ਇਹ ਸੱਭ ਸਪੋਕਸਮੈਨ ਦਾ ਕਮਾਲ ਹੀ ਤਾਂ ਹੈ...
ਗੱਲ 12 ਜੁਲਾਈ 2017 ਦੀ ਹੈ ਕਿ ਸਵੇਰੇ-ਸਵੇਰੇ 7 ਵਜੇ ਹੀ ਮੈਨੂੰ ਕੈਲੇਫ਼ੋਰਨੀਆ (ਅਮਰੀਕਾ) ਤੋਂ ਇਕ ਵਿਅਕਤੀ ਦਾ ਫ਼ੋਨ ਆਇਆ। ਉਨ੍ਹਾਂ ਨੇ ਅਪਣਾ ਨਾਂ ਜਸਮੇਰ ਸਿੰਘ ਦਸਦੇ ਹੋਏ..
ਗੱਲ 12 ਜੁਲਾਈ 2017 ਦੀ ਹੈ ਕਿ ਸਵੇਰੇ-ਸਵੇਰੇ 7 ਵਜੇ ਹੀ ਮੈਨੂੰ ਕੈਲੇਫ਼ੋਰਨੀਆ (ਅਮਰੀਕਾ) ਤੋਂ ਇਕ ਵਿਅਕਤੀ ਦਾ ਫ਼ੋਨ ਆਇਆ। ਉਨ੍ਹਾਂ ਨੇ ਅਪਣਾ ਨਾਂ ਜਸਮੇਰ ਸਿੰਘ ਦਸਦੇ ਹੋਏ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਵਿਚ ਮੇਰਾ ਇਕ ਲੇਖ 'ਹੁਣ ਨਹੀਂ ਕਿੱਕਰ ਤੇ ਕਾਟੋ ਰਹਿੰਦੀ' ਛਪਿਆ ਹੈ ਅਤੇ ਇਸ ਲਈ ਉਹ ਮੈਨੂੰ ਵਧਾਈ ਦੇ ਰਹੇ ਸਨ। ਫ਼ੋਨ ਕਰਨ ਵਾਲੇ ਸਰਦਾਰ ਜੀ ਮੈਨੂੰ ਜਾਣਦੇ ਨਹੀਂ ਸਨ ਪਰ ਉਹ ਇਸ ਲੇਖ ਬਾਰੇ ਮੇਰੇ ਨਾਲ ਬਹੁਤ ਦੇਰ ਤਕ ਗੱਲਾਂ ਕਰਦੇ ਰਹੇ। ਮੇਰੇ ਪਿੰਡ ਦਾ ਨਾਂ ਪੁੱਛਣ ਤੇ ਉਨ੍ਹਾਂ ਦਸਿਆ ਸੀ ਕਿ ਉਹ ਵੀ ਮਲੌਦ ਦੇ ਇਲਾਕੇ ਵਿਚ ਲੁਧਿਆਣਾ ਜ਼ਿਲ੍ਹੇ ਨਾਲ ਸਬੰਧ ਰਖਦੇ ਹਨ ਅਤੇ ਕਦੇ-ਕਦੇ ਪੰਜਾਬ ਦਾ ਚੱਕਰ ਵੀ ਲਾਉਂਦੇ ਹਨ।
ਭਾਵੇਂ ਮੈਂ ਉਸ ਦਿਨ ਦੇ ਸਪੋਕਸਮੈਨ ਵਿਚ ਇਹ ਲੇਖ ਪਹਿਲਾਂ ਹੀ ਪੜ੍ਹ ਚੁਕਿਆ ਸੀ ਪਰ ਕੈਲੇਫ਼ੋਰਨੀਆ ਤੋਂ ਉਨ੍ਹਾਂ ਵਲੋਂ ਦੱਸਣ ਤੇ ਮੈਨੂੰ ਅਥਾਹ ਖ਼ੁਸ਼ੀ ਹੋਈ। ਗੱਲਾਂ-ਗੱਲਾਂ ਵਿਚ ਹੀ ਉਨ੍ਹਾਂ ਦਸਿਆ ਕਿ ਉਹ ਕਿੱਕਰ ਦੀਆਂ ਦਾਤਣਾਂ ਦੀ ਅੱਜ ਵੀ ਵਰਤੋਂ ਕਰਦੇ ਹਨ ਅਤੇ ਪੰਜਾਬ ਤੋਂ ਉਹ ਕਿੱਕਰਾਂ ਦੀਆਂ ਦਾਤਣਾਂ ਦੀ ਮੰਗ ਕਰਦੇ ਰਹਿੰਦੇ ਹਨ। ਜਦੋਂ ਵੀ ਪੰਜਾਬ ਜਾਂਦੇ ਹਨ ਤਾਂ ਬਹੁਤ ਸਾਰੀਆਂ ਕਿੱਕਰ ਦੀਆਂ ਦਾਤਣਾਂ ਲੈ ਕੇ ਆਉਂਦੇ ਹਨ। ਇਨ੍ਹਾਂ ਦੇ ਛੋਟੇ-ਛੋਟੇ ਪੈਕਟ ਬਣਾ ਕੇ ਅਪਣੇ ਫਰਿੱਜ ਵਿਚ ਰੱਖ ਛਡਦੇ ਹਨ। ਇਕ-ਇਕ ਦਾਤਣ ਨੂੰ ਉਹ ਕਈ-ਕਈ ਵਾਰ ਵਰਤੋਂ ਵਿਚ ਲਿਆਉਂਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਦੰਦ ਮਜ਼ਬੂਤ ਹਨ। ਕਿੱਕਰ ਦੇ ਤੁੱਕਿਆਂ ਦੀ ਗੱਲ ਕਰਦੇ ਹੋਏ ਉਨ੍ਹਾਂ ਦਸਿਆ ਕਿ ਤੁੱਕਿਆਂ ਦਾ ਅਚਾਰ ਕੈਲੇਫ਼ੋਰਨੀਆ ਵਿਚ ਮਿਲ ਜਾਂਦਾ ਹੈ ਭਾਵੇਂ ਪੰਜਾਬ ਵਿਚ ਇਹ ਘੱਟ ਹੀ ਮਿਲਦਾ ਹੈ। ਉਨ੍ਹਾਂ ਨੇ ਤੁੱਕਿਆਂ ਦੇ ਅਚਾਰ ਨੂੰ ਕਾਫ਼ੀ ਗੁਣਕਾਰੀ ਦਸਿਆ। ਪੰਜਾਬ ਵਿਚ ਸੁੱਕ ਰਹੀਆਂ ਕਿੱਕਰਾਂ ਬਾਰੇ ਉਨ੍ਹਾਂ ਵਿਸ਼ੇਸ਼ ਤੌਰ ਤੇ ਚਿੰਤਾ ਪ੍ਰਗਟਾਈ ਅਤੇ ਆਸ ਕੀਤੀ ਕਿ ਪੰਜਾਬ ਦੇ ਲੋਕ ਇਸ ਰਵਾਇਤੀ ਰੁੱਖ ਨੂੰ ਅਲੋਪ ਨਹੀਂ ਹੋਣ ਦੇਣਗੇ। ਉਨ੍ਹਾਂ ਵਾਰ ਵਾਰ ਮੇਰੇ ਵਲੋਂ ਕਿੱਕਰਾਂ ਬਾਰੇ ਲਿਖੇ ਲੇਖ ਦੀ ਪ੍ਰਸੰਸਾ ਕੀਤੀ ਜਿਸ ਨਾਲ ਮੈਂ ਵੀ ਮਾਣ ਮਹਿਸੂਸ ਕੀਤਾ ਅਤੇ ਸਪੋਕਸਮੈਨ ਦਾ ਧੰਨਵਾਦ ਕੀਤਾ। ਭਾਵੇਂ ਸਾਰਾ ਦਿਨ ਇਸ ਲੇਖ ਦੇ ਸਬੰਧ ਵਿਚ ਹੋਰ ਵੀ ਸੈਂਕੜੇ ਫ਼ੋਨ ਆਏ ਪਰ ਸੱਭ ਤੋਂ ਪਹਿਲਾਂ ਏਨੀ ਦੂਰ ਤੋਂ ਆਏ ਇਸ ਪ੍ਰਭਾਵਸ਼ਾਲੀ ਅਤੇ ਪਿਆਰ ਭਰੇ ਫ਼ੋਨ ਨੇ ਮੈਨੂੰ ਵਧੇਰੇ ਖ਼ੁਸ਼ੀ ਦਿਤੀ ਅਤੇ ਹੋਰ ਚੰਗੇਰਾ ਲਿਖਣ ਦਾ ਹੌਸਲਾ ਹੋਇਆ। ਇਸ ਅਥਾਹ ਖ਼ੁਸ਼ੀ ਨੂੰ ਘਰਦਿਆਂ ਨਾਲ ਸਾਂਝੀ ਕਰਦੇ ਹੋਏ ਮੈਂ ਸੋਚ ਰਿਹਾ ਸੀ ਕਿ ਇਹ ਸਾਰਾ ਸਪੋਕਸਮੈਨ ਦਾ ਕਮਾਲ ਹੀ ਤਾਂ ਹੈ ਜਿਸ ਸਦਕਾ ਮੈਨੂੰ ਵੱਧ ਤੋਂ ਵੱਧ ਲਿਖਣ ਦਾ ਮੌਕਾ ਮਿਲਿਆ ਅਤੇ ਸਾਹਿਤਕ ਖੇਤਰ ਵਿਚ ਮਾਣ ਹਾਸਲ ਹੋਇਆ।
ਰੋਜ਼ਾਨਾ ਸਪੋਕਸਮੈਨ ਦੇ ਸਦਕਾ ਹੀ ਇਕ ਹੋਰ ਘਟਨਾ ਨੇ ਮੇਰੇ ਜੀਵਨ ਵਿਚ ਤਬਦੀਲੀ ਲਿਆਂਦੀ। ਇਸ ਘਟਨਾ ਅਨੁਸਾਰ ਇਕ ਦਿਨ ਮੈਂ ਰੋਪੜ ਜ਼ਿਲ੍ਹੇ ਦੇ ਇਕ ਪਿੰਡ ਸੰਧੂਆਂ ਦੇ ਸਕੂਲ ਵਿਚ ਵਿਸ਼ੇਸ਼ ਸਮਾਗਮ ਤੇ ਗਿਆ ਹੋਇਆ ਸੀ ਅਤੇ ਉਸ ਦਿਨ ਵੀ ਸਪੋਕਸਮੈਨ ਵਿਚ ਪੰਜਾਬੀ ਸਭਿਆਚਾਰ ਬਾਰੇ ਮੇਰਾ ਇਕ ਵਿਸ਼ੇਸ਼ ਲੇਖ 'ਉਹ ਘਰ ਟੋਲੀਂ ਬਾਬੁਲਾ ਜਿਥੇ ਲਿਪਣੇ ਨਾ ਪੈਣ ਬਨੇਰੇ' ਛਪਿਆ ਸੀ, ਤਾਂ ਮੈਨੂੰ ਉਥੇ ਹੀ ਇਕ ਫ਼ੋਨ ਆਇਆ, ਜਾਣਨ ਤੋਂ ਪਤਾ ਲਗਿਆ ਕਿ ਇਹ ਫ਼ੋਨ ਸ. ਮਨੋਹਰ ਸਿੰਘ ਗਿੱਲ, ਸਾਬਕਾ ਖੇਡ ਮੰਤਰੀ, ਭਾਰਤ ਸਰਕਾਰ ਦਾ ਸੀ। ਮੈਂ ਸ. ਗਿੱਲ ਜੀ ਦਾ ਨਾਂ ਸੁਣ ਕੇ ਹੈਰਾਨ ਰਹਿ ਗਿਆ। ਉਨ੍ਹਾਂ ਨੇ ਮੇਰੇ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀ ਸਭਿਆਚਾਰ ਬਾਰੇ ਕਾਫ਼ੀ ਲੰਮੀ ਗੱਲਬਾਤ ਕੀਤੀ ਅਤੇ ਮੈਨੂੰ ਉਸ ਲੇਖ ਲਈ ਵਧਾਈ ਦਿੰਦੇ ਹੋਇਆਂ ਸਲਾਹ ਦਿਤੀ ਕਿ ਜਿੰਨੇ ਵੀ ਮੇਰੇ ਲੇਖ ਅਖ਼ਬਾਰਾਂ ਵਿਚ ਛਪਦੇ ਹਨ ਜਾਂ ਛਪ ਚੁੱਕੇ ਹਨ, ਮੈਂ ਉਨ੍ਹਾਂ ਸੱਭ ਦਾ ਸੰਗ੍ਰਹਿ ਕਰ ਕੇ ਪੰਜਾਬੀ ਸਭਿਆਚਾਰ ਬਾਰੇ ਇਕ ਪੁਸਤਕ ਤਿਆਰ ਕਰਵਾ ਲਵਾਂ। ਉਨ੍ਹਾਂ ਦਾ ਕਹਿਣਾ ਸੀ ਕਿ ਇਕ-ਇਕ ਲੇਖ ਬਹੁਤ ਹੀ ਮਿਹਨਤ, ਦਿਮਾਗ਼, ਪੈਸੇ ਖ਼ਰਚ ਕਰ ਕੇ ਅਤੇ ਸਮਾਂ ਲਾ ਕੇ ਲਿਖਿਆ ਜਾਂਦਾ ਹੈ। ਲੋਕ ਇਸ ਨੂੰ ਪੜ੍ਹਦੇ ਹਨ ਅਤੇ ਫਿਰ ਅਖ਼ਬਾਰ ਰੱਦੀ ਬਣ ਜਾਂਦਾ ਹੈ।
ਇਸ ਲਈ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦੇਂਦੇ ਹੋਏ ਵਾਰ-ਵਾਰ ਲੇਖਾਂ ਦਾ ਇਕ ਕਿਤਾਬ ਦੇ ਰੂਪ ਵਿਚ ਸੰਗ੍ਰਿਹ ਕਰਨ ਲਈ ਕਿਹਾ ਅਤੇ ਨਾਲ ਹੀ ਆਖਿਆ ਕਿ ਉਸ ਕਿਤਾਬ ਦੀ ਪਹਿਲੀ ਕਾਪੀ ਉਨ੍ਹਾਂ ਨੂੰ ਭੇਜੀ ਜਾਵੇ। ਮੈਂ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹੋਏ ਉਨ੍ਹਾਂ ਨੂੰ ਅਜਿਹਾ ਹੀ ਕਰਨ ਦਾ ਭਰੋਸਾ ਦਿਤਾ। ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਮੈਂ ਪੰਜਾਬੀ ਸਭਿਆਚਾਰ ਦੇ ਸਮੂਹ ਲੇਖਾਂ, ਜਿਨ੍ਹਾਂ ਵਿਚੋਂ ਬਹੁਤਾਂਤ ਰੋਜ਼ਾਨਾ ਸਪੋਕਸਮੈਨ ਵਿਚ ਛਪ ਚੁੱਕੇ ਸਨ, ਨੂੰ ਕਿਤਾਬ ਦਾ ਰੂਪ ਦੇ ਕੇ 'ਝਲਕ ਪੰਜਾਬੀ ਵਿਰਸੇ ਦੀ' ਦੇ ਨਾਂ ਨਾਲ ਤਰਲੋਚਨ ਪਬਲਿਸਰਜ਼ ਚੰਡੀਗੜ੍ਹ ਤੋਂ ਛਪਵਾ ਕੇ ਇਕ ਵਧੀਆ ਕਿਤਾਬ ਦਾ ਰੂਪ ਦਿਤਾ। ਫਿਰ ਉਸ ਦੀ ਪਹਿਲੀ ਕਾਪੀ ਸ. ਮਨੋਹਰ ਸਿੰਘ ਗਿੱਲ ਜੀ ਨੂੰ ਭੇਜ ਦਿਤੀ ਜਿਸ ਤੇ ਉਨ੍ਹਾਂ ਨੇ ਖ਼ੂਬ ਵਧਾਈਆਂ ਦਿਤੀਆਂ। ਮੇਰਾ ਮਨ ਸੋਚ ਰਿਹਾ ਸੀ ਕਿ ਇਹ ਸੱਭ ਰੋਜ਼ਾਨਾ ਸਪੋਕਸਮੈਨ ਦੇ ਕਮਾਲ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਸਪੋਕਸਮੈਨ ਸਦਕਾ ਹੀ ਮੈਨੂੰ ਪੰਜਾਬ, ਪੰਜਾਬ ਤੋਂ ਬਾਹਰ ਅਤੇ ਦੇਸ਼-ਵਿਦੇਸ਼ਾਂ ਵਿਚ ਸੈਂਕੜੇ ਹੀ ਪੰਜਾਬੀ ਪ੍ਰੇਮੀ ਅਤੇ ਸਪੋਕਸਮੈਨ ਦੇ ਪਾਠਕਾਂ ਨਾਲ ਮਿੱਤਰਾਂ ਵਾਂਗ ਜੁੜਨ ਦਾ ਮੌਕਾ ਮਿਲਿਆ ਹੈ। ਬਹੁਤ ਸਾਰੇ ਪਾਠਕ ਅਜਿਹੇ ਹਨ ਜੋ ਨੇਮ ਨਾਲ ਮੇਰੇ ਸਪੋਕਸਮੈਨ ਵਿਚ ਛਪੇ ਲੇਖ ਪੜ੍ਹ ਕੇ ਫ਼ੋਨ ਜ਼ਰੂਰ ਕਰਦੇ ਹਨ ਅਤੇ ਬਹੁਤ ਸਾਰੇ ਮੈਨੂੰ ਮੇਰੀ ਚੰਡੀਗੜ੍ਹ ਵਾਲੀ ਰਿਹਾਇਸ਼ ਤੇ ਆ ਕੇ ਮਿਲ ਚੁੱਕੇ ਹਨ। ਅਜਿਹੇ ਬੁੱਧੀਜੀਵੀਆਂ ਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ ਅਤੇ ਇਨ੍ਹਾਂ ਪਾਠਕਾਂ ਅਤੇ ਸਾਹਿਤਕ ਪ੍ਰੇਮੀਆਂ ਦੇ ਨਾਵਾਂ ਦੀ ਇਕ ਲੰਮੀ ਸੂਚੀ ਹੈ। ਪਰ ਇਹ ਸੱਭ ਸਪੋਕਸਮੈਨ ਦੀ ਦੇਣ ਹੈ। ਇਹ ਵੀ ਸਪੋਕਸਮੈਨ ਦਾ ਹੀ ਕਮਾਲ ਹੈ ਜਿਸ ਨੇ ਛੋਟੇ ਛੋਟੇ ਬੱਚਿਆਂ ਵਿਚ ਅਖ਼ਬਾਰ ਪੜ੍ਹਨ ਦੀ ਦਿਲਚਸਪੀ ਅਤੇ ਆਦਤ ਪੈਦਾ ਕੀਤੀ ਹੈ। ਮੈਂ ਅਪਣੇ ਵਲੋਂ ਵੀ ਸਪੋਕਸਮੈਨ ਦਾ ਧਨਵਾਦੀ ਹਾਂ।
ਸੰਪਰਕ : 98764-52223