ਅਕਾਲੀ ਦਲ ਦੀ 'ਖ਼ਰਾਬ ਹਾਲਤ' ਬਾਰੇ ਟਕਸਾਲੀ ਆਗੂ ਪੂਰਾ ਸੱਚ ਬੋਲਣੋਂ ਡਰਦੇ ਕਿਹੜੀ ਗੱਲੋਂ ਹਨ......

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਕਾਲੀ ਦਲ ਦੀ 'ਖ਼ਰਾਬ ਹਾਲਤ' ਬਾਰੇ ਟਕਸਾਲੀ ਆਗੂ ਪੂਰਾ ਸੱਚ ਬੋਲਣੋਂ ਡਰਦੇ ਕਿਹੜੀ ਗੱਲੋਂ ਹਨ ਤੇ ਗੋਲਮੋਲ ਗੱਲਾਂ ਕਰ ਕੇ ਚੁੱਪ ਕਿਉਂ ਕਰ ਜਾਂਦੇ ਹਨ?

Sukhdev Singh Dhindsa

ਇਸ ਦਬੀ ਜ਼ੁਬਾਨ ਵਿਚ ਕੀਤੇ ਜਾ ਰਹੇ ਵਿਰੋਧ ਦਾ ਮਤਲਬ ਕੀ ਹੈ? ਕੀ ਉਹ ਕਿਸੇ ਤੋਂ ਡਰਦੇ ਹਨ? ਇਹ ਮੰਨਿਆ ਜਾਂਦਾ ਸੀ ਕਿ ਅਕਾਲੀ ਹਾਈਕਮਾਂਡ ਕੋਲ ਕੁੱਝ ਅਜਿਹੀਆਂ ਫ਼ਾਈਲਾਂ ਹਨ ਜਿਨ੍ਹਾਂ ਸਦਕਾ ਸਾਰੀ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਇਕ ਪ੍ਰਵਾਰ ਦੇ ਕਬਜ਼ੇ ਹੇਠ ਹੈ ਜਿਸ ਕਰ ਕੇ ਉਹ ਅਪਣੀ ਆਵਾਜ਼ ਨਹੀਂ ਚੁਕ ਸਕਦੇ। ਸ਼ੇਰ ਸਿੰਘ ਘੁਬਾਇਆ ਵਲੋਂ ਅਕਾਲੀ ਦਲ ਛੱਡਣ ਤੋਂ ਬਾਅਦ ਜੋ ਅਸ਼ਲੀਲ ਵੀਡੀਉ ਸਾਹਮਣੇ ਆਈ ਸੀ,

ਉਸ ਨੂੰ ਅਕਾਲੀ ਦਲ ਦੀ ਇਸ ਖ਼ੁਫ਼ੀਆ ਫ਼ਾਈਲ 'ਚੋਂ ਲਿਆ ਮੰਨਿਆ ਜਾਂਦਾ ਹੈ। ਭ੍ਰਿਸ਼ਟਾਚਾਰ ਦੀਆਂ ਫ਼ਾਈਲਾਂ ਵੀ ਜ਼ਰੂਰ ਹੋਣਗੀਆਂ ਕਿਉਂਕਿ ਆਮ ਚਰਚਾ ਹੁੰਦੀ ਰਹਿੰਦੀ ਹੈ ਕਿ ਕਿਹੜਾ 'ਪੰਥਕ' ਅਕਾਲੀ ਪ੍ਰਵਾਰ ਕਿਸ ਗੁਰਦਵਾਰੇ ਦੀ 'ਸੇਵਾ' ਕਰਦਾ ਹੈ ਤੇ ਕਿਹੜੀ ਕਿਹੜੀ ਰੇਤੇ ਦੀ ਖਾਣ ਨੂੰ ਚਲਾਉਂਦਾ ਹੈ।

ਅੱਜ ਬਾਦਲ ਪ੍ਰਵਾਰ ਨੂੰ ਘਿਰਿਆ ਵੇਖ ਕੇ ਅਕਾਲੀ ਲੀਡਰਾਂ ਤੇ ਵਰਕਰਾਂ ਦੀ ਅੰਦਰ ਦੀ ਬੇਚੈਨੀ ਬਾਹਰ ਆਉਣ ਲੱਗ ਪਈ ਹੈ। ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਸ਼ੁਰੂ ਹੋਇਆ ਸਿਲਸਿਲਾ, ਮਾਝੇ ਦੇ ਪੁਰਾਣੇ ਟਕਸਾਲੀ ਆਗੂਆਂ ਨੇ ਅੱਗੇ ਵਧਾਇਆ ਅਤੇ ਹੁਣ ਤਿੰਨ ਤਖ਼ਤਾਂ ਦੇ ਜਥੇਦਾਰਾਂ ਨੇ ਵੀ ਬਗ਼ਾਵਤ ਦੇ ਸੁਰ ਅਲਾਪਣੇ ਸ਼ੁਰੂ ਕਰ ਦਿਤੇ ਹਨ। ਐਸ.ਜੀ.ਪੀ.ਸੀ. ਦੇ ਇਕ ਮੈਂਬਰ ਬਲਦੇਵ ਸਿੰਘ ਮਾਖਾ ਨੇ ਵੀ ਸਿਆਸਤ ਨੂੰ ਅਲਵਿਦਾ ਕਹਿ ਦਿਤੀ ਹੈ। ਮਾਝੇ ਦੇ ਆਗੂਆਂ ਤੋਂ ਉਮੀਦ ਤਾਂ ਇਹ ਕੀਤੀ ਜਾ ਰਹੀ ਸੀ ਕਿ ਉਹ ਵੀ ਸੁਖਦੇਵ ਸਿੰਘ ਢੀਂਡਸਾ ਵਾਂਗ ਅਸਤੀਫ਼ੇ ਦੇ ਦੇਣਗੇ

ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨਾਲ ਪ੍ਰੈੱਸ ਕਾਨਫ਼ਰੰਸ ਤੋਂ ਪਹਿਲਾਂ ਗੱਲ ਕਰ ਕੇ ਮਾਮਲਾ ਹਾਲ ਦੀ ਘੜੀ ਤਾਂ ਸੰਭਾਲ ਹੀ ਲਿਆ ਹੈ। ਪਰ ਫਿਰ ਵੀ ਉਹ ਅਪਣੇ ਮਨ ਵਿਚ ਦਬਾ ਕੇ ਰੱਖੇ ਜਜ਼ਬਾਤ ਅਤੇ ਕੁੱਝ ਨਾਰਾਜ਼ਗੀਆਂ ਨੂੰ ਹਵਾ ਦੇਣ ਵਿਚ ਸਫ਼ਲ ਜ਼ਰੂਰ ਹੋ ਗਏ। ਉਨ੍ਹਾਂ ਨੇ ਇਹ ਤਾਂ ਕਹਿ ਦਿਤਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸੱਭ ਠੀਕ ਨਹੀਂ ਚਲ ਰਿਹਾ ਪਰ ਇਹ ਤਾਂ ਸੱਭ ਲੋਕ ਪਹਿਲਾਂ ਹੀ ਜਾਣਦੇ ਸਨ ਕਿ ਸੱਭ ਅੱਛਾ ਨਹੀਂ ਚਲ ਰਿਹਾ ਤੇ ਇਹ ਹਾਲਤ ਕਾਫ਼ੀ ਦੇਰ ਤੋਂ ਚਲ ਰਹੀ ਸੀ।

ਮਾਝੇ ਦੇ ਆਗੂਆਂ ਵਲੋਂ ਰਾਜਧਾਨੀ ਚੰਡੀਗੜ੍ਹ ਪੰਜਾਬ ਕੋਲੋਂ ਖੋਹਣ ਦੀ ਤਾਜ਼ਾ ਕੋਸ਼ਿਸ਼ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਪੰਜਾਬ-ਵਿਰੋਧੀ ਕਾਰਵਾਈ ਦਸ ਕੇ ਆਪਸੀ ਸਬੰਧ ਤੋੜਨ ਦੀ ਧਮਕੀ ਵੀ ਦਿਤੀ ਗਈ। ਇਹ ਗੱਲ ਬਾਦਲ ਪ੍ਰਵਾਰ ਲਈ ਮੌਤ ਨਾਲੋਂ ਵੀ ਮਾੜੀ ਖ਼ਬਰ ਹੈ ਕਿਉਂਕਿ ਮੋਦੀ (ਬੀ.ਜੇ.ਪੀ.) ਦੀ ਕ੍ਰਿਪਾ ਤੋਂ ਬਿਨਾਂ, ਬਾਦਲ ਪ੍ਰਵਾਰ ਲਈ ਇਕ ਦਿਨ ਵੀ ਚਲਣਾ ਔਖਾ ਹੋ ਜਾਏਗਾ। ਪਰ ਇਨ੍ਹਾਂ ਸਾਰੇ  ਮੁੱਦਿਆਂ ਬਾਰੇ ਅੱਜ ਆਵਾਜ਼ ਚੁੱਕਣ ਦੀ ਹਿੰਮਤ ਵੇਖ ਕੇ ਇਨ੍ਹਾਂ 'ਟਕਸਾਲੀ' 'ਪੰਥਕ' ਆਗੂਆਂ ਉਤੇ ਹੈਰਾਨੀ ਵੀ ਹੁੰਦੀ ਹੈ। ਭਾਜਪਾ ਨਾਲ ਅਕਾਲੀ ਦਲ ਦਾ ਸਿਆਸੀ ਗਠਜੋੜ ਪੰਜਾਬ ਨੂੰ ਬੜਾ ਮਹਿੰਗਾ ਪਿਆ ਹੈ।

ਚੰਡੀਗੜ੍ਹ ਤਾਂ ਹੱਥੋਂ ਫਿਸਲਿਆ ਹੀ ਹੈ ਪਰ ਭਾਜਪਾ ਨਾਲ ਆਰ.ਐਸ.ਐਸ. ਦੀ ਦਖ਼ਲਅੰਦਾਜ਼ੀ ਨੇ ਸਿੱਖ ਫ਼ਲਸਫ਼ੇ ਦੀਆਂ ਜੜ੍ਹਾਂ ਨੂੰ ਵੀ ਕਮਜ਼ੋਰ ਕਰ ਕੇ ਰੱਖ ਦਿਤਾ ਹੈ। ਨਾਨਕਸ਼ਾਹੀ ਕੈਲੰਡਰ ਨੂੰ ਚੰਨ ਦੀ ਚਾਲ ਨਾਲ ਮਿਲਾ ਕੇ ਡੇਰਾਵਾਦ ਨੂੰ ਹੁੰਗਾਰਾ ਦਿਤਾ ਗਿਆ ਹੈ। ਪਰ ਉਸ ਸਮੇਂ ਨਾ ਇਹ ਪੰਥਕ ਆਗੂ ਬੋਲੇ ਅਤੇ ਨਾ ਹੀ ਜਥੇਦਾਰ ਬੋਲੇ ਅਤੇ ਨਾ ਕਿਸੇ ਨੇ ਅਸਤੀਫ਼ਾ ਹੀ ਦਿਤਾ। ਜਦੋਂ ਚਿੱਟੇ ਦਾ ਵਪਾਰ ਵਧਦਾ-ਵਧਦਾ ਪੰਜਾਬ ਦੇ ਨੌਜਵਾਨਾਂ ਨੂੰ ਖਾ ਰਿਹਾ ਸੀ, ਜਦੋਂ ਇਕ ਪੰਥਕ ਸਰਕਾਰ ਨੇ ਤਮਾਕੂ ਦੀ ਵਿਕਰੀ ਵਧਾਉਣ ਵਾਸਤੇ ਤਮਾਕੂ ਤੇ ਲਗਦਾ ਟੈਕਸ ਘਟਾ ਦਿਤਾ, ਜਦੋਂ ਸਾਰੇ ਪੰਜਾਬ ਵਿਚ ਪੰਜਾਬ ਦੇ ਠੇਕਿਆਂ ਦਾ ਜਾਲ ਵਿਛਾ ਦਿਤਾ ਗਿਆ,

ਜਦੋਂ ਸਰਹੱਦਾਂ ਤੇ ਇਕ ਸਿਆਸੀ ਪ੍ਰਵਾਰ ਵਲੋਂ ਤਸਕਰੀ ਕਰਨ ਕਰ ਕੇ ਪਠਾਨਕੋਟ ਵਿਚ ਹਮਲਾ ਹੋਇਆ। ਜਦੋਂ ਇਕ ਪ੍ਰਵਾਰ ਦੇ ਪੰਜ ਮੈਂਬਰ ਮੰਤਰੀ ਬਣ ਕੇ ਸੀਨੀਅਰ ਅਕਾਲੀ ਆਗੂਆਂ ਨੂੰ ਖੁੱਡੇ ਲਾਉਂਦੇ ਰਹੇ, ਉਦੋਂ ਕੋਈ ਕੁੱਝ ਨਾ ਬੋਲਿਆ। ਫਿਰ ਅੱਜ ਉਨ੍ਹਾਂ ਵਲੋਂ ਕੀਤੇ ਜਾ ਰਹੇ ਵਿਰੋਧ ਦਾ ਕੀ ਮਤਲਬ ਹੋਇਆ?
ਪਰ ਅੱਜ ਵੀ ਵਿਰੋਧ ਘੁਟੀ ਆਵਾਜ਼ ਵਿਚ ਹੀ ਸਾਹਮਣੇ ਆ ਰਿਹਾ ਹੈ। ਕੋਈ ਅਪਣੇ ਬੁਢਾਪੇ ਨੂੰ ਤੇ ਕੋਈ ਸਿਹਤ ਨੂੰ ਕਾਰਨ ਦਸਦਾ ਹੈ ਅਤੇ ਕੋਈ ਕਹਿੰਦਾ ਹੈ ਕਿ ਕੁੱਝ ਤਾਂ ਖ਼ਰਾਬ ਹੈ ਹੀ। ਪਰ ਖ਼ਰਾਬ ਕੀ ਹੈ, ਇਹ ਕਹਿਣ ਦੀ ਕਿਸੇ 'ਚ ਹਿੰਮਤ ਨਹੀਂ।

ਸੁਖਦੇਵ ਸਿੰਘ ਢੀਂਡਸਾ ਦਾ ਅਸਤੀਫ਼ਾ ਜ਼ਿਆਦਾ ਅਹਿਮੀਅਤ ਰਖਦਾ ਹੈ ਕਿਉਂਕਿ ਉਨ੍ਹਾਂ ਦੇ ਪੁੱਤਰ ਅਜੇ ਵੀ ਅਕਾਲੀ ਦਲ ਵਿਚ ਅਹਿਮ ਸਥਾਨ ਤੇ ਬੈਠੇ ਹਨ ਅਤੇ ਸਾਰੇ ਦੇ ਸਾਰੇ ਅਖ਼ਬਾਰਾਂ ਵਾਲਿਆਂ ਸਾਹਮਣੇ ਤਾਂ ਇਹੀ ਆਖਦੇ ਹਨ ਕਿ ਉਹ ਅਕਾਲੀ ਦਲ (ਬਾਦਲ) ਨਾਲ ਜੁੜੇ ਹੋਏ ਹਨ ਅਤੇ ਅਕਾਲੀ ਦਲ ਜਨਮ-ਜਨਮਾਂਤਰਾਂ ਲਈ ਭਾਜਪਾ ਨਾਲ ਜੁੜ ਚੁੱਕਾ ਹੈ। ਇਸ ਦਬੀ ਜ਼ੁਬਾਨ ਵਿਚ ਕੀਤੇ ਜਾ ਰਹੇ ਵਿਰੋਧ ਦਾ ਮਤਲਬ ਕੀ ਹੈ? ਕੀ ਉਹ ਕਿਸੇ ਤੋਂ ਡਰਦੇ ਹਨ? ਇਹ ਮੰਨਿਆ ਜਾਂਦਾ ਸੀ ਕਿ ਅਕਾਲੀ ਦਲ ਹਾਈਕਮਾਂਡ ਕੋਲ ਕੁੱਝ ਅਜਿਹੀਆਂ ਗੁਪਤ ਫ਼ਾਈਲਾਂ ਹਨ

ਜਿਨ੍ਹਾਂ ਸਦਕਾ ਸਾਰੀ ਪਾਰਟੀ ਕਿਸੇ ਨਾ ਕਿਸੇ ਤਰ੍ਹਾਂ ਇਕ ਪ੍ਰਵਾਰ ਦੇ ਕਬਜ਼ੇ ਹੇਠ ਹੈ ਜਿਸ ਕਰ ਕੇ ਉਹ ਅਪਣੀ ਆਵਾਜ਼ ਨਹੀਂ ਚੁਕ ਸਕਦੇ। ਸ਼ੇਰ ਸਿੰਘ ਘੁਬਾਇਆ ਵਲੋਂ ਅਕਾਲੀ ਦਲ ਛੱਡਣ ਤੋਂ ਬਾਅਦ ਜੋ ਅਸ਼ਲੀਲ ਵੀਡੀਉ ਸਾਹਮਣੇ ਆਈ ਸੀ, ਉਸ ਨੂੰ ਅਕਾਲੀ ਦਲ ਦੀ ਇਸ ਖ਼ੁਫ਼ੀਆ ਫ਼ਾਈਲ 'ਚੋਂ ਲਿਆ ਮੰਨਿਆ ਜਾਂਦਾ ਹੈ। ਭ੍ਰਿਸ਼ਟਾਚਾਰ ਦੀਆਂ ਫ਼ਾਈਲਾਂ ਵੀ ਜ਼ਰੂਰ ਹੋਣਗੀਆਂ ਕਿਉਂਕਿ ਆਮ ਚਰਚਾ ਹੁੰਦੀ ਰਹਿੰਦੀ ਹੈ ਕਿ ਕਿਹੜਾ 'ਪੰਥਕ' ਅਕਾਲੀ ਪ੍ਰਵਾਰ ਕਿਸ ਗੁਰਦਵਾਰੇ ਦੀ 'ਸੇਵਾ' ਕਰਦਾ ਹੈ ਤੇ ਕਿਹੜੇ ਕਿਹੜੀ ਰੇਤੇ ਦੀ ਖਾਣ ਨੂੰ ਚਲਾਉਂਦਾ ਹੈ। 

ਅੱਜ ਵੀ ਜੇ ਬਾਦਲ ਦੇ ਇਕ ਫ਼ੋਨ ਨਾਲ ਵਿਰੋਧ ਲੜਖੜਾ ਜਾਂਦਾ ਹੈ, ਉਸ ਦਾ ਕੀ ਮਤਲਬ ਲਿਆ ਜਾਵੇ? ਅਕਾਲੀ ਦਲ ਦਾ ਬਾਦਲ ਪ੍ਰਵਾਰ ਹੀ ਨਹੀਂ ਬਲਕਿ ਬਹੁਤੇ ਅਕਾਲੀ ਆਗੂ ਹੁਣ ਅਪਣੀ 10-15 ਸਾਲ ਦੀ ਚੁੱਪੀ ਦਾ ਇਲਜ਼ਾਮ ਸਿਰਫ਼ ਸੁਖਬੀਰ ਸਿੰਘ ਬਾਦਲ ਜਾਂ ਮਜੀਠੀਆ ਉਤੇ ਮੜ੍ਹ ਕੇ ਸੁਰਖਰੂ ਹੋ ਜਾਣਾ ਚਾਹੁੰਦੇ ਹਨ। ਇਨ੍ਹਾਂ ਦੀ 10 ਸਾਲ ਦੀ ਚੁੱਪੀ ਦੇ ਪਿੱਛੇ ਹੋਰ ਵੀ ਬਹੁਤ ਸਾਰੇ ਸੱਚ ਲੁਕੇ ਹੋਏ ਹਨ।  -ਨਿਮਰਤ ਕੌਰ