ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਫੁੱਲਾਂ ਵਾਲਾ ਝੋਲਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਝੋਲਾ ਮਜ਼ਬੂਤ ਮੋਟੇ ਕਪੜੇ ਦਾ ਬਣਾ ਉਸ ਉਪਰ ਫੁੱਲ, ਵੇਲ ਬੂਟੀਆਂ ਪਾ ਕੇ ਕੁੜੀਆਂ ਤਿਆਰ ਕਰਦੀਆਂ ਸਨ।

ਫੁੱਲਾਂ ਵਾਲਾ ਝੋਲਾ


ਮੈਂ ਉਸ ਸਮੇ ਦੀ ਗੱਲ ਕਰ ਰਿਹਾ ਹਾਂ ਜਦੋਂ ਪਿੰਡ ਦੀਆਂ ਬਜ਼ੁਰਗ ਔਰਤਾਂ, ਮੁਟਿਆਰਾਂ ਤਿ੍ਰੰਝਣਾਂ ਵਿਚ ਬੈਠ ਚਰਖੇ ਕੱਤਦੀਆਂ ਸਨ ਅਤੇ ਇਕ ਦੂਸਰੇ ਨਾਲ ਹਾਸਾ ਠੱਠਾ, ਮਖ਼ੌਲ ਕਰ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ ਸਨ। ਮੈਂ ਗੱਲ ਫੁੱਲਾਂ ਦੇ ਝੋਲੇ ਦੀ ਕਰ ਰਿਹਾ ਹਾਂ।

ਝੋਲਾ ਮਜ਼ਬੂਤ ਮੋਟੇ ਕਪੜੇ ਦਾ ਬਣਾ ਉਸ ਉਪਰ ਫੁੱਲ, ਵੇਲ ਬੂਟੀਆਂ ਪਾ ਕੇ ਕੁੜੀਆਂ ਤਿਆਰ ਕਰਦੀਆਂ ਸਨ। ਮੁਟਿਆਰਾਂ ਅਪਣੇ ਦਾਜ ਵਾਸਤੇ ਫੁੱਲਾਂ ਵਾਲਾ ਝੋਲਾ ਮੀਨਾਕਾਰੀ ਕਰ ਕੇ ਤਿਆਰ ਕਰਦੀਆਂ ਸਨ ਤਾਂ ਜੋ ਉਨ੍ਹਾਂ ਦੀ ਕਢਾਈ ਦੀ ਸਹੁਰੇ ਘਰ ਉਸਤਤ ਹੋਵੇ। ਜਦੋਂ ਕਿਤੇ ਬਜ਼ਾਰ ਵਿਚ ਸੌਦਾ ਪੱਤਾ ਲੈਣ ਜਾਈਦਾ ਸੀ ਝੋਲੇ ਨੂੰ ਬਾਂਹ ਵਿਚ ਪਾ ਲਿਆ ਜਾਂਦਾ ਸੀ। ਉਸ ਵੇਲੇ ਸਾਈਕਲ ਵੀ ਘੱਟ ਹੁੰਦੇ ਸੀ। ਜਦੋਂ ਕਿਤੇ ਵਾਂਢੇ ਜਾਈਦਾ ਸੀ, ਫੁੱਲ ਬੂਟੀਆਂ ਵਾਲਾ ਝੋਲਾ ਸਾਈਕਲ ਨਾਲ ਬੰਨਿ੍ਹਆ ਵੇਖ ਲੋਕ ਦੇਖਦੇ ਹੀ ਰਹਿ ਜਾਂਦੇ ਸੀ।

ਝੋਲੇ ਨੂੰ ਸਾਈਕਲ ਦੇ ਹੈਂਡਲ ਵਾਲ ਲਟਕਾ ਜਾਂ ਸਾਈਕਲ ਦੇ ਕੈਰੀਅਰ ਨਾਲ ਬੰਨ੍ਹ ਲਿਆ ਜਾਂਦਾ ਸੀ। ਜਦੋਂ ਵਾਂਡੇ ਜਾਣਾ ਉਦੋਂ ਝੋਲੇ ਵਿਚ ਕਪੜੇ ਪਾ ਕੇ ਖ਼ਾਸ ਕਰ ਕੇ ਬੀਬੀਆਂ ਲਿਜਾਂਦੀਆਂ ਸਨ। ਸਕੂਲ ਵਿਚ ਵੀ ਬੱਚੇ ਕਿਤਾਬਾਂ ਪਾ ਕੇ ਲੈ ਜਾਂਦੇ ਸੀ। ਕਈ ਸਕੂਲਾਂ ਦੀਆਂ ਭੈਣਜੀਆਂ ਇਨ੍ਹਾਂ ਝੋਲਿਆਂ ਨੂੰ ਦੇਖ ਮਸਤ ਵੀ ਹੋ ਜਾਂਦੀਆਂ ਸਨ ਤੇ ਝੋਲਾ ਬਣਾਉਣ ਲਈ ਬੱਚਿਆਂ ਨੂੰ ਵਗਾਰ ਪਾ ਦਿੰਦੀਆਂ ਸਨ। ਝੋਨੇ ਦੀ ਜਗ੍ਹਾ ਹੁਣ ਪੋਲੀਥੀਨ ਦੇ ਲਿਫ਼ਾਫ਼ਿਆਂ ਨੇ ਲੈ ਲਈ ਹੈ ਜੋ ਨਸ਼ਟ ਨਾ ਹੋਣ ਕਾਰਨ ਪ੍ਰਦੂਸ਼ਣ ਪੈਦਾ ਕਰ ਰਿਹਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਲੋੜ ਹੈ ਪੋਲੀਥੀਨ ਲਿਫ਼ਾਫ਼ਿਆਂ ਦਾ ਬਾਈਕਾਟ ਕਰ ਫਿਰ ਝੋਲੇ ਦੀ ਵਰਤੋਂ ਕਰੀਏ ਜੋ ਅਲੋਪ ਹੋ ਗਿਆ ਹੈ।

-ਗੁਰਮੀਤ ਸਿੰਘ ਵੇਰਕਾ ਐਮ ਏ ਪੁਲਿਸ ਐਡਮਨਿਸਟਰੇਸ਼ਨ। 9878609221