ਰੁੱਖ ਬਚਾਏ ਹੁੰਦੇ ਤਾਂ ਮੁੱਲ ਦੀ ਆਕਸੀਜਨ ਲਈ ਨਾ ਭਟਕਣਾ ਪੈਂਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਣਕਾਰ ਮੰਨਦੇ ਹਨ ਕਿ 2025 ਤਕ 80 ਤੋਂ 90 ਫ਼ੀ ਸਦੀ ਵਰਖਾ ਤੇ ਵਣ ਖ਼ਤਮ ਹੋ ਜਾਣਗੇ

Save tree

ਸਾਲ 2019 ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ 2021 ਵਿਚ ਵੀ ਹਰ ਰੋਜ਼ ਹਜ਼ਾਰਾਂ ਜ਼ਿੰਦਗੀਆਂ ਨਿਗਲ ਰਿਹਾ ਹੈ। ਇਸ ਮਹਾਂਮਾਰੀ ਨੇ ਸੰਸਾਰ ਭਰ ਦੀ ਆਰਥਕਤਾ ਨੂੰ ਢਹਿ-ਢੇਰੀ ਕਰ ਕੇ ਰੱਖ ਦਿਤਾ ਹੈ। ਪ੍ਰਮਾਣੂ ਨਾਲ ਦੁਨੀਆਂ ਨੂੰ ਤਬਾਹ ਕਰਨ ਦਾ ਦਮ ਭਰਨ ਵਾਲੇ ਵੱਡੇ ਮੁਲਕ ਇਸ ਵਾਇਰਸ ਕੋਲੋਂ ਹਾਰਦੇ ਨਜ਼ਰ ਆ ਰਹੇ ਹਨ। ਅਮਰੀਕਾ, ਇੰਗਲੈਂਡ, ਇਟਲੀ ਤੇ ਭਾਰਤ ਵਰਗੇ ਉੱਤਮ ਦਰਜੇ ਦੀਆਂ ਸਿਹਤ ਸੇਵਾਵਾਂ ਵਾਲੇ ਦੁਨੀਆਂ ਦੇ ਵੱਡੇ ਮੁਲਕਾਂ ਨੂੰ ਵੀ ਕੋਰੋਨਾ ਮਹਾਂਮਾਰੀ ਨੇ ਗੋਡੇ ਟੇਕਣ ਲਈ ਮਜਬੂਰ ਕਰ ਦਿਤਾ ਹੈ। ਪਿਛਲੇ ਡੇਢ ਸਾਲਾਂ ਦੌਰਾਨ ਅਜਿਹਾ ਕੋਈ ਵੀ ਪੇਸ਼ਾ ਜਾਂ ਵਪਾਰ ਨਹੀਂ ਜਿਸ ਨੂੰ ਕੋਰੋਨਾ ਨੇ ਪ੍ਰਭਾਵਤ ਨਾ ਕੀਤਾ ਹੋਵੇ। ਮਹਾਂਮਾਰੀ ਨੇ ਦੁਨੀਆਂ ਖ਼ਾਸ ਕਰ ਕੇ ਭਾਰਤ ਵਰਗੇ ਮੁਲਕ ਨੂੰ ਕਈ ਸਾਲ ਪਿੱਛੇ ਧੱਕ ਦਿਤਾ ਹੈ।

ਹੁਣ ਆਲਮ ਇਹ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਜਿਥੇ ਅਪਣੀਆਂ ਜਾਨਾਂ ਬਚਾਉਣ ਦੀ ਚਿੰਤਾ ਸਤਾ ਰਹੀ ਹੈ, ਉਥੇ ਨਾਲ ਹੀ ਆਪੋ-ਅਪਣੇ ਵਪਾਰ, ਕਿਰਤ ਤੇ ਸਿਹਤ ਮਹਿਕਮੇ ਚਲਦੇ ਰੱਖਣ ਲਈ ਵੀ ਵੱਡੀ ਮੁਸ਼ਕਿਲ ਪੇਸ਼ ਆ ਰਹੀ ਹੈ। ਪਿਛਲੇ ਸਾਲ ਕੋਰੋਨਾ ਨੇ ਲੱਖਾਂ ਜ਼ਿੰਦਗੀਆਂ ਖ਼ਤਮ ਕਰ ਦਿਤੀਆਂ ਤੇ ਕਰੋੜਾਂ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਉਤੇ ਪ੍ਰਭਾਵਤ ਕੀਤਾ। ਭਾਵੇਂ ਕੋਰੋਨਾ ਵਾਇਰਸ ਲਈ ਵੈਕਸੀਨੇਸ਼ਨ ਸੰਸਾਰ ਭਰ ਵਿਚ ਲੱਗ ਰਹੇ ਹਨ ਪਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਪਿਛਲੇ ਸਾਲ ਨਾਲੋਂ ਵੀ ਵੱਡੀ ਸੱਟ ਮਾਰੀ ਹੈ। ਭਾਰਤ ਵਰਗੇ ਮੁਲਕ ਵਿਚ ਪਹਿਲਾਂ ਹਸਪਤਾਲਾਂ ਵਿਚ ਬੈੱਡਾਂ ਦੀ ਕਮੀ, ਆਕਸੀਜਨ ਦੀ ਕਮੀ ਤੇ ਫਿਰ ਸਮਸ਼ਾਨਘਾਟਾਂ ਵਿਚ ਥਾਂ ਦੀ ਕਮੀ, ਬਹੁਤ ਗੰਭੀਰ ਸੰਕੇਤ ਦੇ ਰਹੀ ਹੈ।

ਹੁਣ ਡਾਕਟਰਾਂ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਕੋਰੋਨਾ ਵਰਗੀ ਲਾਗ ਦੀ ਬਿਮਾਰੀ ਦੌਰਾਨ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਲਈ ਸਾਨੂੰ ਵੱਡੇ ਪੱਧਰ ਉਤੇ ਰੁੱਖ ਲਗਾਉਣੇ ਚਾਹੀਦੇ ਹਨ। ਰੁੱਖ ਹੀ ਹਨ ਜਿਹੜੇ ਸਾਨੂੰ ਕੁਦਰਤੀ ਆਕਸੀਜਨ ਦਿੰਦੇ ਹਨ ਤੇ ਸਾਨੂੰ ਜਿਊਂਦੇ ਰਖਦੇ ਹਨ। ਵੇਖਿਆ ਜਾਵੇ ਤਾਂ ਹੁਣ ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਘਾਟ ਨੇ ਬਹੁਤ ਸਾਰੇ ਸਵਾਲ ਪੈਦਾ ਕੀਤੇ ਹਨ ਜਿਨ੍ਹਾਂ ਦਾ ਜਵਾਬ ਵੀ ਮਨੁੱਖ ਕੋਲ ਹੀ ਹੈ।ਦਰਅਸਲ, ਆਧੁਨਿਕਤਾ ਦੀ ਦੌੜ ਵਿਚ ਮਸਰੂਫ਼ ਮਨੁੱਖ ਦੀ ਜ਼ਿੰਦਗੀ ਜੰਗਲਾਂ ਤੋਂ ਹੀ ਸ਼ੁਰੂ ਹੋਈ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਣ, ਪ੍ਰਾਣੀ ਵਰਗ ਤੇ ਰੁੱਖਾਂ ਨਾਲ ਜੁੜਿਆ ਹੋਇਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਲੈਂਦਾ ਹੈ। ਪੁਰਾਣੇ ਸਮਿਆਂ ਤੋਂ ਲੈ ਕੇ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਹਾਸਲ ਕੀਤੀ ਹੈ, ਚਾਹੇ ਉਹ ਆਕਸੀਜਨ ਹੀ ਕਿਉਂ ਨਾ ਹੋਵੇ।

ਜਦੋਂ ਦਾ ਮਨੁੱਖ ਧਰਤੀ ਉਤੇ ਆਇਆ ਹੈ, ਰੁੱਖ ਹੀ ਉਸ ਦਾ ਸਹਾਰਾ ਬਣੇ ਹਨ। ਰੁੱਖ ਦੀ ਛਾਂ, ਲੱਕੜ, ਫੱਲ, ਦਵਾਈਆਂ ਨੇ ਹਮੇਸ਼ਾ ਮਨੁੱਖ ਨੂੰ ਖ਼ੁਸ਼ਹਾਲ ਜ਼ਿੰਦਗੀ ਦਿਤੀ ਹੈ। ਰੁੱਖ ਹੀ ਧਰਤੀ ਦਾ ਸਰਮਾਇਆ ਹਨ ਤੇ ਅੱਜ ਆਧੁਨਕ ਮਨੁੱਖ ਵੀ ਰੁੱਖਾਂ ਉਤੇ ਹੀ ਨਿਰਭਰ ਹੈ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਵਿਚ ਸਹਾਇਕ ਹੁੰਦੇ ਹਨ। ਸਾਇੰਸ ਵੀ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਜਿਥੇ ਵੱਧ ਰੁੱਖ ਹੋਣਗੇ, ਉਥੇ ਪੰਛੀ, ਜੀਵ, ਕੀਟ ਵੀ ਵੱਧ ਹੋਣਗੇ। ਵੱਧ ਰੁੱਖ ਮਨੁੱਖ ਦੀ ਚੰਗੀ ਸਿਹਤ ਲਈ ਵੀ ਸਹਾਈ ਹੁੰਦੇ ਹਨ ਤੇ ਬਿਮਾਰੀਆਂ ਉਤੇ ਵੀ ਕਾਬੂ ਰਖਦੇ ਹਨ। ਆਧੁਨਿਕਤਾ ਦੀ ਆੜ ਹੇਠ ਮਨੁੱਖ ਨੇ ਪਿਛਲੇ ਕੁੱਝ ਦਹਾਕਿਆਂ ਦੌਰਾਨ ਧੜਾ-ਧੜ ਜੰਗਲਾਂ ਦੀ ਕਟਾਈ ਕੀਤੀ ਹੈ ਜਿਸ ਕਰ ਕੇ ਅੱਜ ਮਨੁੱਖਤਾ ਤੇ ਜੀਵ ਜਗਤ ਨੂੰ ਵੱਡਾ ਨੁਕਸਾਨ ਪੁੱਜ ਰਿਹਾ ਹੈ। 

ਰੁੱਖਾਂ ਦੀ ਵੱਡੇ ਪੱਧਰ ’ਤੇ ਹੋਈ ਕਟਾਈ ਤੇ ਨਵੇਂ ਰੁੱਖ ਨਾ ਲਗਾਉਣ ਕਾਰਨ ਵਾਤਾਵਰਣ ਵਿਚ ਅਣਗਿਣਤ ਵਿਗਾੜ ਆਏ ਹਨ। ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ, ਗਰਮੀ ਵੱਧ ਰਹੀ ਹੈ ਤੇ ਮਨੁੱਖ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਕੀਟ-ਪੰਛੀ ਤੇ ਜੀਵਾਂ ਦੀ ਗਿਣਤੀ ਘਟੀ ਵੀ ਤੇ ਕਈ ਪ੍ਰਜਾਤੀਆਂ ਤਾਂ ਅਲੋਪ ਵੀ ਹੋ ਗਈਆਂ। ਰੁੱਖ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ਉਤੇ ਰਹਿੰਦੇ ਹਰ ਇਨਸਾਨ ਲਈ ਬਹੁਤ ਜ਼ਰੂਰੀ ਹਨ। ਇਥੋਂ ਤਕ ਕਿ ਧਰਤੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚਲਦਾ ਰਹਿ ਸਕਦਾ ਹੈ। ਮਨੁੱਖ ਲਈ ਜੋ ਅੱਜ ਤਕ ਸਾਇੰਸ ਨਹੀਂ ਕਰ ਸਕੀ, ਰੁੱਖ ਉਹ ਬਿਲਕੁਲ ਮੁਫ਼ਤ ਵਿਚ ਸਾਡੇ ਲਈ ਕਰਦੇ ਹਨ। ਰੁੱਖ ਕਾਰਬਨ ਡਾਈਆਕਸਾਈਡ ਲੈਂਦੇ ਹਨ ਤੇ ਆਕਸੀਜਨ ਛਡਦੇ ਹਨ। ਪੌਦੇ ਸਾਡੀ ਧਰਤੀ ਦੇ ਤਾਪਮਾਨ ਨੂੰ ਕਾਬੂ ਵਿਚ ਰਖਦੇ ਹਨ। ਜੇਕਰ ਪ੍ਰਿਥਵੀ ਉਤੇ ਰੁੱਖ ਨਾ ਹੋਣ ਤਾਂ ਪ੍ਰਿਥਵੀ ਦਾ ਤਾਪਮਾਨ ਵਧਦਾ ਹੀ ਚਲਾ ਜਾਵੇਗਾ ਤੇ ਧਰਤੀ ਏਨੀ ਗਰਮ ਹੋ ਜਾਵੇਗੀ ਕਿ ਇਸ ਉਤੇ ਰਹਿਣਾ ਵੀ ਮੁਸ਼ਕਿਲ ਹੋ ਜਾਵੇਗਾ। 

ਜਾਣਕਾਰ ਮੰਨਦੇ ਹਨ ਕਿ 2025 ਤਕ 80 ਤੋਂ 90 ਫ਼ੀ ਸਦੀ ਵਰਖਾ ਤੇ ਵਣ ਖ਼ਤਮ ਹੋ ਜਾਣਗੇ। ਇਹ ਇਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਜ਼ਰਾ ਸੋਚੋ ਜੇਕਰ ਇਸ ਦਰ ਨਾਲ ਜੰਗਲ ਨਸ਼ਟ ਹੁੰਦੇ ਰਹੇ ਤਾਂ ਕੀ ਆਉਣ ਵਾਲੇ ਸਮੇਂ ਵਿਚ ਇਹ ਕੁਦਰਤੀ ਨਜ਼ਾਰਾ ਵੇਖਣ ਨੂੰ ਮਿਲੇਗਾ? ਇਕ ਰੀਪੋਰਟ ਮੁਤਾਬਕ ਦੁਨੀਆਂ ਵਿਚ ਲਗਭਗ ਸੱਤ ਮਿਲੀਅਨ ਲੋਕਾਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋ ਜਾਂਦੀ ਹੈ। ਭਾਰਤ ਦੇ ਕਾਨ੍ਹਪੁਰ, ਫ਼ਰੀਦਾਬਾਦ, ਗਯਾ, ਵਾਰਾਨਸੀ, ਪਟਨਾ, ਦਿੱਲੀ, ਲਖਨਾਊ ਆਦਿ ਸੱਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਸ਼ੁਮਾਰ ਹਨ ਤੇ ਇਨ੍ਹਾਂ ਸ਼ਹਿਰਾਂ ਵਿਚ ਕੋਰੋਨਾ ਕਾਰਨ ਹੁਣ ਸੱਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਕ ਰੀਪੋਰਟ ਮੁਤਾਬਕ ਦਿੱਲੀ ਵਿਚ ਤਿੰਨ ਵਿਚੋਂ ਇਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਹੈ। 

ਰੁੱਖ ਮੁਫ਼ਤ ਵਿਚ ਹਵਾ ਨੂੰ ਸਾਫ਼ ਕਰਨ ਦਾ ਕੰਮ ਕਰਦੇ ਹਨ ਪਰ ਫਿਰ ਵੀ ਅਸੀ ਰੁੱਖਾਂ ਦੇ ਯੋਗਦਾਨ ਨੂੰ ਅਣਗੌਲਿਆਂ ਕਰ ਦਿੰਦੇ ਹਾਂ। ਮੁਫ਼ਤ ਵਿਚ ਲੱਖਾਂ ਰੁਪਏ ਦੀ ਆਕਸੀਜਨ ਤੋਂ ਇਲਾਵਾ ਰੁੱਖ ਆਰਥਕ ਤੌਰ ਉਤੇ ਵੀ ਮਨੁੱਖ ਦੀ ਬਹੁਤ ਮਦਦ ਕਰਦੇ ਹਨ। ਰੁੱਖਾਂ ਦੀ ਕਮੀ ਕਾਰਨ ਵਰਖਾ ਦੀ ਮਾਤਰਾ ਵੀ ਸਥਿਰ ਨਹੀਂ ਰਹੀ। ਹੁਣ ਕਿਤੇ ਬਹੁਤ ਜ਼ਿਆਦਾ ਵਰਖਾ ਹੋ ਜਾਂਦੀ ਹੈ ਜਦੋਂਕਿ ਕਿਤੇ ਸੋਕੇ ਵਰਗੇ ਹਾਲਾਤ ਬਣ ਜਾਂਦੇ ਹਨ। ਮਨੁੱਖਤਾ ਨੂੰ ਜਪੁ ਜੀ ਸਾਹਿਬ ਦੇ ਅੰਤਮ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਰਾਹੀਂ ਇਹੀ ਸੰਦੇਸ਼ ਦਿਤਾ ਗਿਆ ਹੈ ਕਿ ਸਾਨੂੰ ਵਾਤਾਵਰਣ ਦੀ ਮਹੱਤਤਾ ਨਾਲ ਜੁੜ ਕੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।

ਸਾਨੂੰ ਚਾਹੀਦਾ ਹੈ ਕਿ ਅਸੀ ਰੁੱਖ ਲਗਾਉਣ ਤਕ ਹੀ ਸੀਮਤ ਨਾ ਰਹੀਏ ਸਗੋਂ ਇਨ੍ਹਾਂ ਦੀ ਸਾਂਭ-ਸੰਭਾਲ ਤੇ ਰਖਿਆ ਕਰਨੀ ਵੀ ਅਪਣਾ ਮੁਢਲਾ ਫ਼ਰਜ਼ ਸਮਝੀਏ। ਸਾਨੂੰ ਅਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਪਣੇ ਗੌਰਵਮਈ ਵਿਰਸੇ ਤੇ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਰੁੱਖਾਂ ਦੀ ਪੁਰਾਤਨ ਮਹੱਤਤਾ ਤੇ ਆਧੁਨਿਕ ਸਮੇਂ ਦੀ ਬਣੀ ਜ਼ਰੂਰਤ ਦਾ ਸੁਨੇਹਾ ਵੀ ਦਿੰਦੇ ਰਹਿਣਾ ਚਾਹੀਦਾ ਹੈ। ਵੱਧ ਤੋਂ ਵੱਧ ਰੁੱਖ ਲਗਾ ਕੇ ਕੁਦਰਤ ਦੇ ਬਹੁਤ ਕੀਮਤੀ ਤੋਹਫੇ ਹਵਾ, ਪਾਣੀ ਤੇ ਧਰਤੀ ਨੂੰ ਸੰਭਾਲਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।

ਇਸ ਲਈ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਅਪਣੀ ਜ਼ਿੰਦਗੀ ਵਾਂਗ ਹੀ ਅਪਣੇ ਆਲੇ-ਦੁਆਲੇ ਨਵੇਂ ਰੁੱਖ ਲਗਾਏ ਤੇ ਪੁਰਾਣੇ ਰੁੱਖਾਂ ਦੀ ਹਿਫ਼ਾਜ਼ਤ ਵੀ ਕਰੇ। ਰੁੱਖਾਂ ਨੂੰ ਵੱਡਾ ਕਰ ਕੇ ਤੇ ਵੇਚ ਕੇ ਪੈਸਾ ਵੱਟਣ ਦੀ ਭਾਵਨਾ ਖ਼ਤਮ ਹੋਣੀ ਚਾਹੀਦੀ ਹੈ। ਧਰਤੀ ਉਤੇ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਵੈਸੇ ਵੀ ਰੁੱਖ ਤੇ ਮਨੁੱਖ ਦਾ ਬਹੁਤ ਹੀ ਡੂੰਘਾ ਰਿਸ਼ਤਾ ਹੈ। ਸ਼ੁਰੂ ਤੋਂ ਅੰਤ ਤਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖ ਉਸ ਪ੍ਰਮਾਤਮਾ ਦੁਆਰਾ ਦਿਤੇ ਗਏ ਅਨਮੋਲ ਤੋਹਫ਼ੇ ਹਨ। ਇਹ ਇਕ ਅਨਮੋਲ ਖ਼ਜ਼ਾਨਾ ਵੀ ਹਨ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਇਥੇ ਪੰਜਾਹ ਲੱਖ ਵੱਡੇ ਰੁੱਖ ਪੈਦਾ ਕਰ ਲਏ ਜਾਣ ਤਾਂ ਪੰਜਾਬ ਦੇ ਮੌਸਮ ਤੇ ਵਾਤਾਵਰਣ ਵਿਚ ਵੱਡੀ ਤਬਦੀਲੀ ਆਉਣੀ ਸੰਭਵ ਹੈ।
ਚਰਨਪ੍ਰੀਤ ਸਿੰਘ ਸਹਿਗਲ, ਸੰਪਰਕ : 98153-60022