ਸਭਿਆਚਾਰ ਤੇ ਵਿਰਸਾ : ਅਲੋਪ ਹੋ ਗਈ ਹੈ ਬਾਜ਼ੀ ਪਾਉਣੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਜ਼ੀਗਰ ਛਾਲਾਂ ਮਾਰ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਕੜਿਆਂ ਵਿਚੋਂ ਲੰਘਣ ਵਾਲੀਆਂ ਕਲਾ ਬਾਜ਼ੀਆਂ ਢੋਲ ਦੇ ਤਾਲ ਨਾਲ ਕਰਦੇ ਸਨ।

Representative Image

ਬਾਜ਼ੀਗਰ ਸੰਸਾਰ ਦਾ ਤਮਾਸ਼ਾ ਕਰਨ ਵਾਲਾ ਬਾਜ਼ੀ ਪਾਉਣ ਵਾਲਾ ਖਿਡਾਰੀ ਹੁੰਦਾ ਹੈ। ਬਾਜ਼ੀਗਰ ਛਾਲਾਂ ਮਾਰ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਕੜਿਆਂ ਵਿਚੋਂ ਲੰਘਣ ਵਾਲੀਆਂ ਕਲਾ ਬਾਜ਼ੀਆਂ ਢੋਲ ਦੇ ਤਾਲ ਨਾਲ ਕਰਦੇ ਸਨ। ਬਾਂਸ, ਰੱਸਿਆਂ ਉਪਰ ਚੜ੍ਹ ਤਮਾਸ਼ਾ ਕਰਦੇ ਸਨ। ਮੰਜੇ ਦੇ ਉਪਰ ਛੱਜ ਬੰਨ੍ਹ ਕਲਾ ਬਾਜ਼ੀਆਂ ਮਾਰਦੇ ਸਨ। ਸਾਡੇ ਸਕੂਲ ਦੇ ਮਾਸਟਰ ਜੀ ਸਾਨੂੰ ਕਹਿੰਦੇ ਹੁੰਦੇ ਸੀ, ਮੈਂ ਪੜ੍ਹਾਉਂਦਾ ਥੋੜ੍ਹਾ ਹਾਂ, ਮੈਂ ਤਾਂ ਮਦਾਰੀ, ਬਾਜ਼ੀਗਰ ਦਾ ਤਮਾਸ਼ਾ ਕਰਦਾ ਹਾਂ, ਯਾਨੀ ਕਿ ਪੜ੍ਹਾਈ ਦੇ ਨਾਲ-ਨਾਲ ਤੁਹਾਡਾ ਮਨੋਰੰਜਨ ਵੀ ਕਰਦਾ ਹਾਂ। ਜਦੋਂ ਵੀ ਬਾਜ਼ੀ ਪੈਂਦੀ ਸੀ ਅਸੀ ਬੱਚੇ ਲੋਕ ਸਵੇਰ ਤੋਂ ਹੀ ਬੋਰੀਆਂ ਵਿਛਾ ਕੇ ਬੈਠ ਜਾਂਦੇ ਸੀ। ਸਾਨੂੰ ਵਿਆਹ ਜਿੰਨਾ ਚਾਅ ਹੁੰਦਾ ਸੀ। ਰੋਟੀ ਪਾਣੀ ਸੱਭ ਭੁੱਲ ਜਾਂਦਾ ਸੀ।

ਮੈਂ ਉਸ ਜ਼ਮਾਨੇ ਦੀ ਗੱਲ ਕਰਦਾ ਹਾਂ ਜਿਸ ਸਮੇਂ ਮਨੋਰੰਜਨ ਦੇ ਕੋਈ ਸਾਧਨ ਨਹੀਂ ਸਨ, ਨਾ ਹੀ ਟੈਲੀਵੀਜ਼ਨ, ਫ਼ਿਲਮਾਂ ਆਦਿ ਸਨ। ਸਿਰਫ਼ ਪੰਚਾਇਤੀ ਲਾਉਡ ਸਪੀਕਰ ਜੋ ਰੇਡੀਉ ਦੇ ਮਾਧਿਅਮ ਰਾਹੀਂ ਹੁੰਦਾ ਸੀ ਤੇ ਬੁੱਢੇ ਥੜੇ ’ਤੇ ਬੈਠ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਠੰਡੂ ਰਾਮ ਦਾ ਸੁਣਦੇ ਸੀ ਜਾਂ ਸੁਖਵੰਤ ਸਿੰਘ ਢਿੱਲੋਂ ਵਲੋਂ ਪੜ੍ਹੀਆਂ ਖ਼ਬਰਾਂ ਸੁਣਦੇ ਸੀ। ਲੋਕ ਸੰਪਰਕ ਵਾਲੇ ਕਦੀ ਕਦੀ ਪ੍ਰਾਜੈਕਟਰ ’ਤੇ ਫ਼ਿਲਮ ਲਗਾ ਡਾਕੂਮੈਂਟਰੀ ਫ਼ਿਲਮ ਦਿਖਾਉਂਦੇ ਸੀ ਜਾਂ ਗੁਰਸ਼ਰਨ ਭਾਅ ਹੋਰਾਂ ਦੀ ਨਾਟਕ ਮੰਡਲੀ ਪਿੰਡਾਂ ਵਿਚ ਨਾਟਕ ਖੇਡਦੀ ਸੀ। ਫਿਰ ਸਾਡੇ ਦੇਖਦੇ-ਦੇਖਦੇ ਰੇਡੀਉ ਆਇਆ ਜੋ ਸੀਲੋਨ ਰੇਡੀਉ ਤੋਂ ਬਿਨਾਕਾ ਗੀਤ ਮਾਲਾ ਪ੍ਰੋਗਰਾਮ ਬੁਧਵਾਰ ਇਕ ਘੰਟੇ ਦਾ ਅਮੀਨ ਸਯਾਨੀ ਵਲੋਂ ਪੇਸ਼ ਕੀਤਾ ਜਾਂਦੀ ਸੀ ਜਿਸ ਵਿਚ 16 ਗਾਣੇ ਉਸ ਵੇਲੇ ਦੀਆਂ ਮਕਬੂਲ, ਮਸ਼ਹੂਰ ਫ਼ਿਲਮਾਂ ਦੇ ਗੀਤ ਆਉਂਦੇ ਸੀ ਜੋ ਫ਼ਿਲਮਾਂ ਸਿਲਵਰ ਜੁਬਲੀ ਤੇ ਗੋਲਡਨ ਜੁਬਲੀ ਹੁੰਦੀਆਂ ਸਨ।

ਬਜ਼ੁਰਗ ਬੰਦੇ ਕਹਿੰਦੇ ਸੀ ਰੇਡੀਉ ਵਿਚ ਬੰਦੇ ਬੋਲਦੇ ਦਿਖਿਆ ਕਰਨਗੇ। ਦੇਖਦੇ ਦੇਖਦੇ ਹੀ ਟੈਲੀਵੀਜ਼ਨ ਆਇਆ ਜਿਸ ਵਿਚ ਅਸੀ ਬੰਦੇ ਬੋਲਦੇ ਵੀ ਦੇਖ ਲਏ। ਮੈਨੂੰ ਯਾਦ ਹੈ ਸਾਡੇ ਘਰ ਸੱਭ ਤੋਂ ਪਹਿਲਾ ਬਲੈਕ ਐਂਡ ਵਾਈਟ ਟੈਲੀਵੀਜ਼ਨ ਆਇਆ। ਐਤਵਾਰ ਫ਼ਿਲਮ ਦੇਖਣ ਸਾਰਾ ਪਿੰਡ ਢੁਕਦਾ ਸੀ। ਫਿਰ ਟੇਪਰਿਕਾਰਡ, ਵੀ.ਸੀ.ਆਰ. ਦਾ ਵੀ ਜ਼ਮਾਨਾ ਆਇਆ, ਕੋਈ ਵੀ ਫ਼ਿਲਮ ਲਿਆ ਕੇ ਦੇਖ ਲਈਦੀ ਸੀ।

ਮੈਂ ਇਥੇ ਗੱਲ ਬਾਜ਼ੀ ਪਾਉਣ ਦੀ ਕਰ ਰਿਹਾ ਹਾਂ। ਬਾਜ਼ੀਗਰ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਮੂਲ ਰੂਪ ਵਿਚ ਇਸ ਨੂੰ ਬਾਜ਼ੀ ਕਹਿੰਦੇ ਹਨ। ਫ਼ਾਰਸੀ- ਪੰਜਾਬੀ ਕੋਸ਼ ਅਨੁਸਾਰ ਬਾਜ਼ੀ ਸ਼ਬਦ ਦਾ ਅਰਥ ਹੈ ਖੇਡ, ਤਮਾਸ਼ਾ। ਪਰ ਫ਼ਾਰਸੀ ਵਿਚ ਇਕ ਹੋਰ ਸ਼ਬਦ ‘ਬਾਜ਼ੀ-ਬਜੀਹ’ ਮਿਲਦਾ ਹੈ ਜਿਸ ਦਾ ਅਰਥ ਬੇਪ੍ਰਵਾਹੀ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਜੋ ਬਾਜ਼ੀ ਪਾਉਂਦਾ ਹੈ ਉਸ ਨੂੰ ਬਾਜ਼ੀਗਰ ਕਹਿੰਦੇ ਹਨ। ਬਾਜ਼ੀਗਰ ਸੰਸਾਰ ਦਾ ਤਮਾਸ਼ਾ ਕਰਨ ਵਾਲਾ ਬਾਜ਼ੀ ਪਾਉਣ ਵਾਲਾ ਖਿਡਾਰੀ ਹੁੰਦਾ ਹੈ। ਬਾਜ਼ੀਗਰ ਛਾਲਾਂ ਮਾਰ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਕੜਿਆਂ ਵਿਚੋਂ ਲੰਘਣ ਵਾਲੀਆਂ ਕਲਾ ਬਾਜ਼ੀਆਂ ਢੋਲ ਦੇ ਤਾਲ ਨਾਲ ਕਰਦੇ ਸਨ। ਬਾਂਸ, ਰੱਸਿਆਂ ਉਪਰ ਚੜ੍ਹ ਤਮਾਸ਼ਾ ਕਰਦੇ ਸਨ। ਮੰਜੇ ਦੇ ਉਪਰ ਛੱਜ ਬੰਨ੍ਹ ਕਲਾ ਬਾਜ਼ੀਆਂ ਮਾਰਦੇ ਸਨ। ਸਾਡੇ ਸਕੂਲ ਦੇ ਮਾਸਟਰ ਜੀ ਸਾਨੂੰ ਕਹਿੰਦੇ ਹੁੰਦੇ ਸੀ, ਮੈਂ ਪੜ੍ਹਾਉਂਦਾ ਥੋੜ੍ਹਾ ਹਾਂ ਮੈਂ ਤਾਂ ਮਦਾਰੀ, ਬਾਜ਼ੀਗਰ ਦਾ ਤਮਾਸ਼ਾ ਕਰਦਾ ਹਾਂ, ਯਾਨੀ ਕਿ ਪੜ੍ਹਾਈ ਦੇ ਨਾਲ-ਨਾਲ ਤੁਹਾਡਾ ਮਨੋਰੰਜਨ ਵੀ ਕਰਦਾ ਹਾਂ। ਜਦੋਂ ਵੀ ਬਾਜ਼ੀ ਪੈਂਦੀ ਸੀ ਅਸੀ ਬੱਚੇ ਲੋਕ ਸਵੇਰ ਤੋਂ ਹੀ ਬੋਰੀਆਂ ਵਿਛਾ ਬੈਠ ਜਾਂਦੇ ਸੀ। ਸਾਨੂੰ ਵਿਆਹ ਜਿੰਨਾ ਚਾਅ ਹੁੰਦਾ ਸੀ। ਰੋਟੀ ਪਾਣੀ ਸੱਭ ਭੁੱਲ ਜਾਂਦਾ ਸੀ।

ਛੜੇ ਸੱਭ ਤੋਂ ਮੋਹਰਲੀ ਕਤਾਰ ਵਿਚ ਸਾਨੂੰ ਬੱਚਿਆਂ ਨੂੰ ਪਿੱਛੇ ਕਰ ਬੈਠਦੇ ਸੀ। ਜਦੋਂ ਕੋਈ ਬਾਜ਼ੀਗਰ ਚੰਗੀ ਬਾਜ਼ੀ ਪਾਉਂਦਾ ਸਾਰੇ ਜਣੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਵਾਸਤੇ ਤਾੜੀਆਂ ਮਾਰ ਸਵਾਗਤ ਕਰਦੇ ਸੀ ਤੇ ਪੈਸੇ ਵੀ ਦਿੰਦੇ ਸੀ। ਇਕ ਬਜ਼ੁਰਗ ਗੁੱਗਾ ਜੌੜਾ ਬਾਜ਼ੀਗਰ ਜਿਸ ਵਿਚ ਇਕ ਜਾਣਾ ਲੰਮਾ ਪੈ ਗਿਆ ਤੇ ਦੂਸਰਾ ਜਣਾ ਉਸ ਦੀ ਧੌਣ ਦੇ ਆਸ-ਪਾਸ ਲੱਤਾਂ ਰੱਖ ਖਲੋ ਗਿਆ ਜਿਸ ਨੇ ਮਜ਼ਬੂਤੀ ਨਾਲ ਉਸ ਦੀਆਂ ਲੱਤਾਂ ਫੜ ਅਪਣੀਆਂ ਲੱਤਾਂ ਨਾਲ ਉਸ ਦੀ ਧੌਨ ਫੜ ਫਰੰਟ ਰੇਲ ਲਾਅ ਰੇਲ ਬਣਾਈ ਸੀ ਜੋ ਮੈਂ ਤੇ ਮੇਰੇ ਭਰਾ ਨੇ ਕਰੀਬ ਤੋਂ ਦੇਖੀ। ਕਈ ਵਰੇ੍ਹ ਪਰਾਲੀ ਤੇ ਲੰਮੇ ਪੈ ਅਸੀ ਇਹ ਰੇਲ ਵਾਲੀ ਬਾਜ਼ੀ ਪਾਉਂਦੇ ਰਹੇ, ਜੋ ਮੈਨੂੰ ਹੁਣ ਵੀ ਯਾਦ ਹੈ। ਇਸ ਦਾ ਫ਼ਾਇਦਾ ਮੈਨੂੰ ਉਦੋਂ ਮਿਲਿਆ ਜਦੋ ਮੈਂ ਪੁਲਿਸ ਵਿਚ ਭਰਤੀ ਹੋਇਆ ਤੇ ਜਹਾਨਖੇਲਾ ਰੰਗਰੂਟੀ ਕਰਨ ਯਾਨੀ ਸਿਪਾਹੀ ਦੀ ਸਿਖਲਾਈ ਕਰਨ ਗਿਆ। ਜਦ ਫ਼ਰੰਟ ਰੇਲ ਲਗਵਾਏ ਜਾਂਦੇ ਸੀ ਜੋ ਮੈਂ ਬਹੁਤ ਹੀ ਅਸਾਨੀ ਨਾਲ ਕਰ ਲੈਂਦਾ ਸੀ।

ਹੁਣ ਨਵੀਂ ਕ੍ਰਾਂਤੀ ਆਉਣ ਨਾਲ ਮਨੋਰੰਜਨ ਵਾਸਤੇ ਮੋਬਾਈਲ, ਇੰਟਰਨੈੱਟ ਆ ਗਏ ਹਨ। ਦੁਨੀਆਂ ਦੀ ਤੁਸੀ ਕੋਈ ਵੀ ਚੀਜ਼ ਗੂਗਲ, ਯੂ-ਟਿਊਬ ਦੇ ਮਧਿਅਮ ਰਾਹੀਂ ਦੇਖ ਸਕਦੇ ਹੋ। ਹੁਣ ਨਾ ਹੀ ਬਾਜ਼ੀਗਰ ਪਾਉਣ ਵਾਲੇ ਤੇ ਨਾ ਹੀ ਬਾਜ਼ੀ ਰਹੀ ਹੈ। ਨਵੀਂ ਪੀੜ੍ਹੀ ਇਸ ਤੋਂ ਬਿਲਕੁਲ ਅਨਜਾਣ ਮੋਬਾਈਲ ਦੀ ਦੁਨੀਆਂ ਵਿਚ ਗਵਾਚ ਮਨੋਰੋਗੀ ਹੋ ਗਈ ਹੈ। ਪਹਿਲਾਂ ਬੱਚੇ ਦੇਸੀ ਖੇਡਾਂ ਖੇਡ ਮਨੋਰੰਜਨ ਕਰ ਤਕੜੇ ਰਹਿੰਦੇ ਸੀ। ਕੋਈ ਬੀਮਾਰੀ ਨੇੜੇ ਨਹੀਂ ਸੀ ਆਉਂਦੀ। ਨਵੀਂ ਪੀੜ੍ਹੀ ਨੂੰ ਅਪਣੇ ਪੁਰਾਣੇ ਸਭਿਆਚਾਰ ਰਾਹੀਂ ਜੋੜਨਾ ਚਾਹੀਦਾ ਹੈ। ਇਸ ਵਾਸਤੇ ਅਖ਼ਬਾਰਾਂ ਕਲਚਰ ਮੈਗਜ਼ੀਨ ਦੇ ਰਾਹੀਂ ਆਰਟੀਕਲ ਛਾਪ ਯੋਗਦਾਨ ਦੇ ਰਹੀਆਂ ਹਨ। ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਲੇਖ ਪੜ੍ਹ ਅਪਣੇ ਵਿਰਸੇ ਨਾਲ ਜੁੜੇ ਰਹਿਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੁਲਿਸ। 9878600221