ਸਾਕਾ ਨੀਲਾ ਤਾਰਾ: ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਫ਼ੌਜੀ ਹਮਲੇ ਦੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਜੂਨ 1984 ਵਿਚ ਹੋਏ ਘੱਲੂਘਾਰੇ ਨੂੰ ਵਾਪਰਿਆਂ ਭਾਵੇਂ 36 ਸਾਲ ਹੋ ਚੁੱਕੇ ਹਨ ਪਰ ਇੰਜ ਲਗਦਾ ਹੈ ਜਿਵੇਂ ਕਿ ਕੱਲ੍ਹ ਦੀ ਗੱਲ ਹੋਵੇ।

Gurudwara Sri Tutti Gandhi Sahib

ਜੂਨ 1984 ਵਿਚ ਹੋਏ ਘੱਲੂਘਾਰੇ ਨੂੰ ਵਾਪਰਿਆਂ ਭਾਵੇਂ 36 ਸਾਲ ਹੋ ਚੁੱਕੇ ਹਨ ਪਰ ਇੰਜ ਲਗਦਾ ਹੈ ਜਿਵੇਂ ਕਿ ਕੱਲ੍ਹ ਦੀ ਗੱਲ ਹੋਵੇ। ਇਸ ਸਮੇਂ ਅਪਣਿਆਂ ਤੇ ਬੇਗ਼ਾਨਿਆਂ ਦੀਆਂ ਸਾਜ਼ਸ਼ਾਂ ਅਤੇ ਜ਼ੁਲਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਹਿਰਦੇ ਵਿਚ ਜ਼ਖ਼ਮ ਅੱਜ ਵੀ ਹਰੇ ਹਨ। ਸਮੇਂ ਦੇ ਬੀਤਣ ਦੇ ਨਾਲ-ਨਾਲ ਸਰਕਾਰ ਤੇ ਸਿਆਸੀ ਲੋਕਾਂ ਵਲੋਂ ਛੁਪਾਏ ਗਏ ਤੱਥ ਸਾਹਮਣੇ ਆ ਰਹੇ ਹਨ। ਭਾਵੇਂ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਸਮੇਤ 37 ਗੁਰਦਵਾਰਿਆਂ ਉਤੇ ਹਮਲਾ ਕਾਂਗਰਸ ਸਰਕਾਰ ਵਲੋਂ ਕੀਤਾ ਗਿਆ ਸੀ।

ਪਰ ਭਾਜਪਾ ਦੀ ਸਰਕਾਰ ਜਿਸ ਵਿਚ ਅਕਾਲੀ ਦਲ ਵੀ ਭਾਗੀਦਾਰ ਹੈ ਵਲੋਂ ਕਾਂਗਰਸ ਵਿਰੋਧੀ ਹੋਣ ਦੇ ਬਾਵਜੂਦ ਵੀ ਇਸ ਘੱਲੂਘਾਰੇ ਸਬੰਧੀ ਤੱਥ ਜਨਤਕ ਹੋਣ ਤੋਂ ਪੂਰੀ ਸਖ਼ਤੀ ਨਾਲ ਰੋਕਿਆ ਜਾ ਰਿਹਾ ਹੈ। ਉਸ ਸਮੇਂ ਵਾਪਰੇ ਦੁਖਾਂਤ ਪ੍ਰਤੀ ਕਾਫ਼ੀ ਕੁੱਝ ਲਿਖਿਆ ਜਾ ਚੁੱਕਾ ਹੈ। ਇਸ ਵਿਚ ਸਰਕਾਰੀ ਧਿਰ ਵਲੋਂ ਵੀ ਬਹੁਤ ਸਾਰੇ ਤੱਥ ਪੇਸ਼ ਕੀਤੇ ਗਏ ਹਨ।

ਜੂਨ 1984 ਵਿਚ ਜਿਹੜੀਆਂ ਧਿਰਾਂ ਨੇ ਸਾਕਾ ਨੀਲਾ ਤਾਰਾ ਦਾ ਵਿਰੋਧ ਕਰਦਿਆਂ ਲੜਾਈ ਲੜੀ, ਉਨ੍ਹਾਂ ਧਿਰਾਂ ਦੇ ਪੱਖ ਨੂੰ ਉਜਾਗਰ ਕਰਨ ਲਈ ਅਨੁਕੂਲ ਹਾਲਾਤ ਅਜੇ ਵੀ ਨਹੀਂ ਹਨ ਪਰ ਫਿਰ ਵੀ ਸਿੱਖ ਵਿਦਵਾਨਾਂ ਨੂੰ ਰਲ ਕੇ ਉਦਮ ਕਰਦਿਆਂ ਇਸ ਸਬੰਧੀ ਇਕ ਕਿਤਾਬ ਲਿਖਣੀ ਚਾਹੀਦੀ ਹੈ।

ਸਾਕਾ ਨੀਲਾ ਤਾਰਾ ਸਮੇਂ ਸ੍ਰੀ ਮੁਕਤਸਰ ਸਾਹਿਬ ਦਾ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵੀ ਉਨ੍ਹਾਂ ਗੁਰਧਾਮਾਂ ਵਿਚ ਸ਼ਾਮਲ ਸੀ, ਜਿਨ੍ਹਾਂ ਤੇ ਭਾਰਤੀ ਫ਼ੌਜਾਂ ਨੇ ਭਾਰੀ ਹਥਿਆਰਾਂ ਦੀ ਵਰਤੋਂ ਕੀਤੀ। ਸਮੁੱਚੇ ਪੰਜਾਬ ਵਿਚ ਲਗਾਏ ਗਏ ਕਰਫ਼ਿਊ ਉਪਰੰਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਨੂੰ ਸੁਰੱਖਿਆ ਫ਼ੋਰਸਾਂ ਨੇ ਘੇਰਾ ਪਾ ਲੈਣ ਉਪਰੰਤ ਸਖ਼ਤੀ ਕਰਨੀ ਸ਼ੁਰੂ ਕਰ ਦਿਤੀ। ਗੁਰਦਵਾਰਾ ਸਾਹਿਬ ਵਿਚ ਇਸ ਮੌਕੇ ਗੁਰਦਵਾਰੇ ਦੇ ਮੁਲਾਜ਼ਮ, ਉਨ੍ਹਾਂ ਦੇ ਪ੍ਰਵਾਰ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਮੈਂਬਰ ਤੇ ਕਰਫ਼ਿਊ ਕਾਰਨ ਰਾਹ ਵਿਚ ਰਹਿ ਗਏ ਯਾਤਰੀ ਮੌਜੂਦ ਸਨ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਆਏ ਸਿੱਖਾਂ ਲਈ ਸਰਕਾਰ ਦੀਆਂ ਸਖ਼ਤੀਆਂ ਕਾਰਨ ਇਥੇ ਠਹਿਰਨ ਤੋਂ ਬਿਨਾਂ ਹੋਰ ਕੋਈ ਯੋਗ ਰਸਤਾ ਨਹੀਂ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਫ਼ੌਜ ਨੇ ਟੈਂਕਾਂ, ਤੋਪਾਂ, ਭਾਰੀ ਮਸ਼ੀਨਗੰਨਾਂ ਤੇ ਹੋਰ ਹਥਿਆਰਾਂ ਨਾਲ ਗੁਰਦੁਆਰਾ ਸਾਹਿਬ ਤੇ ਹਮਲਾ ਕਰ ਦਿਤਾ ਜਿਸ ਦਾ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਖੇ ਇੱਕਤਰ ਸਿੱਖਾਂ ਨੇ ਭਾਰੀ ਵਿਰੋਧ ਕੀਤਾ। ਫ਼ੌਜ ਨੇ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਦੇ ਚਾਰੇ ਪਾਸੇ ਉੱਚੀਆਂ ਬਿਲਡਿੰਗਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਮੋਰਚੇ ਬਣਾ ਲਏ ਸਨ, ਜਿਥੋਂ ਉਹ ਫਾਈਰਿੰਗ ਕਰ ਰਹੇ ਸਨ। ਇਸ ਤੋਂ ਇਲਾਵਾ ਫ਼ੌਜ ਵਲੋਂ ਹੱਥ ਗੋਲਿਆਂ ਦੀ ਵਰਤੋਂ ਵੀ ਕੀਤੀ ਗਈ।

ਫ਼ੌਜ ਦੀ ਇਕ ਟੁਕੜੀ ਪ੍ਰਕਰਮਾਂ ਵਿਚੋਂ ਪੌੜੀਆਂ ਚੜ੍ਹ ਕੇ ਗੁਰਦੁਆਰਾ ਟੁੱਟੀ ਗੰਢੀ ਦੀ ਮੁੱਖ ਬਿਲਡਿੰਗ ਦੇ ਨਜ਼ਦੀਕ ਪਹੁੰਚਣ ਵਿਚ ਸਫ਼ਲ ਹੋ ਗਈ। ਉਸ ਪਾਸੇ ਮੌਜੂਦ ਸਿੱਖਾਂ ਦੇ ਜਵਾਬੀ ਹਮਲੇ ਵਿਚ ਲੱਗਭੱਗ ਸੱਤ ਫ਼ੌਜੀ ਫੱਟੜ ਹੋ ਗਏ, ਜੋ ਅਪਣੇ ਹਥਿਆਰ ਉਥੇ ਹੀ ਛੱਡ ਕੇ ਪ੍ਰਕਰਮਾਂ ਵਲ ਨੂੰ ਭੱਜ ਗਏ ਜਿਥੋਂ ਦੂਜੇ ਫ਼ੌਜੀ ਉਨ੍ਹਾਂ ਨੂੰ ਚੁੱਕ ਕੇ ਲੈ ਗਏ। ਇਸ ਉਪਰੰਤ ਫ਼ੌਜ ਨੇ ਗੁਰਦਵਾਰਾ ਸਾਹਿਬ ਤੇ ਇਕਦਮ ਚਾਰੇ ਪਾਸਿਉਂ ਗੋਲਾਬਾਰੀ ਸ਼ੁਰੂ ਕਰ ਦਿਤੀ, ਇਸ ਵਿਚ ਟੈਂਕਾਂ ਤੇ ਤੋਪਾਂ ਦੀ ਵਰਤੋਂ ਵੀ ਕੀਤੀ ਗਈ। ਇਸ ਮੌਕੇ ਫ਼ੌਜ ਵਲੋਂ ਚਲਾਏ ਗਏ ਬੰਬਾਂ ਕਾਰਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਲ ਲਗਦੀ ਬਿਲਡਿੰਗ (ਜਿਸ ਨੂੰ 12 ਦਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਇਸ ਵਿਚ ਲੱਕੜ ਦੀ ਵਰਤੋਂ ਜ਼ਿਆਦਾ ਕੀਤੀ ਹੋਈ ਸੀ) ਵਿਚ ਅੱਗ ਲੱਗ ਗਈ।

ਇਸ ਤੋਂ ਬਾਅਦ ਦੁਬਾਰਾ ਫ਼ੌਜ ਨੇ ਇਸ ਪਾਸੇ ਆਉਣ ਤੋਂ ਕਿਨਾਰਾ ਕਰੀ ਰਖਿਆ। ਇਸ ਤਰ੍ਹਾਂ ਸਾਰੀ ਰਾਤ ਲੰਘਣ ਉਪਰੰਤ ਦਿਨ ਚੜ੍ਹੇ ਫ਼ੌਜ ਨੇ ਸ਼ਹਿਰ ਦੇ ਕਈ ਪ੍ਰਮੁੱਖ ਸਿੱਖਾਂ ਤੋਂ ਗੁਰਦਵਾਰਾ ਸਾਹਿਬ ਵਿਚ ਘਿਰੇ ਸਮੂਹ ਵਿਅਕਤੀਆਂ ਨੂੰ ਬਾਹਰ ਆ ਜਾਣ ਦੀਆਂ ਅਪੀਲਾਂ ਕਰਵਾਉਣੀਆਂ ਸ਼ੁਰੂ ਹੋ ਗਈਆਂ। ਫ਼ੌਜ ਵਲੋਂ ਫਾਈਰਿੰਗ ਬੰਦ ਕਰਨ ਬਾਅਦ ਅੰਦਰ ਘਿਰੇ ਲਗਭਗ ਨਿਹੱਥੇ ਸਿੱਖਾਂ ਨੇ ਕੀਤੀਆਂ ਜਾ ਰਹੀਆਂ ਅਪੀਲਾਂ ਅਤੇ ਮੌਕੇ ਦੇ ਹਾਲਾਤ ਨੂੰ ਵਿਚਾਰਦਿਆਂ ਬਾਹਰ ਜਾਣ ਦਾ ਫ਼ੈਸਲਾ ਲਿਆ।

ਫ਼ੈਸਲੇ ਮੁਤਾਬਕ ਜਦ ਅੰਦਰੋਂ ਸਾਰੇ ਸਿੱਖ ਪ੍ਰਕਰਮਾਂ ਵਿਚ ਆ ਗਏ ਤਾਂ ਅਚਾਨਕ ਫ਼ੌਜ ਨੇ ਗੋਲੀਆਂ ਚਲਾ ਦਿਤੀਆਂ ਜਿਸ ਕਾਰਨ ਗੁਰਦੀਪ ਸਿੰਘ ਪਿੰਡ ਵੈਰੋਂਕੇ ਚੱਕ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਗੁਰਦੇਵ ਸਿੰਘ ਪਿੰਡ ਮੌਜੇਕੇ ਜ਼ਿਲ੍ਹਾ ਫ਼ਾਜ਼ਿਲਕਾ  ਸ਼ਹੀਦ ਹੋ ਗਏ। ਬਾਹਰ ਆਏ ਸਮੂਹ ਸਿੱਖਾਂ ਨੂੰ ਫ਼ੌਜ ਨੇ ਨਾਕਾ ਨੰਬਰ 2 ਤੇ ਹੱਥ ਪਿੱਛੇ ਬੰਨ੍ਹ ਕੇ ਤਪਦੇ ਫ਼ਰਸ਼ ਤੇ ਢਿੱਡ ਭਾਰ ਲੰਮੇਂ ਪਾ ਲਿਆ। ਗੁਰਦਵਾਰਾ ਸਾਹਿਬ ਵਿਖੇ ਭਾਵੇਂ ਕੋਈ ਵੀ ਵਿਅਕਤੀ ਅੰਦਰ ਬਾਕੀ ਨਹੀਂ ਰਹਿ ਗਿਆ ਸੀ ਪਰ ਇਸ ਦੇ ਬਾਵਜੂਦ ਫ਼ੌਜ ਰੁਕ-ਰੁਕ ਕੇ ਫਾਇਰਿੰਗ ਕਰਦੀ ਰਹੀ ਤੇ ਨਾਕਾ ਨੰਬਰ 4 ਰਾਹੀਂ ਇਕ ਤੋਪ ਅੰਦਰ ਲਿਆ ਕੇ ਗੁਰਦੁਆਰਾ ਟੁੱਟੀ ਗੰਢੀ ਅਤੇ 12 ਦਰੀ ਨੂੰ ਨਿਸ਼ਾਨਾਂ ਬਣਾ ਕੇ ਗੋਲੇ ਦਾਗ਼ੇ ਗਏ।

ਇਸ ਉਪਰੰਤ ਫੜੇ ਗਏ ਸਮੂਹ ਸਿੱਖਾਂ ਨੂੰ ਨਾਕਾ ਨੰਬਰ-2 ਦੇ ਰਸਤੇ ਮਿਲਟਰੀ ਗੱਡੀਆਂ ਰਾਹੀਂ ਸ਼ਹਿਰ ਦੇ ਖਾਲਸਾ ਬੀ.ਐਂਡ. ਕਾਲਜ ਵਿਖੇ ਲਿਜਾਇਆ ਗਿਆ। ਹਿਰਾਸਤ ਵਿਚ ਲਏ ਗਏ ਸਿੱਖਾਂ ਨੂੰ ਅੱਤ ਦੀ ਗਰਮੀਂ ਵਿਚ ਵਾਰ-ਵਾਰ ਪਾਣੀ ਮੰਗਣ ਤੇ ਵੀ ਫ਼ੌਜ ਵੱਲੋਂ ਕਿਸੇ ਨੂੰ ਪੀਣ ਲਈ ਪਾਣੀ ਨਹੀਂ ਦਿਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਫ਼ੌਜ ਵਲੋਂ ਹਰ ਗੱਲ ਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਸਨ। ਦੋ ਰਾਤਾਂ ਉਪਰੋਕਤ ਬੀ.ਐੱਡ. ਕਾਲਜ ਵਿਚ ਰੱਖਣ ਉਪਰੰਤ ਸਮੂਹ ਬੰਦੀਆਂ ਨੂੰ, ਫ਼ੌਜ ਦੇ ਸਪੁਰਦ ਕੀਤੀ ਗਈ ਸਬ-ਜੇਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿਤਾ ਗਿਆ।

ਇਸ ਜੇਲ ਵਿਚੋਂ ਸਾਰੇ ਕੈਦੀ ਪਹਿਲਾਂ ਹੀ ਦੂਜੀਆਂ ਜੇਲਾਂ ਵਿਚ ਭੇਜ ਦਿਤੇ ਗਏ ਸਨ। ਫ਼ੌਜ ਦੇ ਅਧੀਨ ਇਨ੍ਹਾਂ ਬੰਦੀਆਂ ਨੂੰ 16 ਜੂਨ ਤਕ ਰਖਿਆ ਗਿਆ ਅਤੇ 17 ਜੂਨ ਨੂੰ ਇਹ ਜੇਲ ਬੀ.ਐਸ.ਐਫ਼ ਦੀ ਨਿਗਰਾਨੀ ਹੇਠ ਕਰਨ ਤੋਂ ਬਾਅਦ ਇਸ ਜੇਲ ਵਿਚ ਬੰਦ ਸਿੱਖਾਂ ਨੂੰ ਪੁੱਛਗਿੱਛ ਲਈ ਖ਼ਾਲਸਾ ਬੀ.ਐੱਡ ਕਾਲਜ ਵਿਖੇ ਬਣਾਏ ਗਏ ਤਸੀਹਾ ਕੇਂਦਰਾਂ ਵਿਚ ਲਿਜਾ ਕੇ ਭਾਰੀ ਤਸ਼ੱਦਦ ਤੇ ਕੁੱਟਮਾਰ ਕੀਤੀ ਗਈ। ਪੁੱਛਗਿੱਛ ਦੇ ਨਾਂ ਤੇ ਇਸ ਕੇਂਦਰ ਵਿਚ ਲਿਆਂਦੇ ਗਏ ਹਰ ਸਿੱਖ ਦੇ ਸਾਰੇ ਕਪੜੇ ਉਤਾਰ ਕੇ ਜ਼ਲੀਲ ਵੀ ਕੀਤਾ ਜਾਂਦਾ ਰਿਹਾ। ਬਹੁਤ ਸਾਰਿਆਂ ਵਲੋਂ ਅਜਿਹੇ ਵਿਹਾਰ ਦਾ ਵਿਰੋਧ ਕਰਨ ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਕੁੱਟਮਾਰ ਦਾ ਨਿਸ਼ਾਨਾ ਬਣਾਇਆ ਜਾਂਦਾ ਸੀ।

ਅਦਾਲਤ ਦੇ ਨਾਂ ਹੇਠ ਚਲਾਈਆਂ ਗਈਆਂ ਕਾਰਵਾਈਆਂ ਦੌਰਾਨ ਕਦੇ ਵੀ ਫੜੇ ਗਏ ਸਿੱਖਾਂ ਨੂੰ ਕਿਸੇ ਜੱਜ ਦੇ ਸਾਹਮਣੇ ਨਹੀਂ ਲਿਜਾਇਆ ਗਿਆ ਤੇ ਨਾ ਹੀ ਕਿਸੇ ਵਕੀਲ ਨੂੰ ਹੀ ਉਕਤ ਬੰਦੀਆਂ ਦੇ ਕੇਸ ਲਈ ਆਉਣ ਦਿਤਾ ਗਿਆ। ਬਾਅਦ ਵਿਚ ਭਾਵੇਂ ਸ਼ਹਿਰ ਦੇ ਸਿੱਖ ਵਕੀਲਾਂ ਨੇ ਉਦਮ ਕਰ ਕੇ ਇਸ ਵਿਰੁਧ ਆਵਾਜ਼ ਉਠਾਉਣ ਉਪਰੰਤ ਬੰਦੀਆਂ ਦੇ ਵਕੀਲ ਵਜੋਂ ਹਾਜ਼ਰ ਹੋਣ ਤੇ ਉਨ੍ਹਾਂ ਨੂੰ ਮਿਲਣ ਵਿਚ ਕਾਮਯਾਬੀ ਹਾਸਲ ਕਰ ਲਈ।

ਇਕ ਮਹੀਨੇ ਤੋਂ ਵੱਧ ਸਮਾਂ ਇਥੇ ਰੱਖਣ ਉਪਰੰਤ ਫੜੇ ਗਏ ਸਾਰੇ ਸਿੱਖਾਂ ਨੂੰ ਵਖਰੇ-ਵਖਰੇ ਮੁਕੱਦਮਿਆਂ ਅਧੀਨ ਜ਼ਿਲ੍ਹਾ ਜੇਲ ਫ਼ਰੀਦਕੋਟ ਵਿਖੇ ਭੇਜ ਦਿਤਾ ਗਿਆ। ਗੁਰਦਵਾਰਾ ਟੁੱਟੀ ਗੰਢੀ ਸਾਹਿਬ ਤੋਂ 100 ਤੋਂ ਵੱਧ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 61 ਸਿੱਖਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ।

ਇਨ੍ਹਾਂ ਸਿੱਖਾਂ ਨੂੰ ਮਾਮਲਾ ਦਰਜ ਕਰ ਕੇ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਕੇ 25 ਜੂਨ 1984 ਤਕ ਪੁਲਿਸ ਰਿਮਾਂਡ ਲਿਆ ਗਿਆ। ਇਹ ਕੇਸ  28 ਸਤੰਬਰ 1984 ਨੂੰ ਕੇ.ਐਸ. ਕੌਲਧਰ, ਐਡੀਸ਼ਨਲ ਸੈਸ਼ਨ ਜੱਜ ਫ਼ਰੀਦਕੋਟ (ਸਪੈਸ਼ਲ ਕੋਰਟ) ਵਿਖੇ ਪੇਸ਼ ਕੀਤਾ ਗਿਆ। ਮਿਤੀ 17-12-1985 ਨੂੰ ਸਰਕਾਰ ਨੇ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਚੋਂ ਫੜੇ ਹੋਏ ਸਿੱਖਾਂ ਦੇ ਨਾਲ ਸਬੰਧਤ ਮੁਕੱਦਮਾ ਵਾਪਸ ਲੈ ਲਿਆ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਫੜੇ ਗਏ ਸਿੱਖਾਂ ਨੂੰ ਪੁਲਿਸ ਨੇ ਕਈ-ਕਈ ਕੇਸਾਂ ਵਿਚ ਸ਼ਾਮਲ ਵਿਖਾ ਕੇ ਉਨ੍ਹਾਂ ਤੇ ਵੱਖ-ਵੱਖ ਥਾਣਿਆਂ ਵਿਚ ਦਰਜ ਲਗਭਗ ਸਾਰੇ ਫ਼ੌਜਦਾਰੀ ਮੁਕੱਦਮੇ ਉਨ੍ਹਾਂ ਉਤੇ ਪਾ ਦਿਤੇ। ਇਸ ਤੋਂ ਇਲਾਵਾ ਇਨ੍ਹਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਵੀ ਲਗਾ ਦਿਤਾ ਗਿਆ। ਇਨ੍ਹਾਂ ਮੁਕੱਦਮਿਆਂ ਵਿਚ ਗੁਰਦਵਾਰਾ ਸਾਹਿਬ ਦੇ ਮੁਲਾਜ਼ਮਾਂ ਨੂੰ ਵੀ ਦੋਸ਼ੀ ਦਸਦੇ ਹੋਏ ਸ਼ਾਮਲ ਕਰ ਲਿਆ ਗਿਆ।

ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਕੇ ਗੁਰਦਵਾਰਾ ਟੁੱਟੀ ਗੰਢੀ ਸਾਹਿਬ ਵਿਚੋਂ ਫੜੇ ਗਏ ਸਿੱਖਾਂ ਨੂੰ ਮਿਲੇ। ਇਸ ਸਮੇਂ ਉਕਤ ਸਿੱਖਾਂ ਨੂੰ ਤਰੀਕ ਪੇਸ਼ੀ ਲਈ ਪੁਲਿਸ ਫ਼ਰੀਦਕੋਟ ਜੇਲ ਵਿਚੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਲੈ ਕੇ ਆਈ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਲੇਖਕ ਨਾਲ ਗੱਲਬਾਤ ਕਰਨ ਉਪਰੰਤ ਜੇਲ ਵਿਚ ਬੰਦ ਲੋੜਵੰਦ ਸਿੱਖਾਂ ਦੀ ਮਦਦ ਕਰਨ ਸਬੰਧੀ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਧਰਮ ਯੁੱਧ ਮੋਰਚੇ ਦੀ ਸਫ਼ਲਤਾ ਲਈ ਅਪਣਾ ਭਰਪੂਰ ਯੋਗਦਾਨ ਪਾਉਣ ਦਾ ਨਿਸ਼ਚਾ ਕਰ ਕੇ ਤੁਰੇ ਇਨ੍ਹਾਂ ਸਿੱਖਾਂ ਦੀ 36 ਸਾਲ ਬੀਤ ਜਾਣ ਉਪਰੰਤ ਵੀ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਤ ਅਕਾਲੀ ਦਲ ਦੇ ਪ੍ਰਮੁੱਖ ਸਮੇਤ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਵਲੋਂ ਕਦੇ ਵੀ ਇਨ੍ਹਾਂ ਦੀ ਸਾਰ ਨਹੀਂ ਲਈ ਗਈ।
ਸੰਪਰਕ : 98156-00542