ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਭਗਤੀ ਦਾ ਸਬੂਤ ਦਿਤਾ, ਪਰ ਆਜ਼ਾਦੀ ਦੇ ਬਾਅਦ ਹੀ ਸਿੱਖਾਂ ਨੂੰ......

ਏਜੰਸੀ

ਵਿਚਾਰ, ਵਿਸ਼ੇਸ਼ ਲੇਖ

‘ਜ਼ਰਾਇਮ ਪੇਸ਼ਾ’ ਕੌਮ ਐਲਾਨ ਦਿਤਾ ਸੀ

june 1984

 

ਨੰਗਲ (ਕੁਲਵਿੰਦਰ ਜੀਤ ਸਿੰਘ ਭਾਟੀਆ): ਸ੍ਰੀ ਦਰਬਾਰ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਦਾ ਦੁੱਖ ਅੱਜ ਵੀ ਸਾਰੇ ਸੰਸਾਰ ਭਰ ਦੇ ਸਿੱਖਾਂ ਵਿਚ ਨਜ਼ਰ ਆਉਂਦਾ ਹੈ ਅਤੇ ਇਸ ਨੂੰ ਤਤਕਾਲੀ ਕੇਂਦਰੀ ਸਰਕਾਰ ਵਲੋਂ ਅਤਿਵਾਦੀਆਂ ਤੋਂ ਧਾਰਮਕ ਸਥਾਨ ਆਜ਼ਾਦ ਕਰਵਾਉਣ ਦਾ ਨਾਮ ਲੈ ਕੇ ਪ੍ਰਚਾਰਿਆ ਗਿਆ, ਪਰ ਕੀ ਸਿੱਖ ਇਸ ਹਮਲੇ ਦੇ ਹੱਕਦਾਰ ਸਨ ਅਤੇ ਕਿ ਇਹ ਸੱਭ ਕੁੱਝ ਮਹੀਨਿਆਂ ਜਾਂ ਸਾਲ ਵਿਚ ਹੋਇਆਂ ਤਾਂ ਇਸ ਦੇ ਜਵਾਬ ਲਈ ਸਾਨੂੰ ਦੇਸ਼ ਦੀ ਆਜ਼ਾਦੀ ਦੇ ਤੋਂ ਬਾਅਦ ਦੇ ਕੁੱਝ ਪ੍ਰਕਰਣਾਂ ਨੇ ਝਾਤ ਮਾਰਨੀ ਪਵੇਗੀ। 

 

 

ਸਿੱਖਾਂ ਨਾਲ ਧੋਖਾ ਆਜ਼ਾਦੀ ਤੋਂ ਪਹਿਲਾ ਹੀ ਸ਼ੁਰੂ ਹੋ ਗਿਆ ਸੀ ਅਤੇ ਆਜ਼ਾਦੀ ਦੀ ਲੜਾਈ ਵਿਚ ਅੱਗੇ ਹੋ ਕੇ ਲੜਨ ਦਾ ਇਨਾਮ ਇਨ੍ਹਾਂ ਨੂੰ ਆਜ਼ਾਦੀ ਤੋਂ ਤੁਰਤ ਬਾਅਦ ਹੀ ਮਿਲ ਗਿਆ ਸੀ। ਭਾਵੇਂ ਕਿ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਵਲੋਂ ਸਿੱਖਾਂ ਵਖਰੇ ਹੋਮਲੈਂਡ ਦੇਣ ਦੀ ਗੱਲ ਕਹੀ ਗਈ ਸੀ, ਪਰ ਆਜ਼ਾਦੀ ਤੋਂ ਤੁਰਤ ਬਾਅਦ ਹੀ ਜਵਾਹਰ ਲਾਲ ਨਹਿਰੂ ਨੇ ਕਹਿ ਦਿਤਾ ਸੀ ਕਿ ‘‘ਕੁੱਝ ਵਾਅਦੇ ਮੁਕਰਨੇ ਕੇ ਲਿਏ ਭੀ ਹੋਤੇ ਹੈ।’’ ਸਿੱਖਾਂ ਨੂੰ ਆਜ਼ਾਦੀ ਦਾ ਅਜੇ ਚਾਅ ਵੀ ਨਹੀਂ ਉਤਰਿਆ ਸੀ ਕਿ ਪੰਜਾਬ ਦੇ ਤਤਕਾਲੀ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਇਕ ਸਰਕੂਲਰ ਜਾਰੀ ਕਰ ਕੇ ਕਰ ਦਿਤਾ ਕਿ ਸਿੱਖ ਇਕ ਜ਼ਰਾਇਮ ਪੇਸ਼ਾ ਕੌਮ ਹਨ ਅਤੇ ਸੂਬੇ ਦੇ ਇਨਸਾਫ਼ ਪਸੰਦ ਹਿੰਦੂਆਂ ਲਈ ਖ਼ਤਰਾ ਹਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਨ੍ਹਾਂ ਵਿਰੁਧ ਖ਼ਾਸ ਕਦਮ ਚੁਕਣੇ ਚਾਹੀਦੇ ਹਨ। 

24 ਫ਼ਰਵਰੀ 1948 ਨੂੰ ਘੱਟ ਗਿਣਤੀਆਂ ਦੀ ਕਮੇਟੀ ਤੇ ਬੁਨਿਆਦੀ ਹੱਲਾਂ ਦੀ ਕਮੇਟੀ ਨੇ ਇਕ ਸਬ ਕਮੇਟੀ ਬਣਾਈ ਇਸ ਵਿਚ ਨਹਿਰੂ, ਪਟੇਲ , ਅੰਬੇਦਕਰ ਅਤੇ ਡਾ. ਰਜਿੰਦਰ ਪ੍ਰਸਾਦ ਅਤੇ ਕੇ.ਐਮ. ਮੁਨਸ਼ੀ ਹਾਜ਼ਰ ਸਨ। ਇਸ ਕਮੇਟੀ  ਨੇ 23 ਨਵੰਬਰ 1948 ਨੂੰ ਸਿੱਖਾਂ ਨੂੰ ਕੋੲਂੀ ਖ਼ਾਸ ਹਕੂਕ ਨਾ ਦੇਣ ਦੀ ਹਮਾਇਤ ਕੀਤੀ ਸੀ, ਪਰ ਫਿਰ ਵੀ ਸਿੱਖਾਂ ਦੀ ਦੇਸ਼ ਭਗਤੀ ਘੱਟ ਨਾ ਹੋਈ ਅਤੇ ਸਾਲ 1965 ਅਤੇ 1971 ਦੀ ਜੰਗ ਵਿਚ ਸਿੱਖਾਂ ਨੇ ਲਾ ਮਿਸਾਲ ਬਹਾਦਰੀ ਵਿਖਾਈ ਅਤੇ ਇਸ ਤੋਂ ਬਾਅਦ ਹਰੀ ਅਤੇ ਚਿੱਟੀ ਕ੍ਰਾਂਤੀ ਲਿਆ ਦੇ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਵਿਚ ਵੀ ਅਹਿਮ ਯੋਗਦਾਨ ਪਾਇਆ। 1965 ਦੀ ਜੰਗ ਵਿਚਲੀ ਸਿੱਖਾਂ ਦੀ ਬਹਾਦਰੀ ਨੂੰ ਵੇਖਦਿਆ ਫਿਰ ਤੋਂ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠ ਗਈ , ਪਰ ਐਨ ਮੌਕੇ ਤੇ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋ ਗਈ ਅਤੇ 19 ਜਨਵਰੀ 1966 ਨੂੰ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣ ਗਈ। ਇਸ ਤੋਂ ਬਾਅਦ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਜੂਨ ਮਹੀਨੇ ਹੀ ਚੰਡੀਗੜ੍ਹ ਹਰਿਆਣੇ ਨੂੰ ਦੇਣ ਦਾ ਐਲਾਨ ਹੋ ਗਿਆ। 

ਇਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਹੀ ਸਿੱਖਾਂ ਦੀ ਅਗਵਾਈ ਕਰਨ ਵਾਲੀ ਜਮਾਤ ਸ਼੍ਰੋਮਣੀ ਅਕਾਲੀ ਦਲ ਰਹੀ ਹੈ ਅਤੇ ਸਮੇਂ ਸਮੇਂ ਤੇ ਪੰਜਾਬੀ ਸੂਬੇ ਦੀ ਮੰਗ ਲਈ ਅਤੇ ਹੋਰ ਜਮਹੂਰੀ ਮੰਗਾਂ ਲਈ ਨਾ ਸਿਰਫ਼ ਅਕਾਲੀਆਂ ਨੇ ਧਰਨੇ ਲਗਾਏ ਅਤੇ ਗ੍ਰਿਫ਼ਤਾਰੀਆਂ ਦਿਤੀਆਂ ਸਗੋਂ ਪੰਜਾਬੀਆਂ ਨੇ ਇਨ੍ਹਾਂ ਨੂੰ ਕੁਰਸੀ ’ਤੇ ਵੀ ਕਈ ਵਾਰ ਬਿਠਾਇਆ, ਪਰ ਜਿਨ੍ਹਾਂ ਟੀਚਿਆਂ ਨੂੰ ਲੈ ਕੇ ਅਕਾਲੀ ਦਲ ਸੰਘਰਸ਼ ਕਰ ਰਿਹਾ ਸੀ ਸੱਤਾ ਵਿਚ ਆਉਂਦਿਆ ਹੀ ਭੁੱਲ ਜਾਂਦਾ ਸੀ ਅਤੇ ਇਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਅਕਾਲੀ ਦਲ ਹਮੇਸ਼ਾ ਹੀ ਕਮਜ਼ੋਰ ਰਿਹਾ ਜਿਸ ਦਾ ਫ਼ਾਇਦਾ ਸਮੇਂ ਸਮੇਂ ਤੇ ਤੱਤਕਾਲੀ ਕੇਂਦਰੀ ਆਗੂ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਉਠਾਇਆ ਵੀ। ਇਸ ਗੱਲ ਦਾ ਵੀ ਇਤਿਹਾਸ ਗਵਾਹ ਹੈ ਕਿ ਅਕਾਲੀ ਕਦੀ ਵੀ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਸਮਝ ਨਹੀਂ ਸਕੇ ਅਤੇ ਉਹ ਜਿਥੇ ਇਨ੍ਹਾਂ ਨੂੰ ਅਪਣੇ ਮਗਰ ਲਾ ਕੇ ਸ਼ਾਂਤ ਰਖਦੀ ਰਹੀ ਉਥੇ ਹੀ ਹਿੰਦੂ ਵੋਟ ਨੂੰ ਪੱਕਾ ਕਰਨ ਲਈ ਸੂਬੇ ਦੇ ਨੁਕਾਸਨ ਕਰਨ ਨੂੰ ਦੇਰ ਵੀ ਨਹੀਂ ਲਗਾ ਰਹੀ ਸੀ। 1967 ਤੋਂ 1978 ਤਕ ਚਾਰ ਅਕਾਲੀ ਸਰਕਾਰਾਂ ਬਣੀਆਂ, ਪਰ ਉਹ ਸਿੱਖਾਂ ਲਈ ਕੁੱਝ ਨਾ ਕਰ ਸਕੀਆਂ। 

ਆਖ਼ਰਕਾਰ 11 ਦਸਬੰਰ 1972 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਕ ਕਮੇਟੀ ਬਣਾ ਕੇ ਪਾਲਿਸੀ ਪ੍ਰੋਗਰਾਮ ਬਣਾਉਣ ਦੀ ਤਜਵੀਜ਼ ਬਣਾਈ ਅਤੇ 16-17 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਇਸ ਲਈ ਮੀਟਿੰਗ ਹੋਈ ਅਤੇ ਇਸ ਪਾਲਿਸੀ ਪ੍ਰੋਗਰਾਮ ਨੂੰ ‘ਅਨੰਦਪੁਰ ਸਾਹਿਬ ਦਾ ਮਤਾ’ ਕਹਿ ਦਿਤਾ ਗਿਆ। ਐਮਰਜੈਂਸੀ ਦੌਰਾਨ ਸਿੱਖਾਂ ਵਲੋਂ ਕੀਤੇ ਵਿਰੋਧ ਤੋਂ ਇੰਦਰਾ ਗਾਂਧੀ ਪਹਿਲੀ ਸਿੱਖ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਉਤੋਂ ਅਨੰਦਪੁਰ ਸਾਹਿਬ ਦੇ ਮਤੇ ਨੇ ਉਸ ਨੂੰ ਹੋਰ ਪੇ੍ਰਸ਼ਾਨ ਕਰ ਦਿਤਾ ਅਤੇ ਫਿਰ ਇਕ ਵਾਰ ਸਿੱਖਾਂ ਦਾ ਘਾਣ ਹੋਣਾ ਸ਼ੁਰੂ ਹੋ ਗਿਆ। ਨਿਰੰਕਾਰੀਆਂ ਨੂੰ ਸਿਆਸੀ ਸਰਪ੍ਰਸਤੀ ਦਿਤੀ ਗਈ ਜਿਸ ਕਾਰਨ 13 ਅਪ੍ਰੈਲ 1978 ਨੂੰ ਖ਼ੂਨੀ ਸਾਕਾ ਵਾਪਰਿਆ ਜਿਸ ਦਾ ਸਿੱਧਾ ਸੇਕ ਸਿੱਖਾਂ ਨੂੰ ਲੱਗਿਆ ਤੇ ਸਿੱਖਾਂ ਦੀ ਇਕ ਨਾ ਸੁਣੀ ਗਈ, ਪਰ ਇਸ ਸੱਭ ਦੌਰਾਨ ਸਿੱਖਾਂ ਨੂੰ ਇਕ ਆਗੂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਰੂਪ ਵਿਚ ਮਿਲ ਗਿਆ ਸੀ ਅਤੇ ਉਨ੍ਹਾਂ ਦੀ ਇਕ ਆਵਾਜ਼ ਤੇ ਸੰਸਾਰ ਭਰ ਦੇ ਸਿੱਖ ਉਠ ਖੜੇ ਹੁੰਦੇ ਸੀ। ਇਹ ਗੱਲ ਅੰਦਰੋਂ ਅੰਦਰੀ ਜਿਥੇ ਇੰਦਰਾ ਗਾਂਧੀ ਦੀ ਨੀਂਦ ਹਰਾਮ ਕਰ ਰਹੀ ਸੀ ਉਥੇ ਇਤਿਹਾਸਕਾਰ ਲਿਖਦੇ ਹਨ ਕਿ ਕਈ ਅਕਾਲੀ ਵੀ ਸੰਤ ਭਿੰਡਰਾਂਵਾਲੇ ਤੋਂ ਔਖੇ ਹੋ ਗਏ ਸਨ ਕਿਉਂਕਿ ਉਨ੍ਹਾਂ ਨੂੰ ਅਪਣੀ ਰਾਜਸੱਤਾ ਜਾਂਦੀ ਨਜ਼ਰ ਆ ਰਹੀ ਸੀ।

ਕੌਮ ਵਿਚ ਵਾਪਰੇ ਕੁੱਝ ਖ਼ਾਸ ਵਾਕਿਆਤ ਨੇ ਸੰਤ ਜਰਨੈਲ ਸਿੰਘ ਨੂੰ ਇਕ ਅਣਜਾਣੇ ਧਰਮ ਪ੍ਰਚਾਰਕ ਤੋਂ ਕੌਮ ਦੇ ਮਹਾਨ ਜਰਨੈਲ ਦੇ ਰੁਤਬੇ ’ਤੇ ਪਹੁੰਚਾ ਦਿਤਾ ਸੀ। ਇਸ ਗੱਲ ਨੂੰ ਇੰਦਰਾ ਗਾਂਧੀ ਬਰਦਾਸ਼ਤ ਨਾ ਕਰ ਸਕੀ, ਪਰ ਉਹ ਹਿਤਾਸ਼ ਸੀ ਤੇ ਹਾਰ ਮੰਨਣਾ ਨਹੀਂ ਚਾਹੁੰਦੀ ਸੀ। ਇਸ ਲਈ ਉਸ ਨੇ ਇੰਨਾ ਵੱਡਾ ਕਦਮ ਉਠਾਇਆ ਅਤੇ ਭਾਰਤੀ ਫ਼ੌਜ ਦੀ ਮਦਦ ਨਾਲ ਸਿੱਖਾਂ ਦੇ ਸਰਬਉਚ ਅਸਥਾਨ ’ਤੇ ਹੱਲਾ ਬੋਲ ਦਿਤਾ। ਭਾਵੇਂ ਕਿ ਉਸ ਵਿਚ ਵੀ ਸਿੰਘ ਸ਼ਹੀਦੀਆਂ ਦੇ ਜਾਮ ਪੀ ਗਏ ਪਰ ਇਕ ਵਾਰ ਫਿਰ ਸਿੱਖ ਵਿਰੋਧੀ ਕੇਂਦਰੀ ਤਾਕਤ ਹਾਰ ਗਈ ਅਤੇ ਸਿੱਖਾਂ ਵਲੋਂ ਕੀਤੇ ਗਏ ਜਾਂਬਾਜ਼ੀ ਪ੍ਰਦਰਸ਼ਨ ਨੇ ਸੰਸਾਰ ਵਿਚ ਅਪਣੀ ਮਿਸਾਲ ਕਾਇਮ ਕੀਤੀ।