦੀ ਸਮਝਣ ਲੱਗਣ, ਕਿਥੋਂ ਤਕ ਜਾਇਜ਼ ਹੈ?
ਕਾਫ਼ੀ ਸਮੇਂ ਤਕ ਤਕਨੀਕ ਨੂੰ ਕਿਸੇ ਭਗਵਾਨ ਵਾਂਗ ਪੇਸ਼ ਕੀਤਾ ਜਾਂਦਾ ਸੀ, ਪਰ ਤਕਨੀਕ ਗ਼ਲਤ ਰਾਹ ਤੇ ਵੀ ਲਿਜਾ ਸਕਦੀ ਹੈ। ਇਸ ਤੇ ਆ ਕੇ ਬਹਿਸ ਅਕਸਰ ਨਹੀਂ ਹੁੰਦੀ। ਜ਼ਿਆਦਾ ਸੂਚਨਾ ਵੀ ਘਾਤਕ ਹੋ ਸਕਦੀ ਹੈ ਅਤੇ ਹਰ ਸੂਚਨਾ ਹਰ ਕਿਸੇ ਲਈ ਨਹੀਂ ਹੁੰਦੀ। ਨਾਲ ਹੀ ਬਹੁਤ ਸਾਰੀਆਂ ਸੂਚਨਾਵਾਂ ਅਤੇ ਗਿਆਨ ਦੀ ਇਕ ਉਮਰ ਵੀ ਹੁੰਦੀ ਹੈ। ਜੇਕਰ ਵੱਡਿਆਂ ਦਾ ਗਿਆਨ ਬੱਚਿਆਂ ਨੂੰ ਕੱਚੀ ਉਮਰ ਵਿਚ ਹੀ ਮਿਲ ਜਾਵੇ ਤਾਂ ਉਹ ਕੀ ਕਰ ਸਕਦੇ ਹਨ? ਗੁੜਗਾਉਂ ਦੇ ਸਕੂਲ ਵਿਚ ਹੋਈ ਘਟਨਾ ਇਸ ਗੱਲ ਦਾ ਸਬੂਤ ਹੈ। ਬੱਚੇ ਪੜ੍ਹਨ ਦੇ ਮੁਕਾਬਲੇ ਪੜ੍ਹਾਉਣ ਵਾਲੀਆਂ ਅਧਿਆਪਕਾਵਾਂ ਵਲ ਗੰਦੀ ਨਜ਼ਰ ਨਾਲ ਵੇਖ ਰਹੇ ਹਨ, ਇਸ ਗੱਲ ਉਤੇ ਕਿਸੇ ਦਾ ਧਿਆਨ ਨਹੀਂ ਗਿਆ। ਇਸ ਤਰ੍ਹਾਂ ਦਾ ਸ਼ਾਇਦ ਹੀ ਕੋਈ ਸਰਵੇ ਜਾਂ ਅਧਿਐਨ ਵੇਖਣ ਵਿਚ ਆਇਆ ਹੋਵੇ।
ਇਹ ਗੱਲ ਸੱਚ ਹੈ ਕਿ ਇਸ ਦੌਰ ਵਿਚ ਤੁਸੀ ਬੱਚਿਆਂ ਨੂੰ ਤਕਨੀਕ ਤੋਂ ਦੂਰ ਨਹੀਂ ਰੱਖ ਸਕਦੇ, ਪਰ ਉਨ੍ਹਾਂ ਨੂੰ ਚੰਗੇ-ਮੰਦੇ ਦੀ ਪਛਾਣ ਕਿਵੇਂ ਕਰਾਈ ਜਾਵੇ? ਉਹ ਕੀ ਵੇਖਣ ਅਤੇ ਕੀ ਉਨ੍ਹਾਂ ਦੇ ਵੇਖਣ ਲਾਇਕ ਨਹੀਂ ਹੈ? ਉਨ੍ਹਾਂ ਨੂੰ ਸਮਝਾਇਆ ਜਾਵੇ, ਪਰ ਸਮਝਾਇਆ ਤਾਂ ਹੀ ਜਾ ਸਕਦਾ ਹੈ ਜਦ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਇਸ ਦੀ ਖ਼ਬਰ ਹੋਵੇ। ਜਿਨ੍ਹਾਂ ਪ੍ਰਵਾਰਾਂ ਵਿਚ ਮਾਤਾ-ਪਿਤਾ ਦੋਵੇਂ ਕੰਮ ਕਰਦੇ ਹਨ, ਉਨ੍ਹਾਂ ਕੋਲ ਏਨਾ ਸਮਾਂ ਹੀ ਨਹੀਂ ਕਿ ਉਹ ਬੱਚਿਆਂ ਦੀ ਹਰ ਹਰਕਤ ਉਤੇ ਨਜ਼ਰ ਰੱਖ ਸਕਣ। ਨਾ ਹੀ ਅਧਿਆਪਕਾਂ ਨੂੰ ਰੋਜ਼ਾਨਾ ਦੇ ਕੰਮਾਂ ਤੋਂ ਏਨੀ ਵਿਹਲ ਹੁੰਦੀ ਹੈ ਕਿ ਉਹ ਹਰ ਬੱਚੇ ਨਾਲ ਗੱਲਬਾਤ ਕਰ ਸਕਣ ਤੇ ਉਹ ਕੀ ਕਰ ਰਿਹਾ ਹੈ, ਕਿਸ ਨੂੰ ਮਿਲ ਰਿਹਾ ਹੈ, ਕੀ ਵੇਖ ਰਿਹਾ ਹੈ, ਇਸ ਨੂੰ ਜਾਣ ਸਕਣ। ਅਕਸਰ ਹੁੰਦਾ ਤਾਂ ਇਹ ਹੈ ਕਿ ਬੱਚਿਆਂ ਦੀ ਇਹੋ ਜਹੀ ਕਿਸੇ ਵੀ ਹਰਕਤ ਤੇ ਮਾਤਾ-ਪਿਤਾ ਸਕੂਲ ਦੇ ਸਿਰ ਦੋਸ਼ ਮੜ੍ਹਦੇ ਹਨ ਅਤੇ ਸਕੂਲ ਮਾਤਾ-ਪਿਤਾ ਵਲੋਂ ਧਿਆਨ ਨਾ ਦੇਣ ਦੀ ਸ਼ਿਕਾਇਤ ਕਰਦੇ ਹਨ। ਅਧਿਆਪਕ ਇਹ ਵੀ ਕਹਿੰਦੇ ਹਨ ਕਿ ਬੱਚਿਆਂ ਨੂੰ ਕਿਸੇ ਗੱਲ ਦਾ ਵੀ ਡਰ ਨਹੀਂ ਰਿਹਾ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਗੱਲ ਤੇ ਸਕੂਲ ਵਿਚ ਸਜ਼ਾ ਨਹੀਂ ਦਿਤੀ ਜਾ ਸਕਦੀ। ਜੇਕਰ ਮਾਮੂਲੀ ਸਜ਼ਾ ਦਿਤੀ ਵੀ ਜਾਂਦੀ ਹੈ, ਤਾਂ ਮਾਂ-ਬਾਪ ਲੜਨ ਲਗਦੇ ਹਨ, ਸਕੂਲ ਦੀ ਸ਼ਿਕਾਇਤ ਕਰਨ ਦੀ ਧਮਕੀ ਦਿੰਦੇ ਹਨ।
ਫਿਰ ਜਿਥੇ ਮਲਿਆਲਮ ਫ਼ਿਲਮ ਵਿਚ ਸਕੂਲ ਵਿਚ ਪੜ੍ਹਨ ਵਾਲੀ ਪ੍ਰਿਯਾ ਪ੍ਰਕਾਸ਼ ਸਿਰਫ਼ ਅੱਖ ਮਾਰ ਕੇ ਅਤੇ ਫ਼ਲਾਈਂਗ ਕਿੱਸ ਕਰਨ ਤੇ ਰਾਤੋ-ਰਾਤ ਸੁਪਰਹਿੱਟ ਹੋ ਜਾਂਦੀ ਹੈ, ਇਹੋ ਜਹੇ ਸਮੇਂ ਵਿਚ ਬੱਚੇ ਹੋਰ ਕੀ ਕੀ ਸਿਖ ਸਕਦੇ ਹਨ? ਉਨ੍ਹਾਂ ਲਈ ਤਾਂ ਅੱਖ ਮਾਰਨਾ ਅਤੇ ਚੁੰਮਣ ਉਛਾਲਣਾ ਹੀ ਦੁਨੀਆਂ ਦੀ ਸੱਭ ਤੋਂ ਵੱਡੀ ਘਟਨਾ ਹੈ ਕਿਉਂਕਿ ਮੀਡੀਆ ਰਾਤ-ਦਿਨ ਇਸ ਘਟਨਾ ਦੇ ਕਿੱਸੇ ਗਾਉਣ ਲਗਦਾ ਹੈ। ਪ੍ਰਿਯਾ ਨੂੰ ਅੱਜ ਦੀ ਬਦਲੀ ਹੋਈ ਲੜਕੀ ਅਤੇ ਸ਼ਕਤੀਸ਼ਾਲੀ ਔਰਤ ਦਸਿਆ ਜਾਂਦਾ ਹੈ। ਫਿਰ ਜੇਕਰ ਬੱਚੇ ਅਧਿਆਪਕਾਵਾਂ ਤੋਂ ਅਸ਼ਲੀਲ ਮੰਗ ਕਰਨ ਲੱਗਣ ਤਾਂ ਉਨ੍ਹਾਂ ਦਾ ਵੀ ਕੀ ਕਸੂਰ? ਸਮਾਜ ਵਿਚ ਬੱਚੇ ਵੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੋਮਲ ਮਨ ਕਿਸੇ ਘਟਨਾ ਅਤੇ ਦ੍ਰਿਸ਼ ਨੂੰ ਸੱਚ ਸਮਝ ਕੇ ਉਹੋ ਜਿਹਾ ਹੀ ਵਤੀਰਾ ਕਰਨ ਲਗਦੇ ਹਨ, ਤਾਂ ਅਸਲੀ ਅਪਰਾਧੀ ਉਹ ਹਨ ਜੋ ਅਪਣੇ ਉਤਪਾਦਾਂ ਨੂੰ ਮਸ਼ਹੂਰ ਬਣਾਉਣ ਲਈ ਬੱਚਿਆਂ ਨੂੰ ਸਹਿਜ ਸ਼ਿਕਾਰ ਬਣਾਉਂਦੇ ਹਨ। ਸਕੂਲ ਵੀ ਇਸ ਤੋਂ ਬਚੇ ਕਿਵੇਂ ਰਹਿ ਸਕਦੇ ਹਨ?
ਗੁੜਗਾਉਂ ਦੀ ਘਟਨਾ ਕਾਰਨ ਇਕ ਅਧਿਆਪਕਾ ਨੇ ਨੌਕਰੀ ਛੱਡ ਦਿਤੀ, ਪਰ ਉਹ ਅਧਿਆਪਕਾਵਾਂ ਕਿੱਥੇ ਜਾਣਗੀਆਂ, ਜਿਨ੍ਹਾਂ ਕੋਲ ਨੌਕਰੀ ਛੱਡਣ ਦਾ ਕੋਈ ਬਦਲ ਹੀ ਨਹੀਂ? ਅਪਣੀ ਆਰਥਕ ਜ਼ਰੂਰਤ ਪੂਰੀ ਕਰਨ ਲਈ ਕੀ ਉਹ ਨੌਕਰੀ ਛੱਡ ਸਕਣਗੀਆਂ? ਫਿਰ ਮੁਸ਼ਕਲ ਨਾਲ ਮਿਲੀ ਨੌਕਰੀ ਛੱਡੇ ਵੀ ਕਿਉਂ? ਇਸ ਤੋਂ ਇਲਾਵਾ ਹੁਣ ਤਕ ਤਾਂ ਔਰਤਾਂ ਵੱਡੇ ਅਪਰਾਧੀਆਂ ਤੋਂ ਡਰਦੀਆਂ ਸਨ ਪਰ ਕੀ ਹੁਣ ਉਨ੍ਹਾਂ ਨੂੰ ਛੋਟੇ ਬੱਚਿਆਂ ਤੋਂ ਵੀ ਡਰਨਾ ਪਵੇਗਾ?
ਅਨੁਵਾਦ : ਨਿਰਮਲ ਪ੍ਰੇਮੀ
ਸੰਪਰਕ : 94631-61691