ਮੜ੍ਹੀਆਂ ਵਿਚ ਵਸਦਾ ਪ੍ਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਵੱਡੀ ਸੜਕ ਤੋਂ ਅਕਸਰ ਹੀ ਲੰਘਦਿਆਂ ਧਿਆਨ ਥੋੜੀ ਕੁ ਵਿੱਥ ਉਤੇ ਬਣੀਆਂ ਉਨ੍ਹਾਂ ਮੜ੍ਹੀਆਂ ਵਲ ਪੈ ਹੀ ਜਾਂਦਾ ਹੈ..............

House

ਵੱਡੀ ਸੜਕ ਤੋਂ ਅਕਸਰ ਹੀ ਲੰਘਦਿਆਂ ਧਿਆਨ ਥੋੜੀ ਕੁ ਵਿੱਥ ਉਤੇ ਬਣੀਆਂ ਉਨ੍ਹਾਂ ਮੜ੍ਹੀਆਂ ਵਲ ਪੈ ਹੀ ਜਾਂਦਾ ਹੈ। ਮੇਰੀ ਪਤਨੀ ਨੇ ਬਹੁਤ ਵਾਰ ਉਥੇ ਰਹਿ ਰਹੇ ਇਕ ਪ੍ਰਵਾਰ ਬਾਰੇ ਗੱਲ ਤਾਂ ਕੀਤੀ, ਪਰ ਮੇਰੇ ਵਲੋਂ ਕਈ ਦਿਨ ਅਣਗੌਲਿਆਂ ਹੀ ਕੀਤਾ ਜਾਂਦਾ ਰਿਹਾ। ਇਕ ਦਿਨ ਉਸ ਨੇ ਮੜ੍ਹੀਆਂ ਵਿਚ ਰਹਿੰਦੇ ਪ੍ਰਵਾਰ ਨੂੰ ਮਿਲਣ ਲਈ ਜ਼ਿੱਦ ਹੀ ਫੜ ਲਈ। ਮੈਂ ਤੇ ਮੇਰੀ ਪਤਨੀ ਮੇਨ ਗੇਟ ਪਾਰ ਕਰ ਕੇ ਅੰਦਰ ਮੜੀਆਂ ਅੰਦਰ ਚਲੇ ਗਏ। ਸਤਿ ਸ੍ਰੀ ਅਕਾਲ ਬੁਲਾ ਕੇ ਤੇ ਅਪਣੇ ਬਾਰੇ ਜਾਣ-ਪਛਾਣ ਕਰਵਾ ਕੇ ਮੈਂ ਉਨ੍ਹਾਂ ਨੂੰ ਮੜ੍ਹੀਆਂ ਵਿਚ ਇਸ ਤਰ੍ਹਾਂ ਰਹਿਣ ਦਾ ਕਾਰਨ ਪੁਛਿਆ। 

ਉਸ ਪ੍ਰਵਾਰ ਵਿਚ ਚਾਰ ਜੀਅ ਸਨ, ਜਿਨ੍ਹਾਂ ਵਿਚ ਪਤੀ-ਪਤਨੀ ਤੇ ਉਨ੍ਹਾਂ ਦਾ ਇਕ ਬੱਚਾ, ਜੋ ਕਿ ਸ਼ਾਇਦ ਦਸ ਕੁ ਸਾਲ ਦਾ ਸੀ ਤੇ ਇਕ ਉਸ ਬੱਚੇ ਦਾ ਚਾਚਾ ਸੀ। ਬੱਚੇ ਦੀ ਮਾਂ ਤਾਂ ਵਿਚਾਰੀ ਲੱਤਾਂ ਤੋਂ ਅਪਾਹਜ ਹੋਣ ਦੇ ਬਾਵਜੂਦ ਵੀ ਉਸ ਵੇਲੇ ਸ਼ਾਇਦ ਰਾਤ ਦਾ ਖਾਣਾ ਤਿਆਰ ਕਰਨ ਲਈ ਆਟਾ ਗੁੰਨ੍ਹ ਰਹੀ ਸੀ ਤੇ ਨਾਲ ਦੀ ਨਾਲ ਮੈਨੂੰ ਅਪਣੀ ਵਿੱਥਿਆ ਵੀ ਸੁਣਾ ਰਹੀ ਸੀ। ਉਸ ਨੇ ਦਸਿਆ ਕਿ ਸਾਨੂੰ ਇਨ੍ਹਾਂ ਮੜ੍ਹੀਆਂ ਵਿਚ ਰਹਿੰਦਿਆਂ ਲਗਭਗ ਚਾਰ ਕੁ ਮਹੀਨੇ ਹੋ ਗਏ ਹਨ। ਇਸ ਤੋਂ ਪਹਿਲਾਂ ਅਸੀ ਲਗਭਗ ਪਿਛਲੇ 12 ਸਾਲਾਂ ਤੋਂ ਪਤਾ ਨਹੀਂ ਕਿਥੇ-ਕਿਥੇ ਤੇ ਕਿਹੜੀਆਂ-ਕਿਹੜੀਆਂ ਥਾਵਾਂ ਉਤੇ ਮੜ੍ਹੀਆਂ ਵਿਚ ਧੱਕੇ ਖਾ ਚੁੱਕੇ ਹਾਂ,

ਕਿਉਂਕਿ ਸਾਡਾ ਅਪਣਾ ਕੋਈ ਵੀ ਘਰ-ਘਾਟ ਨਹੀਂ ਹੈ। ਉਸ ਨੇ ਦਸਿਆ ਕਿ ਮੇਰੇ ਪਤੀ ਕੋਲ ਜਿਹੜਾ ਮਕਾਨ ਸੀ, ਉਹ ਤਾਂ ਪੰਚਾਇਤ ਵਲੋਂ ਕਈ ਸਾਲ ਪਹਿਲਾਂ ਹੀ ਛੱਪੜ ਦੀ ਥਾਂ ਮੰਨ ਕੇ ਉਸ ਵਿਚ ਮਿਲਾ ਦਿਤਾ ਗਿਆ ਸੀ। ਉਸੇ ਸਮੇਂ ਤੋਂ ਹੀ ਸ਼ੁਰੂਆਤ ਹੋਈ ਜ਼ਿੰਦਗੀ ਦੇ ਬੁਰੇ ਦਿਨਾਂ ਦੀ, ਜੋ ਕਿ ਹਾਲੇ ਤਕ ਵੀ ਜਾਰੀ ਹੈ। ਉਸ ਦਿਨ ਤੋਂ ਲੈ ਕੇ ਅੱਜ ਤਕ ਅਸੀ ਅਪਣੇ ਲਈ ਇਕ ਸਿਰ ਲੁਕਾਉਣ ਲਈ ਛੱਤ ਤਕ ਦਾ ਨਿਰਮਾਣ ਵੀ ਨਹੀਂ ਕਰ ਸਕੇ। ਉਸ ਦੁਖਿਆਰੀ ਔਰਤ ਦੀ ਇੰਨੀ ਕੁ ਦਾਸਤਾਨ ਸੁਣਨ ਤੋਂ ਬਾਅਦ ਮੈਂ ਉਸ ਦੇ ਪਤੀ ਬਾਰੇ ਜਾਣਨਾ ਚਾਹਿਆ ਕਿ ਉਹ ਕਿਥੇ ਸੀ?

ਜਵਾਬ ਵਿਚ ਉਸ ਨੇ ਦਸਿਆ ਕਿ ਉਹ ਤਾਂ ਪ੍ਰਵਾਰ ਦੇ ਗੁਜ਼ਾਰੇ ਹਿੱਤ ਪਿੰਡ ਵਿਚ ਕਿਸੇ ਜ਼ਿਮੀਦਾਰ ਨਾਲ ਦਿਹਾੜੀ ਉਤੇ ਕੰਮ ਕਰਨ ਲਈ ਗਿਆ ਹੋਇਆ ਹੈ, ਸ਼ਾਇਦ ਆਉਣ ਹੀ ਵਾਲਾ ਹੈ। ਹੋਰ ਦਸਦਿਆਂ ਹੋਇਆ ਉਸ ਨੇ ਕਿਹਾ ਕਿ ਪਤੀ ਨੂੰ ਦਿਹਾੜੀ ਤੋਂ ਜੋ ਵੀ ਤਿਲ-ਫੁਲ ਮਿਲਦਾ ਹੈ, ਉਸ ਨਾਲ ਅਸੀ ਘੱਟੋ-ਘੱਟ 'ਹੱਕ' ਦੀ ਰੋਟੀ ਤਾਂ ਖਾ ਹੀ ਰਹੇ ਹਾਂ। 'ਹੱਕ' ਸ਼ਬਦ ਉਸ ਦੇ ਮੂੰਹੋਂ ਸੁਣ ਕੇ ਮੇਰੇ ਸ੍ਰੀਰ ਦੇ ਲੂੰ ਕੰਡੇ ਖੜੇ ਹੋ ਗਏ। ਅੰਦਰੋ-ਅੰਦਰ ਮੇਰੀ ਆਤਮਾ ਕਹਿ ਰਹੀ ਸੀ ਕਿ ਵਾਹ ਉਏ 'ਰੱਬਾ' ਇਸ ਗ਼ੁਰਬਤ ਅਤੇ ਕਸ਼ਟ ਰੂਪੀ ਇਮਤਿਹਾਨ ਨਾਲ ਭਰੇ ਦਿਨਾਂ ਵਿਚ ਵੀ ਇਹ ਪ੍ਰਵਾਰ ਹੱਕ ਦੀ ਰੋਟੀ ਦੀ ਗੱਲ ਸਹਿਜੇ ਹੀ ਕਰ ਰਿਹਾ ਹੈ।

ਇਸ ਤੋਂ ਇਲਾਵਾ ਇਹ 'ਬਾਬੇ ਨਾਨਕ' ਦੇ ਤੋਰੇ ਰਾਹ ਦੇ ਪਾਂਧੀ ਬਣ ਕੇ ਵਿਖਾ ਰਿਹਾ ਹੈ। ਦੂਜੇ ਪਾਸੇ ਵੇਖੀਏ ਤਾਂ ਪਤਾ ਨਹੀਂ ਕਿੰਨੇ ਕੁ ਅਜਗਰ ਤੇ ਮਗਰਮੱਛ ਰੂਪੀ ਮਨੁੱਖ ਹਨ, ਜਿਹੜੇ ਕਈਆਂ ਦਾ ਹੱਕ ਨਿਗਲਣ ਦੇ ਬਾਵਜੂਦ ਵੀ ਬੜੇ ਧਰਮੀ ਤੇ ਭੱਦਰ-ਪੁਰਸ਼ ਹੋਣ ਦਾ ਰਾਗ ਅਲਾਪਦੇ ਰਹਿੰਦੇ ਹਨ। ਉਨ੍ਹਾਂ ਨੂੰ ਇਸ ਪ੍ਰਵਾਰ ਤੋਂ ਸਿਖਣਾ ਚਾਹੀਦਾ ਹੈ ਕਿ 'ਹੱਕ' ਕੀ ਹੁੰਦਾ ਹੈ। ''ਬਾਬਾ ਨਾਨਕ” ਵੀ ਸੁਚੇਤ ਕਰਦੇ ਹਨ ਕਿ
''ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ” 

ਥੋੜੀ ਕੁ ਉਦਾਸ ਹੁੰਦਿਆਂ ਉਸ ਔਰਤ ਨੇ ਅੱਗੇ ਦਸਿਆ ਕਿ ਇਨ੍ਹਾਂ ਮੜ੍ਹੀਆਂ ਵਿਚ ਆਉਣ ਤੋਂ ਪਹਿਲਾਂ ਅਸੀ ਚਾਰੇ ਜੀਅ ਕਿਸੇ ਹੋਰ ਪਿੰਡ ਦੀਆਂ ਮੜ੍ਹੀਆਂ ਵਿਚ ਰਹਿਣ ਲਈ ਵੀ ਠਹਿਰੇ ਸਾਂ, ਪਰ ਮਾੜੀ ਕਿਸਮਤ ਕਿ ਉਸ ਪਿੰਡ ਦੇ ਧਨਾਢ ਲੋਕਾਂ ਨੇ ਸਾਨੂੰ ਜ਼ਲੀਲ ਕਰ ਕੇ ਇਹ ਕਹਿ ਕੇ ਉਥੋਂ ਕਢਿਆ ਸੀ ਕਿ ਇਨ੍ਹਾਂ ਮੜ੍ਹੀਆਂ ਵਿਚ ਠਹਿਰਨ ਦੀ ਤੁਹਾਡੀ ਜੁਰੱਅਤ ਕਿਵੇਂ ਹੋਈ? ਇਹ ਮੜ੍ਹੀਆਂ ਤਾਂ ਸਾਡੀ ਪੱਤੀ ਦਾ ਹਿੱਸਾ ਹਨ। ਇਥੋਂ ਤਕ ਉਨ੍ਹਾਂ ਲੋਕਾਂ ਨੇ ਅਖ਼ੀਰ ਕਰ ਦਿਤੀ ਕਿ ਸਾਡੇ ਅੰਨ-ਪਾਣੀ ਕਰਨ ਵਾਲੇ ਭਾਂਡੇ ਤੇ ਖੰਡ-ਚਾਹ ਦੇ ਡੱਬੇ ਤਕ ਵੀ ਬਾਕੀ ਸਮਾਨ ਦੇ ਨਾਲ ਵਗਾਹ ਕੇ ਪਰ੍ਹਾਂ ਮਾਰੇ ਸਨ।

ਸਾਡਾ ਖਿਲਰਿਆ ਸਮਾਨ ਵੀ ਕਿਸੇ ਜਗੀਰ ਨਾਲੋਂ ਘੱਟ ਨਹੀਂ ਸੀ। ਉਸ ਦੁਖਿਆਰੀ ਔਰਤ ਅਤੇ ਉਸ ਦੇ ਪ੍ਰਵਾਰ ਨਾਲ ਵਾਪਰੇ ਇਸ ਦਿਲ ਕੰਬਾਊ ਦੁਖਾਂਤ ਬਾਰੇ ਸੁਣ ਕੇ ਮੈਂ ਤੇ ਮੇਰੀ ਪਤਨੀ ਅਪਣੇ ਅਥਰੂ ਰੋਕਦਿਆਂ ਵੀ ਨਾ ਰੋਕ ਸਕੇ। ਉਸ ਨੇ ਦਸਿਆ ਕਿ ਇਸ ਤੋਂ ਬਾਅਦ ਅਸੀ ਕਿਸੇ ਜ਼ਿਮੀਂਦਾਰ ਦੇ ਘਰ ਕਿਰਾਏ ਉਤੇ ਵੀ ਰਹੇ ਸਾਂ, ਕਿਰਾਇਆ ਪੂਰਾ ਨਾ ਦੇ ਸਕਣ ਕਰ ਕੇ ਉਸ ਨੇ ਵਰ੍ਹਦੇ ਮੀਂਹ ਵਿਚ ਹੀ ਸਾਡਾ ਸਾਰਾ ਸਮਾਨ ਕੱਢ ਕੇ ਬਾਹਰ ਸੁੱਟ ਦਿਤਾ ਸੀ, ਜੋ ਕਿ ਸਾਡੀ 'ਭਿੱਜੀ ਕਿਸਮਤ' ਵਾਂਗ ਇਕ ਰੁੱਖ ਹੇਠ ਭਿੱਜਦਾ ਰਿਹਾ। ਫਿਰ ਕਿਵੇਂ ਨਾ ਕਿਵੇਂ ਅਸੀ ਅਨਾਜ ਮੰਡੀ ਵਿਚ ਬਣੇ ਇਕ ਕੋਠੇ ਵਿਚ ਕੁੱਝ ਕੁ ਸਮਾਂ ਹੀ ਰਹੇ ਸਾਂ

ਕਿ ਫ਼ਸਲ ਦਾ ਸੀਜ਼ਨ ਸ਼ੁਰੂ ਹੋਣ ਕਰ ਕੇ ਉਸ ਕੋਠੇ ਦੇ ਮਾਲਕ ਨੇ ਸਾਨੂੰ ਉਥੋਂ ਵੀ ਕੱਢ ਦਿਤਾ। ਉਥੋਂ ਸਿੱਧਾ ਅਸੀ ਇਨ੍ਹਾਂ ਮੜ੍ਹੀਆਂ ਵਿਚ ਰਹਿਣ ਲਈ ਆ ਗਏ। ਸ਼ਾਇਦ 'ਰੱਬ' ਹੁਣ ਸਾਨੂੰ ਇਥੇ ਤਾਂ ਸਕੂਨ ਨਾਲ ਰਹਿਣ ਦੇਵੇਗਾ। ਇਕ ਪ੍ਰਸ਼ਨ ਦੇ ਰੂਪ ਵਿਚ ਉਸ ਨਿਮਾਣੀ ਔਰਤ ਨੇ ਮੇਰੇ ਵਲ ਮੂੰਹ ਕਰ ਕੇ ਗੱਲ ਕਰਦਿਆਂ ਕਿਹਾ। ਕਿਉਂ ਨਹੀ ਰਹਿਣ ਦੇਵੇਗਾ? ਇਕ ਦਿਲਾਸੇ ਤੇ ਭਰੋਸੇ ਦਾ ਪੱਲਾ ਫੜਾਉਂਦਿਆਂ ਮੈਂ ਹਾਂ ਵਿਚ ਹਾਂ ਮਿਲਾਉਂਦਿਆਂ ਇਕ ਸਿਸਕੀ ਭਰਦਿਆਂ ਕਿਹਾ।  ਇਸ ਗ਼ਮਗ਼ੀਨ ਮਾਹੌਲ ਵਿਚੋਂ ਬਾਹਰ ਨਿਕਲਣ ਦਾ ਯਤਨ ਕਰਦਾ ਹੋਇਆ ਮੈਂ ਲਾਗੇ ਹੀ ਖੜੇ ਉਸ ਦੇ ਮਾਸੂਮ ਪੁੱਤਰ ਦਾ ਸਿਰ ਪਲੋਸਣ ਲੱਗ ਪਿਆ,

ਜਿਸ ਵਲ ਉਹ ਵੀ ਬੜੀ ਨੀਝ ਲਗਾ ਕੇ ਵੇਖ ਰਹੀ ਸੀ। ਵੇਖਦਿਆਂ ਹੋਇਆਂ ਉਸ ਨੇ ਕਿਹਾ ਕਿ ਅਸੀ ਤਾਂ ਜਿਵੇਂ-ਤਿਵੇਂ ਅਪਣੀ ਉਮਰ ਲੰਘਾਈ ਜਾ ਰਹੇ ਹਾਂ, ਪਰ ਉਮੀਦ ਹੈ ਕਿ ਇਹ ਵੱਡਾ ਹੋ ਕੇ ਮੇਰਾ ਅਪਾਹਜ ਦਾ ਤੇ ਅਪਣੇ ਪਿਉ ਦਾ ਸਹਾਰਾ ਬਣੇਗਾ। ਹੁਣ ਤਾਂ ਅਸੀ ਦਿਨ-ਰਾਤ ਇਸ ਦੇ ਮੂੰਹ ਵਲ ਹੀ ਵੇਖਦੇ ਰਹਿੰਦੇ ਹਾਂ। ਪੁੱਤਰ ਉਤੇ ਏਨਾ ਭਰੋਸਾ ਸ਼ਾਇਦ ਤੁਹਾਡੀ ਮੱਧਮ ਕਿਸਮਤ ਨੂੰ ਜ਼ਰੂਰ ਚਮਕਾਏਗਾ, ਕੋਲ ਹੀ ਖੜੀ ਮੇਰੀ ਪਤਨੀ ਨੇ ਉਸ ਔਰਤ ਨੂੰ ਕਿਹਾ। ਅਜਿਹੇ ਸੱਚਮੁੱਚ ਦੇ ਲੋੜਵੰਦ ਪ੍ਰਵਾਰਾਂ ਦੀ ਢੁਕਵੀਂ ਮਦਦ ਸਾਨੂੰ ਸਾਰਿਆਂ ਨੂੰ ਕਰਨ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹੇ ਯਤਨ ਰੱਬੀ ਬਖ਼ਸ਼ਿਸ਼ਾਂ ਦਾ ਪਾਤਰ ਵੀ ਬਣਾਉਂਦੇ ਹਨ।

ਸਰਕਾਰਾਂ ਵੀ ਸਹੂਲਤਾਂ ਤਾਂ ਬਥੇਰੀਆਂ ਦਿੰਦੀਆਂ ਹਨ, ਪਰ ਫਿਰ ਵੀ ਚੰਗੀ ਤਰ੍ਹਾਂ ਛਾਣਬੀਣ ਕਰ ਕੇ ਹੀ ਦਿਆ ਕਰਨ ਤਾਕਿ ਅਜਿਹੇ ਲਾਚਾਰ, ਬੇਵੱਸ ਤੇ ਲੋੜਵੰਦ ਪ੍ਰਵਾਰ ਉਨ੍ਹਾਂ ਤੋਂ ਵਾਂਝੇ ਨਾ ਰਹਿ ਸਕਣ। ਅਖ਼ੀਰ ਵਿਚ ਇਕ ਅਰਦਾਸ ਜ਼ਰੂਰ ਕਰੀਏ ਕਿ ਉਸ ਪ੍ਰਵਾਰ ਦਾ ਇਕਲੌਤਾ ਸਹਾਰਾ ਉਨ੍ਹਾਂ ਦਾ ਮਾਸੂਮ ਬੱਚਾ ਅਪਣੇ ਪੈਰਾਂ ਉਤੇ ਖੜਾ ਹੋ ਸਕੇ ਤੇ ਅਪਣੇ ਮਾਂ-ਬਾਪ ਨੂੰ ਮੜ੍ਹੀਆਂ ਤੋਂ ਦੂਰ ਇਕ ਘਰ ਬਣਾ ਕੇ ਉਸ ਵਿਚ ਲਿਜਾਵੇ ਤੇ ਉਨ੍ਹਾਂ ਦੇ ਸੇਵਾ-ਪਾਣੀ ਵਿਚ ਕੋਈ ਕਸਰ ਨਾ ਛੱਡੇ, ਕਿਉਂਕਿ ਉਸ ਦੇ ਮਾਪੇ ਵੀ ਸ਼ਾਇਦ ਦਿਲ ਵਿਚ ਇਹੀ ਆਸ ਲਗਾਈ ਬੈਠੇ ਹਨ ਕਿ ਮੜ੍ਹੀਆਂ ਤੋਂ ਦੂਰ ਕਦੇ ਸਾਡਾ ਵੀ ਇਕ ਘਰ ਹੋਵੇਗਾ, ਸਾਡਾ ਜ਼ਰੂਰ ਅਪਣਾ ਇਕ ਘਰ ਹੋਵੇਗਾ।
ਸੰਪਰਕ : 98146-58915