ਗੁਲਜ਼ਾਰ ਚਾਹਲ ਦਾ ਪਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਪੰਜਾਬੀ ਫਿਲਮਾਂ ਤੋਂ ਅਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬੀ ਅਦਾਕਾਰ ਗੁਲਜ਼ਾਰ ਚਾਹਲ ਇਹਨੀਂ ਦਿਨੀਂ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਧੂਮ ਮਚਾ ਰਹੇ ਹਨ।

Gulzar Chahal

ਪੰਜਾਬੀ ਫਿਲਮਾਂ ਤੋਂ ਅਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬੀ ਅਦਾਕਾਰ ਗੁਲਜ਼ਾਰ ਚਾਹਲ ਇਹਨੀਂ ਦਿਨੀਂ ਹਾਲੀਵੁੱਡ ਅਤੇ ਬਾਲੀਵੁੱਡ ਵਿਚ ਧੂਮ ਮਚਾ ਰਹੇ ਹਨ। ਇਹ ਬਹੁਤ ਮਾਣ ਦੀ ਗੱਲ ਹੈ ਕਿ ਗੁਲਜ਼ਾਰ ਚਾਹਲ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਹਿਲੇ ਅਜਿਹੇ ਨੌਜਵਾਨ ਹਨ, ਜੋ ਕਿ ਹਾਲੀਵੁੱਡ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗੁਲਜ਼ਾਰ ਚਾਹਲ ਨੇ 2018 ਵਿਚ ਰਿਲੀਜ਼ ਹੋਈ ਫਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਨੂੰ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਵਿਚ ਦੱਖਣੀ ਅਦਾਕਾਰ ਧਨੁਸ਼ ਮੁੱਖ ਭੂਮਿਕਾ ਵਿਚ ਹਨ।

ਇਸ ਫਿਲਮ ਦੀ ਸਟਾਰ ਕਾਸਟ ਵਿਚ ਅਰਜੇਨਟੀਨੀਅਨ-ਫ੍ਰਾਂਸੀਸੀ ਅਦਾਕਾਰਾ ਬੇਰੇਨਿਸ ਬੇਜੋ, ਅਮਰੀਕੀ ਅਦਾਕਾਰ ਏਰਿਨ ਮੋਰੀਏਰਟੀ, ਸੌਮਾਲੀ-ਅਮਰੀਕੀ ਅਦਾਕਾਰਾਂ ਬਰਖਦ ਅਬਾਦੀ ਅਤੇ ਫਰਾਂਸ ਅਦਾਕਾਰ ਜੈਰਾਡ ਜੁਗਨੋਤ ਆਦਿ ਸ਼ਾਮਿਲ ਹਨ।  'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫਕੀਰ' ਦਾ ਪਿਛਲੇ ਸਾਲ ਵਿਸ਼ਵ ਪਰੀਮੀਅਰ ਹੋਇਆ ਸੀ ਅਤੇ ਇਸ ਨੂੰ ਨਾਰਵੇਜਿਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2018 ਅਤੇ ਬਾਰਸੀਲੋਨਾ ਦੇ ਸੰਤ-ਜੌਰਡੀ ਇੰਟਰਨੈਸ਼ਨਲ ਫਿਲਮ ਫੈਸਟੀਵਲ 2019 ਵਿਚ ਦਿਖਾਇਆ ਗਿਆ ਸੀ।

ਗੁਲਜ਼ਾਰ ਚਾਹਲ ਨੇ ਅਪਣੇ ਕੈਰੀਅਰ ਦੀ ਪਹਿਲੀ ਫਿਲਮ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਕਲਾਕਾਰ ਹਰਭਜਨ ਮਾਨ ਨਾਲ ਕੀਤੀ ਸੀ। ਉਹਨਾਂ ਨੇ 2009 ਵਿਚ ‘ਜੱਗ ਜਿਉਂਦਿਆਂ ਦੇ ਮੇਲੇ’ ਨਾਂਅ ਦੀ ਫਿਲਮ ਵਿਚ ਰੂਪ ਨਾਂਅ ਦੇ ਵਿਅਕਤੀ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਨੂੰ ਉਹਨਾਂ ਵੱਲੋਂ ਹੀ ਪ੍ਰੋਡਿਉਸ ਕੀਤਾ ਗਿਆ ਸੀ। ਸਾਲ 2009 ਵਿਚ ਹੀ ਉਹਨਾਂ ਨੇ ਫਿਰ ਤੋਂ ਹਰਭਜਨ ਮਾਨ ਅਤੇ ਨੀਰੂ ਬਾਜਵਾ ਨਾਲ ‘ਹੀਰ-ਰਾਂਝਾ’ ਫਿਲਮ ਵਿਚ ਬਤੌਰ ਅਦਾਕਾਰ ਕੰਮ ਕੀਤਾ।

ਇਸ ਤੋਂ ਬਾਅਦ ਸਾਲ 2011 ਵਿਚ ਉਹਨਾਂ ਨੇ ਬਾਲੀਵੁੱਡ ਵਿਚ ਕਦਮ ਰੱਖਿਆ। ਇਸ ਦੌਰਾਨ ਉਹਨਾਂ ਨੇ ‘ਆਈ ਐਮ ਸਿੰਘ’ ਫਿਲਮ ਵਿਚ ਮੁੱਖ ਭੂਮਿਕਾ ਨਿਭਾਈ ਸੀ। ਜਿਸ ਵਿਚ ਉਹਨਾਂ ਨੇ ਇਕ ਸਰਦਾਰ ਦੀ ਭੂਮਿਕਾ ਨਿਭਾਈ । ਗੁਲਜ਼ਾਰ ਚਾਹਲ ਨੂੰ ਬੈਸਟ ਪ੍ਰੋਡਿਊਸਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।  ਫਿਲਮੀ ਕੈਰੀਅਰ ਤੋਂ ਇਲਾਵਾ ਗੁਲਜਾਰ ਚਾਹਲ ਭਾਰਤੀ ਕ੍ਰਿਕੇਟ ਟੀਮ ਅੰਡਰ-15 ਦਾ ਵੀ ਹਿੱਸਾ ਰਹੇ ਹਨ।