Article: ਦਿੱਲੀ ਦੇ ਵਾਰਸਾਂ (ਮਾਲਕਾਂ) ਲਈ, ਦਿੱਲੀ ਕਿੰਨੀ ਕੁ ਦੂਰ ਹੈ
ਸਾਡੀ ਮਿਹਨਤ, ਸਿਦਕ ਦਿਲੀ, ਮਲਕੀਅਤ ਤੇ ਜਾਂਬਾਜ਼ੀ ਦਾ ਮੁੱਲ ਹੀ ਨਹੀਂ ਪਾਇਆ ਗਿਆ
Article: For the heirs (owners) of Delhi, how far is Delhi?ਸਿੱਖ ਇਤਿਹਾਸ ਦੇ ਲਹੂ-ਭਿੱਜੇ ਵਰਕੇ ਫਰੋਲਦਿਆਂ, ਜਦੋਂ ਇਕ ਦਿਨ ਭਾਈ ਮਨੀ ਸਿੰਘ ਜੀ ਦੇ ਪ੍ਰਵਾਰ ਦੇ ਬੇਸ਼ਕੀਮਤੀ ਯੋਗਦਾਨ ਬਾਰੇ ਅਧਿਐਨ ਕਰ ਰਹੀ ਸਾਂ ਤਾਂ ਜਿਹੜੀ ਦੁਰੱਲਭ ਜਾਣਕਾਰੀ ਹਾਸਲ ਹੋਈ, ਉਹ ਭਾਈ ਲੱਖੀ ਸ਼ਾਹ ਵਣਜਾਰਾ ਜੀ ਨਾਲ ਸੰਬਧਤ ਸੀ। ਦਾਸਰੀ ਦਾ ਖੋਜ-ਦਾਇਰਾ, ਸਿੱਖ ਵਿਚਾਰਧਾਰਾ ਰਿਹਾ ਹੋਣ ਕਰ ਕੇ, ਸਿੱਖ ਇਤਿਹਾਸ ਦੇ ਕਈ ਮਹੱਤਵਪੂਰਨ ਤੱਥ, ਮੇਰੀ ਚੇਤਨਾ ’ਚੋਂ ਵਿਸਰੇ ਰਹੇ ਹਨ। ਫਲਸਰੂਪ, ਬੰਦ-ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ ਜੀ (ਜਿਨ੍ਹਾਂ ਦੇ ਸਾਰੇ ਭਰਾਵਾਂ ਤੇ ਸਪੁੱਤਰਾਂ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿਤਾ ਗਿਆ ਸੀ) ਦਸਵੇਂ ਪਾਤਸ਼ਾਹ ਦੇ ਜਿਗਰੀ ਦੋਸਤ ਅਤੇ ਛੇਵੀਂ ਪਾਤਸ਼ਾਹੀ ਦੇ ਸਿੱਖ ਜਰਨੈਲ ਭਾਈ ਬੱਲੂ ਦੇ ਪੋਤਰੇ ਸਨ।
ਗੁਰ ਇਤਿਹਾਸ ਵਿਚ ਅਲੌਕਿਕ, ਵਿਲੱਖਣ ਅਤੇ ਫ਼ਖ਼ਰਯੋਗ ਯੋਗਦਾਨ ਪਾਉਣ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ (ਜਿਨ੍ਹਾਂ ਨੇ ਨੌਵੇਂ ਨਾਨਕ ਗੁਰੂ ਤੇਗ਼ ਬਹਾਦਰ ਸਾਹਿਬ ਦੇ ਧੜ ਨੂੰ ਲੱਖ ਮੁਸੀਬਤਾਂ ਝਾਗ ਕੇ ਵੀ ਨਾ ਕੇਵਲ ਚਾਂਦਨੀ ਚੌਂਕ ਤੋਂ ਚੁਕਿਆ ਹੀ ਬਲਕਿ ਅਜੋਕੀ ਸ੍ਰੀ ਰਕਾਬ ਗੰਜ ਸਾਹਿਬ ਗੁਰਦਵਾਰੇ ਵਾਲੀ ਅਪਣੀ ਨਿੱਜੀ ਰਿਹਾਇਸ਼ ਨੂੰ ਅਗਨ-ਭੇਂਟ ਕਰ ਕੇ ਨੌਵੇਂ ਪਾਤਸ਼ਾਹ ਦਾ ਅਦਬ, ਸ਼ਰਧਾ ਤੇ ਸਤਿਕਾਰ ਨਾਲ ਸਸਕਾਰ ਵੀ ਕੀਤਾ) ਦੇ ਵੱਡੇ ਵਡੇਰੇ, ਵਪਾਰ ਦੇ ਸਿਲਸਿਲੇ ’ਚ ਦਿੱਲੀ ਦੇ ਰਾਏਸਿਨਾ ਇਲਾਕੇ ਵਿਚ ਆਣ ਵਸੇ ਸੀ। ਸਰਕਾਰੀ ਰਿਕਾਰਡ ’ਚ ਅੱਜ ਵੀ ਇਨ੍ਹਾਂ ਵਲੋਂ ਵਸਾਇਆ ਰਾਏਸਿਨਾ ਪਿੰਡਾਂ ਇਨ੍ਹਾਂ ਦੇ ਨਾਂ ’ਤੇ ਹੀ ਮੌਜੂਦ ਹੈ ਜਿਥੋਂ ਅੰਗਰੇਜ਼ਾਂ ਨੇ ਦਿੱਲੀ ਦਾ ਨਿਰਮਾਣ ਆਰੰਭਿਆ ਸੀ।
ਭਾਈ ਲੱਖੀ ਸ਼ਾਹ ਵਣਜਾਰਾ, ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ ਜਿਨ੍ਹਾਂ ਦੇ ਬੇਮਿਸਾਲ, ਬੇਜੋੜ ਤੇ ਅਦੁੱਤੀ ਯੋਗਦਾਨ ਨੂੰ ਰਹਿੰਦੀ ਦੁਨੀਆਂ ਤਕ ਨਹੀਂ ਭੁਲਾਇਆ ਜਾ ਸਕਦਾ। ਸੰਸਾਰ ਭਰ ’ਚ ਸੁਪ੍ਰਸਿੱਧ ਮਨੁੱਖੀ ਅਧਿਕਾਰਾਂ ਦੇ ਰਖਵਾਲੇ, ਧਰਮ ਦੀ ਚਾਦਰ, ਸ੍ਰਿਸ਼ਟੀ ਦੇ ਮਾਣ, ਜ਼ਾਲਮਾਂ ਦੀ ਸਰਦਲ ’ਤੇ ਖ਼ੁਦ ਪੈਂਡਾ ਤੈਅ ਕਰ ਕੇ ਹਾਜ਼ਰ ਹੋਣ ’ਤੇ ਵੰਗਾਰਨ ਵਾਲੇ ਪਾਤਸ਼ਾਹ ਨੇ, ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ’ਤੇ ਫੁੱਲ ਚੜ੍ਹਾਉਣ ਦਾ ਪ੍ਰਣ ਕੀਤਾ। ਮੱਧਕਾਲੀਨ ਹਿੰਦੁਸਤਾਨ ਦੀ ਸਭ ਤੋਂ ਵੱਡੀ ਧਾਰਮਕ ਹਸਤੀ ਪ੍ਰਤੀ ਕਿਹੜੀ ਸ਼ਰਧਾ, ਸਤਿਕਾਰ ਤੇ ਧਨਵਾਦ ਪ੍ਰਗਟ ਕੀਤਾ ਹੈ, ਸਾਡੀਆਂ ਕੇਂਦਰੀ ਸਰਕਾਰਾਂ ਨੇ? ਅਹਿਸਾਨ ਫਰਾਮੋਸ਼ ਆਗੂ, ਸਭ ਖ਼ੂਨੀ ਸਾਕਿਆਂ, ਸ਼ਹਾਦਤਾਂ, ਪਰ-ਉਪਕਾਰਾਂ ਤੇ ਕਾਰਨਾਮਿਆਂ ਨੂੰ ਵਿਸਾਰ ਕੇ ਗੁਰੂ ਸਾਹਿਬਾਨ ਦੇ ਵੰਸ਼ਜਾਂ, ਸਿੱਖਾਂ ਤੇ ਪੈਰੋਕਾਰਾਂ ’ਤੇ ਹੀ ਜ਼ਿਆਦਤੀਆਂ ’ਤੇ ਉਤਾਰੂ ਰਹੇ ਹਨ।
ਅਭੇਦ ਲਾਲ ਕਿਲੇ ਨੂੰ ਭੇਦਣ ਵਾਲੇ ਤੇ ਫੌਲਾਦੀ ਕੰਧਾਂ ’ਚ ਮੋਰੀਆਂ ਕਰ ਕੇ, ਲਾਲ ਕਿਲੇ੍ਹ ’ਤੇ ਜਾ ਕੇਸਰੀ ਨਿਸ਼ਾਨ ਝੁਲਾ ਦੇਣ ਵਾਲੇ ਯੋਧੇ ਜਿਸ ਦਲੇਰੀ, ਜੁਰਅਤ, ਹਿੰਮਤ ਤੇ ਹੌਸਲੇ ਦੀ ਮਿਸਾਲ ਸਨ, ਉਹ ਗੁਰੂ ਦੇ ਮਿਸ਼ਨ, ਸਿਖਿਆ ਤੇ ਆਸ਼ੀਰਵਾਦ ਦਾ ਹੀ ਫਲ ਸੀ। ਇਸ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਉਪਰੰਤ ਵੀ, ਪੰਜ ਪ੍ਰਧਾਨੀ ਕੌਂਸਲ (ਮਿਸਲ ਸਰਦਾਰਾਂ) ਨੇ ਲੜਖੜਾਉਂਦੀ ਮੁਗ਼ਲ ਹਕੂਮਤ ਤੋਂ ਰਾਜ ਪਾਟ ਨਹੀਂ ਸੀ ਖੋਹਿਆ ਪਰ ਇਕ ਵਾਅਦਾ ਜ਼ਰੂਰ ਲਿਆ ਸ਼ਾਸਕ ਸ਼ਾਹ ਆਲਮ ਤੋਂ ਕਿ ਦਿੱਲੀ ਦੇ ਚੱਪੇ ਚੱਪੇ ’ਤੇ ਪਏ ਗੁਰੂ ਪਾਤਸ਼ਾਹੀਆਂ ਦੇ ਪਵਿੱਤਰ ਚਰਨਾਂ ਨਾਲ ਨਿਵਾਜੀ ਭੋਇੰ ’ਤੇ ਗੁਰਦਵਾਰੇ ਉਸਾਰੇ ਜਾਣਗੇ। ਅੱਠਵੇਂ ਤੇ ਨੌਵੇਂ ਨਾਨਕ ਦੀਆਂ ਬਹੁਤ ਸਾਰੀਆਂ ਅਮਿੱਟ, ਅਭੁੱਲ ਤੇ ਅਮਰ ਯਾਦਗਾਰਾਂ ਮੌਜੂਦ ਹਨ, ਇਸੇ ਦਿੱਲੀ ਵਿਚ। ਕਨਾਟ ਪਲੇਸ ਵਿਚ ਰਾਜਾ ਜੈ ਸਿੰਘ ਦਾ ਬੰਗਲਾ ਸੀ ਜਿੱਥੇ ਬਾਅਦ ਵਿਚ (1783 ’ਚ) ਬੰਗਲਾ ਸਾਹਿਬ ਗੁਰਦਵਾਰਾ ਬਣਾਇਆ ਗਿਆ।
ਦੁਨੀਆਂ ਦੇ ਸਭ ਤੋਂ ਖ਼ੁਸ਼ਹਾਲ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼-ਵਾਈਟ ਹਾਊਸ ਕੇਵਲ 52 ਏਕੜ ਜ਼ਮੀਨ ’ਤੇ ਬਣਿਆ ਹੋਇਆ ਹੈ ਜਦਕਿ ਭਾਰਤ ਦੇ ਰਾਸ਼ਟਰਪਤੀ ਦੀ ਰਿਹਾਇਸ਼ 320 ਏਕੜ ’ਚ ਬਣੀ ਹੋਈ ਹੈ (ਜਿਸ ਦੇ 340 ਕਮਰੇ ਹਨ) ਰਾਏਸਿਨਾ ਹਿਲਜ਼ ਕੋਲ ਤਿੰਨ ਸੌ ਪ੍ਰਵਾਰਾਂ ਦੀ ਜ਼ਮੀਨ ਲਈ ਗਈ ਕਿਉਂਕਿ ਅੰਗਰੇਜ਼ ਹਕੂਮਤ ਨੇ 1894 ’ਚ ਜ਼ਮੀਨ ਅਧਿਗ੍ਰਹਿਣ ਐਕਟ ਬਣਾ ਦਿਤਾ ਸੀ ਜਿਹੜਾ ਆਜ਼ਾਦ ਭਾਰਤ ’ਚ ਵੀ ਲਾਗੂ ਰਿਹਾ। ਇੰਜ ਚੰਡੀਗੜ੍ਹ ਦੇ ਨਿਰਮਾਣ ਸਮੇਂ, ਦਰਜਨਾਂ ਪਿੰਡਾਂ ਨੂੰ ਉਜਾੜ ਕੇ, ਸੂਬੇ ਦੀ ਰਾਜਧਾਨੀ ਉਸਾਰਨ ਦੇ ਨਾਂ ’ਤੇ ਜੋ ਕੁੱਝ ਪੰਜਾਬ ਨਾਲ ਕੀਤਾ ਗਿਆ, ਉਹੀ ਦਿੱਲੀ ਵਿਚ ਅੰਗਰੇਜ਼ਾਂ ਨੇ ਗੁਰੂ ਦੇ ਸਿੱਖਾਂ ਨਾਲ ਕੀਤਾ ਪਰ ਇਕ ਗੱਲ ਦੀ ਉਨ੍ਹਾਂ ਨੂੰ ਦਾਦ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਭਾਈ ਲੱਖੀ ਸ਼ਾਹ ਵਣਜਾਰੇ ਦੇ ਪੁਰਖਿਆਂ ਦੇ ਵਸਾਏ ਪਿੰਡ ਰਾਏਸਿਨਾ ਦਾ ਨਾਂ ਨਹੀਂ ਮਿਟਾਇਆ- ਅੱਜ ਵੀ ਇਸ ਨੂੰ ਇਸੇ ਨਾਂ ਨਾਲ ਯਾਦ ਕੀਤਾ ਜਾਂਦੈ ਕਿਉਂਕਿ ਕਲਕੱਤੇ ਦੀ ਥਾਂ ਦਿੱਲੀ ਨੂੰ ਅਪਣੀ ਰਾਜਧਾਨੀ ਬਣਾਉਣ ਦੇ ਫ਼ੈਸਲੇ ਉਪ੍ਰੰਤ 1911 ਤੋਂ 31 ਤਕ ਰਾਏਸਿਨਾ ਪਿੰਡ ਤੋਂ ਆਰੰਭਿਆ ਕਾਰਜ, ਦੋ ਦਹਾਕਿਆਂ ਵਿਚ ਪ੍ਰਵਾਨ ਚੜਿ੍ਹਆ। ਮਸ਼ਹੂਰ ਦਿੱਲੀ ਰਿੱਜ, ਅਰਾਵਲੀ ਪਹਾੜੀਆਂ ਦਾ ਆਖ਼ਰੀ ਹਿੱਸਾ ਹੈ ਜਿਹੜਾ ਦਖਣੀ ਦਿੱਲੀ ਤੋਂ ਸ਼ੁਰੂ ਹੋ ਕੇ ਕੇਂਦਰੀ ਦਿੱਲੀ ਜਾ ਕੇ ਮੁਕਦਾ ਹੈ। ਦੁਨੀਆਂ ਦੀ ਇਹ ਸਭ ਤੋਂ ਪੁਰਾਣੀ ਪਹਾੜੀ ਲੜੀ ਹੈ ਜਿਸ ਦੀ ਆਖ਼ਰੀ ਐਕਸਟੈਂਸ਼ਨ ਹੈ ਰਾਏਸਿਨਾ ਪਹਾੜੀ।
ਅੰਗਰੇਜ਼ ਵਾਇਸਰਾਏ ਲਈ ਬਣਾਇਆ ਇਹ ਆਲੀਸ਼ਾਨ ਭਵਨ, ਆਜ਼ਾਦੀ ਉਪ੍ਰੰਤ ਰਾਸ਼ਟਰਪਤੀ ਭਵਨ ਅਖਵਾਇਆ ਜਿਸ ਵਿਚ ਮੁਗ਼ਲ ਗਾਰਡਨ (ਅੰਮ੍ਰਿਤ ਉਦਿਆਨ) ਅਸ਼ੋਕਾ ਹਾਲ ਤੇ ਹੋਰ ਅਨੇਕ ਜ਼ਿਕਰਯੋਗ ਹਿੱਸੇ ਹਨ ਜਿੱਥੇ ਵਿਦੇਸ਼ੀ ਸਰਕਾਰਾਂ ਦੇ ਮੁਖੀਏ ਠਹਿਰਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਭ ਕੁੱਝ ਸਾਡੇ ਜਾਂਬਾਜ਼ ਪੁਰਖਿਆਂ ਦੀ ਚਰਨ-ਛੂਹ ਵਾਲੀ ਸਰਜ਼ਮੀ ’ਤੇ ਬਣਿਆ ਹੋਇਆ ਹੈ। ਇਹ ਗੱਲ ਹੋਰ ਵੀ ਜ਼ਿਕਰਯੋਗ ਹੋ ਨਿਬੜੀ ਹੈ ਕਿ ਅੰਗਰੇਜ਼ ਸਰਕਾਰ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਵਡੇਰਿਆਂ ਦੀ ਜ਼ਮੀਨ ਦੀ ਮਾਲਕੀ ਉਸੇ ਤਰ੍ਹਾਂ ਕਾਇਮ ਰਖਦਿਆਂ, 1911 ’ਚ ਇਸ ਨੂੰ 99 ਸਾਲ ਦੀ ਲੀਜ਼ ’ਤੇ ਲਿਆ ਤੇ 2011 ਵਿਚ ਜਦੋਂ ਉਨ੍ਹਾਂ ਦਾ ਕੋਈ ਵੀ ਵੰਸਜ਼ ਜਾਂ ਆਲ-ਔਲਾਦ, ਇਸ ਦੁਨੀਆਂ ਵਿਚ ਨਾ ਟਕਰਿਆ (ਕਿਉਂਕਿ ਵਕਤ ਦੀਆਂ ਜ਼ਾਲਮ ਸਰਕਾਰਾਂ ਨੇ ਸਭ ਨੂੰ ਸ਼ਹੀਦ ਕਰ ਦਿਤਾ ਸੀ) ਤਾਂ ਵੀ ਇਹ ਜ਼ਮੀਨ, ਮਾਲ ਵਿਭਾਗ ਤੇ ਸਰਕਾਰੀ ਦਸਤਾਵੇਜ਼ਾਂ ’ਚ, ਉਨ੍ਹਾਂ ਗੁਰੂ ਪਿਆਰਿਆਂ ਦੇ ਨਾਂ ’ਤੇ ਹੀ ਬੋਲਦੀ ਰਹੀ।
ਅੱਜ ਵੀ ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਇੰਡੀਆ ਗੇਟ, ਨਾਰਥ ਤੇ ਸਾਊਥ ਬਲਾਕ-ਸਭ 1793 ਏਕੜ ਧਰਤੀ ’ਤੇ ਬਣੇ ਹੋਏ ਭਾਈ ਲੱਖੀ ਸ਼ਾਹ ਵਣਜਾਰਾ ਦੇ ਪੁਰਖਿਆਂ ਦੀ ਯਾਦ ਨੂੰ ਤਾਜ਼ਾ ਕਰਾਉਂਦੇ ਹਨ। 1947 ਉਪ੍ਰੰਤ ਜਦੋਂ ਸਿੱਖਾਂ ਨੇ ਜ਼ਬਰਦਸਤ ਵਿਰੋਧ ਕੀਤਾ ਤਾਂ ਚਾਰ ਸੌ ਏਕੜ ਜ਼ਮੀਨ ਦਾ ਠੇਕਾ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਆਰੰਭਿਆ ਗਿਆ। ਬਾਕੀ ਸਭ ਵਕਤ ਦੀ ਧੁੰਦਲ ਹੇਠ ਦਫ਼ਨ ਕਰ ਦਿਤਾ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਦੀ ਬੇਜੋੜ ਸ਼ਹਾਦਤ ਉਪ੍ਰੰਤ ਮਿਸਲ ਸਰਦਾਰਾਂ ਨੇ ਦਿੱਲੀ ’ਤੇ ਪੰਦਰਾਂ ਵਾਰ ਹਮਲਾ ਕੀਤਾ। ਤੀਹ ਹਜ਼ਾਰ ਫ਼ੌਜਾਂ (ਸਿੰਘਾਂ) ਦੇ ਇਕੱਠ ਵਾਲੀ ਧਰਤੀ, ਅੱਜ ਵੀ ਤੀਸ ਹਜ਼ਾਰੀ ਅਦਾਲਤ ਅਖਵਾਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਮਿਸਲ ਸਰਦਾਰਾਂ ਦੀ ਪੰਜ ਪ੍ਰਧਾਨੀ ਕੌਂਸਲ ਲਾਲ ਕਿਲੇ੍ਹ ’ਤੇ ਫ਼ਤਹਿ ਹਾਸਲ ਕਰ ਚੁੱਕੀ ਸੀ। ਇੰਜ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਸੂਬੇਦਾਰ ਬਘੇਲ ਸਿੰਘ, ਮਹਾਂ ਸਿੰਘ ਸ਼ੁਕਰਚਕੀਆ ਤੇ ਸ. ਤਾਰਾ ਸਿੰਘ ਦਾ ਨਾਂ ਸਿੱਖ ਇਤਿਹਾਸ ਦੇ ਲਾਸਾਨੀ ਵਰਕਿਆਂ ’ਚ ਹਮੇਸ਼ਾ ਚਮਕਦਾ ਰਹੇਗਾ ਜਿਨ੍ਹਾਂ ਬਾਦਸ਼ਾਹ ਸ਼ਾਹ ਆਲਮ ਨੂੰ ਵੰਗਾਰਿਆ ਸੀ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦੈ ਕਿ ਸਾਢੇ ਪੰਜ ਸੌ ਸਾਲਾਂ ਤੋਂ, ਸਾਡੇ ਪਰਮ ਪੁਰਖਿਆਂ, ਅਜ਼ੀਮ ਹਸਤੀਆਂ, ਜਾਂਬਾਜ਼ ਯੋਧਿਆਂ, ਨਿਰਭੈ ਸੂਰਬੀਰਾਂ ਤੇ ਅਮਰ ਨਾਇਕਾਂ ਨੇ ਵੰਗਾਰਵੀਂ ਟੱਕਰ ਲੈ ਕੇ ਵਿਲੱਖਣ ਤੇ ਨਿਵੇਕਲਾ ਇਤਿਹਾਸ ਸਿਰਜਿਆ ਹੈ। ਸਰਕਾਰੇ ਦਰਬਾਰੇ ਸਾਨੂੰ ਲਾਲੀਪੌਪ ਹੀ ਦਿਤੇ ਗਏ, ਸਾਡੀ ਮਿਹਨਤ, ਸਿਦਕ ਦਿਲੀ, ਮਲਕੀਅਤ ਤੇ ਜਾਂਬਾਜ਼ੀ ਦਾ ਮੁੱਲ ਨਹੀਂ ਪਾਇਆ ਗਿਆ। ਦੁੱਲਾ ਭੱਟੀ ਦੇ ਵਾਰਸਾਂ, ਪਗੜੀ ਸੰਭਾਲ ਜੱਟ ਦੇ ਆਰੰਭਕਾਂ ਤੇ ਫਾਂਸੀਆਂ ਹੱਸ ਹੱਸ ਚੁੰਮਣ ਵਾਲਿਆਂ ਦੀ ਕੀਰਤੀ ਦਾ ਕੀ ਮੁੱਲ ਪਾਇਆ ਗਿਆ ਹੈ। ਦਿੱਲੀ ਦੇ ਮਾਲਕਾਂ ਲਈ ਦਿੱਲੀ ਸਦਾ ਦੂਰ ਰਹੀ ਹੈ ਤੇ ਇਹ ਅੱਜ ਵੀ ਦੂਰ ਹੈ।