ਹੁਣ ਸੱਭ ਤੋਂ ਕਰੀਬੀ ਬਣਿਆ ਮੋਬਾਈਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਸੀ 4 ਜੁਲਾਈ ਨੂੰ ਗੰਗਾਨਗਰ-ਹਰਿਦੁਆਰ ਵਾਲੀ ਰੇਲਗੱਡੀ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਸਟੇਸ਼ਨ ਤੇ ਪਹੁੰਚ ਗਏ ਪਰ ਅਜੇ ਗੱਡੀ ਆਉਣ ਵਿਚ ਦੇਰ ਸੀ। ਅਸੀ ਏ.ਸੀ. ਉਡੀਕ ਕਮਰੇ..

Mobile

 

ਅਸੀ 4 ਜੁਲਾਈ ਨੂੰ ਗੰਗਾਨਗਰ-ਹਰਿਦੁਆਰ ਵਾਲੀ ਰੇਲਗੱਡੀ ਰਾਹੀਂ ਬਰਨਾਲਾ ਵਾਪਸ ਆਉਣਾ ਸੀ। ਸਟੇਸ਼ਨ ਤੇ ਪਹੁੰਚ ਗਏ ਪਰ ਅਜੇ ਗੱਡੀ ਆਉਣ ਵਿਚ ਦੇਰ ਸੀ। ਅਸੀ ਏ.ਸੀ. ਉਡੀਕ ਕਮਰੇ ਵਿਚ ਸਾਮਾਨ ਲੈ ਕੇ ਚਲੇ ਗਏ। ਵੇਖਿਆ ਕਿ ਕੋਈ ਸੱਤ-ਅੱਠ ਲੰਮੇ ਬੈਂਚ, ਜਿਹੜੇ ਯਾਤਰੀਆਂ ਲਈ ਲੱਗੇ ਹੋਏ ਸਨ, ਉਨ੍ਹਾਂ ਤੇ ਇਕ-ਇਕ ਨੌਜੁਆਨ ਅਪਣੇ ਪੇਟ ਤੇ ਮੋਬਾਈਲ ਰੱਖ ਕੇ ਕੰਨਾਂ ਵਿਚ ਈਅਰਫ਼ੋਨ ਲਾ ਕੇ ਲੇਟੇ ਹੋਏ ਸਨ। ਦੁਨੀਆਂ ਤੋਂ ਬੇਖ਼ਬਰ ਪਤਾ ਨਹੀਂ ਕਿਸ ਨੂੰ ਕੀ ਦੱਸ ਰਹੇ ਸਨ? ਸਾਮਾਨ ਦੀ ਵੀ ਪ੍ਰਵਾਹ ਕੀਤੇ ਬਿਨਾਂ ਮਸਤ ਨੌਜਵਾਨਾਂ ਨੂੰ ਅਸੀ ਸੀਟ ਦੇਣ ਲਈ ਹਿਲਾ-ਹਿਲਾ ਕੇ ਉਠਾਇਆ ਕਿਉਂਕਿ ਉਨ੍ਹਾਂ ਨੂੰ ਕੋਈ ਆਵਾਜ਼ ਨਹੀਂ ਸੁਣਾਈ ਦੇ ਰਹੀ ਸੀ। ਹੌਲੀ-ਹੌਲੀ ਉਡੀਕ ਕਰਨ ਵਾਲਾ ਕਮਰਾ ਭਰਨ ਲੱਗਾ ਅਤੇ ਅਸੀ ਹੈਰਾਨ ਰਹਿ ਗਏ ਕਿ ਕੀ ਬੁੱਢੇ, ਕੀ ਨੌਜੁਆਨ ਮੂੰਹ ਵੇਖਣ ਵਾਲੇ ਸ਼ੀਸ਼ੇ ਵਾਂਗ ਮੋਬਾਈਲ ਨੂੰ ਹੱਥ ਵਿਚ ਲੈ ਕੇ ਪਤਾ ਨਹੀਂ ਖ਼ੁਸ਼ ਹੁੰਦੇ ਹੋਏ ਕਿਸ ਨਾਲ ਗੱਲਾਂ ਕਰ ਰਹੇ ਸਨ। ਕਿਸੇ ਨੂੰ ਕਿਸੇ ਨਾਲ ਕੋਈ ਦਿਲਚਸਪੀ ਨਹੀਂ ਸੀ। ਬਲਕਿ ਔਰਤਾਂ ਅਤੇ ਬੱਚੇ ਵੀ ਅਪਣੇ-ਅਪਣੇ ਮੋਬਾਈਲ ਫ਼ੋਨ ਨਾਲ ਮਸਤ ਸਨ। ਨਾ ਕਿਸੇ ਨਾਲ ਹਰਿਦੁਆਰ ਦੀਆਂ ਗੱਲਾਂ, ਨਾ ਘਰ ਜਾਣ ਦਾ ਜੋਸ਼। ਸਾਰਿਆਂ ਦੇ ਸੱਚੇ ਦੋਸਤ ਮੋਬਾਈਲ ਸਨ। ਮਨ ਵਿਚ ਸਵਾਲ ਉੱਠ ਰਹੇ ਸਨ ਕਿ ਕੀ ਬਣੇਗਾ ਇਨ੍ਹਾਂ ਨੌਜਵਾਨਾਂ ਦਾ?
ਗੱਡੀ ਵਿਚ ਸੀਟ ਲੈ ਕੇ ਬੈਠੇ ਤਾਂ ਇਕ ਲੜਕੀ, ਜਿਸ ਦੇ ਮਾਂ-ਬਾਪ ਅਪਣੇ ਗਰੁੱਪ ਵਾਲਿਆਂ ਦੇ ਨਾਲ ਗੱਪਾਂ ਮਾਰ ਰਹੇ ਸਨ ਪਰ ਲੜਕੀ ਨੂੰ ਮਜ਼ਾ ਨਹੀਂ ਆ ਰਿਹਾ ਸੀ, ਇਸ ਲਈ ਉਹ ਸਾਡੇ ਕੋਲ ਆ ਕੇ ਬੋਲੀ, ''ਮੈਂ ਪੇਪਰ ਦੇ ਕੇ ਬਹੁਤ ਥੱਕੀ ਪਈ ਆਂ। ਉਥੇ ਬਹੁਤ ਸ਼ੋਰ ਹੋ ਰਿਹੈ। ਮੈਨੂੰ ਖਿੜਕੀ ਵਾਲੀ ਸੀਟ ਚਾਹੀਦੀ ਹੈ।'' ਅਸੀ ਉਸ ਦੀ ਮਜਬੂਰੀ ਸਮਝਦੇ ਹੋਏ ਖਿੜਕੀ ਵਾਲੀ ਸੀਟ ਦੇ ਦਿਤੀ। ਬੈਠਦੇ ਸਾਰ ਹੀ ਉਸ ਲੜਕੀ ਨੇ ਅਪਣੇ ਕੰਨਾਂ ਵਿਚ ਈਅਰਫ਼ੋਨ ਲਾਏ, ਸ਼ੀਸ਼ੇ ਵਾਂਗ ਸਾਹਮਣੇ ਰਖਿਆ, ਪਤਾ ਨਹੀਂ ਕਿੰਨਾ ਸਮਾਂ ਕਿਸੇ ਨਾਲ ਗੱਲਾਂ ਕਰਦੀ ਰਹੀ। ਇਹੀ ਸੀ ਉਸ ਦਾ ਇਕੱਲੇ ਬੈਠਣ ਦਾ ਮਕਸਦ। ਹੱਦ ਤਾਂ ਉਦੋਂ ਹੋ ਗਈ ਜਦੋਂ ਕੁੱਝ ਸਵਾਰੀਆਂ ਅੰਬਾਲਾ ਸਟੇਸ਼ਨ ਤੇ ਉਤਰੀਆਂ। ਇਕ ਬੈਗ ਸੀਟਾਂ ਦੇ ਵਿਚਕਾਰ ਰਸਤੇ ਵਿਚ ਪਿਆ ਸੀ, ਜਿਸ ਬਾਰੇ ਬਹੁਤ ਪੁਛਿਆ ਪਰ ਉਸ ਦੇ ਮਾਲਕ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ। ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਕਿ ਇਥੇ ਇਕ ਲਾਵਾਰਿਸ ਬੈਗ ਪਿਆ ਹੈ, ਜਿਸ ਬਾਰੇ ਪੁੱਛਣ ਤੇ ਕਿਸੇ ਨੇ ਅਪਣਾ ਹੋਣ ਦੀ ਹਾਮੀ ਨਹੀਂ ਭਰੀ। ਸਾਰਿਆਂ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਬੰਬ ਜਾਂ ਕੋਈ ਹੋਰ ਨੁਕਸਾਨਦੇਹ ਸਾਮਾਨ ਨਾ ਹੋਵੇ। ਲੋਕ ਉੱਚੀ-ਉੱਚੀ ਰੌਲਾ ਪਾਉਣ ਲੱਗ ਗਏ ਤਾਂ ਇਕ 20-22 ਸਾਲ ਦੀ ਉਮਰ ਦਾ ਮੁੰਡਾ ਕੰਨਾਂ ਵਿਚੋਂ ਮੋਬਾਈਲ ਦੇ ਈਅਰਫ਼ੋਨ ਉਤਾਰ ਕੇ ਭਜਿਆ ਆਇਆ ਤੇ ਬੋਲਿਆ, ''ਇਹ ਬੈਗ ਤਾਂ ਮੇਰਾ ਹੈ।'' ਉਸ ਨੂੰ ਵੇਖ ਕੇ ਸੱਭ ਹੈਰਾਨ ਰਹਿ ਗਏ ਕਿ ਮੋਬਾਈਲ ਵਿਚ ਏਨਾ ਮਸਤ ਸੀ ਕਿ ਉਸ ਨੂੰ ਅਪਣੇ ਸਾਮਾਨ ਦੀ ਵੀ ਪ੍ਰਵਾਹ ਨਹੀਂ ਸੀ। ਜਦੋਂ ਉਸ ਨੇ ਬੈਗ ਅਪਣਾ ਹੋਣ ਦੀ ਪੁਸ਼ਟੀ ਕੀਤੀ ਤਾਂ ਜਾ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ।
ਇਕ ਅਧਿਆਪਕ ਹੋਣ ਦੇ ਨਾਤੇ ਸੱਭ ਨੂੰ ਇਹੀ ਬੇਨਤੀ ਹੈ ਕਿ ਰੱਬ ਨੇ ਏਨੀ ਖ਼ੂਬਸੂਰਤ ਦੁਨੀਆਂ ਬਣਾਈ ਹੈ, ਅਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਉਠਾਉ। ਅਪਣੀ ਸਰੀਰਕ ਊਰਜਾ ਨੂੰ ਖੇਡਾਂ, ਪੜ੍ਹਾਈ ਅਤੇ ਕੰਮ ਕਰਨ ਵਿਚ ਵਰਤੋ। ਮਾਤਾ-ਪਿਤਾ ਦੀ ਸੇਵਾ ਕਰੋ ਅਤੇ ਦਿਲ ਖੋਲ੍ਹ ਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਲਉ। ਮੇਰੀ ਇਕ ਸਹੇਲੀ ਜਦੋਂ ਚੰਡੀਗੜ੍ਹ ਵਿਚ ਐਮ.ਏ. ਕਰ ਰਹੀ ਸੀ, ਉਹ ਦਿਨ-ਰਾਤ ਈਅਰਫ਼ੋਨ ਲਾ ਕੇ ਗਾਣੇ ਸੁਣਦੀ ਰਹਿੰਦੀ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਉਸ ਦੇ ਕੰਨ ਰਿਸਣ ਲੱਗ ਗਏ ਅਤੇ ਸਿਰ ਵਿਚ ਦਰਦ ਰਹਿਣ ਲੱਗ ਪਿਆ। ਹੁਣ ਪਛਤਾਉਣ ਦਾ ਕੀ ਫ਼ਾਇਦਾ ਜਦੋਂ ਚਿੜੀਆਂ ਚੁਗ ਗਈਆਂ ਖੇਤ? ਸੋ ਦੋਸਤੋ ਕਿਤੇ ਵੀ ਕੰਮ ਤੇ ਜਾਉ, ਖੁੱਲ੍ਹੀ ਅੱਖ ਨਾਲ ਦੁਨੀਆਂ ਵੇਖੋ। ਸਾਈਕਲ, ਸਕੂਟਰ ਅਤੇ ਕਾਰ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ ਤਾਕਿ ਖ਼ੂਬਸੂਰਤ ਜ਼ਿੰਦਗੀ ਵਿਚ ਕਿਸੇ ਹਾਦਸੇ ਦਾ ਖ਼ਤਰਾ ਨਾ ਬਣੇ।
ਸੰਪਰਕ : 94175-24270