ਭਾਰਤ 'ਚ ਚੰਗੇ ਅਧਿਆਪਕ ਪੈਦਾ ਕਰਨ ਦੀਆਂ ਨੀਤੀਆਂ ਦੀ ਕਮੀ
ਪੜ੍ਹਾਉਣਾ ਇੱਕ ਕਲਾ ਹੈ, ਹੁਨਰ ਹੈ, ਜਨੂਨ ਹੈ ਜੋ ਹਰ ਪੜ੍ਹੇ ਲਿਖੇ ਸ਼ਖ਼ਸ ਦੇ ਵੱਸ ਦਾ ਰੋਗ ਨਹੀਂ ਹੁੰਦਾ। ਇਹ ਜ਼ਰੂਰੀ ਨਹੀਂ ਕਿ ਇਕ ਬਹੁਤ ਪੜ੍ਹਿਆ ਲਿਖਿਆ ਜਾਂ ਖੋਜ ਕਰਨ ਵਾਲਾ
ਪੜ੍ਹਾਉਣਾ ਇੱਕ ਕਲਾ ਹੈ, ਹੁਨਰ ਹੈ, ਜਨੂਨ ਹੈ ਜੋ ਹਰ ਪੜ੍ਹੇ ਲਿਖੇ ਸ਼ਖ਼ਸ ਦੇ ਵੱਸ ਦਾ ਰੋਗ ਨਹੀਂ ਹੁੰਦਾ। ਇਹ ਜ਼ਰੂਰੀ ਨਹੀਂ ਕਿ ਇਕ ਬਹੁਤ ਪੜ੍ਹਿਆ ਲਿਖਿਆ ਜਾਂ ਖੋਜ ਕਰਨ ਵਾਲਾ ਵਿਅਕਤੀ, ਇਕ ਚੰਗਾ ਅਧਿਆਪਕ ਜਾਂ ਇਕ ਵਧੀਆ ਬੁਲਾਰਾ ਵੀ ਹੋਵੇ। ਇਹ ਅਕਸਰ ਵੇਖਣ ਵਿਚ ਆਉਂਦਾ ਹੈ ਕਿ ਵਧੀਆ ਲੇਖਕ, ਪ੍ਰਬੀਨ ਸਕਾਲਰ ਤੇ ਚੰਗੀ ਵਿਦਿਅਕ ਮੈਰਿਟ ਵਾਲੇ ਲੋਕ, ਅਕਸਰ ਚੰਗੇ ਬੁਲਾਰੇ ਜਾਂ ਅਧਿਆਪਕ ਨਹੀਂ ਹੁੰਦੇ। ਇਸ ਦੇ ਉਲਟ ਬਹੁਤੀ ਵਾਰ ਦਰਮਿਆਨੇ ਪੱਧਰ ਦੇ ਲਿਖਾਰੀ, ਖੋਜੀ ਜਾਂ ਪੜ੍ਹੇ ਲਿਖੇ ਵਿਅਕਤੀ ਬਹੁਤ ਕਮਾਲ ਦੇ ਬੁਲਾਰੇ ਜਾਂ ਅਧਿਆਪਕ ਹੁੰਦੇ ਹਨ। ਇਕ ਚੰਗੇ ਬੁਲਾਰੇ ਜਾਂ ਅਧਿਆਪਕ ਲਈ ਚੰਗੀ ਸ਼ਖ਼ਸੀਅਤ, ਬਹੁਪੱਖੀ ਗਿਆਨ, ਸਰਲ ਭਾਸ਼ਾ, ਵਿਚਾਰਾਂ ਦਾ ਅਟੁੱਟ ਵੇਗ, ਗੱਲ ਕਰਨ ਦਾ ਲਹਿਜਾ, ਵਿਦਿਆਰਥੀਆਂ ਜਾਂ ਸਰੋਤਿਆਂ ਨੂੰ ਕੀਲ ਕੇ ਰੱਖਣ ਦੀ ਮੁਹਾਰਤ, ਸੰਵਾਦ ਰਚਾਉਣ ਦੀ ਕਲਾ, ਸੁਣਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਲਹਿਜਾ ਤੇ ਸਪਸ਼ਟਤਾ, ਵਿਸ਼ੇ ਦੀ ਸਮਝ ਅਤੇ ਮਜ਼ਬੂਤ ਪਕੜ, ਛੋਟੇ ਮੋਟੇ ਲਤੀਫ਼ੇ, ਸ਼ੇਅਰ, ਸਹਿੰਦੇ ਸਹਿੰਦੇ ਮਖ਼ੌਲ ਤੇ ਹਾਸਾ ਠੱਠਾ, ਖ਼ੁਸ਼ਖ਼ਤ ਲਿਖਤ, ਬੁਲੰਦ ਆਵਾਜ਼, ਚੰਗਾ ਆਚਰਣ ਅਤੇ ਸਾਦਗੀ ਬਹੁਤ ਜ਼ਰੂਰੀ ਗੁਣ ਹਨ। ਇਕ ਲਿਖਾਰੀ ਜਾਂ ਖੋਜੀ ਕੋਲ ਕੋਈ ਵੀ ਗ਼ਲਤੀ ਸੁਧਾਰਨ ਜਾਂ ਵਿਚਾਰਾਂ ਨੂੰ ਬਦਲਣ ਵਾਸਤੇ ਕਾਫ਼ੀ ਸਮਾਂ ਹੁੰਦਾ ਹੈ, ਪਰ ਇਸ ਦੇ ਮੁਕਾਬਲੇ ਜਮਾਤ 'ਚ ਵਿਦਿਆਰਥੀਆਂ ਦੇ ਸਨਮੁਖ ਇਕ ਅਧਿਆਪਕ ਜਾਂ ਸਰੋਤਿਆਂ ਨੂੰ ਸੰਬੋਧਨ ਕਰ ਰਹੇ ਬੁਲਾਰੇ ਕੋਲ ਇਕ ਮਿੰਟ ਵੀ ਸੋਚਣ, ਵਿਚਾਰ ਬਦਲਣ ਜਾਂ ਗ਼ਲਤੀ ਸੁਧਾਰਨ ਦਾ ਸਮਾਂ ਨਹੀਂ ਹੁੰਦਾ। ਚੰਗੇ ਅਧਿਆਪਕ ਤੇ ਬੁਲਾਰਿਆਂ ਦੀ ਜਾਣਕਾਰੀ ਕਾਫ਼ੀ ਮੋਕਲੀ ਤੇ ਵਿਸ਼ਾਲ ਹੁੰਦੀ ਹੈ।
ਦੁੱਖ ਇਸ ਗੱਲ ਦਾ ਹੈ ਕਿ ਕਾਲਜਾਂ ਜਾਂ ਯੂਨੀਵਰਸਟੀਆਂ ਵਿਚ ਲੱਗਣ ਵਾਲੇ ਅਧਿਆਪਕਾਂ ਦੀ ਜਾਣਕਾਰੀ ਅਤੇ ਯੋਗਤਾ ਇਸ ਨਜ਼ਰੀਏ ਤੋਂ ਕਦੀ ਵੀ ਜਾਂਚੀ ਜਾਂ ਪਰਖੀ ਨਹੀਂ ਜਾਂਦੀ। ਵੇਖੇ ਜਾਂਦੇ ਹਨ ਤਾਂ ਸਿਰਫ਼ ਵਿਦਿਅਕ ਯੋਗਤਾ ਦੇ ਸਰਟੀਫ਼ੀਕੇਟ ਤੇ ਹੋਰ ਨਿੱਕਸੁਕ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਕਿ ਹਰ ਜਣਾ-ਖਣਾ ਸਰਟੀਫ਼ੀਕੇਟਾਂ ਦਾ ਥੱਬਾ ਹੱਥ ਵਿਚ ਫੜੀ ਤੇ ਫ਼ਰਮਾਇਸ਼ਾਂ ਦਾ ਬੈਗ ਮੋਢੇ ਉਤੇ ਲਟਕਾਈ ਕਾਲਜਾਂ ਜਾ ਯੂਨੀਵਰਸਟੀਆਂ ਵਿਚ ਪ੍ਰੋਫ਼ੈਸਰ ਲੱਗਣ ਲਈ ਤਰਲੋਮੱਛੀ ਹੋਇਆ ਅੱਡੀ ਚੋਟੀ ਦਾ ਜ਼ੋਰ ਲਾਉਂਦਾ ਹੈ। ਬੋਲਣ ਲਗਿਆਂ ਭੈਅ ਨਾਲ ਚਾਹੇ ਜ਼ੁਬਾਨ ਥਥਲਾਉਂਦੀ ਹੋਵੇ, ਡਰ ਨਾਲ ਚਾਹੇ ਲੱਤਾਂ ਕੰਬਦੀਆਂ ਹੋਣ, ਸਰੋਤਿਆਂ/ਵਿਦਿਆਰਥੀਆਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦਾ ਚਾਹੇ ਹੌਸਲਾ ਨਾ ਹੋਵੇ, ਵਿਦਿਆਰਥੀਆਂ ਦੇ ਸਵਾਲ ਸੁਣ ਕੇ ਚਾਹੇ ਗਸ਼ ਪੈਣ ਨੂੰ ਕਰਦੀ ਹੋਵੇ, ਬਲੈਕ ਬੋਰਡ ਤੇ ਲਿਖਿਆ ਚਾਹੇ ਅਪਣੇ ਕੋਲੋਂ ਵੀ ਨਾ ਪੜ੍ਹਿਆ ਜਾਂਦਾ ਹੋਵੇ, ਜ਼ੁਬਾਨ ਚਾਹੇ ਵੱਢ ਖਾਣ ਨੂੰ ਪੈਂਦੀ ਹੋਵੇ, ਵਿਦਿਆਰਥੀਆਂ ਵਿਚ ਖੜਾ ਚਾਹੇ ਵਿਦਿਆਰਥੀ ਵੀ ਨਾ ਲਗਦਾ ਹੋਵੇ ਪਰ ਬਣਨਾ ਹੈ ਤਾਂ ਯੂਨੀਵਰਸਟੀ ਜਾਂ ਕਾਲਜ ਦਾ ਪ੍ਰੋਫ਼ੈਸਰ ਹੀ।
ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਭਵਿੱਖ ਸਿਰਜਣਾ ਹੈ, ਕੁਰਾਹੇ ਪਿਆਂ ਨੂੰ ਸੇਧ ਦੇਣੀ ਹੈ, ਆਮ ਜਨਤਾ ਦੀ ਅਗਵਾਈ ਕਰਨੀ ਹੈ, ਅਨਪੜ੍ਹਤਾ ਦੇ ਹਨੇਰੇ ਨੂੰ ਚਾਨਣ ਦੇ ਗਲ ਲਾਉਣਾ ਹੈ, ਉਨ੍ਹਾਂ ਨੂੰ ਕਿਸੇ ਕਿਸਮ ਦੀ, ਕਿਸੇ ਵੀ ਮੁਕਾਮ ਤੇ, ਕਿਸੇ ਵਲੋਂ, ਕੋਈ ਸਿਖਲਾਈ ਹੀ ਨਹੀਂ ਦਿਤੀ ਜਾਂਦੀ। ਇਸ ਸੱਭ ਕਾਸੇ ਲਈ ਇਕੱਲੀਆਂ ਡਿਗਰੀਆਂ ਹੀ ਵੇਖੀਆਂ ਤੇ ਪਰਖੀਆਂ ਜਾਂਦੀਆਂ ਹਨ। ਅੱਜ ਇਕ ਬੰਦੇ ਦੀਆਂ ਡਿਗਰੀਆਂ ਵੇਖ ਕੇ ਅਧਿਆਪਕ ਵਜੋਂ ਨਿਯੁਕਤੀ ਹੁੰਦੀ ਹੈ ਤੇ ਅਗਲੇ ਦਿਨ ਉਹ ਮੂੰਹ ਚੁੱਕ ਕੇ ਵਿਦਿਆਰਥੀਆਂ ਦੇ ਸਾਹਮਣੇ ਜਾ ਖੜਾ ਹੁੰਦਾ ਹੈ। ਕੀ ਇਕੱਲੇ ਸਰਟੀਫ਼ੀਕੇਟ ਹੀ ਉਨ੍ਹਾਂ ਸਾਰੇ ਗੁਣਾਂ ਦੀ ਸ਼ਾਹਦੀ ਭਰਦੇ ਹਨ ਜੋ ਇਕ ਯੋਗ ਅਧਿਆਪਕ ਵਿਚ ਹੋਣੇ ਚਾਹੀਦੇ ਹਨ? ਸਕੂਲਾਂ ਵਿਚ ਮਾਸਟਰ ਲੱਗਣ ਲਈ ਬੀ.ਐੱਡ. ਵਰਗੇ ਕੋਰਸ ਹਨ ਪਰ ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪ੍ਰੋਫ਼ੈਸਰ ਲੱਗਣ ਲਈ ਇਸ ਨੂੰ ਬਿਲਕੁਲ ਵੀ ਜ਼ਰੂਰੀ ਨਹੀਂ ਸਮਝਿਆ ਜਾਂਦਾ। ਕਾਲਜਾਂ ਤੇ ਯੂਨੀਵਰਸਟੀਆਂ ਦੇ ਪ੍ਰੋਫ਼ੈਸਰ ਅਕਸਰ ਇਹ ਸ਼ਿਕਾਇਤ ਕਰਦੇ ਵੇਖੇ ਗਏ ਹਨ ਕਿ ਵਿਦਿਆਰਥੀ ਉਨ੍ਹਾਂ ਦੀ ਇੱਜ਼ਤ ਨਹੀਂ ਕਰਦੇ। ਇੱਜ਼ਤ ਇਕ ਅਧਿਆਪਕ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੁੰਦੀ ਹੈ ਜੋ ਉਸ ਨੂੰ ਉਸ ਵੇਲੇ ਮਿਲਦੀ ਹੈ ਜਦੋਂ ਕਿਤੇ ਰਾਹ ਵਾਟੇ ਕੋਈ ਬੇਪਛਾਣ ਵਿਅਕਤੀ ਅਚਾਨਕ ਸਾਹਮਣੇ ਆ ਕੇ ਅਤੇ ਪੈਰਾਂ ਨੂੰ ਹੱਥ ਲਾ ਕੇ ਅਧੀਨਗੀ ਭਰੇ ਲਹਿਜੇ 'ਚ ਆਖਦਾ ਹੈ, ''ਪ੍ਰੋਫ਼ੈਸਰ ਸਾਹਬ, ਤੁਸੀ ਸ਼ਾਇਦ ਮੈਨੂੰ ਪਛਾਣਿਆ ਨਹੀਂ। ਮੈਂ ਵੀਹ ਸਾਲ ਪਹਿਲਾਂ ਤੁਹਾਡੇ ਕੋਲੋਂ (ਫਲਾਣੇ ਕਾਲਜ ਜਾਂ ਯੂਨੀਵਰਸਟੀ ਵਿਚ) ਪੜ੍ਹਿਆਂ ਹਾਂ।” ਉਸ ਵੇਲੇ ਉਸ ਪ੍ਰੋਫ਼ੈਸਰ ਨੂੰ ਪੂਰੀ ਜ਼ਿੰਦਗੀ ਦੀ ਮਿਹਨਤ ਦਾ ਮੁੱਲ ਮਿਲ ਗਿਆ ਪ੍ਰਤੀਤ ਹੁੰਦਾ ਹੈ। ਇਹ ਇੱਜ਼ਤ ਹੀ ਹੈ ਜੋ ਬੁਢਾਪੇ 'ਚ ਜ਼ਿੰਦਗੀ ਜਿਊਣ ਲਈ ਬਲ ਬਖ਼ਸ਼ਦੀ ਹੈ। ਇਸ ਦੇ ਉਲਟ ਖ਼ੁਸ਼ਾਮਦ ਕਰਾਉਣ ਵਾਲਿਆਂ, ਫੁਕਰੀਆਂ ਝਾੜਨ ਵਾਲਿਆਂ ਤੇ ਡੀਂਗਾਂ ਮਾਰਨ ਵਾਲਿਆਂ ਨੂੰ ਮਿਲਣਾ ਤਾਂ ਇਕ ਪਾਸੇ, ਸਾਹਮਣੇ ਆਉਣ ਤੇ ਵਿਦਿਆਰਥੀ ਵਲ ਪਾ ਕੇ ਲੰਘਣ ਨੂੰ ਤਰਜੀਹ ਦਿੰਦੇ ਹਨ। ਸੋਨਾ ਤਾਂ ਸੋਨਾ ਹੀ ਹੈ, ਉਹ ਨਾਲੀ 'ਚ ਡਿੱਗ ਕੇ ਵੀ ਸੋਨਾ ਹੀ ਰਹੇਗਾ। ਘੱਟਾ ਤਾਂ ਘੱਟਾ ਹੀ ਹੈ ਉਹ ਅਸਮਾਨ ਨੂੰ ਛੂਹ ਕੇ ਵੀ ਘੱਟਾ ਹੀ ਰਹਿੰਦਾ ਹੈ।
ਭਾਰਤ ਦਾ ਦੁਖਾਂਤ ਹੀ ਇਹ ਹੈ ਕਿ ਸਾਡੇ ਕੋਲ ਚੰਗੇ ਅਧਿਆਪਕ ਨਹੀਂ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਾਡੇ ਕੋਲ ਚੰਗੇ ਅਧਿਆਪਕ ਪੈਦਾ ਕਰਨ ਦੀ ਕੋਈ ਨੀਤੀ ਵੀ ਨਹੀਂ। ਜਿੰਨਾ ਚਿਰ ਅਸੀ ਵਿਦਿਆਰਥੀਆਂ ਦੀਆਂ ਮੌਜੂਦਾ ਲੋੜਾਂ ਨੂੰ ਮੁੱਖ ਰੱਖ ਕੇ ਅਧਿਆਪਕ ਪੈਦਾ ਕਰਨ ਦੀਆਂ ਪ੍ਰਚਲਤ ਨੀਤੀਆਂ ਵਿਚ ਵੱਡੀਆਂ ਤਬਦੀਲੀਆਂ ਨਹੀਂ ਕਰਦੇ ਓਨਾ ਚਿਰ ਅਸੀ ਚੰਗੇ ਅਧਿਆਪਕ ਪੈਦਾ ਨਹੀਂ ਕਰ ਸਕਾਂਗੇ। ਤਰਾਸਦੀ ਇਸ ਗੱਲ ਦੀ ਹੈ ਕਿ ਗੁਲਸ਼ਨ ਦੀ ਹਰ ਹਰੀ ਪੱਤੀ ਨੂੰ ਅਸੀ ਹਿਨਾ (ਮਹਿੰਦੀ) ਦੀ ਪੱਤੀ ਸਮਝੀ ਬੈਠੇ ਹਾਂ। ਇਹ ਸੱਚਾਈ ਹੈ ਕਿ ਇਕ ਰੁੱਖ ਦੀਆਂ ਹਜ਼ਾਰਾਂ ਟਹਿਣੀਆਂ ਵਿਚੋਂ ਮੁਸ਼ਕਲ ਨਾਲ ਇਕ ਟਹਿਣੀ ਹੀ ਖੂੰਡੀ ਦੀ ਸ਼ਕਲ ਅਖ਼ਤਿਆਰ ਕਰ ਕੇ ਖੂੰਡੀ ਬਣਨ ਦੀ ਖ਼ੂਬੀ ਰਖਦੀ ਹੈ। ਬਾਕੀ ਦੀਆਂ ਹਜ਼ਾਰਾਂ ਟਹਿਣੀਆਂ ਤਾਂ ਬਾਲਣ ਹਨ। ਉਨ੍ਹਾਂ ਵਿਚ ਖੂੰਡੀ ਵਾਲੀ ਇਕ ਵੀ ਖ਼ੂਬੀ ਮੌਜੂਦ ਨਹੀਂ। ਇਕ ਚੰਗਾ ਅਧਿਆਪਕ ਖੋਜਣ ਲਈ ਇਹ ਯਾਦ ਰਖਣਾ ਪਵੇਗਾ ਕਿ ਰੇਤੇ ਦੇ ਅੰਬਾਰਾਂ 'ਚੋਂ ਸੋਨਾ ਕੱਢਣ ਲਈ ਬਹੁਤ ਮਹੀਨ ਚਿਮਟੀਆਂ, ਇੱਲ ਵਰਗੀ ਤਿੱਖੀ ਨਜ਼ਰ ਅਤੇ ਦਰਵੇਸ਼ ਵਰਗੇ ਸਬਰ ਦੀ ਜ਼ਰੂਰਤ ਹੁੰਦੀ ਹੈ। ਸਾਡੀਆਂ ਯੂਨੀਵਰਸਟੀਆਂ ਅਤੇ ਕਾਲਜ ਰੇਤੇ ਦੇ ਢੇਰਾਂ ਨਾਲ ਆਫਰੇ ਪਏ ਹਨ। ਸੋਨਾ ਤਾਂ ਕਿਤੇ ਵਿਰਲਾ ਹੀ ਵਿਖਾਈ ਦਿੰਦਾ ਹੈ।
ਇਕ ਅਧਿਆਪਕ ਵਿਚ ਹੋਣ ਵਾਲੀਆਂ ਢੇਰ ਸਾਰੀਆਂ ਖ਼ੂਬੀਆਂ ਵਿਚੋਂ ਮੌਜੂਦਾ ਕਾਲਜਾਂ ਅਤੇ ਯੂਨੀਵਰਸਟੀਆਂ ਦੇ ਬਹੁਗਿਣਤੀ ਪ੍ਰੋਫ਼ੈਸਰਾਂ ਵਿਚ ਸ਼ਾਇਦ ਹੀ ਕੋਈ ਮੌਜੂਦ ਹੋਵੇ। ਪਹਿਲੀ ਗੱਲ ਤਾਂ ਇਹ ਕਿ ਜਮਾਤ ਵਿਚ ਅਪਣੇ ਵਿਚਾਰ ਪ੍ਰਗਟ ਕਰਨ ਲਈ ਉਨ੍ਹਾਂ ਕੋਲ ਢੁਕਵੀਂ ਸ਼ਬਦਾਵਲੀ ਦੇ ਨਾਲ ਨਾਲ ਸਰਲ, ਪ੍ਰਵਾਹਸ਼ੀਲ ਅਤੇ ਠਰੰਮੇ ਵਾਲੀ ਜ਼ੁਬਾਨ ਹੀ ਨਹੀਂ। ਉਹ ਬੋਲਦੇ ਹਨ ਤਾਂ ਇਸ ਤਰ੍ਹਾਂ ਜਿਵੇਂ ਟੁੱਟੀ ਫੁੱਟੀ ਸੜਕ ਉਤੇ ਕੋਈ ਪੁਰਾਣੀ ਗੱਡੀ ਹੁਜਕੇ ਮਾਰ ਮਾਰ ਕੇ ਚਲਦੀ ਹੋਵੇ। ਉਨ੍ਹਾਂ ਦੀ ਆਮ ਗੱਲਬਾਤ ਵਿਚੋਂ ਵੀ ਉਨ੍ਹਾਂ ਦੀ ਵਿਦਿਅਕ ਯੋਗਤਾ ਦੀ ਕੋਈ ਝਲਕ ਵਿਖਾਈ ਨਹੀਂ ਦਿੰਦੀ। ਉਨ੍ਹਾਂ ਦੀ ਜ਼ੁਬਾਨ, ਅਦਾ ਅਤੇ ਵਤੀਰੇ ਵਿਚ ਕਿਸੇ ਕਿਸਮ ਦੀ ਕੋਈ ਹਲੀਮੀ ਨਹੀਂ ਹੁੰਦੀ। ਪੜ੍ਹੇ-ਲਿਖੇ, ਸੂਝਵਾਨ ਤੇ ਗੰਭੀਰ ਵਿਸ਼ਿਆਂ ਬਾਰੇ ਗੱਲ ਕਰਨ ਵਾਲਿਆਂ ਦੀ ਮਹਿਫ਼ਲ ਵਿਚ ਜਾਣ ਤੋਂ ਇਹ ਇਸ ਤਰ੍ਹਾਂ ਕੰਨੀ ਕਤਰਾਉਂਦੇ ਅਤੇ ਡਰਦੇ ਹਨ ਜਿਵੇਂ ਕਾਂ ਗੁਲੇਲੇ ਤੋਂ ਡਰਦਾ ਹੈ। ਜਮਾਤ 'ਚ ਪੜ੍ਹਾਉਦਿਆਂ ਜੇ ਕੋਈ ਵਿਦਿਆਰਥੀ ਗ਼ਲਤੀ ਨਾਲ ਇਨ੍ਹਾਂ ਕੋਲੋਂ ਕੋਈ ਸਵਾਲ ਪੁੱਛ ਲਵੇ ਤਾਂ ਉਸ ਨੂੰ ਇਸ ਤਰ੍ਹਾਂ ਟੁੱਟ ਕੇ ਪੈਣਗੇ ਜਿਵੇਂ ਸੂਈ ਕੁੱਤੀ ਵੱਢਣ ਨੂੰ ਪੈਂਦੀ ਹੈ। ਦੂਜੇ ਤੇ ਅਪਣੀ ਲਿਆਕਤ ਦਾ ਰੋਅਬ ਪਾਉਣ ਲਈ ਬਿਨਾਂ ਕਾਰਨ ਅਤੇ ਲੋੜ ਤੋਂ ਹਰ ਕਿਸੇ ਦੇ ਸਾਹਮਣੇ ਘਿਸੀ-ਪਿਟੀ ਅੰਗਰੇਜ਼ੀ ਨੂੰ ਮੂੰਹ ਮਾਰਦੇ ਫਿਰਨਗੇ। ਕਾਨਫ਼ਰੰਸਾਂ ਵਿਚ ਸ਼ਾਮਲ ਹੋਣ ਲਈ ਤਰਲੋਮੱਛੀ ਹੋਏ ਇਹ ਇਸ ਤਰ੍ਹਾਂ ਭੱਜ ਕੇ ਪੈਂਦੇ ਹਨ ਜਿਵੇਂ ਕੁਕੜੀ ਖੰਘਾਰ ਨੂੰ ਪੈਂਦੀ ਹੈ। ਚਮਚਾਗਿਰੀ ਕਰਨ ਵਿਚ ਇਨ੍ਹਾਂ ਨੂੰ ਦੁਨੀਆਂ ਦੀ ਸਰਬਉੱਚ ਡਿਗਰੀ ਹਾਸਲ ਹੈ ਤੇ ਇਸ ਡਿਗਰੀ ਦਾ ਇਹ ਸਾਰੀ ਉਮਰ ਖਟਿਆ ਖਾਂਦੇ ਹਨ।
ਸਾਰੇ ਹਫ਼ਤੇ ਦੌਰਾਨ ਇਨ੍ਹਾਂ ਨੇ ਮਰ ਕੇ 5-7 ਪੀਰੀਅਡ ਲੈਣੇ ਹੁੰਦੇ ਹਨ ਤੇ ਉਹ ਵੀ ਬਹੁਤੀ ਵਾਰ ਇਨ੍ਹਾਂ ਦੇ ਖੋਜਾਰਥੀ ਜਾਂ ਦੋਸਤ-ਮਿੱਤਰ ਹੀ ਲੈ ਲੈਂਦੇ ਹਨ। ਇਹ ਤਾਂ ਮਨਮਰਜ਼ੀ ਨਾਲ ਘਰ ਤੋਂ ਟਹਿਲਦੇ ਟਹਿਲਦੇ ਆਉਂਦੇ ਹਨ ਤੇ ਦਿਨ ਦਾ ਬਹੁਤਾ ਵਕਤ ਅਪਣੇ ਵਰਗੇ ਵਿਹਲੜਾਂ ਦੀਆਂ ਕੰਟੀਨਾਂ ਤੇ ਕੌਫ਼ੀ ਹਾਊਸਾਂ ਵਿਚ ਜੁੜੀਆਂ ਜੁੰਡਲੀਆਂ ਵਿਚ ਬੈਠ ਕੇ ਅਤੇ ਗੱਪਾਂ ਮਾਰ ਕੇ ਗੁਜ਼ਾਰ ਦਂੇਦੇ ਹਨ। ਇਹ ਕਹਿ ਲਉ ਕਿ ਘਰ ਤੋਂ ਕੰਟੀਨ ਤੇ ਕੰਟੀਨ ਤੋਂ ਘਰ ਤਕ ਦਾ ਸਫ਼ਰ ਇਨ੍ਹਾਂ ਨੂੰ ਰੋਜ਼ ਬੁਰੀ ਤਰ੍ਹਾਂ ਥਕਾ ਦੇਂਦਾ ਹੈ ਤੇ ਘਰ ਪਹੁੰਚ ਕੇ 'ਸਾਰੇ ਦਿਨ ਦੀ ਕਰੜੀ ਮਿਹਨਤ ਨਾਲ ਚੂਰ ਚੂਰ ਹੋਏ ਸਰੀਰ ਤੇ ਹੱਡਭਨਵੀਂ ਕਮਾਈ' ਦਾ ਸਾਰਾ ਰੋਅਬ ਘਰ ਵਾਲੀ ਤੇ ਝਾੜਦੇ ਹੋਏ ਸੋਫ਼ੇ ਜਾਂ ਕੁਰਸੀ ਤੇ ਇਸ ਤਰ੍ਹਾਂ ਢਹਿ ਪੈਂਦੇ ਹਨ ਜਿਵੇਂ ਕਿਸੇ ਨੇ ਚੰਗਾ ਕੁਟਿਆ ਹੋਵੇ।
ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਕਿਤਾਬ ਨਾ ਪੜ੍ਹਨ ਦੀ ਇਨ੍ਹਾਂ ਨੇ ਸਹੁੰ ਖਾਧੀ ਹੁੰਦੀ ਹੈ। ਬਹੁਤਿਆਂ ਕੋਲ ਤਾਂ ਅਪਣੇ ਵਿਸ਼ੇ ਦੀ ਕੋਈ ਚੱਜ ਦੀ ਕਿਤਾਬ ਹੁੰਦੀ ਹੀ ਨਹੀਂ ਅਤੇ ਜਿਨ੍ਹਾਂ ਕੋਲ ਹੁੰਦੀ ਹੈ ਉਹ ਇਨ੍ਹਾਂ ਦੀਆਂ ਸ਼ੀਸ਼ੇ ਵਾਲੀਆਂ ਅਲਮਾਰੀਆਂ ਜਾਂ ਸੈਲਫ਼ਾਂ ਦਾ ਸ਼ਿੰਗਾਰ ਬਣੀ ਇਨ੍ਹਾਂ ਦੇ ਹੱਥਾਂ ਦੀ ਛੋਹ ਨੂੰ ਤਰਸਦੀ ਹੋਈ ਦਮ ਤੋੜ ਜਾਂਦੀ ਹੈ। ਲਾਇਬ੍ਰੇਰੀ 'ਚ ਨਾ ਜਾਣ ਦੀ ਕਸਮ ਇਹ ਸਹਿਜੇ ਕੀਤੇ ਨਹੀਂ ਤੋੜਦੇ। ਨਵੀਂਆਂ ਕਿਤਾਬਾਂ ਤੇ ਪੈਸੇ ਖ਼ਰਚਣ ਨੂੰ ਇਹ ਘੋਰ ਪਾਪ ਸਮਝਦੇ ਹਨ। ਹਾਂ, ਕੋਈ ਭੁਲਿਆ ਭਟਕਿਆ ਪਬਲਿਸ਼ਰ ਇਨ੍ਹਾਂ ਤੇ ਸਾਲ ਪਿੱਛੋਂ ਮਿਹਰ ਕਰ ਦੇਵੇ ਤਾਂ ਵਖਰੀ ਗੱਲ ਹੈ। ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਮਹਿੰਦਰ ਸਿੰੰਘ ਰੰਧਾਵਾ ਅਕਸਰ ਕਿਹਾ ਕਰਦੇ ਸਨ ਕਿ 'ਜਿਸ ਅਧਿਆਪਕ ਕੋਲ ਘਰ ਵਿਚ ਅਪਣੀ ਲਾਇਬ੍ਰੇਰੀ ਨਹੀਂ ਉਹ ਅਧਿਆਪਕ ਬਣਨ ਤੇ ਅਖਵਾਉਣ ਦੇ ਕਾਬਲ ਹੀ ਨਹੀਂ। ਉਸ ਨੂੰ ਕੋਈ ਹੋਰ ਕਿੱਤਾ ਕਰ ਲੈਣਾ ਚਾਹੀਦਾ ਹੈ।' ਅੱਜ ਜੇ ਉਨ੍ਹਾਂ ਦੀ ਗੱਲ ਨੂੰ ਅਸਲੀਅਤ ਵਿਚ ਮੰਨ ਲਿਆ ਜਾਵੇ ਤਾਂ ਸ਼ਾਇਦ ਪੰਜਾਬ ਦੀਆਂ ਯੂਨੀਵਰਸਟੀਆਂ ਤੇ ਕਾਲਜਾਂ ਵਿਚੋਂ ਸੈਂਕੜਿਆਂ ਦੀ ਗਿਣਤੀ ਵਿਚ ਅਪਣੇ ਆਪ ਨੂੰ ਫੰਨੇ ਖਾਂ ਸਮਝਦੇ ਅਧਿਆਪਕ ਸੜਕਾਂ ਤੇ ਆ ਜਾਣਗੇ ਕਿਉਂਕਿ ਉਨ੍ਹਾਂ ਕੋਲ ਅਪਣੇ ਵਿਸ਼ੇ ਦੀਆਂ 6-7 ਕਿਤਾਬਾਂ ਵੀ ਚੱਜ ਦੀਆਂ ਨਹੀਂ ਹੁੰਦੀਆਂ। ਵੇਖਣ ਵਿਚ ਆਇਆ ਹੈ ਕਿ ਬਹੁਤਿਆਂ ਕੋਲ ਤਾਂ ਕਿਤਾਬਾਂ ਦੀ ਥਾਂ ਪੁਰਾਣੇ ਜ਼ਮਾਨੇ ਦੇ ਜਾਂ ਇਉਂ ਕਹਿ ਲਉ ਕਿ ਪਿਉ-ਦਾਦੇ ਦੇ ਵੇਲੇ ਦੇ ਘਿਸੇ-ਪਿਟੇ, ਅੱਧੇ-ਅਧੂਰੇ ਤੇ ਪਾਟੇ-ਪੁਰਾਣੇ ਨੋਟਸ ਹੁੰਦੇ ਹਨ। ਉਹੀ ਨੋਟਸ ਇਹ ਸਾਰਾ ਸੈਸ਼ਨ ਬਾਂਦਰੀ ਦੇ ਬੱਚੇ ਵਾਂਗ ਹਿੱਕ ਨਾਲ ਲਾਈ ਫਿਰਦੇ ਹਨ। ਉਹ ਤਾਂ ਏਨੀ ਜ਼ਹਿਮਤ ਉਠਾਉਣੀ ਵੀ ਗਵਾਰਾ ਨਹੀਂ ਕਰਦੇ ਕਿ ਉਨ੍ਹਾਂ ਨੋਟਸ ਵਿਚ ਦਿਤੇ ਸੰਮਤ ਤੇ ਮਿਤੀਆਂ ਹੀ ਬਦਲ ਲੈਣ ਜਾਂ ਹਟਾ ਲੈਣ। ਜਦੋਂ ਮੈਂ ਐਮ.ਐਸ.ਸੀ. ਵਿਚ ਪੜ੍ਹਦਾ ਸਾਂ ਤਾਂ ਇਕ ਮੈਡਮ ਸਾਨੂੰ ਜਮਾਤ ਵਿਚ ਅਪਣੇ ਪੇਪਰ ਦੇ ਨੋਟਸ ਲਿਖਵਾਇਆ ਕਰਦੇ ਸਨ। ਬਾਬੇ ਆਦਮ ਦੇ ਵੇਲੇ ਦੇ ਨੋਟਸ। ਥਾਂ-ਥਾਂ ਤੋਂ ਪਾਟੇ, ਮੁਚੜੇ ਤੇ ਖਸਤਾ ਨੋਟਸ। ਜਮਾਤ ਵਿਚ ਆਉਂਦਿਆਂ ਸਾਰ ਰੀਕਾਰਡ ਤੇ ਸੂਈ ਰੱਖ ਦੇਂਦੇ ਤੇ ਫਿਰ ਪੋਸਤੀ ਦੇ ਦਸਤਾਂ ਵਾਂਗ ਇਕ ਘੰਟਾ ਚੱਲ ਸੋ ਚੱਲ। ਉਨ੍ਹਾਂ ਨੋਟਸ ਵਿਚ ਕਈ ਥਾਈਂ ਆਉਂਦਾ ਸੀ 'ਪਿੱਛੇ ਜਿਹੇ 1954 'ਚ' ਜਿਸ ਤੋਂ ਪਤਾ ਲਗਦਾ ਹੈ ਕਿ ਇਹ ਨੋਟਸ ਕਿਤੇ 1950-60 ਦੇ ਦਹਾਕੇ ਦੌਰਾਨ ਕਿਸੇ ਨੇ ਬਣਾਏ ਹੋਣਗੇ। ਇਸ ਤਰ੍ਹਾਂ ਦੇ ਕਈ ਹੋਰ ਪੁਰਾਣੇ ਸੰਮਤਾਂ ਨਾਲ 'ਪਿੱਛੇ ਜਿਹੇ' ਲਿਖਿਆ ਮਿਲਦਾ ਜਿਸ ਤੋਂ ਪਤਾ ਚਲਦਾ ਸੀ ਕਿ ਅਧਿਆਪਕ ਨੇ 25-30 ਸਾਲ ਬੀਤ ਜਾਣ ਦੇ ਬਾਅਦ ਵੀ ਇਹ ਸ਼ਬਦ ਜਿਉਂ ਦਾ ਤਿਉਂ ਰਖਿਆ ਹੋਇਆ ਹੈ। ਜਮਾਤਾਂ ਆਉਂਦੀਆਂ ਗਈਆਂ, ਸਮਾਂ ਲੰਘਦਾ ਗਿਆ, ਨੋਟਸ ਹੋਰ ਫਟਦੇ ਤੇ ਖਸਤਾਹਾਲ ਹੁੰਦੇ ਗਏ। ਕਈ ਪੰਨੇ ਵੀ ਉਨ੍ਹਾਂ 'ਚੋਂ ਗ਼ਾਇਬ ਹੋ ਗਏ, ਪਰ 1990 'ਚ ਪਹੁੰਚ ਕੇ ਵੀ 1954 'ਪਿੱਛੇ ਜਿਹੇ' ਹੀ ਰਿਹਾ।
ਇਹ ਹੈ ਅੱਜ ਦੇ ਬਹੁਤੇ ਅਧਿਆਪਕਾਂ ਦੀ ਅਪਣੇ ਕਿੱਤੇ ਸਬੰਧੀ ਵਚਨਬੱਧਤਾ, ਪੜ੍ਹਾਉਣ ਦੀ ਕਲਾ, ਵਿਸ਼ੇ ਦੀ ਪਕੜ ਅਤੇ ਗਿਆਨ। ਹਿਸਾਬ ਲਾਉ ਕਿ ਇਹੋ ਜਿਹੇ ਅਧਿਆਪਕਾਂ ਦੇ ਪੜ੍ਹਾਏ ਹੋਏ ਵਿਦਿਆਰਥੀ ਅੱਗੋਂ ਕੀ ਗੁਲ ਖਿਲਾਉਣਗੇ? ਦੁੱਖ ਇਸ ਗੱਲ ਦਾ ਹੈ ਕਿ ਹਰ ਉਹ ਵਿਅਕਤੀ ਜੋ ਮਾਸਟਰ ਦੀ ਜਾਂ ਹੋਰ ਕੋਈ ਇਹੋ ਜਿਹੀ ਡਿਗਰੀ ਹਾਸਲ ਕਰ ਲੈਂਦਾ ਹੈ ਉਹ ਸਿਰਫ਼ ਅਧਿਆਪਕ ਹੀ ਬਣਨਾ ਲੋਚਦਾ ਹੈ। ਅੱਗੋਂ ਉਹੋ ਜਿਹੇ ਉਹ ਜਿਹੜੇ ਇਹੋ ਜਿਹਿਆਂ ਨੂੰ ਪੜ੍ਹਾਉਣ ਲਈ ਚੁਣ ਲੈਂਦੇ ਹਨ। ਮੈਂ ਕਈ ਵਾਰ ਸੋਚ ਕੇ ਮਾਯੂਸ ਹੋ ਜਾਂਦਾ ਹਾਂ ਕਿ ਜਿਥੇ ਪੜ੍ਹਨ ਅਤੇ ਪੜ੍ਹਾਉਣ ਵਾਲਿਆਂ ਦਾ ਮਿਜ਼ਾਜ ਇਸ ਤਰ੍ਹਾਂ ਦਾ ਹੋਵੇਗਾ ਉਸ ਦੇਸ਼ ਜਾਂ ਖ਼ਿੱਤੇ ਦੀ ਸਿਖਿਆ ਦਾ ਭਵਿੱਖ ਕੀ ਹੋਵੇਗਾ? ਹਰ ਵਿਦਿਆਰਥੀ 'ਚੋਂ ਉਸ ਦਾ ਉਸਤਾਦ ਦਿਸਦਾ ਹੈ ਤੇ ਹਰ ਉਸਤਾਦ 'ਚੋਂ ਉਸ ਦਾ ਹੁਨਰ। ਵਿਦਿਆਰਥੀ ਅਤੇ ਉਸਤਾਦ ਦਾ ਰਿਸ਼ਤਾ ਉਸਤਾਦ ਦੇ ਹੁਨਰ ਉਤੇ ਟਿਕਿਆ ਹੁੰਦਾ ਹੈ। ਚੰਗੇ ਉਸਤਾਦ ਦੇ ਸ਼ਗਿਰਦ ਹਰ ਸਭਾ ਜਾਂ ਇਕੱਠ ਵਿਚ ਇਹ ਕਹਿੰਦਿਆਂ ਮਾਣ ਮਹਿਸੂਸ ਕਰਦੇ ਹਨ ਕਿ ਉਹ ਫ਼ਲਾਣੇ ਉਸਤਾਦ ਦੇ ਸ਼ਗਿਰਦ ਹਨ ਜਦਕਿ ਮਾੜੇ ਉਸਤਾਦ ਦੇ ਸ਼ਗਿਰਦ ਇਸੇ ਗੱਲ ਤੋਂ ਡਰਦੇ ਰਹਿੰਦੇ ਹਨ ਕਿ ਕਿਸੇ ਸਭਾ ਸੁਸਾਇਟੀ ਜਾਂ ਮਹਿਫ਼ਲ ਵਿਚ ਕੋਈ ਉਨ੍ਹਾਂ ਤੋਂ ਉਨ੍ਹਾਂ ਦੇ ਉਸਤਾਦ ਬਾਰੇ ਨਾ ਪੁੱਛ ਲਵੇ। ਸਮਾਂ ਬਦਲ ਗਿਆ ਹੈ, ਉਸਤਾਦ ਤੇ ਸ਼ਗਿਰਦ ਦੋਹਾਂ ਨੇ ਵਿਹਲੇ ਰਹਿਣ ਵਿਚ ਫ਼ਖ਼ਰ ਮਹਿਸੂਸ ਕਰਨਾ ਸ਼ੁਰੂ ਕਰ ਦਿਤਾ ਹੈ। ਸਿਖਿਆ ਦਾ ਵਪਾਰੀਕਰਨ ਹੋ ਗਿਆ ਹੈ, ਹੁਨਰ ਤੇ ਲਿਆਕਤ ਬੇਕਦਰੇ ਹੋ ਗਏ ਹਨ ਅਤੇ ਮਹਿਜ਼ ਸਰਟੀਫ਼ੀਕੇਟ ਸਿਆਣਪ ਦੇ ਪੈਮਾਨੇ ਬਣ ਗਏ ਹਨ। ਖ਼ੁਦਾ ਖ਼ੈਰ ਕਰੇ। ਸੰਪਰਕ : 94171-20251