ਸਿੱਖਾਂ ਨੂੰ ਨਿਆਂ ਦੇਣ ਦੀ ਗੱਲ ਆਵੇ ਤਾਂ ਕੀ ਅਕਾਲੀ, ਕੀ ਕਾਂਗਰਸੀ, ਤੇ ਕੀ ਭਾਜਪਾ, ਸੱਭ ਇਕੋ ਜਹੇ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੇਰੇ ਭਾਰਤ ਮਹਾਨ ਵਿਚ ਘੱਟ ਗਿਣਤੀਆਂ ਦਾ ਭਵਿੱਖ ਧੁੰਦਲਾ ਹੈ

Political parties

ਜਿਸ  ਕਿਸੇ ਨੇ ਵੀ ਜੂਨ ’84 ਜਾਂ ਨਵੰਬਰ ’84 ਦਾ ਦਰਦ ਅਪਣੇ ਪਿੰਡੇ ਉਪਰ ਹੰਢਾਇਆ ਹੈ, ਉਸ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ। ’84 ਦਾ ਦਰਦ ਅਸਹਿ ਤੇ ਅਕਹਿ ਸੀ। ਮਹਾਨ ਭਾਰਤ ਦੀ ਸਰਕਾਰ ਦੀ ਛਤਰ-ਛਾਇਆ ਹੇਠ ਅਹਿੰਸਾ ਦੇ ਪੁਜਾਰੀਆਂ ਅਤੇ ਕਾਂਗਰਸ ਦੇ ਗੁੰਡਿਆਂ ਵਲੋਂ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਬੀਬੀਆਂ ਦੀ ਬੇਪਤੀ ਕੀਤੀ ਗਈ। ਉਂਜ ਕਾਂਗਰਸ ਪਾਰਟੀ ਧਰਮ ਨਿਰਪੱਖਤਾ ਦਾ ਰੌਲਾ ਪਾਉਣ ਤੋਂ ਨਹੀਂ ਹਟਦੀ।

ਦਰਬਾਰ ਸਾਹਿਬ ਉਤੇ ਹਮਲਾ, ਝੂਠੇ ਪੁਲਿਸ ਮੁਕਾਬਲਿਆਂ ਆਦਿ ਰਾਹੀਂ ਦੇਸ਼ ਦੀ ਫ਼ੌਜ ਦੁਆਰਾ ਅਤੇ ਪੁਲਿਸ ਦੁਆਰਾ ਸਿੱਖਾਂ ਨੂੰ ਖ਼ਤਮ ਕਰਨ ਵਿਚ ਕੋਈ ਕਸਰ ਨਾ ਛੱਡੀ ਗਈ। 36 ਸਾਲ ਤੋਂ ਕਮਿਸ਼ਨ ਤੇ ਕਮਿਸ਼ਨ ਬਣਾ ਕੇ ਡਰਾਮੇ ਕੀਤੇ ਜਾਂਦੇ ਰਹੇ, ਕੋਈ ਇਨਸਾਫ਼ ਨਹੀਂ। ਇਨਸਾਫ਼ ਦਾ ਘਰ ਦੂਰ ਹੈ ਘੱਟ ਗਿਣਤੀਆਂ ਲਈ। ਉਂਜ ਸਿੱਖਾਂ ਦੇ ਕਾਤਲ ਅੱਜ ਸੱਤਾ ਦਾ ਅਨੰਦ ਮਾਣ ਰਹੇ ਹਨ।

ਕੇ.ਪੀ.ਐਸ ਗਿੱਲ ਤੇ ਸੁਮੇਧ ਸੈਣੀ ਦੀ ਛਤਰ ਛਾਇਆ ਹੇਠ 2 ਲੱਖ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ। ਧਰਮ ਨੂੰ ਅਫ਼ੀਮ ਦੱਸਣ ਤੇ ਇਨਸਾਨੀਅਤ ਦਾ ਢੰਡੋਰਾ ਪਿੱਟਣ ਵਾਲਾ ਅਖੌਤੀ ਕਾਮਰੇਡ ਲਾਣਾ ਮੂੰਹ ਅਤੇ ਅੱਖਾਂ ਬੰਦ ਕਰ ਕੇ ਤਮਾਸ਼ਾ ਵੇਖਦਾ ਰਿਹਾ, ਜਿਵੇਂ ਬਿੱਲੀ ਕਬੂਤਰ ਨੂੰ ਵੇਖ ਕੇ ਅੱਖਾਂ ਬੰਦ ਕਰ ਲੈਂਦੀ ਹੈ। ਸਿੱਖਾਂ ਨੇ ਕਾਂਗਰਸ ਨੂੰ ਛੱਡ ਕੇ ਬਾਦਲ ਅਕਾਲੀ ਦਲ ਨੂੰ ਅੱਗੇ ਕੀਤਾ।

ਕਾਂਗਰਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪਰ ਬਾਦਲ ਅਕਾਲੀ ਦਲ ਨੇ ਸਿੱਖੀ ਨੂੰ ਹੀ ਖ਼ਤਮ ਕਰ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ। ਸਿੱਖਾਂ ਦੇ ਕਾਤਲਾਂ ਨੂੰ ਤਰੱਕੀਆਂ ਦਿਤੀਆਂ ਗਈਆਂ। ਅਖੌਤੀ ਦੇਹਧਾਰੀ ਸਾਧਾਂ ਨੂੰ ਨਕਲੀ ਮਾਫ਼ੀ ਬਦਲੇ ਗੁਰੂ ਕੀ ਗੋਲਕ ਵਿਚੋਂ 92 ਲੱਖ ਰੁਪਿਆ ਬਰਬਾਦ ਕੀਤਾ ਗਿਆ। 

ਕਾਂਗਰਸ, ਭਾਜਪਾ, ਬਾਦਲ ਅਕਾਲੀ ਦਲ ਤੇ ਕਾਮਰੇਡ, ਸਿੱਖਾਂ ਦੇ ਮਾਮਲੇ ਵਿਚ, ਇਕੋ ਥਾਲੀ ਦੇ ਚੱਟੇ ਵੱਟੇ ਹਨ। ਇਨ੍ਹਾਂ ਨੇ ਸਿੱਖਾਂ ਨੂੰ ਵਰਤਿਆ ਪਰ ਇਨਸਾਫ਼ ਦਿਵਾਉਣ ਬਾਰੇ ਕਦੇ ਨਾ ਸੋਚਿਆ। ਜੇ ਨਵੰਬਰ ’84 ਦੇ ਕਾਂਗਰਸ ਦੇ ਗੁੰਡਿਆਂ ਨੂੰ ਸਜ਼ਾ ਨਹੀਂ ਮਿਲੀ ਤਾਂ ਕੀ ਗਰੰਟੀ ਹੈ ਬਰਗਾੜੀ ਵਿਚ ਸਿੱਖਾਂ ਉਪਰ ਗੋਲੀਆਂ ਚਲਾਉਣ ਵਾਲਿਆਂ ਨੂੰ ਸਜ਼ਾ ਮਿਲੇਗੀ?

ਉਂਜ ਮੇਰੇ ਭਾਰਤ ਮਹਾਨ ਵਿਚ ਘੱਟ ਗਿਣਤੀਆਂ ਦਾ ਭਵਿੱਖ ਧੁੰਦਲਾ ਹੈ। ਆਉਣ ਵਾਲੇ ਸਮੇਂ ਵਿਚ ਘੱਟ ਗਿਣਤੀਆਂ ਦਾ ਕੀ ਹਾਲ ਹੋਵੇਗਾ, ਕੁੱਝ ਕਿਹਾ ਨਹੀਂ ਜਾ ਸਕਦਾ। 
-ਦਵਿੰਦਰ ਕੌਰ ਪਨੇਸਰ, ਖੰਨਾ।