ਅੰਦਰੂਨੀ ਆਪੋਧਾਪੀ ਅਕਾਲੀ ਦਲ ਲਈ ਘਾਤਕ ਸਿੱਧ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਅੰਦਰ ਉਹੀ ਅਕਾਲੀ ਧੜਾ ਭਾਰੂ ਤੇ ਤਾਕਤਵਰ ਮੰਨਿਆ ਜਾਂਦਾ ਹੈ ਜੋ ਇਸ ਦੇ ਧਾਰਮਕ ਵਿੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਵੇ।

Akali Dal

ਅਪਣੇ ਰਾਜਨੀਤਕ ਸਫ਼ਰ ਦੇ ਸੌ ਸਾਲ ਪੂਰੇ ਕਰ ਚੁੱਕੀ ਰਾਜਨੀਤਕ ਪਾਰਟੀ ਅਕਾਲੀ ਪ੍ਰਮੁੱਖ ਤੌਰ ਉਤੇ ਸਿੱਖ ਭਾਈਚਾਰੇ, ਪੰਜਾਬ ਤੇ ਭਾਰਤੀ ਫ਼ੈਡਰਲ ਢਾਂਚੇ ਦੀ ਮਜ਼ਬੂਤੀ ਨਾਲ ਸਬੰਧਤ ਰਾਜਨੀਤਕ ਸਰੋਕਾਰਾਂ ਦੀ ਜ਼ਾਮਨ ਹੈ। ਇਨ੍ਹਾਂ ਦੀ ਰਾਖੀ ਲਈ ਇਸ ਦਾ ਇਕ ਵਿਲੱਖਣ ਕੁਰਬਾਨੀਆਂ ਭਰਿਆ ਇਤਿਹਾਸ ਹੈ। ਇਸ ਲੰਮੇ ਰਾਜਨੀਤਕ ਸਫ਼ਰ ਵਿਚ ਇਸ ਨੇ ਕਈ ਫਿੱਕੇ, ਗੂੜ੍ਹੇ ਅਤੇ ਲਾਲ-ਸੂਹੇ ਰੰਗ ਵੇਖੇ। ਇਵੇਂ ਹੀ ਸਮੁੰਦਰੀ ਜਵਾਰ-ਭਾਟੇ ਵਾਂਗ ਅਨੇਕ ਰਾਜਨੀਤਕ ਉਤਰਾਅ-ਚੜ੍ਹਾਅ ਵੀ।
ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਮਹਾਨ ਸ਼ਾਨਾਂਮਤੀ ਰਾਜਨੀਤਕ ਪਾਰਟੀ ਅਨੁਸ਼ਾਸਤ ਅੰਦਰੂਨੀ ਲੋਕਤੰਤਰੀ ਵਿਵਸਥਾ ਦੀ ਅਣਹੋਂਦ ਕਰ ਕੇ ਅਕਸਰ ਪਾਟੋਧਾੜ ਦਾ ਸ਼ਿਕਾਰ ਰਹੀ ਜਿਸ ਦਾ ਵੱਡਾ ਲਾਭ ਭਾਰਤੀ ਰਾਸ਼ਟਰੀ ਰਾਜਨੀਤਕ ਦਲਾਂ ਨੇ ਅਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਖੂਬ ਉਠਾਇਆ। ਅੱਜ ਵੀ ਇਹ ਕਈ ਛੋਟੇ-ਛੋਟੇ ਗੁੱਟਾਂ ਵਿਚ ਵੰਡੀ ਹੋਈ ਹੋਣ ਕਰ ਕੇ ਪੰਜਾਬ ਦੀ ਅਜੋਕੀ ਸਿਆਸਤ ਤੇ ਮਜ਼ਬੂਤ ਪਕੜ ਬਣਾਉਣ ਦੀ ਸਥਿਤੀ ਵਿਚ ਨਹੀਂ ਲੱਗ ਰਹੀ।

ਅਕਾਲੀ ਦਲ ਦਾ ਤਾਕਤਵਰ ਧੜਾ ਜੋ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਭਾਜਪਾ ਨਾਲ ਰਾਜਨੀਤਕ ਗਠਜੋੜ ਰਾਹੀਂ ਸੰਨ 1997 ਤੋਂ 2017 ਤਕ ਸਿਵਾਏ 2002-07 ਦੇ ਪੰਜਾਬ ਦੀ ਸੱਤਾ ਤੇ ਕਾਬਜ਼ ਰਿਹਾ ਹੈ, ਅਪਣੀ ਏਕਾਧਿਕਾਰੀ ਅਤੇ ਪ੍ਰਵਾਰਵਾਦੀ ਲੀਡਰਸ਼ਿਪ ਕਰ ਕੇ ਇਕਜੁਟ ਨਹੀਂ ਰਿਹਾ। ਇਹ ਇਸ ਰਾਜਨੀਤਕ ਦਲ ਤੇ ਪੰਜਾਬ ਦੀ ਬਦਕਿਸਮਤੀ ਹੈ। ਸੰਨ 2008 ਵਿਚ ਇਸ ਪਾਰਟੀ ਦੇ ਥਾਪੇ ਨੌਜੁਆਨ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸ ਨੂੰ ਇਕਜੁੱਟ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੇ ਹਨ। ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਦੀ ਸ਼ਰਮਨਾਕ ਹਾਰ ਤੋਂ ਬਾਅਦ ਇਹ ਪਾਰਟੀ ਤਿੰਨ ਗੁੱਟਾਂ ਵਿਚ ਵੰਡੀ ਗਈ। ਅਕਾਲੀ ਦਲ (ਬਾਦਲ), ਅਕਾਲੀ ਦਲ (ਬ੍ਰਹਮਪੁਰਾ) ਤੇ ਅਕਾਲੀ ਦਲ (ਡੈਮੋਕ੍ਰੈਟਿਕ)। ਪੰਜਾਬ ਅੰਦਰ ਉਹੀ ਅਕਾਲੀ ਧੜਾ ਭਾਰੂ ਤੇ ਤਾਕਤਵਰ ਮੰਨਿਆ ਜਾਂਦਾ ਹੈ ਜੋ ਇਸ ਦੇ ਧਾਰਮਕ ਵਿੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਵੇ।

ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਇਸ ਕਮੇਟੀ ਤੇ ਭਾਰੂ ਅਤੇ ਕਾਬਜ਼ ਹੈ। ਇਹ ਕਮੇਟੀ ਭਾਰਤੀ ਰਾਜ ਅੰਦਰ ਇਕ ਖ਼ੁਦਮੁਖ਼ਤਾਰ ਰਾਜ ਵਜੋਂ ਕੰਮ ਕਰਦੀ ਹੈ ਜਿਸ ਦੇ ਮੈਂਬਰ ਹਰ 5 ਸਾਲ ਬਾਅਦ ਸਿੱਖ ਵੋਟਾਂ ਨਾਲ ਚੁਣੇ ਜਾਂਦੇ ਹਨ। ਇਹ ਵਖਰੀ ਗੱਲ ਹੈ ਕਿ ਇਸ ਦੀਆਂ ਚੋਣਾਂ ਕਈ-ਕਈ ਸਾਲ ਨਹੀਂ ਹੁੰਦੀਆਂ। ਸੋ ਚੋਣਾਂ ਵੇਲੇ ਕਾਬਜ਼ ਧੜਾ ਇਸ ਦਾ ਪ੍ਰਬੰਧ ਚਲਾਈ ਜਾਂਦਾ ਹੈ। ਹਰ ਸਾਲ ਇਸ ਦਾ ਪ੍ਰਧਾਨ ਤੇ ਅੰਤ੍ਰਿਗ ਕਮੇਟੀ ਉਸ ਦੀ ਮਨਮਾਨੀ ਅਨੁਸਾਰ ਚੁਣੇ ਜਾਂਦੇ ਹਨ। ਇਸ ਦਾ ਵੱਡਾ ਸਲਾਨਾ ਬਜਟ ਵੀ ਉਨ੍ਹਾਂ ਦੁਆਰਾ ਪਾਸ ਕੀਤਾ ਤੇ ਖ਼ਰਚਿਆ ਜਾਂਦਾ ਹੈ। ਸੋ ਦੇਸ਼ ਅੰਦਰ ਦੂਜੀਆਂ ਰਾਸ਼ਟਰੀ ਤੇ ਇਲਾਕਾਈ ਪਾਰਟੀਆਂ ਨਾਲੋਂ ਅਕਾਲੀ ਦਲ ਦੀ ਇਹੀ ਵਿਲੱਖਣਤਾ, ਫ਼ੈਡਰਲ ਢਾਂਚੇ ਪ੍ਰਤੀਬੱਧਤਾ ਤੇ ਇਕ ਵਿਸ਼ੇਸ਼ ਧਾਰਮਕ ਭਾਈਚਾਰੇ ਉਤੇ ਮਜ਼ਬੂਤ ਪਕੜ ਇਸ ਦੀ ਰਾਜਨੀਤਕ ਵੋਟ ਬੈਂਕ ਦਾ ਪੱਕਾ ਸ੍ਰੋਤ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਥੇ ਸਿੱਖ ਪੰਥਕ ਗੁਰਦਵਾਰਿਆਂ, ਸਿੱਖ ਸੰਸਥਾਵਾਂ ਤੇ ਜ਼ਮੀਨਾਂ-ਜਾਇਦਾਦਾਂ ਦੀ ਸਾਂਭ-ਸੰਭਾਲ ਕਰਦੀ ਹੈ, ਉਥੇ ਅਕਾਲੀ ਦਲ ਇਸ ਨੂੰ ਅਪਣੀ ਰਾਜਨੀਤਕ, ਆਰਥਕ ਸਭਿਆਚਾਰਕ ਤੇ ਸਮਾਜਕ ਮਜ਼ਬੂਤੀ ਲਈ ਵਰਤਦੀ ਹੈ।

ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਸਿੱਧੇ ਤੌਰ ਤੇ ਏਕਾਧਿਕਾਰ ਸ਼ਕਤੀ ਰਾਹੀਂ ਅਕਾਲੀ ਦਲ ਬਾਦਲ ਵਲੋਂ ਚਲਾਉਣ ਕਰ ਕੇ ਇਸ ਵਿਚ ਉਪਜੇ ਭ੍ਰਿਸ਼ਟਾਚਾਰ, ਨਿਘਾਰ ਤੇ ਵਿਭਚਾਰ ਕਰ ਕੇ ਇਹ ਪ੍ਰਮੁੱਖ ਤੌਰ ਉਤੇ ਇਸ ਦੇ ਰਾਜਨੀਤਕ ਪਤਨ, ਧਾਰਮਕ ਤੇ ਸਮਾਜਕ ਪੱਖੋਂ ਅਥਾਹ ਬਦਨਾਮੀ, ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰ, ਇਸ ਦੀ ਲਗਾਤਾਰ ਪਾਟੋਧਾੜ ਤੇ ਅੰਦਰੂਨੀ ਆਪੋਧਾਪੀ ਦਾ ਸ਼ਿਕਾਰ ਬਣਿਆ। ਸੰਨ 2015 ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਉਸ ਦੇ ਰੋਸ ਵਜੋਂ ਸਿੱਖ ਸੰਗਤਾਂ ਵਿਚ ਪੈਦਾ ਰਹੇ ਜਿਸ ਨੇ ਕਈ ਮਹੀਨੇ ਇਸ ਸੱਤਾਧਾਰੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਘਰਾਂ ਵਿਚੋਂ ਬਾਹਰ ਨਹੀਂ ਨਿਕਲਣ ਦਿਤਾ, ਸ਼ਾਂਤਮਈ ਸੰਗਤਾਂ ਤੇ ਪੁਲਿਸ ਵਲੋਂ ਗੋਲੀਬਾਰੀ ਅਤੇ ਲਾਠੀਚਾਰਜ ਜਿਸ ਵਿਚ ਦੋ ਨੌਜੁਆਨ ਮਾਰੇ ਗਏ, ਕਈ ਜ਼ਖ਼ਮੀ ਹੋਏ, ਬੇਅਦਬੀ ਤੇ ਗੋਲੀਬਾਰੀ ਕਾਂਡਾਂ ਦੇ ਦੋਸ਼ੀਆਂ ਦਾ ਨਾ ਫੜੇ ਜਾਣਾ, ਪ੍ਰਸਾਸ਼ਨਕ ਤੇ ਪਾਰਟੀ ਦਾ ਅੰਦਰੂਨੀ ਕੁਪ੍ਰਬੰਧ ਵੱਡੇ ਕਾਰਨ ਹਨ, ਜੋ ਅਕਾਲੀ ਦਲ ਬਾਦਲ ਦੀ ਚੋਣਾਂ ਵਿਚ ਹਾਰ ਦੇ ਬਾਵਜੂਦ ਇਸ ਦਾ ਪਿੱਛਾ ਨਹੀਂ ਛੱਡੇ ਰਹੇ।

ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੀ ਨਿਰਾਸ਼ਾਜਨਕ ਹਾਰ ਦੀ ਜ਼ਿੰਮੇਵਾਰੀ ਲੈਂਦੇ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਨਾ ਕਰਨ ਤੇ ਨਾ ਹੀ ਹਾਰ ਦੇ ਕਾਰਨਾਂ ਸਬੰਧੀ ਪਾਰਟੀ ਅੰਦਰ ਬਰੇਨ-ਸਟਾਰਮਿੰਗ ਮੰਥਨ ਕਰਨ ਤੋਂ ਨਿਰਾਸ਼ ਤੇ ਨਰਾਜ਼ ਮਹਾਂਰਥੀਆਂ ਨੇ ਦੋ ਵੱਖੋ-ਵੱਖ ਧੜੇ ਗਠਤ ਕਰ ਲਏ। ਇਹ ਮਹਾਂਰਥੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਰਹੇ ਘਾਗ ਅਕਾਲੀ ਸਿਆਸਤਦਾਨ ਸਨ। ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਧੜਾ ਵਿਧਾਨ ਸਭਾ ਅੰਦਰ ਪਾਰਟੀ ਗਰੁਪ ਦਾ ਆਗੂ ਜੋ ਉਨ੍ਹਾਂ ਦਾ ਪੁੱਤਰ ਵੀ ਹੈ, ਪਰਮਿੰਦਰ ਸਿੰਘ ਢੀਂਡਸਾ ਤੇ ਕੁੱਝ ਸ਼੍ਰੋਮਣੀ ਕਮੇਟੀ ਮੈਂਬਰ ਤੋੜਨ ਵਿਚ ਸਫ਼ਲ ਰਿਹਾ। ਸ. ਢੀਂਡਸਾ ਤੇ ਸ. ਬ੍ਰਹਮਪੁਰਾ ਅਕਾਲੀ ਗੁਟਾਂ ਦਾ ਜਿਥੇ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਹਮਖ਼ਿਆਲ ਰਾਜਨੀਤਕ ਪਾਰਟੀਆਂ ਨਾਲ ਗਠਜੋੜ ਕਰ ਕੇ ਲੜਨ ਦੀ ਰਾਜਨੀਤਕ ਰਣਨੀਤੀ ਹੈ, ਉਥੇ ਉਨ੍ਹਾਂ ਦਾ ਵੱਡਾ ਤੇ ਪ੍ਰਮੁੱਖ ਨਿਸ਼ਾਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਬਾਦਲ ਦੀ ਏਕਾਧਿਕਾਰੀ ਜੱਕੜ ਤੋਂ ਮੁਕਤ ਕਰਵਾਉਣਾ ਹੈ।

ਇਨ੍ਹਾਂ ਰਾਜਨੀਤਕ ਅਤੇ ਧਾਰਮਕ ਪ੍ਰਸਥਿਤੀਆਂ ਤੋਂ ਇਲਾਵਾ ਅੱਜ ਸੱਭ ਤੋਂ ਵੱਡੀ ਚੁਨੌਤੀ ਅਕਾਲੀ ਦਲ ਬਾਦਲ ਅੰਦਰ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਮੱਦੇਨਜ਼ਰ ਭੜਕ ਰਹੀ ਅੰਦਰੂਨੀ ਆਪੋਧਾਪੀ ਹੈ। ਅਕਾਲੀ ਦਲ ਬਾਦਲ, ਇਸ ਦੇ ਯੂਥ ਤੇ ਜਥੇਬੰਦਕ ਵਿੰਗਾਂ ਵਿਚ ਨੌਜੁਆਨ ਆਗੂ ਬਿਕਰਮ ਸਿੰਘ ਮਜੀਠੀਆ ਦੀ ਤੇਜ਼ੀ ਨਾਲ ਵਧਦੀ ਸਾਖ਼ ਤੇ ਦਬਦਬੇ ਕਾਰਨ ਪਾਰਟੀ ਅੰਦਰ ਕੁੱਝ ਪੁਰਾਣੇ ਆਗੂਆਂ ਤੇ ਲੀਡਰਸ਼ਿਪ ਨਾਲ ਸਬੰਧਤ ਰਿਸ਼ਤੇਦਾਰਾਂ ਅੰਦਰ ਅਸਹਿਣਸ਼ੀਲਤਾ ਪੈਦਾ ਹੋ ਗਈ ਹੈ।

ਉਸ ਦੇ ਕੰਮ ਕਾਜ ਕਰ ਕੇ ਉਸ ਦੀ ਪਾਰਟੀ ਅੰਦਰ ਵਧਦੀ ਸਾਖ ਨੂੰ ਬਰੇਕਾਂ ਲਗਾਉਣ ਲਈ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਮੇਂ-ਸਮੇਂ ਸਿਰ ਮੌਖਿਕ ਟਕੋਰਾਂ ਰਾਹੀਂ ਯਤਨ ਕੀਤੇ ਪਰ ਸੱਤਾ ਵਿਚ ਹੁੰਦੇ ਤੇ ਫਿਰ ਸੱਤਾ ਤੋਂ ਬਾਹਰ ਹੁੰਦੇ ਜਿਵੇਂ ਉਸ ਨੇ ਵਿਧਾਨ ਸਭਾ ਅੰਦਰ ਅਤੇ ਬਾਹਰ, ਪਾਰਟੀ ਅੰਦਰ ਦੁਫੇੜਾਂ ਦੇ ਬਾਵਜੂਦ ਪਾਰਟੀ ਤੇ ਇਸ ਨੌਜੁਆਨ ਵਿੰਗ ਨੂੰ ਹਮਲਾਵਾਰ ਅਗਵਾਈ ਦਿਤੀ ਉਸ ਨਾਲ ਉਸ ਦੀ ਹਰਮਨ ਪਿਆਰਤਾ ਹੋਰ ਵਧੀ।ਪਰ ਉਨ੍ਹਾਂ ਅਕਾਲੀ ਦਲ ਤੇ ਇਸ ਦੇ ਯੂਥ ਵਿੰਗ ਨੂੰ ਕਦੇ ਵੀ ਅੰਦਰੂਨੀ ਲੋਕਤੰਤਰੀ ਵਿਵਸਥਾ ਅਤੇ ਵਿਚਾਰਧਾਰਾਕ ਤੌਰ ਉਤੇ ਖੜਾ ਕਰਨ ਵਲ ਕੋਈ ਧਿਆਨ ਨਾ ਦਿਤਾ। ਪਛਮੀ ਦੇਸ਼ਾਂ ਅੰਦਰ ਪਾਰਟੀ ਸਿਸਟਮ ਤੇ ਲੋਕਤੰਤਰੀ ਵਿਵਸਥਾ ਦਾ ਸਥਾਈਤਵ ਅਤੇ ਖ਼ੂਬਸੂਰਤੀ ਲਗਾਤਾਰ ਇਸੇ ਸਜੀਵ ਪ੍ਰਬੰਧ ਅਤੇ ਅਨੁਸਾਸ਼ਨ ਤੇ ਖੜੀ ਹੈ। ਨਤੀਜੇ ਵਜੋਂ ਪਾਰਟੀ ਅੰਦਰ ਸੱਤਾ ਸ਼ਕਤੀ ਦੇ ਤਿੰਨ ਕੇਂਦਰ ਕਾਇਮ ਰਹੇ (1) ਪ੍ਰਕਾਸ਼ ਸਿੰਘ ਬਾਦਲ ਪ੍ਰੌਢ ਅਵਸਥਾ ਦੇ ਬਾਵਜੂਦ (2) ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ (3) ਸ. ਬਿਕਰਮ ਸਿੰਘ ਮਜੀਠੀਆ।

ਅਕਾਲੀ ਦਲ ਬਾਦਲ ਨਾ ਤਾਂ ਖੇਰੂੰ-ਖੇਰੂੰ ਤੇ ਨਾ ਹੀ ਆਪੋਧਾਪੀ ਦਾ ਸ਼ਿਕਾਰ ਹੁੰਦਾ, ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਪੁੱਤਰ ਮੋਹ ਤੋਂ ਉਪਰ ਉੱਠ ਕੇ ਪੁਰਾਣੇ ਮਹਾਂਰਥੀਆਂ ਨੂੰ ਅਪਣੀ ਬੁੱਕਲ ਵਿਚ ਸਮੇਟਣ ਲਈ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਯੋਗ ਕਰਦੇ। ਬਚੀ-ਖੁਚੀ ਪਾਰਟੀ ਆਪੋਧਾਪੀ ਦਾ ਸ਼ਿਕਾਰ ਨਾ ਹੁੰਦੀ ਜੇਕਰ ਸ. ਸੁਖਬੀਰ ਸਿੰਘ ਬਾਦਲ ਦ੍ਰਿੜ ਰਾਜਨੀਤਕ ਅਗਵਾਈ ਦਾ ਮੁਜ਼ਾਹਰਾ ਕਰਦੇ। ਬੀਬੀ ਜਗੀਰ ਕੌਰ ਨੂੰ ਬਾਂਹ ਮਰੋੜ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਸੁਸ਼ੋਭਤ ਨਾ ਹੋਣ ਦਿੰਦੇ ਤੇ ਨਾ ਪਾਰਟੀ ਅੰਦਰ ਅਸਹਿਮਤੀ ਤੇ ਆਪ ਹੁਦਰਾਪਣ ਉਜਾਗਰ ਹੋਣ ਦਿੰਦੇ। ਪਾਰਟੀ ਵਿਵਸਥਾ ਲੋਕਤੰਤਰੀ ਪ੍ਰੌਢ ਪ੍ਰੰਪਰਾਵਾਂ ਤੇ ਸੰਸਥਾਵਾਂ ਦੇ ਮਾਧਿਅਮ ਨਾਲ ਸੰਚਾਲਤ ਕਰਦੇ। ਸ. ਬਿਕਰਮ ਸਿੰਘ ਮਜੀਠੀਆ ਅਪਣੇ ਪ੍ਰਭਾਵ ਵਾਲੀ ਪਾਰਟੀ ਤੇ ਯੂਥ ਵਿੰਗ ਸਬੰਧਤ ਲੀਡਰਸ਼ਿਪ ਨੂੰ ਲੰਮੀ ਦੌੜ ਦੇ ਘੋੜਿਆਂ ਵਜੋਂ ਵਰਤਣ ਲਈ ਵਾਗਾਂ ਘੁੱਟ ਕੇ ਖਿੱਚ ਕੇ ਰਖਦੇ। ਭ੍ਰਿਸ਼ਟ, ਵਿਭਚਾਰੀ ਤੇ ਮੌਕਾਪ੍ਰਸਤ ਅਨਸਰ ਸਖ਼ਤੀ ਨਾਲ ਅਪਣੇ ਅਤੇ ਪਾਰਟੀ ਨੇੜੇ ਨਾ ਢੁੱਕਣ ਦਿੰਦੇ। ਦਾਜ ਵਿਚ ਮਿਲੇ ਪਾਰਟੀ ਤੇ ਸਰਕਾਰੀ ਅਹੁਦਿਆਂ ਦੀ ਏਕਾਧਿਕਾਰੀ, ਭ੍ਰਿਸ਼ਟਾਚਾਰੀ ਤੇ ਘਟੀਆ ਢੰਗਾਂ ਨਾਲ ਕੁਵਰਤੋਂ ਕਰਨ ਕਰ ਕੇ ਆਦੇਸ਼ ਪ੍ਰਤਾਪ ਕੈਰੋਂ ਅਪਣੇ ਦਾਦੇ ਸ. ਪ੍ਰਤਾਪ ਸਿੰਘ ਕੈਰੋਂ ਵਾਂਗ ਅਕਾਲੀ ਦਲ ਅੰਦਰ ਬਦਨਾਮ ਹੈ। ਉਸ ਨੇ ਕਦੇ ਕਿਸੇ ਪਾਰਟੀ ਸੰਘਰਸ਼ ਵਿਚ ਭਾਗ ਨਹੀਂ ਲਿਆ।

ਸਿਰਫ਼ ਬਿਕਰਮ ਸਿੰਘ ਮਜੀਠੀਆ ਦੀ ਮਾਝੇ ਤੇ ਦੁਆਬੇ ਅੰਦਰ ਪਾਰਟੀ ਅਤੇ ਯੂਥ ਸਫ਼ਾਂ ਵਿਚ ਵਧਦੀ ਪੇਸ਼ਕਦਮੀ ਨੂੰ ਬਰੇਕਾਂ ਲਗਾਉਣ ਲਈ ਤਰਨਤਾਰਨ ਜ਼ਿਲ੍ਹੇ ਤੇ ਖ਼ਾਸ ਕਰ ਕੇ ਖ਼ੇਮਕਰਨ ਹਲਕੇ ਵਿਚ ਖ਼ਰੂਦ ਮਚਾਇਆ। ਇਵੇਂ ਹੀ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੌਧੀ ਨੰਗਲ ਨੇ ਫ਼ਤਿਹਗੜ੍ਹ ਚੂੜੀਆਂ ਹਲਕੇ ਵਿਚ ਜਾ ਕੇ ਦਾਅਵੇਦਾਰੀ ਠੋਕੀ। ਵਿਭਚਾਰੀ ਸੀ.ਡੀ. ਕਰ ਕੇ ਪੰਥ ਵਿਚੋਂ ਛੇਕੇ ਆਗੂ ਦੇ ਲੜਕੇ ਨੂੰ ਯੂਥ ਅਕਾਲੀ ਦਲ ਅੰਦਰ ਪਦ ਨਾਲ ਨਿਵਾਜਣ ਤੇ ਡੇਰਾ ਬਾਬਾ ਨਾਨਕ ਹਲਕੇ ਵਿਚ ਖੌਰੂ ਪਾਉਣ, ਸ਼੍ਰੀ ਹਰਗੋਬਿੰਦਪੁਰ ਹਲਕੇ ਵਿਚ ਬਾਹਰੀ ਆਗੂ ਥੋਪਣ, ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਸਰਬਜੋਤ ਸਿੰਘ ਸਾਬੀ ਨੂੰ ਕੁਰਬਾਨੀ ਵਾਲੇ ਪੁਰਾਣੇ ਆਗੂਆਂ ਦੇ ਸਿਰ ਤੇ ਬੈਠਾਉਣਾ, ਮਾਲਵੇ ਅੰਦਰ ਭ੍ਰਿਸ਼ਟਾਚਾਰੀ ਚਾਪਲੂਸਾਂ ਨੂੰ ਪ੍ਰੋੜਤਾ ਦੇਣਾ ਅਕਾਲੀ ਦਲ ਲਈ ਘਾਤਕ ਸਿੱਧ ਹੋ ਰਿਹਾ ਹੈ।

ਸ. ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਰੈਲੀਆਂ ਅੰਦਰ ਪਾਰਟੀ ਉਮੀਦਵਾਰਾਂ ਦੇ ਏਕਾਧਿਕਾਰਵਾਦੀ ਤੇ ਤਾਨਾਸ਼ਾਹੀ ਐਲਾਨ ਦੀ ਚਾਰ-ਚੁਫ਼ੇਰੇ ਨਿੰਦਾ ਹੋ ਰਹੀ ਹੈ। ਕੇਂਦਰੀ ਕਾਲੇ ਖੇਤੀ ਕਾਨੂੰਨਾਂ ਵਿਰੁਧ ਸਮੂਹ ਪੰਜਾਬੀਆਂ ਦੀ ਕਿਸਾਨੀ ਦੀ ਹਮਾਇਤ ਵਿਚ ਸ਼ਾਂਤਮਈ ਜਮਹੂਰੀ ਲਾਮਬੰਦੀ ਨੇ ਪੰਜਾਬ ਦੇ ਲੋਕਾਂ ਨੂੰ ਰਾਜਨੀਤਕ ਤੌਰ ਉਤੇ ਜਾਗ੍ਰਿਤ ਕਰ ਦਿਤਾ ਹੈ। ਜੇਕਰ ਅਕਾਲੀ ਦਲ ਬਾਦਲ ਸਬੰਧੀ ਆਗੂਆਂ ਨੇ ਪਾਰਟੀ ਵਰਕਰਾਂ ਤੇ ਕਾਰਕੁੰਨਾਂ ਤੇ ਪ੍ਰਵਾਰਵਾਦੀ ਏਕਾਧਿਕਾਰ ਤਾਨਾਸ਼ਾਹ ਡੰਗ ਨਾਲ ਥੋਪਣਾ ਜਾਰੀ ਰਖਿਆ, ਅੰਦਰੂਨੀ ਜਮਹੂਰੀਅਤ ਨੂੰ ਅਣਗੋਲਿਆ ਕੀਤਾ ਤਾਂ ਇਹ ਵਰਤਾਰਾ ਪਾਰਟੀ ਅੰਦਰ ਹੋਰ ਬਗ਼ਾਵਤ ਪੈਦਾ ਕਰੇਗਾ। ਨਤੀਜੇ ਵਜੋਂ ਇਸ ਹੱਥੋਂ ਭਵਿੱਖ ਵਿਚ ਸ਼੍ਰੋਮਣੀ ਕਮੇਟੀ ਵੀ ਖੁਸੇਗੀ ਅਤੇ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜੱਗੋਂ ਤੇਰ੍ਹਵੀਂ ਹੋਵੇਗੀ। 

(ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਸੰਪਰਕ : +1 289-829-2929 )