ਸਾਕਾ ਨੀਲਾ ਤਾਰਾ ਦਾ ਸੱਚੋ ਸੱਚ ਹੈ ਹਰਚਰਨ ਸਿੰਘ ਲਿਖਤ 'ਮੂੰਹ ਬੋਲਦਾ ਇਤਿਹਾਸ ਪੰਜਾਬ ਦਾ ਦੁਖਾਂਤ'

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਸ. ਹਰਚਰਨ ਸਿੰਘ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪਹਿਲੇ ਚੀਫ਼ ਸਕੱਤਰ, ਇੰਡੀਅਨ ਐਕਸਪ੍ਰੈੱਸ ਅਖ਼ਬਾਰ ਸਮੂਹ ਦੇ...

Punjab Da Dukhant By Harcharn Singh

ਸ. ਹਰਚਰਨ ਸਿੰਘ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣੀ ਜਾਂਦੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਪਹਿਲੇ ਚੀਫ਼ ਸਕੱਤਰ, ਇੰਡੀਅਨ ਐਕਸਪ੍ਰੈੱਸ ਅਖ਼ਬਾਰ ਸਮੂਹ ਦੇ ਵਿੱਤ ਡਾਇਰੈਕਟਰ ਅਤੇ ਸਿੱਖ ਪੰਥ ਦੀ ਸ਼ਾਨ ਅਤੇ ਇਕ ਵੇਲੇ ਰੀੜ੍ਹ ਦੀ ਹੱਡੀ ਕਰ ਕੇ ਜਾਣੇ ਜਾਂਦੇ ਪੰਜਾਬ ਐਂਡ ਸਿੰਧ ਬੈਂਕ ਦੇ ਉੱਚ ਅਧਿਕਾਰੀ ਰਹਿ ਚੁੱਕੇ ਹਨ। ਮੈਂ ਉਨ੍ਹਾਂ ਨੂੰ 2010 ਤੋਂ ਪਹਿਲਾਂ ਕਦੀ ਮਿਲਿਆ ਤਾਂ ਨਹੀਂ ਸਾਂ ਪਰ ਅਖ਼ਬਾਰਾਂ, ਰਸਾਲਿਆਂ ਅਤੇ ਖ਼ਾਸ ਕਰ ਕੇ ਰੋਜ਼ਾਨਾ ਸਪੋਕਸਮੈਨ ਵਿਚ ਛਪਦੀਆਂ ਉਨ੍ਹਾਂ ਦੀਆਂ ਸਿੱਖ ਜਜ਼ਬਾਤ ਨਾਲ ਲਬਰੇਜ਼ ਰਚਨਾਵਾਂ, ਖ਼ਾਸ ਕਰ ਕੇ 1984 ਵਿਚ ਦਰਬਾਰ ਸਾਹਿਬ ਉਤੇ ਸਾਕਾ ਨੀਲਾ ਤਾਰਾ ਸਮੇਂ ਕੀਤੇ ਗਏ

ਭਿਆਨਕ ਕਾਂਡ ਦੇ ਲਹੂ ਭਿੱਜੇ ਸ਼ਬਦਾਂ ਵਿਚ ਦਰਜ ਵੈਣ ਅਤੇ ਕੀਰਨਿਆਂ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਜਾਣਨ ਲੱਗਾ ਸਾਂ। ਹਾਂ, ਮੁਲਾਕਾਤਾਂ ਉਦੋਂ ਹੋਣ ਲਗੀਆਂ ਜਦੋਂ ਉਹ ਸ਼੍ਰੋਮਣੀ ਕਮੇਟੀ ਦੇ ਚੀਫ਼ ਸਕੱਤਰ ਬਣੇ। ਰਿਹਾਇਸ਼ ਉਨ੍ਹਾਂ ਦੀ ਚੰਡੀਗੜ੍ਹ ਨੇੜੇ ਰਤਵਾੜਾ ਸਾਹਿਬ ਵਿਖੇ ਦੋਹਾਂ ਭਰਾਵਾਂ ਵਲੋਂ ਰਲ ਕੇ ਚਲਾਏ ਜਾ ਰਹੇ ਬਿਰਧ ਆਸ਼ਰਮ ਵਿਚ ਸੀ। ਅਕਸਰ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾਣ ਲਗਿਆਂ ਅਤੇ ਫਿਰ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਉਂਦੇ ਉਹ ਰਸਤੇ ਵਿਚ ਮੈਨੂੰ ਜਲੰਧਰ ਮੇਰੇ ਦਫ਼ਤਰ ਵਿਚ ਕਦੀ ਕਦੀ ਮਿਲਣ ਲਈ ਕੁੱਝ ਸਮਾਂ ਕੱਢ ਲੈਂਦੇ।

ਮੈਂ ਉਸ ਵੇਲੇ ਪੰਜਾਬੀ ਜਾਗਰਣ ਦਾ ਸੰਪਾਦਕ ਸਾਂ ਅਤੇ ਉਥੇ ਹੀ ਰਹਿੰਦਾ ਸਾਂ। ਸਾਡੀਆਂ ਗੱਲਾਂ ਸਿੱਖਾਂ ਨੂੰ ਕੇਂਦਰ ਸਰਕਾਰਾਂ ਵਲੋਂ ਲਗਾਤਾਰ ਨਜ਼ਰਅੰਦਾਜ਼ ਕਰਨ ਬਾਰੇ ਤਾਂ ਹੁੰਦੀਆਂ ਹੀ, ਨਾਲ ਹੀ ਖ਼ੁਦ ਸਿੱਖ ਲੀਡਰਾਂ ਵਲੋਂ ਅਪਣੇ ਜ਼ਾਤੀ ਮੁਫ਼ਾਦਾਂ ਦੇ ਮੱਦੇਨਜ਼ਰ ਸਿੱਖੀ ਅਤੇ ਸਿੱਖ ਧਰਮ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਤੇ ਵਧੇਰੇ ਕੇਂਦਰਤ ਹੁੰਦੀਆਂ। ਸ਼ਾਇਦ ਉਨ੍ਹਾਂ ਦਿਨਾਂ ਵਿਚ ਹੀ ਮੈਂ ਉਨ੍ਹਾਂ ਨੂੰ ਸਪੋਕਸਮੈਨ ਵਿਚ ਛਪਦੇ ਉਨ੍ਹਾਂ ਦੇ ਲੰਮੇ ਅਤੇ ਵੇਰਵੇ ਭਰਪੂਰ ਇੰਟਰਵਿਊ ਰੂਪੀ ਲੇਖਾਂ ਨੂੰ ਛੇਤੀ ਹੀ ਪੁਸਤਕ ਰੂਪ ਦੇਣ ਦਾ ਸੁਝਾਅ ਦਿਤਾ ਸੀ।

ਮੈਂ ਤਾਂ ਇਹ ਕਿਤਾਬ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਛਪਵਾਉਣ ਲਈ ਸਲਾਹ ਦਿਤੀ ਸੀ ਪਰ ਜਦੋਂ ਇਹ ਕਿਤਾਬ ਛਪਣ ਲਗੀ ਤਾਂ ਮੈਂ ਵੇਖਿਆ ਇਹ ਨਿਰੋਲ ਪੰਜਾਬੀ ਵਿਚ ਸੀ। ਮੈਂ ਹੈਰਾਨ ਸਾਂ ਕਿ ਜਿਸ ਬੰਦੇ ਨੇ ਅਪਣੇ ਸਾਰੇ ਕਰੀਅਰ ਦੌਰਾਨ ਅੰਗਰੇਜ਼ੀ ਵਿਚ ਹੀ ਲਿਖਿਆ-ਪੜ੍ਹਿਆ ਹੈ, ਅੱਜ ਪੰਜਾਬੀ ਦਾ ਦਮ ਭਰਨ ਵਾਲੇ ਸਾਡੇ ਸੈਆਂ ਨਾਲੋਂ ਅੱਗੇ ਵੱਧ ਕੇ ਉਨ੍ਹਾਂ ਪੰਜਾਬੀ ਜ਼ੁਬਾਨ ਦਾ ਪੱਲਾ ਫੜਿਆ ਹੈ ਜਿਸ ਨੂੰ ਬਾਬੇ ਨਾਨਕ ਅਤੇ ਇਸ ਤੋਂ ਵੀ ਪਹਿਲਾਂ ਬਾਬਾ ਫ਼ਰੀਦ, ਸ਼ਾਹ ਹੁਸੈਨ ਅਤੇ ਬਾਬਾ ਬੁੱਲ੍ਹੇ ਸ਼ਾਹ ਦੀ ਕਲਮਛੋਹ ਪ੍ਰਾਪਤ ਹੈ।

ਉਂਜ ਵੀ ਅਪਣੇ ਜਜ਼ਬਾਤ ਨੂੰ ਜਿਸ ਬਿਹਤਰੀਨ ਢੰਗ ਤਰੀਕੇ ਨਾਲ ਕੋਈ ਲੇਖਕ ਅਪਣੀ ਮਾਤਭਾਸ਼ਾ ਪੰਜਾਬੀ, ਜਿਸ ਵਿਚ ਬੋਲਦਿਆਂ-ਚਾਲਦਿਆਂ ਅਤੇ ਜੀਵਨ ਗੁਜ਼ਾਰਦਿਆਂ ਅਕਸਰ ਗੱਲਬਾਤ ਕੀਤੀ ਹੈ, ਵਿਚ ਪ੍ਰਗਟਾਉਣਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਸਾਕਾ ਨੀਲਾ ਤਾਰਾ ਦੇ ਦੁਖਾਂਤ ਬਾਰੇ ਹਰਚਰਨ ਸਿੰਘ ਦੀ ਇਹ ਖ਼ੂਬਸੂਰਤ ਪੁਸਤਕ ਛਪ ਕੇ ਬਾਜ਼ਾਰ ਵਿਚ ਆ ਗਈ ਹੈ।

ਪਿਛਲੇ ਦਿਨੀਂ ਅਦਾਰਾ ਸਪੋਕਸਮੈਨ ਵਲੋਂ ਰਾਜਪੁਰਾ ਨੇੜੇ ਜੀ.ਟੀ. ਰੋਡ ਤੇ ਬਪਰੌਰ ਵਿਖੇ ਉਸਾਰੇ ਜਾ ਰਹੇ ਅਲੌਕਿਕ ਅਤੇ ਅਨੂਠੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਇਕ ਵਿਸ਼ਾਲ ਸਮਾਰੋਹ ਵਿਚ ਬੜੀਆਂ ਅਹਿਮ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਰਿਲੀਜ਼ ਵੀ ਕੀਤੀ ਜਾ ਚੁੱਕੀ ਹੈ। ਰਿਲੀਜ਼ ਕਰਨ ਦੀ ਰਸਮ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਵਲੋਂ ਨਿਭਾਈ ਗਈ ਹੈ। ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਕੁੱਝ ਪੁਰਾਣੇ ਅਫ਼ਸਰ ਵੀ ਹਾਜ਼ਰ ਸਨ। 510 ਪੰਨਿਆਂ ਦੀ ਵੱਡ ਅਕਾਰੀ ਇਹ ਪੁਸਤਕ ਛਾਪੀ ਵੀ ਇਸੇ ਅਦਾਰੇ ਦੇ ਪੰਜ ਪਾਣੀ ਪ੍ਰਕਾਸ਼ਨ ਵਲੋਂ ਗਈ ਹੈ।

ਪੁਸਤਕ ਦੀ ਕੀਮਤ ਭਾਵੇਂ 800/- ਰੁਪਏ ਹੈ ਪਰ ਇਸ ਖ਼ੂਨੀ ਕਾਂਡ ਦਾ ਜੋ ਪਲ ਪਲ ਦਾ ਇਤਿਹਾਸ ਇਸ ਵਿਚ ਸਮੋਇਆ ਹੋਇਆ ਹੈ, ਉਸ ਦੇ ਸਾਹਮਣੇ ਇਹ ਕੀਮਤ ਕੁੱਝ ਵੀ ਨਹੀਂ। ਹੁਣ ਜਦੋਂ ਮੈਂ ਖ਼ੁਦ ਇਸ ਅਦਾਰੇ ਨਾਲ ਜੁੜਿਆ ਹੋਇਆ ਹਾਂ ਤਾਂ ਹਰਚਰਨ ਸਿੰਘ ਨਾਲ ਯਕੀਨਨ ਮੁਲਾਕਾਤਾਂ ਵਧੇਰੇ ਹੋਣ ਲਗੀਆਂ ਹਨ। ਉਹ ਅਕਸਰ ਦਫ਼ਤਰ ਗੇੜਾ ਮਾਰਦੇ ਰਹਿੰਦੇ ਹਨ।

ਬੜੇ ਮਿੱਠਬੋਲੜੇ ਪਰ ਦਿਲ ਦੀਆਂ ਗਹਿਰਾਈਆਂ ਤਕ ਜਾ ਕੇ ਕੰਮ ਨੂੰ ਸਮਝਣ ਅਤੇ  ਸਿਰੇ ਤਕ ਪਹੁੰਚਾਉਣ ਵਾਲੇ ਹਨ। ਪਤਲੇ, ਮਾੜਤੂ ਜਹੇ ਸਰੀਰ ਵਾਲੇ ਇਸ ਲੇਖਕ ਦੀ ਮਿਹਨਤ ਵੇਖ ਕੇ ਵਾਰੇ ਵਾਰੇ ਜਾਣ ਨੂੰ ਜੀਅ ਕਰਦਾ ਹੈ ਜਿਨ੍ਹਾਂ ਨੇ ਸਿੱਖ ਕੌਮ ਨੂੰ ਉਹ ਖ਼ਜ਼ਾਨਾ ਦਿਤਾ ਹੈ ਜੋ ਰਹਿੰਦੇ ਸਮੇਂ ਤਕ ਇਸ ਨੂੰ ਸੁਚੇਤ ਵੀ ਕਰੇਗਾ, ਨਾਲ ਹੀ ਇਸ ਤੋਂ ਸੇਧ ਵੀ ਲਵੇਗਾ।

ਸਵਾਲ ਜਿਥੋਂ ਤਕ ਇਸ ਪੁਸਤਕ 'ਮੂੰਹ ਬੋਲਦਾ ਇਤਿਹਾਸ, ਪੰਜਾਬ ਦਾ ਦੁਖਾਂਤ-1978 ਤੋਂ 1992' ਦਾ ਹੈ, ਇਸ ਦਾ ਵਿਚਾਰ ਤਾਂ ਉਨ੍ਹਾਂ ਇਸ ਸਾਕੇ ਪਿਛੋਂ ਝਬਦੇ ਹੀ ਬਣਾ ਲਿਆ ਸੀ ਪਰ ਇਸ ਨੂੰ ਪੁਸਤਕ ਰੂਪ ਦੇਣ ਵਿਚ ਕਾਫ਼ੀ ਸਮਾਂ ਲਗਣਾ ਸੀ ਅਤੇ ਉਹ ਲੱਗਾ ਵੀ ਕਿਉਂਕਿ ਇਹ ਪ੍ਰਾਜੈਕਟ ਹੈ ਹੀ ਬੜਾ ਵੱਡਾ ਸੀ।  ਇਸ ਦਾ ਇਕ ਕਾਰਨ ਹੋਰ ਵੀ ਸੀ ਕਿ ਨਾ ਕੇਵਲ ਲੇਖਕ ਖ਼ੁਦ ਨੂੰ ਸਗੋਂ ਉਸ ਵੇਲੇ ਆਮ ਸੂਝਵਾਨ ਵਰਗ ਨੂੰ ਵੀ ਇਹ ਬੜਾ ਧੱਕਾ ਲੱਗਾ ਸੀ

ਕਿ ਇਸ ਭਿਆਨਕ ਕਾਂਡ ਸਬੰਧੀ ਲੇਖਕਾਂ ਨੇ ਚੁੱਪ ਕਿਉਂ ਧਾਰ ਲਈ ਅਤੇ ਫਿਰ ਕੀ ਇਹ ਸਾਰਾ ਕੁੱਝ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹੀ ਕੀਤਾ? ਫਿਰ ਸਿਫ਼ਤੀ ਦੇ ਘਰ ਅੰਮ੍ਰਿਤਸਰ ਵਿਖੇ ਸੁਸ਼ੋਭਿਤ ਸਿੱਖਾਂ ਦੇ ਅਸਥਾਨ ਦਰਬਾਰ ਸਾਹਿਬ ਉਤੇ ਫ਼ੌਜੀ ਟੈਂਕ ਚੜ੍ਹਾਉਣ ਦਾ ਦਿਨ ਵੀ ਉਹ ਮਿਲਿਆ ਜਿਸ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਵੱਡੀ ਗਿਣਤੀ 'ਚ ਸੰਗਤ ਇਥੇ ਇਕੱਤਰ ਹੋਈ ਸੀ।

ਇਸ ਵਿਚ ਮਰਦ ਵੀ ਸਨ ਅਤੇ ਔੌਰਤਾਂ ਵੀ, ਧੀਆਂ-ਭੈਣਾਂ ਵੀ ਸਨ ਅਤੇ ਨੌਜਵਾਨ ਵੀ ਸੀ। ਫ਼ੌਜ ਨੇ ਖ਼ਾਹ-ਮ-ਖ਼ਾਹ ਬਹੁਤ ਸਾਰੇ ਭੋਲੇ-ਭਾਲੇ ਅਤੇ ਬੇਦੋਸ਼ਿਆਂ ਦੇ ਖ਼ੂਨ ਨਾਲ ਹੱਥ ਰੰਗੇ ਅਤੇ ਸੈਂਕੜਿਆਂ ਨੂੰ ਜੇਲਾਂ ਵਿਚ ਡੱਕ ਦਿਤਾ ਗਿਆ। ਇਸ ਕਾਂਡ ਨੇ ਸਿੱਖ ਕੌਮ ਦੇ ਹਿਰਦੇ ਪੂਰੀ ਤਰ੍ਹਾਂ ਵਲੂੰਧਰ ਦਿਤੇ ਸਨ। ਅਸਲ ਵਿਚ ਇਸੇ ਦਰਦ ਨੇ ਸ. ਹਰਚਰਨ ਸਿੰਘ ਕੋਲੋਂ ਲਹੂ ਦੇ ਅੱਥਰੂ ਡੋਲ੍ਹਦੀ ਕਲਮ ਰਾਹੀਂ ਇਹ ਕਿਤਾਬ ਛਪਵਾਈ।

ਕਿਤਾਬ ਪੜ੍ਹ ਕੇ ਹੈਰਾਨ ਰਹਿ ਜਾਈਦਾ ਹੈ ਕਿ ਏਨਾ ਵੱਡਾ ਕੰਮ ਲੇਖਕ ਨੇ ਇਕੱਲਿਆਂ ਹੀ ਕੀਤਾ ਹੈ ਅਤੇ ਉਹ ਵੀ ਪੂਰੇ ਸਬੂਤਾਂ ਸਮੇਤ। ਇਸ ਵਿਚ ਟੇਪ ਰੀਕਾਰਡ ਦੇ ਸਬੂਤ ਤਾਂ ਹਨ ਸਗੋਂ ਲੇਖਕ ਨਾਲ ਹਮੇਸ਼ਾ ਉਨ੍ਹਾਂ ਦੇ ਇਕ-ਦੋ ਮਿੱਤਰ ਵੀ ਰਹੇ ਹਨ ਤਾਕਿ ਕਲ੍ਹ ਨੂੰ ਇਨ੍ਹਾਂ ਤੱਥਾਂ ਨੂੰ ਝੂਠਲਾਇਆ ਨਾ ਜਾ ਸਕੇ।  71 ਕਾਂਡਾਂ ਵਿਚ ਫੈਲੀ ਇਸ ਵਿਸ਼ਾਲ ਪੁਸਤਕ ਵਿਚ ਲੇਖਕ ਦੇ ਇਸ ਸਿਰੜ ਅਤੇ ਮਿਹਨਤ ਦੇ ਜਜ਼ਬੇ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਇਸ ਕਾਂਡ ਨਾਲ ਸਬੰਧਤ ਬਹੁਤ ਸਾਰੇ ਵਿਅਕਤੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ ਹੈ। ਲਗਦਾ ਹੈ

ਕਿ ਕੋਈ ਮਹੱਤਵਪੂਰਨ ਅਤੇ ਲੋੜੀਂਦਾ ਵਿਅਕਤੀ ਛਡਿਆ ਨਹੀਂ ਗਿਆ। ਇਸ ਵਿਚ ਸਾਕੇ ਨਾਲ ਸਿੱਧੇ ਅਤੇ ਅਸਿੱਧੇ ਤੌਰ ਤੇ ਜੁੜੇ ਵੱਖ ਵੱਖ ਆਗੂਆਂ ਦੀ ਇੰਟਰਵਿਊ ਤਾਂ ਹੈ, ਸਗੋਂ ਕਈਆਂ ਦੇ ਪ੍ਰਵਾਰਾਂ ਕੋਲੋਂ ਵੀ ਬਕਾਇਦਾ ਜਾਣਕਾਰੀ ਹਾਸਲ ਕੀਤੀ ਗਈ ਹੈ। ਤਾਂ ਵੀ ਇਸ ਵਿਚ ਜਿਨ੍ਹਾਂ ਕੁੱਝ ਨੇਤਾਵਾਂ ਅਤੇ ਅਹਿਮ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਹੈ

ਉਨ੍ਹਾਂ ਵਿਚ ਆਰ.ਐਲ. ਭਾਟੀਆ, ਕੁਲਦੀਪ ਨਈਅਰ, ਸੁਰਜੀਤ ਸਿੰਘ ਬਰਨਾਲਾ, ਗਿਆਨੀ ਪੂਰਨ ਸਿੰਘ, ਇਕਬਾਲ ਸਿੰਘ, ਜਗਦੀਸ਼ ਸਿੰਘ, ਜੋਗਿੰਦਰ ਸਿੰਘ ਰੋਡੇ, ਗਿਆਨ ਸੰਤ ਸਿੰਘ, ਭਾਈ ਅਤਿੰਦਰਪਾਲ ਸਿੰਘ ਅਤੇ ਗਿਆਨੀ ਭਗਵਾਨ ਸਿੰਘ, ਮਨਜੀਤ ਸਿੰਘ ਤਰਨਤਾਰਨੀ, ਦਰਸ਼ਨ ਸਿੰਘ ਈਸ਼ਾਪੁਰ, ਬਲਵੰਤ ਸਿੰਘ ਰਾਮੂਵਾਲੀਆ, ਭਾਈ ਨਿਰਮਲ ਸਿੰਘ, ਹਰਬੀਰ ਭੰਵਰ ਅਤੇ ਦਲਬੀਰ ਸਿੰਘ ਪੱਤਰਕਾਰ, ਮਨਜੀਤ ਸਿੰਘ ਕਲਕੱਤਾ, ਭਾਈ ਮੋਹਕਮ ਸਿੰਘ, ਭਾਈ ਅਮਰੀਕ ਸਿੰਘ ਦੇ

ਭਰਾ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ  ਰੁਮਾਲਿਆਂ ਵਾਲੇ, ਮਨਜੀਤ ਸਿੰਘ ਭੋਪ, ਕੰਵਰਪਾਲ ਸਿੰਘ ਧਾਮੀ, ਅਮਰਜੀਤ ਸਿੰਘ ਚਾਵਲਾ, ਸੰਤ ਲੋਂੋਗੋਵਾਲ ਅਤੇ ਜਥੇਦਾਰ ਟੌਹੜਾ ਦੇ ਸੇਵਕ, ਤਰਲੋਚਨ ਸਿੰਘ, ਲਾਇਬ੍ਰੇਰੀ ਵਿੰਗ ਦੇ ਦੇਵਿੰਦਰ ਸਿੰਘ ਦੁੱਗਲ ਦੀ ਪਤਨੀ ਬੀਬੀ ਗੁਰਸ਼ਰਨ ਕੌਰ, ਕਰਨਲ ਉਦੈ ਸਿੰਘ ਗੁਰਾਇਆ ਅਤੇ ਮੇਜਰ ਜਨਰਲ ਜਸਵਾਲ, ਕਰਤਾਰ ਸਿੰਘ ਡੀ.ਐਸ.ਪੀ., ਹਰਿੰਦਰ ਸਿੰਘ ਕਾਹਲੋਂ, ਬੂਟਾ ਸਿੰਘ ਅਤੇ ਕੁਲਵੰਤ ਸਿੰਘ, ਪਰਮਜੀਤ ਸਿੰਘ ਸਰਨਾ ਅਤੇ ਧਰਮੀ ਫ਼ੌਜੀਆਂ ਤੋਂ ਇਲਾਵਾ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ. ਸਰੂਪ, ਪੁਲਸ ਅਫ਼ਸਰ ਐਮ.ਕੇ. ਵਰਮਾ ਅਤੇ ਸਰਬਦੀਪ ਸਿੰਘ ਵਿਰਕ, ਵੱਸਣ ਸਿੰਘ ਜਫ਼ਰਵਾਲ, ਸਿਮਰਨਜੀਤ

ਸਿੰਘ, ਜਸਵੰਤ ਸਿੰਘ ਮਾਨ ਅਤੇ ਜਸਵੰਤ ਸਿੰਘ ਕੰਵਲ ਆਦਿ ਸ਼ਾਮਲ ਸੀ। ਗੁਰਤੇਜ ਸਿੰਘ, ਆਈ.ਏ.ਐਸ. ਨਾਲ ਵੀ ਗੱਲ ਕੀਤੀ ਹੈ। ਮੇਰੀ ਜਾਚੇ ਜੇ ਉਹ ਇਸ ਪੁਸਤਕ ਵਿਚ ਪਰਕਾਸ਼ ਸਿੰਘ ਬਾਦਲ, ਸ. ਗੁਰਦੇਵ ਸਿੰਘ ਬਰਾੜ ਅਤੇ ਸ. ਰਮੇਸ਼ਇੰਦਰ ਸਿੰਘ ਨਾਲ ਵੀ ਗੱਲ ਕਰ ਲੈਂਦੇ ਤਾਂ ਪਾਠਕਾਂ ਦੀ ਜਾਣਕਾਰੀ ਵਿਚ ਹੋਰ ਵੀ ਵਾਧਾ ਹੋ ਸਕਦਾ ਸੀ। ਬਾਦਲ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਰਹੇ ਹਨ। ਗੁਰਦੇਵ ਸਿੰਘ ਬਰਾੜ ਇਸ ਕਾਂਡ ਦੇ ਵਾਪਰਨ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ ਅਤੇ ਉਨ੍ਹਾਂ ਨੇ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਨੂੰ ਪ੍ਰਵਾਨਗੀ ਦੇਣ ਦੀ ਥਾਂ ਛੁੱਟੀ ਲੈ ਲਈ ਸੀ।

ਉਪਰੰਤ ਰਮੇਸ਼ ਇੰਦਰ ਸਿੰਘ ਆਈ.ਏ.ਐਸ. ਨੂੰ ਉਥੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਭੇਜਿਆ ਗਿਆ।ਇਹ ਪੁਸਤਕ ਪੜ੍ਹ ਕੇ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਦਰਬਾਰ ਸਾਹਿਬ ਤੇ ਇਸ ਹਮਲੇ ਦਾ ਮੁੱਢ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਅਤੇ ਸਿੱਖਾਂ ਵਿਚਾਲੇ ਹੋਏ ਖ਼ੂਨ-ਖਰਾਬੇ ਤੋਂ ਹੀ ਬੱਝ ਗਿਆ ਸੀ। ਫਿਰ ਕੇਂਦਰ ਵਲੋਂ ਸਿੱਖਾਂ ਨਾਲ ਸਮੇਂ ਸਮੇਂ ਜੋ ਵਧੀਕੀਆਂ ਕੀਤੀਆਂ ਜਾਂਦੀਆਂ ਰਹੀਆਂ, ਉਨ੍ਹਾਂ ਤੋਂ ਵੀ ਸਰਕਾਰ ਖ਼ਫ਼ਾ ਹੁੰਦੀ ਰਹੀ। ਉਂਜ ਕੁੱਝ ਕਾਰਨਾਂ ਕਰ ਕੇ ਬਹੁਤਾ ਮਾਫ਼ ਸਿੱਖ ਲੀਡਰਸ਼ਿਪ ਨੂੰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਨੇ ਸੂਬੇ ਅਤੇ ਸਿੱਖ ਹਿਤਾਂ ਦੀ ਥਾਂ ਨਿਜੀ ਹਿਤਾਂ ਨੂੰ ਪਹਿਲ ਦਿਤੀ।

ਇਹੀ ਕਾਰਨ ਹੈ ਕਿ ਅੱਜ ਸਿੱਖ ਸੰਸਥਾਵਾਂ ਲਗਾਤਾਰ ਨਿਵਾਣਾਂ ਵਲ ਜਾ ਰਹੀਆਂ ਹਨ।ਲੇਖਕ ਨੇ ਕਿਤਾਬ ਦਾ ਅਰੰਭ ਕੁੱਝ ਅਜਿਹੇ ਤਰੀਕੇ ਨਾਲ ਕੀਤਾ ਹੈ ਅਤੇ ਫਿਰ ਜਿਵੇਂ ਇਸ ਖ਼ੂਨੀ ਸਾਕੇ ਦੀਆਂ ਹਰ ਕਾਂਡ ਮੁਤਾਬਕ ਪਰਤਾਂ ਖੋਲ੍ਹੀਆਂ ਹਨ, ਉਸ ਤੋਂ ਕਿਤਾਬ ਸ਼ੁਰੂ ਕਰ ਕੇ ਫਿਰ ਵਿਚਾਲੇ ਛੱਡਣ ਨੂੰ ਜੀਅ ਨਹੀਂ ਕਰਦਾ। ਭਾਸ਼ਾ ਕਿਉਂਕਿ ਆਮ ਬੋਲ-ਚਾਲ ਦੀ ਹੈ, ਪਰ ਸ਼ਬਦ ਪੀੜਾ ਅਤੇ ਦਰਦ ਨਾਲ ਭਰੇ ਹੋਏ ਹਨ, ਇਸ ਲਈ ਕਿਤਾਬ ਨੂੰ ਪੜ੍ਹਨ ਵਿਚ ਰੁਚੀ ਹੋਰ ਵੀ ਵਧਦੀ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਵਿਸ਼ਵ ਦਾ ਹਰ ਸਿੱਖ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਹੈ।

ਇਸ ਦੇ ਭਿਆਨਕ ਦ੍ਰਿਸ਼, ਗੜ ਗੜ ਕਰਦੇ ਟੈਂਕਾਂ ਅਤੇ ਅੱਗ ਲਾਉਂਦੀਆਂ ਤੋਪਾਂ ਦੇ ਗੋਲੇ ਅਤੇ ਮਸ਼ੀਨਗੰਨਾਂ, ਬੰਦੂਕਾਂ ਦੀਆਂ ਗੋਲੀਆਂ, ਪਰਕਰਮਾ ਵਿਚ ਚਾਰ-ਚੁਫੇਰੇ ਪਈਆਂ ਲਹੂ ਭਿੱਜੀਆਂ ਲਾਸ਼ਾਂ, ਅੱਗ ਲੱਗੀਆਂ ਇਮਾਰਤਾਂ ਅਤੇ ਬੇਦੋਸ਼ੇ ਮਾਰੇ ਜਾ ਰਹੇ ਲੋਕਾਂ ਦੇ ਦ੍ਰਿਸ਼ ਅਸੀ-ਤੁਸੀ ਸਾਰਿਆਂ ਨੇ ਅੱਖੀਂ ਵੇਖੇ ਹਨ ਅਤੇ ਅਖ਼ਬਾਰਾਂ ਰਾਹੀਂ ਪੜ੍ਹੇ ਹਨ। ਪਰ ਹੁਣ ਇਹ ਤੱਥ ਇਕੱਠੇ ਹੋ ਕੇ ਇਕ ਦਸਤਾਵੇਜ਼ ਦੇ ਰੂਪ ਵਿਚ ਤੁਹਾਡੇ ਹੱਥਾਂ ਵਿਚ ਹਨ। ਕਿਤਾਬ ਪੜ੍ਹਦਿਆਂ ਮਨ ਤਾਂ ਲਹੂ ਦੇ ਹੰਝੂ ਰੋਂਦਾ ਹੈ ਸਗੋਂ ਖ਼ੂਨ ਵੀ ਖੌਲ ਉਠਦਾ ਹੈ। ਦਿਲਚਸਪ ਬਣਾਉਣ ਲਈ ਕੁੱਝ ਸਬੰਧਤ ਤਸਵੀਰਾਂ ਵੀ ਛਾਪੀਆਂ ਗਈਆਂ ਹਨ।

ਕਿਤਾਬ ਦਾ ਟਾਈਟਲ ਵੀ ਤੁਹਾਡੇ ਦਿਲ ਨੂੰ ਧੂਹ ਪਾਉਂਦਾ ਹੈ। ਤੋਪਾਂ ਨਾਲ ਢਹਿ-ਢੇਰੀ ਹੋਈ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਅਤੇ ਗੋਲੀਆਂ ਨਾਲ ਛਲਣੀ ਹੋਈ ਅਤੇ ਹੰਝੂ ਵਗਾ ਰਹੀ ਇੱਟਾਂ ਦੀ ਕੰਧ ਇਕ ਖ਼ੂਨੀ ਕਾਂਡ ਦਾ ਸੱਭ ਤੋਂ ਭਿਆਨਕ ਦ੍ਰਿਸ਼ ਸੀ ਉਦੋਂ। ਆਖ਼ਰੀ ਹਿੱਸੇ ਵਿਚ ਲੇਖਕ ਦੇ ਕੁੱਝ ਸ਼ਬਦ ਸੱਚੀਂ-ਮੁੱਚੀ ਝੰਜੋੜਨ ਵਾਲੇ ਹਨ। ਕੁੱਝ ਵੀ ਹੋਵੇ ਸ. ਹਰਚਰਨ ਸਿੰਘ ਨੇ ਕਿਤਾਬ ਨੂੰ ਤਿਆਰ ਕਰ ਕੇ ਸਿੱਖ ਕੌਮ ਨੂੰ ਅਪਣੀ ਰਿਣੀ ਬਣਾਇਆ ਹੈ। ਇਕ ਸੰਸਥਾ ਦਾ ਕੰਮ ਉਨ੍ਹਾਂ ਖ਼ੁਦ ਕੀਤਾ ਹੈ ਅਤੇ ਪੈਸਾ ਪੈਸਾ ਪੱਲਿਉਂ ਲਾਇਆ ਹੈ।

ਹੈਰਾਨੀ ਅਤੇ ਅਫ਼ਸੋਸ ਹੈ ਕਿ ਜਿਹੜਾ ਇਹ ਖ਼ੂਨੀ ਕਾਂਡ ਸ਼੍ਰੋਮਣੀ ਕਮੇਟੀ ਦੇ ਵਿਹੜੇ ਹੀ ਵਾਪਰਿਆ ਅਤੇ ਪੂਰਾ ਸੇਕ ਝਲਿਆ, ਉਸ ਨੇ ਇਹੋ ਜਿਹਾ ਦਸਤਾਵੇਜ਼ ਤਿਆਰ ਕਰਾਉਣ ਦੀ ਪਹਿਲ ਕਿਉਂ ਨਹੀਂ ਕੀਤੀ? ਕੀ ਇਹੋ ਜਿਹੀ ਦਸਤਾਵੇਜ਼ ਤਿਆਰ ਕਰਵਾਉਣ ਨਾਲ ਕਿਤੇ ਉਹਦੇ ਅਪਣੇ ਸੱਚ ਤਾਂ ਬਾਹਰ ਨਹੀਂ ਸਨ ਆ ਜਾਂਦੇ? ਤਾਂ ਵੀ ਹਰਚਰਨ ਸਿੰਘ ਨੂੰ ਨਵੀਂ ਸਿੱਖ ਪੀੜ੍ਹੀ ਲਈ ਇਹ ਦਸਤਾਵੇਜ਼ ਭੇਟ ਕਰਨ ਲਈ ਮੁਬਾਰਕਾਂ। -ਸ਼ੰਗਾਰਾ ਸਿੰਘ ਭੁੱਲਰ
ਮੋਬਾਈਲ : 98141-22870