ਇਮਰਾਨ ਖ਼ਾਨ ਦੀ ਹਕੂਮਤ ਚਲੇਗੀ ਫ਼ੌਜੀ ਸਾਏ ਹੇਠ?
ਪਾਕਿਸਤਾਨ ਦੀਆਂ ਪਿਛਲੀਆਂ ਚੋਣਾਂ 2013 ਵਿਚ ਹੋਈਆਂ ਸਨ............
ਪਾਕਿਸਤਾਨ ਦੀਆਂ ਪਿਛਲੀਆਂ ਚੋਣਾਂ 2013 ਵਿਚ ਹੋਈਆਂ ਸਨ। ਉਸ ਵੇਲੇ ਨਵਾਜ਼ ਸ਼ਰੀਫ਼ ਦੀ ਪਾਰਟੀ 126 ਸੀਟਾਂ ਲੈ ਕੇ ਜੇਤੂ ਰਹੀ ਸੀ। ਅਸਲ ਵਿਚ ਉਦੋਂ ਵੀ ਨਵਾਜ਼ ਸ਼ਰੀਫ਼ ਇੰਗਲੈਂਡ ਵਿਚ ਦੇਸ਼ ਨਿਕਾਲਾ ਝੱਲਣ ਪਿੱਛੋਂ ਪਾਕਿਸਤਾਨ ਪਰਤਿਆ ਸੀ ਤੇ ਪਾਕਿਸਤਾਨੀ ਲੋਕਾਂ ਨੇ ਉਸ ਨੂੰ ਸਿਰ 'ਤੇ ਬਿਠਾ ਲਿਆ ਸੀ। ਵੱਡਾ ਕਾਰਨ ਇਹ ਸੀ ਕਿ ਨਵਾਜ਼ ਸਰੀਫ਼ ਨੇ ਅਪਣੇ ਜਿਸ ਭਰੋਸੇਯੋਗ ਫ਼ੌਜੀ ਜਰਨੈਲ ਪ੍ਰਵੇਜ਼ ਮੁਸ਼ਰਫ਼ ਨੂੰ ਫ਼ੌਜ ਦਾ ਜਰਨੈਲ ਬਣਾਇਆ ਸੀ, ਸਮਾਂ ਪਾ ਕੇ ਇਕ ਦਿਨ ਉਹੀ ਨਵਾਜ਼ ਸਰੀਫ਼ ਵਿਰੁਧ ਵਿਹਰ ਖਲੋਤਾ ਤੇ ਅੰਤ ਨੂੰ ਉਸਦੀ ਸਰਕਾਰ ਦਾ ਤਖ਼ਤ ਪਲਟਾ ਕੇ ਉਸ ਨੂੰ ਦੇਸ਼ ਨਿਕਾਲੇ ਲਈ ਮਜਬੂਰ ਕਰ ਦਿਤਾ।
ਇਸੇ ਲਈ ਪਾਕਿਸਤਾਨ ਵਾਪਸੀ ਉਤੇ ਉਸਦੀ ਪਾਰਟੀ ਵੀ ਉਸਦੇ ਹੱਕ ਵਿਚ ਉਮੜ ਪਈ। ਉਂਜ ਵੀ ਨਵਾਜ ਸਰੀਫ਼ ਅਪਣੇ ਵਲੋਂ ਪਾਕਿਸਤਾਨੀ ਫ਼ੌਜ ਦੇ ਪਰ ਕੁਤਰਨ ਵਲ ਲੱਗਾ ਹੋਇਆ ਸੀ, ਇਹ ਗੱਲ ਚੂੰਕਿ ਪਾਕਿਸਤਾਨੀ ਫ਼ੌਜ ਨੂੰ ਪਸੰਦ ਨਹੀਂ ਸੀ, ਇਸ ਲਈ ਉਸ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟਾ ਦਿਤਾ। ਨਵਾਜ਼ ਸਰੀਫ਼ ਤਿੰਨ ਵਾਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਿਹਾ ਪਰ ਬਦਕਿਸਮਤੀ ਨਾਲ ਉਹ ਤਿੰਨੇ ਵਾਰ ਅਹੁਦੇ ਦੀ ਮਿਆਰ ਪੂਰੀ ਕਰਨ ਤੋਂ ਪਹਿਲਾਂ ਹੀ ਗੱਦੀਉਂ ਲਾਹ ਦਿਤਾ ਗਿਆ। ਉਂਜ ਵੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਹੁਤੇ ਪ੍ਰਧਾਨ ਮੰਤਰੀ ਹੀ ਅਪਣੇ ਅਹੁਦੇ ਦੀ ਮਿਆਦ ਪੂਰੀ ਨਹੀਂ ਕਰ ਸਕੇ।
ਨਾ ਜ਼ੁਲਫ਼ਕਾਰ ਅਲੀ ਭੁੱਟੋ ਕਰ ਸਕਿਆ ਤੇ ਨਾ ਹੀ ਅੱਗੋਂ ਉਸ ਦੀ ਧੀ ਬੇਨਜ਼ੀਰ ਭੁੱਟੋ। ਅਸਲ ਵਿਚ ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਚਲ ਹੀ ਉਹੀ ਸਕਦਾ ਹੈ ਜਿਸ ਦੀ ਪਾਕਿਸਤਾਨ ਫ਼ੌਜ ਨਾਲ ਸੁਰ ਰਲਦੀ ਹੋਵੇ। ਪਾਕਿਸਤਾਨ ਦਾ 70 ਸਾਲਾਂ ਦਾ ਇਤਿਹਾਸ ਅੱਜ ਵੀ ਇਹੋ ਦਰਸਾਉਂਦਾ ਹੈ ਜਿਥੇ ਸਿਵਲੀਅਨ ਸਰਕਾਰ ਵਿਚ ਵੀ ਫ਼ੌਜ ਨੇ ਚੰਮ ਦੀਆਂ ਚਲਾਈਆਂ ਹਨ। ਹੁਣ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਬਣੇ ਹਨ। ਜ਼ਾਹਰ ਹੈ ਕਿ ਇਸ ਵਾਰ ਤਾਂ ਪਾਕਿਸਤਾਨੀ ਫ਼ੌਜ ਨੂੰ ਪੁਰੀ ਤਰ੍ਹਾਂ ਖੁੱਲ੍ਹ ਖੇਡਣ ਦਾ ਮੌਕਾ ਮਿਲੇਗਾ।
ਅੰਤਰ-ਰਾਸ਼ਟਰੀ ਪੱਧਰ ਦੀ ਕ੍ਰਿਕਟ ਖੇਡਣ ਪਿਛੋਂ ਸਿਆਸਤਦਾਨ ਬਣਿਆ ਇਮਰਾਨ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਸਿਆਸਤ ਵਿਚ ਅਪਣੀ ਕਿਸਮਤ ਅਜ਼ਮਾ ਰਿਹਾ ਹੈ। ਅਸਲ ਵਿਚ 2013 ਦੀਆਂ ਚੋਣਾਂ ਨੇ ਉਸ ਨੂੰ ਕਾਫ਼ੀ ਹੁੰਗਾਰਾ ਦਿਤਾ। ਉਸ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਕੁੱਝ ਹੋਰ ਪਾਰਟੀਆਂ ਨਾਲ ਰਲ ਕੇ ਇਕ ਪਾਸੇ ਚੋਣ ਕਮਿਸ਼ਨ ਵਿਰੁਧ ਤੇ ਦੂਜੇ ਪਾਸੇ ਨਵਾਜ਼ ਸ਼ਰੀਫ਼ ਸਰਕਾਰ ਵਿਰੁਧ ਲੰਮਾ ਸਮਾਂ ਇਹ ਜੇਹਾਦ ਖੜਾ ਕਰੀ ਰਖਿਆ ਕਿ ਚੋਣਾਂ ਵਿਚ ਹੇਰਾ ਫੇਰੀ ਹੋਈ ਹੈ। ਐਨ ਉਸੇ ਤਰ੍ਹਾਂ ਇਸ ਵਾਰ ਵੀ ਚੋਣ ਮੈਦਾਨ ਵਿਚ ਉਤਰੀਆ ਸਿਆਸੀ ਪਾਰਟੀਆਂ ਨੇ ਇਹੋ ਦੋਸ਼ ਲਾਇਆ ਹੈ।
ਤਾਂ ਵੀ ਇਹ ਸਿਰਫ਼ ਸਾਧਾਰਣ ਸਿਆਸੀ ਪਹਿਲੂ ਹਨ। ਚੋਣ ਹੋ ਗਈ, ਇਮਰਾਨ ਖ਼ਾਨ ਦੀ ਪਾਰਟੀ ਜਿੱਤ ਗਈ। ਉਹ ਪ੍ਰਧਾਨ ਮੰਤਰੀ ਬਣ ਗਿਆ ਹੈ। ਗਠਜੋੜ ਦੀ ਸਰਕਾਰ ਵੀ ਬਣ ਗਈ ਹੈ। ਵੇਖਣਾ ਹੋਵੇਗਾ ਕਿ ਇਸ ਦਾ ਭਾਰਤ ਪ੍ਰਤੀ ਕੀ ਨਜ਼ਰੀਆ ਰਹਿੰਦਾ ਹੈ ਅਤੇ ਫ਼ੌਜ ਦੀ ਭੂਮਿਕਾ ਕਿਹੋ ਜਿਹੀ ਰਹੇਗੀ? ਪਾਕਿਸਤਾਨ ਤੇ ਭਾਰਤ ਕਦੇ ਇਕੋ ਹੀ ਸਾਂਝੀ ਧਰਤੀ ਸੀ। ਚੌਧਰ ਦੇ ਭੁੱਖੇ ਕੁੱਝ ਸਿਆਸੀ ਆਗੂਆਂ ਨੇ ਇਹ ਧਰਤੀ ਦੋ ਹਿੱਸਿਆਂ ਵਿਚ ਵੰਡ ਲਈ। ਅੱਜ ਵੀ ਇਹ ਵੰਡੀ ਹੋਈ ਹੈ।
ਹਾਲਾਂਕਿ ਇਸ ਦੇ ਲੋਕ ਅਜਿਹਾ ਨਾ ਉਦੋਂ ਚਾਹੁੰਦੇ ਸਨ ਅਤੇ ਨਾ ਹੀ ਹੁਣ, ਬਲਕਿ ਵੱਡਾ ਦੁਖਾਂਤ ਤਾਂ ਇਹ ਹੈ ਕਿ ਜਦੋਂ ਦੇ ਇਹ ਦੋ ਮੁਲਕ ਬਣੇ ਹਨ, ਉਦੋਂ ਤੋਂ ਇਕ ਦੂਜੇ ਦੇ ਚੰਗੇ ਗੁਆਂਢੀ ਬਣਨ ਦੀ ਥਾਂ ਇਕ-ਦੂਜੇ ਦੇ ਲਹੂ ਦੇ ਪਿਆਸੇ ਬਣ ਗਏ ਹਨ, ਖ਼ਾਸ ਕਰ ਕੇ ਪਾਕਿਸਤਾਨ ਦੀ ਫ਼ੌਜ। ਫ਼ੌਜ ਨੂੰ ਭਾਰਤ ਨਾਲ ਸੁਖਾਵੇਂ ਸਬੰਧ ਰਤਾ ਵੀ ਨਹੀਂ ਭਾਉਂਦੇ ਜਦਕਿ ਭਾਰਤ ਦੇ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਨੇ ਅਪਣੇ ਵਲੋਂ ਸਬੰਧ ਸੁਧਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਵੇਖ ਲਿਆ ਹੈ। ਦੂਰ ਕੀ ਜਾਣਾ ਹੈ, ਦੋ ਦਹਾਕੇ ਪਹਿਲਾਂ ਤੋਂ ਹੀ ਵੇਖ ਲਉ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ 1999 ਵਿਚ ਦੋਸਤੀ ਦੀ ਬੱਸ ਲੈ ਕੇ ਪਾਕਿਸਤਾਨ ਗਏ।
ਬਦਕਿਸਮਤੀ ਨਾਲ ਇਹ ਉਹੀ ਸਮਾਂ ਸੀ ਜਦੋਂ ਇਕ ਪਾਸੇ ਤਾਂ ਦੋਹਾਂ ਮੁਲਕਾਂ ਦੇ ਸਿਆਸਤਦਾਨਾਂ ਵਿਚ ਜੱਫੀਆਂ ਪੈ ਰਹੀਆਂ ਸਨ ਅਤੇ ਹਵਾ ਵਿਚ ਗੁਲਾਬ ਦੀਆਂ ਫੁੱਲ ਪੱਤੀਆਂ ਉਡ ਰਹੀਆਂ ਸਨ। ਦੂਜੇ ਪਾਸੇ ਪਾਕਿਸਤਾਨੀ ਫ਼ੌਜ ਕਾਰਗਿਲ ਦੀਆਂ ਪਹਾੜੀਆਂ ਵਿਚ ਫ਼ੌਜੀ ਮੋਰਚੇ ਤਿਆਰ ਕਰ ਕੇ ਲੜਾਈ ਦਾ ਮਾਹੌਲ ਬਣਾ ਰਹੀ ਸੀ। ਦੋਸਤੀ ਦੀ ਇਹ ਬੱਸ ਕਾਰਗਿਲ ਦੀ ਲੜਾਈ ਵਿਚ ਬਦਲ ਗਈ ਸੀ ਜਿਸ ਵਿਚ ਦੋਹਾਂ ਪਾਸਿਆਂ ਦੀਆਂ ਮਾਵਾਂ ਦੇ ਕਈ ਪੁੱਤਰ, ਔਰਤਾਂ ਦੇ ਸੁਹਾਗ ਅਤੇ ਭੈਣਾਂ ਦੇ ਭਰਾ ਬਲੀ ਚੜ੍ਹ ਗਏ ਸਨ।
ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਚਾਰ ਸਾਲਾਂ ਵਿਚ ਪੂਰੀ ਵਾਹ ਲਗਾਈ ਦੋਸਤੀ ਨੂੰ ਨਵਾਂ ਜਾਮਾ ਪਹਿਨਾਉਣ ਦੀ ਪਰ ਪੱਲੇ ਕੱਖ ਨਾ ਪਿਆ, ਸਗੋਂ ਮੋਦੀ ਨੇ ਅਪਣੇ ਸਹੁੰ ਚੁੱਕ ਸਮਾਗਮ ਉਤੇ ਨਵਾਜ਼ ਸ਼ਰੀਫ਼ ਨੂੰ ਉਚੇਚਾ ਸੱਦਾ ਦਿਤਾ ਸੀ। ਫ਼ੌਜ ਨੇ ਉਨ੍ਹਾਂ ਨੂੰ ਅਜਿਹੀਆਂ ਗਿਣਤੀਆਂ ਮਿਣਤੀਆਂ ਵਿਚ ਪਾ ਦਿਤਾ ਕਿ ਐਨ ਆਖ਼ਰੀ ਸਮੇਂ ਉਤੇ ਹੀ ਉਨ੍ਹਾਂ ਦੀ ਰਜ਼ਾਮੰਦੀ ਆਈ। ਇਕ ਗੱਲ ਹੋਰ, ਨਰਿੰਦਰ ਮੋਦੀ ਬਾਹਰਲੇ ਕਿਸੇ ਮੁਲਕ ਤੋਂ ਮੁੜਦੇ ਹੋਏ ਅਚਾਨਕ ਲਾਹੌਰ ਇਸੇ ਨਵਾਜ਼ ਸ਼ਰੀਫ਼ ਦੀ ਦੋਹਤੀ ਦੇ ਵਿਆਹ ਦੀ ਮੁਬਾਰਕ ਦੇਣ ਲਈ ਪੁੱਜੇ।
ਵੇਖਿਆ ਜਾਵੇ ਤਾਂ ਇਹ ਮਨੁੱਖੀ ਭਾਈਚਾਰਕ ਸਾਂਝ ਦੀ ਇਕ ਨਵੀਂ ਮਿਸਾਲ ਸੀ ਪਰ ਪਤਾ ਜੇ ਇਸ ਦਾ ਸਿੱਟਾ ਕੀ ਨਿਕਲਿਆ? ਪਾਕਿਸਤਾਨ ਨੇ ਨਰਿੰਦਰ ਮੋਦੀ ਦਾ ਇਸ ਸ਼ੁੱਭ ਮੌਕੇ ਪੁੱਜਣ ਲਈ ਅਹਿਸਾਨ ਪ੍ਰਗਟਾਉਣ ਦੀ ਥਾਂ ਹਵਾਈ ਰਸਤੇ ਦੀ ਵਰਤੋਂ ਦਾ ਬਿਲ ਭੇਜ ਦਿਤਾ। ਤੁਸੀ ਹੀ ਦੱਸੋ ਭਲਾ ਇਹ ਕਿਧਰ ਦੀ ਸੂਝ ਸਿਆਣਪ ਤੇ ਗੁਆਂਢੀ ਦੇਸ਼ਾਂ ਨਾਲ ਮਿੱਤਰਤਾ ਜਾਂ ਸੁਖਾਵੇਂ ਸਬੰਧ ਬਣਾਉਣ ਦਾ ਰਸਤਾ ਹੈ? ਇਸੇ ਦੌਰਾਨ ਇਮਰਾਨ ਖ਼ਾਨ ਜਾਂ ਪਾਕਿਸਤਾਨੀ ਫ਼ੌਜ ਦਾ ਭਾਰਤ ਪ੍ਰਤੀ ਜੋ ਵਤੀਰਾ ਰਿਹਾ ਹੈ, ਉਸ ਤੋਂ ਤਾਂ ਬਿਲਕੁਲ ਹੀ ਇਹ ਆਸ ਨਹੀਂ ਰਖੀ ਜਾ ਸਕਦੀ ਕਿ ਨੇੜ ਭਵਿੱਖ ਵਿਚ ਇਮਰਾਨ ਖ਼ਾਨ ਸਰਕਾਰ ਦੇ ਭਾਰਤ ਨਾਲ ਸੁਖਾਵੇਂ ਸਬੰਧ ਬਣ ਸਕਣਗੇ।
ਪਿਛਲੇ 22 ਸਾਲਾਂ ਵਿਚ ਜੋ ਕੁੱਝ ਇਮਰਾਨ ਖ਼ਾਨ ਭਾਰਤ ਬਾਰੇ ਕਹਿੰਦਾ ਰਿਹਾ ਹੈ, ਉਸ ਤੋਂ ਵੀ ਇਹੀ ਲਗਦਾ ਹੈ। ਹੁਣ ਚੋਣ ਜਿੱਤਣ ਤੋਂ ਪਿਛੋਂ ਉਸ ਨੇ ਅਪਣੀ ਪਹਿਲੀ ਤਕਰੀਰ ਵਿਚ ਚੀਨ ਦਾ ਵਾਰ-ਵਾਰ ਜ਼ਿਕਰ ਕਰਦਿਆਂ ਉਸ ਨੂੰ ਅਪਣਾ ਸੱਚਾ ਮਿੱਤਰ ਗਰਦਾਨਿਆ ਹੈ ਪਰ ਭਾਰਤ ਨਾਲ ਸ਼ੁਰੂ ਵਿਚ ਹੀ ਕਸ਼ਮੀਰ ਮਸਲੇ ਦਾ ਫ਼ਾਨਾ ਗੱਡ ਦਿਤਾ ਹੈ। ਉਸ ਤੋਂ ਵੀ ਨਹੀਂ ਲਗਦਾ ਕਿ ਸਬੰਧਾਂ ਵਿਚ ਸੁਖਾਵਾਂਪਨ ਆਵੇਗਾ। ਪਾਕਿਸਤਾਨੀ ਫ਼ੌਜ ਵੀ ਤਾਂ ਇਹ ਨਹੀਂ ਚਾਹੁੰਦੀ ਕਿਉਂਕਿ ਛੋਟੀਆਂ ਮੋਟੀਆਂ ਸਰਹੱਦੀ ਝੜਪਾਂ ਤੋਂ ਬਿਨਾਂ ਉਹ ਭਾਰਤੀ ਫ਼ੌਜ ਤੋਂ ਘੱਟੋ-ਘੱਟ ਤਿੰਨ ਜੰਗਾਂ ਵਿਚ ਨਮੋਸ਼ੀ ਭਰੀ ਹਾਰ ਝੱਲ ਚੁਕੀ ਹੈ।
1971 ਦੀ ਜੰਗ ਤਾਂ ਪਾਕਿਸਤਾਨੀ ਫ਼ੌਜ ਨੂੰ ਅੱਜ ਵੀ ਚੈਨ ਨਹੀਂ ਲੈਣ ਦਿੰਦੀ ਜਦੋਂ ਇਸ ਦੇ 90 ਹਜ਼ਾਰ ਫ਼ੌਜੀਆਂ ਨੂੰ ਭਾਰਤੀ ਫ਼ੌਜ ਜਰਨੈਲ ਜਨਰਲ ਜਗਜੀਤ ਸਿੰਘ ਅਰੋੜਾ ਅੱਗੇ ਹਥਿਆਰ ਸੁਟਣੇ ਪਏ ਸਨ। ਪਾਕਿਸਤਾਨ ਉਦੋਂ ਤੋਂ ਅੰਦਰੋਂ-ਅੰਦਰ ਵਿਸ ਘੋਲ ਰਿਹਾ ਹੈ ਤੇ ਜਦੋਂ ਵੀ ਮੌਕਾ ਮਿਲਦਾ ਹੈ, ਡੱਸਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਜਿਹੇ ਹਾਲਾਤ ਵਿਚ ਇਮਰਾਨ ਖ਼ਾਨ ਦਾ ਪਾਕਿਸਤਾਨੀ ਫ਼ੌਜ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਨੱਚਣਾ ਸੰਭਵ ਹੈ।
ਜੇ ਉਸ ਨੂੰ ਹਾਲਾਤ ਨੇ ਕੁੱਝ ਸਿਆਸੀ ਸੂਝ ਸਮਝ ਬਖ਼ਸ਼ੀ ਤਾਂ ਤੇ ਉਹ ਥੋੜਾ ਬਹੁਤਾ ਲੋਕ ਸੇਵਕ ਬਣ ਸਕਦਾ ਹੈ, ਨਹੀਂ ਤਾਂ ਪਾਕਿਸਤਾਨ ਵਿਚ ਸਰਕਾਰਾਂ ਦੇ ਤਖ਼ਤੇ ਪਲਟਣ ਦਾ ਇਤਿਹਾਸ ਇਕ ਵਾਰ ਫਿਰ ਦੁਹਰਾਏ ਜਾਣ ਦਾ ਪਿੜ ਜ਼ਰੂਰ ਬੱਝ ਗਿਆ ਜਾਪਦਾ ਹੈ।
ਸੰਪਰਕ : 98141-22870