ਅਸਲੀ .ਖਾਲਸ ਅਕਾਲੀ ਦਲ ਦੀ ਡਾਢੀ ਲੋੜ
ਅੱਜ ਖ਼ਾਲਿਸਤਾਨ ਦੇ ਨਾਂ ਹੇਠ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਲਿਸਤਾਨ ਦਾ ਮਤਲਬ ਕੀ ਹੈ? ਨਾ ਕੋਈ ਆਪ ਸਮਝ ਰਿਹਾ ਹੈ ਅਤੇ ਨਾ ਹੀ ਕਿਸੇ ....
ਅੱਜ ਖ਼ਾਲਿਸਤਾਨ ਦੇ ਨਾਂ ਹੇਠ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਾਲਿਸਤਾਨ ਦਾ ਮਤਲਬ ਕੀ ਹੈ? ਨਾ ਕੋਈ ਆਪ ਸਮਝ ਰਿਹਾ ਹੈ ਅਤੇ ਨਾ ਹੀ ਕਿਸੇ ਦੂਜੇ ਨੂੰ ਸਮਝਾ ਪਾ ਰਿਹਾ ਹੈ। ਇਸ ਦੇ ਦੋ ਮਤਲਬ ਕੱਢੇ ਜਾ ਸਕਦੇ ਹਨ। ਇਕ ਇਹ ਕਿ ਜਿਹੜਾ ਵੀ ਰਾਜ ਹੋਵੇ ਉਹ ਖ਼ਾਲਸ ਅਤੇ ਸਵੱਛ ਹੋਵੇ, ਜਿਸ ਵਿਚ ਕੋਈ ਮਿਲਾਵਟ ਅਤੇ ਰਲਾਅ ਨਾ ਹੋਵੇ।
ਜਾਤ-ਪਾਤ ਤੋਂ ਰਹਿਤ ਸਰਬਸਾਂਝਾ ਅਤੇ ਭਾਈਚਾਰੇ ਦਾ ਰਾਜ ਹੋਵੇ। ਨਾ ਭ੍ਰਿਸ਼ਟਾਚਾਰ ਹੋਵੇ, ਨਾ ਬੇਈਮਾਨੀ ਹੋਵੇ, ਨਾ ਡਕੈਤੀਆਂ ਹੋਣ, ਨਾ ਚੋਰੀ ਹੋਵੇ, ਨਾ ਲੁੱਟਾਂ ਖੋਹਾਂ, ਨਾ ਬਲਾਤਕਾਰ, ਨਾ ਕਤਲ, ਨਾ ਝੂਠੇ ਮੁਕੱਦਮੇ ਦਰਜ ਹੋਣ, ਨਾ ਜੇਲਾਂ ਹੋਣ ਅਤੇ ਨਾ ਕੈਦੀ ਹੋਣ। ਸਾਰਾ ਪ੍ਰਸ਼ਾਸਨ, ਪੁਲਿਸ ਅਮਲਾ ਸਦਭਾਵਨਾ ਵਾਲਾ ਸਲੂਕ ਕਰਦਾ ਹੋਵੇ। ਅਜਿਹਾ ਰਾਜ ਹੋਵੇ ਜਿਸ ਵਿਚ ਹਲੀਮੀ ਅਤੇ ਸਦਭਾਵਨਾ ਹੋਵੇ ਅਤੇ ਔਰਤਾਂ ਦੀ ਇੱਜ਼ਤ ਸੁਰੱਖਿਅਤ ਹੋਵੇ। ਹਰ ਉਹ ਵਿਅਕਤੀ ਜੋ ਕਾਰੋਬਾਰ ਵਿਚ ਕਮਾਈ ਕਰਦਾ ਹੈ, ਉਹ ਟੈਕਸ ਆਦਿ ਭਰਦਾ ਹੋਵੇ ਅਤੇ ਕੋਈ ਵੀ ਵਪਾਰੀ ਟੈਕਸ ਚੋਰੀ ਨਾ ਕਰੇ।
ਅਜਿਹੇ ਰਾਜ ਪ੍ਰਬੰਧ ਨੂੰ ਖ਼ਾਲਸਾ ਰਾਜ ਕਿਹਾ ਜਾ ਸਕਦਾ ਹੈ ਅਤੇ ਖ਼ਾਲਿਸਤਾਨ ਵੀ ਕਿਹਾ ਜਾਵੇ ਤਾਂ ਕੋਈ ਹਰਜ ਨਹੀਂ ਹੋਵੇਗਾ।ਖ਼ਾਲਿਸਤਾਨ ਰਾਜ ਹੋਣ ਦਾ ਮਤਲਬ ਜੇਕਰ ਇਹ ਕਿਹਾ ਜਾਵੇ ਤਾਂ ਮਾੜਾ ਨਹੀਂ ਹੋਵੇਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਤੋਂ ਵੱਧ ਰਿਹਾ ਜਿਸ ਵਿਚ ਇਕ ਵੀ ਵਿਅਕਤੀ ਨੂੰ ਫਾਂਸੀ ਜਾਂ ਮੌਤ ਦੀ ਸਜ਼ਾ ਨਹੀਂ ਸੀ ਹੋਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਵੇਖਿਆ ਜਾਵੇ ਤਾਂ ਅੱਜ ਨਾਲੋਂ ਸੌ ਫ਼ੀ ਸਦੀ ਬਹੁਤ ਵਧੀਆ ਰਾਜ ਸੀ ਜਿਸ ਵਿਚ ਹਲੀਮੀ ਅਤੇ ਸਦਭਾਵਨਾ ਵਾਲਾ ਮਾਹੌਲ ਰਿਹਾ ਸੀ।
ਅੱਜ ਜੋ ਖ਼ਾਲਿਸਤਾਨ ਦੀ ਗੱਲ ਕਰਦੇ ਹਨ ਉਹ ਪਹਿਲਾਂ ਇਹ ਤਾਂ ਤੈਅ ਕਰਨ ਕਿ ਉਹ ਖ਼ਾਲਿਸਤਾਨ ਬਣਾਉਣਗੇ ਕਿਥੇ, ਕਿਸ ਧਰਤੀ ਉਤੇ, ਕਿਸ ਥਾਂ ਉਤੇ? ਅਸੀ ਖ਼ਾਲਿਸਤਾਨ ਮੰਗਣ ਅਤੇ ਨਾਹਰੇ ਮਾਰਨ ਵਾਲੇ ਅਪਣੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਜਾਏ ਖ਼ਾਲਸਾ ਤਾਂ ਬਣਨ, ਸਿਰਫ਼ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਖ਼ਾਲਿਸਤਾਨ ਨਹੀਂ ਬਣਨ ਲੱਗਾ ਅਤੇ ਨਾ ਹੀ ਕੋਈ ਬਣਾ ਹੀ ਸਕੇਗਾ।
ਅੱਜ ਦੇ ਸਿੱਖਾਂ ਵਿਚ ਕੋਈ ਅਜਿਹਾ ਖ਼ਾਲਸਾ ਨਹੀਂ ਜੋ ਕਲਗੀਧਰ ਪਾਤਸ਼ਾਹ ਜੀ ਵਲੋਂ ਦਿਤੇ ਗਏ ਉਪਦੇਸ਼ਾਂ ਦੀ ਪਾਲਣਾ ਕਰਦਾ ਹੋਵੇ। ਅੱਜ ਤਾਂ ਖ਼ਾਲਸਾਈ ਰੂਪ ਵਿਚ ਸਿੱਖਾਂ ਨੂੰ ਮੂਰਖ ਬਣਾਉਣ ਦੇ ਉਪਰਾਲੇ ਹੀ ਕੀਤੇ ਜਾ ਰਹੇ ਹਨ, ਭਾਵੇਂ ਉਹ ਚੀਫ਼ ਖ਼ਾਲਸਾ ਦੀਵਾਨ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਹੋਵੇ।
ਅੱਜ ਬਹੁਤ ਸਾਰੀਆਂ ਜਥੇਬੰਦੀਆਂ ਹਨ, ਦਮਦਮੀ ਟਕਸਾਲ, ਸੰਤ ਸਮਾਜ, ਸਦਭਾਵਨਾ ਦਲ, ਕਈ ਸ਼੍ਰੋਮਣੀ ਅਕਾਲੀ ਦਲ, ਛਬੀਲ ਵਾਲੇ ਬਾਬੇ, ਕਈ ਧਰਮ ਪ੍ਰਚਾਰਕ ਦੇ ਨਾਂ ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਵਾਲੀਆਂ ਜਥੇਬੰਦੀਆਂ ਹਨ, ਪਰ ਇਨ੍ਹਾਂ ਸੱਭ ਵਿਚ ਕੋਈ ਤਾਲਮੇਲ ਅਤੇ ਮੇਲ-ਮਿਲਾਪ ਨਹੀਂ ਹੈ। ਇਹ ਸੱਭ ਆਪੋ-ਅਪਣੀਆਂ ਚੌਧਰਾਂ ਲਈ ਇਕ-ਦੂਜੇ ਨੂੰ ਪਛਾੜਨ ਵਿਚ ਲੱਗੇ ਹੋਏ ਹਨ। ਕੋਈ ਵੀ ਧਿਰ ਨਿਰੋਲ ਪੰਥ ਦੀ ਗੱਲ ਨਹੀਂ ਕਰਦੀ। ਸੱਭ ਇਕ-ਦੂਜੇ ਨੂੰ ਇਹ ਕਹਿ ਕੇ ਭੰਡਦੇ ਹਨ ਕਿ ਉਹ ਸਰਕਾਰੀ ਟਾਊਟ ਹੈ।
ਅੱਜ ਪੰਥ ਦਾ ਸੱਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਸਿੱਖ ਪੰਥ ਦਾ ਕੋਈ ਸੱਚਾ-ਸੁੱਚਾ ਅਤੇ ਇਮਾਨਦਾਰ ਆਗੂ ਨਹੀਂ ਹੈ ਜੋ ਸਹੀ ਅਰਥਾਂ ਵਿਚ ਸਿੱਖ ਕੌਮ ਦੀ ਅਗਵਾਈ ਕਰ ਸਕੇ। ਪੰਜਾਬ, ਜਿਹੜਾ ਸਿੱਖੀ ਦੀ ਜੜ੍ਹ ਅਤੇ ਧੁਰਾ ਹੈ, ਵਿਚ ਸਿੱਖੀ ਲੀਰੋ-ਲੀਰ ਹੋਈ ਪਈ ਹੈ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ 90 ਫ਼ੀ ਸਦੀ ਕਮੇਟੀ ਮੈਂਬਰਾਂ ਦੇ ਬੱਚੇ-ਬੱਚੀਆਂ ਪਤਿਤ ਹਨ, ਪੋਤੇ-ਪੋਤੀਆਂ ਪਤਿਤ ਹਨ।
ਚੀਫ਼ ਖ਼ਾਲਸਾ ਦੀਵਾਨ ਵਿਚ ਵੀ ਪਤਿਤ ਮੈਂਬਰਾਂ ਦੀ ਭਰਮਾਰ ਹੈ। ਅਕਾਲੀ ਦਲ ਬਾਦਲ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਹੈ। ਉਸ ਦਾ ਪ੍ਰਧਾਨ ਬੇਅੰਮ੍ਰਿਤੀਆ, ਅਹੁਦੇਦਾਰ ਪਤਿਤ ਅਤੇ ਕਲੀਨ ਸ਼ੇਵ ਹਨ। ਮੈਂਬਰ ਲਗਭਗ ਸਾਰੇ ਹੀ ਪਤਿਤ ਅਤੇ ਮੋਨੇ ਹਨ। ਬਾਦਲ ਅਕਾਲੀ ਦਲ ਵਲੋਂ ਤਾਂ ਸਿਰ-ਮੂੰਹ ਮੁੰਨੇ ਹੋਏ ਨੂੰ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਥੇਦਾਰ, ਸਕੱਤਰ ਅਤੇ ਹੋਰ ਅਹੁਦੇਦਾਰੀਆਂ ਦਿਤੀਆਂ ਜਾ ਰਹੀਆਂ ਹਨ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤ ਨਹੀਂ ਛਕਿਆ ਅਤੇ ਉਹ ਹਰ ਰੋਜ਼ ਮੋਨਿਆਂ ਅਤੇ ਹਿੰਦੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਅਹੁਦੇਦਾਰੀਆਂ ਨਾਲ ਨਿਵਾਜ ਰਿਹਾ ਹੈ। ਜਿਸ ਸਿੱਖ ਜਥੇਬੰਦੀ ਦਾ ਪ੍ਰਧਾਨ ਆਪ ਬੇਅੰਮ੍ਰਿਤੀਆ ਹੋਵੇਗਾ ਉਹ ਦੂਜਿਆਂ ਨੂੰ ਕੀ ਸਿਖਿਆ ਦੇਵੇਗਾ?
ਅਕਾਲੀ ਉਹ ਹੈ ਜੋ ਅਕਾਲ ਦੀ ਪੂਜਾ ਕਰੇ, ਅੰਮ੍ਰਿਤਧਰੀ ਹੋਵੇ ਅਤੇ ਅਕਾਲ ਪੁਰਖ ਦੀ ਸਿਖਿਆ ਉਪਰ ਅਮਲ ਕਰੇ। ਬਾਦਲ ਦਲ ਤੋਂ ਬਿਨਾਂ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਡ ਅਕਾਲੀ ਦਲ, 1920 ਅਕਾਲੀ ਦਲ, ਮੁਤਵਾਜ਼ੀ (ਸਰਬੱਤ ਖ਼ਾਲਸਾ ਵਾਲੇ) ਜਥੇਦਾਰ ਆਦਿ ਸੱਭ ਖਿੰਡੇ ਪਏ ਹਨ। ਇਨ੍ਹਾਂ ਸੱਭ ਵਿਚ ਕੋਈ ਆਪਸੀ ਤਾਲਮੇਲ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਅਪਣਾ ਵਜੂਦ ਖ਼ਤਮ ਕਰ ਲਿਆ ਹੈ।
ਭਾਈ ਗੁਰਬਖਸ਼ ਸਿੰਘ ਖ਼ਾਲਸਾ, ਜੋ ਬੰਦੀ ਸਿੰਘਾਂ ਦੀ ਰਿਹਾਈ ਕਰਾਉਂਦੇ ਕਰਾਉਂਦੇ ਸੰਸਾਰ ਛੱਡ ਗਏ ਸਨ, ਨਾਲ ਭਾਈ ਗੁਰਬਚਨ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਨੇ ਸਰਕਾਰ ਤੋਂ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਵਾਅਦਾ ਕਰ ਕੇ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਈ ਸੀ ਪਰ ਭਾਈ ਗੁਰਚਰਨ ਸਿੰਘ ਦੀ ਗੱਲ ਅਖੌਤੀ ਸਿੱਖ ਪੰਥ ਦੇ ਆਗੂ ਪਰਕਾਸ਼ ਸਿੰਘ ਬਾਦਲ ਨੇ ਨਹੀਂ ਮੰਨੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋ ਸਕੀ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਕਾਰ ਨੂੰ ਢਾਹ ਲੱਗ ਗਈ ਹੈ। ਕੌਣ ਇਤਬਾਰ ਕਰੇਗਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਉਤੇ? ਅਸੀ ਪੰਜਾਬ ਵਿਚ ਸਮੂਹ ਸਿੱਖ ਜਥੇਬੰਦੀਆਂ, ਪੰਥ ਦਰਦੀਆਂ, ਪੰਥਕ ਸੰਪਰਦਾਵਾਂ ਅਤੇ ਪੰਥ ਦਾ ਹਿੱਤ ਚਾਹੁਣ ਵਾਲੀਆਂ ਸੰਸਥਾਵਾਂ ਨੂੰ ਸਨਿਮਰ ਅਪੀਲ ਕਰਦੇ ਹਾਂ ਕਿ ਉਹ ਬਾਦਲ ਪਰਵਾਰ ਦੇ ਅਕਾਲੀ ਦਲ ਵਿਰੁਧ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਅਜਿਹਾ ਅਕਾਲੀ ਦਲ ਬਣਾਉਣ ਜੋ ਅਕਾਲ ਦੀ ਪੂਜਾ ਕਰਦਾ ਹੋਇਆ, ਪੁਰਾਣੇ ਸਮੇਂ ਦੇ ਅਕਾਲੀ ਦਲ ਵਾਲਾ ਰੋਲ ਨਿਭਾ ਕੇ,
ਚੀਫ਼ ਖ਼ਾਲਸਾ ਦੀਵਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵਿਚੋਂ ਬਾਦਲ ਪ੍ਰਵਾਰ ਅਤੇ ਉਸ ਦੇ ਭ੍ਰਿਸ਼ਟ ਸਾਥੀਆਂ ਦਾ ਸਫ਼ਾਇਆ ਕਰ ਕੇ ਨਿਰੋਲ, ਅਕਾਲੀ, ਇਮਾਨਦਾਰ, ਕੁਰਬਾਨੀ ਕਰਨ ਵਾਲੇ, ਪੰਥਕ ਲੀਡਰਾਂ ਦੀ ਚੋਣ ਕਰ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਕੰਮ ਕਰੇ ਅਤੇ ਸਿੱਖ ਧਰਮ ਦੀ ਖ਼ਤਮ ਹੋ ਰਹੀ ਮਰਿਆਦਾ ਕਾਇਮ ਕਰੇ।
ਜਦੋਂ ਖ਼ਾਲਸ, ਮਿਲਾਵਟ ਰਹਿਤ ਲੋਕ ਅੱਗੇ ਆਉਣਗੇ ਅਪਣੇ ਆਪ ਹੀ ਸਮਾਜ ਵਿਚ ਖ਼ਾਲਿਸਤਾਨ ਆਵੇਗਾ ਅਤੇ ਭ੍ਰਿਸ਼ਟ ਲੋਕਾਂ ਦਾ ਸਫ਼ਾਇਆ ਹੋਵੇਗਾ। ਰਹੀ ਗੱਲ ਖ਼ਾਲਿਸਤਾਨ ਦੀ ਤਾਂ ਇਹ ਰਾਜ ਸਾਡੇ ਵਾਸਤੇ ਇਕ ਸੁਪਨਾ ਹੋਵੇਗਾ। ਜਿੰਨਾ ਚਿਰ ਅਸੀ ਉਸ ਅਕਾਲ ਪੁਰਖ ਦੇ ਸੱਚੇ ਸੁੱਚੇ ਖ਼ਾਲਸਾ ਨਹੀਂ ਬਣ ਜਾਂਦੇ।
ਸੰਪਰਕ : 98889-74986,
80543-68157