ਨਵੰਬਰ 84 ਕਤਲੇਆਮ ਦੀਆਂ ਅੱਖੀਂ ਵੇਖੀਆਂ ਸੱਚੀਆਂ ਘਟਨਾਵਾਂ
ਨਵੰਬਰ ਆਉਂਦੇ ਹੀ ਲਗਦਾ ਹੈ ਚੁਰਾਸੀ ਫਿਰ ਆ ਗਈ: ਨਿਰਮਲ ਕੌਰ, 38 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਹੈ ਵਿਧਵਾ ਕਲੋਨੀ ’ਚ ਰਹਿ ਰਹੀ ਬੀਬੀ ਨਿਰਮਲ ਕੌਰ
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): 1 ਨਵੰਬਰ ਆਉਂਦੀ ਹੈ ਤਾਂ ਇੰਝ ਲੱਗਦਾ, ਸਾਡੇ ਲਈ ਫਿਰ ਤੋਂ ਚੁਰਾਸੀ ਆ ਗਈ। ਇਹ ਬੋਲ ਦਿੱਲੀ ਦੀ ਵਿਧਵਾ ਕਲੋਨੀ ਦੇ ਮਕਾਨ ਨੰਬਰ 86/ਏ ਵਿਚ ਰਹਿ ਰਹੀ ਨਿਰਮਲ ਕੌਰ ਦੇ ਹਨ ਜੋ 38 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਨਾਲ ਵਰਤਾਰੇ ਦੇ 38 ਸਾਲ ਬੀਤ ਜਾਣ ਉਪਰੰਤ ਪੀੜਤਾਂ ਦੀ ਪੀੜ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਦਿੱਲੀ ਵਿਧਵਾ ਕਲੋਨੀ ਪਹੁੰਚੀ।
ਕਤਲੇਆਮ ਦੇ ਪੀੜਤ ਸਿੱਖ ਪ੍ਰਵਾਰਾਂ ਨੂੰ ਨਿੱਕੇ-ਨਿੱਕੇ ਘਰ ਅਲਾਟ ਕੀਤੇ ਗਏ ਸਨ ਤੇ ਇਸ ਕਲੋਨੀ ਵਿਚ 2 ਹਜ਼ਾਰ ਤੋਂ ਵੱਧ ਫਲੈਟ ਹਨ। ਵਿਧਵਾਵਾਂ ਇਸ ਕਲੋਨੀ ਵਿਚ ਰਹਿੰਦੀਆਂ ਹੋਣ ਕਰ ਕੇ ਇਸ ਨੂੰ ਵਿਧਵਾ ਕਲੋਨੀ ਕਿਹਾ ਜਾਣ ਲੱਗ ਪਿਆ। ਖੁੱਡਿਆਂ ਵਰਗੇ ਘਰਾਂ ਵਿਚ ਰਹਿ ਰਹੇ ਸਿੱਖ ਪ੍ਰਵਾਰ ਘਰ ਦਾ ਗੁਜ਼ਾਰਾ ਚਲਾਉਣ ਲਈ ਆਟੋ ਰਿਕਸ਼ਾ, ਸਬਜ਼ੀ ਆਦਿ ਦਾ ਕੰਮ ਕਰਦੇ ਹਨ। ਜ਼ਿਆਦਾਤਰ ਘਰਾਂ ਦੇ ਹਾਲਾਤ ਤਾਂ ਅਜਿਹੇ ਹਨ ਕਿ ਚੰਗੀ ਤਰ੍ਹਾਂ ਪਲਸਤਰ ਵੀ ਨਹੀਂ ਕੀਤਾ ਹੋਇਆ।
ਨਿਰਮਲ ਕੌਰ ਵੀ ਇਸੇ ਕਲੋਨੀ ਵਿਚ ਪਿਛਲੇ 38 ਸਾਲਾਂ ਤੋਂ ਅਪਣੇ ਪ੍ਰਵਾਰ ਨਾਲ ਰਹਿ ਰਹੀ ਹੈ
ਜੋ ਨਿਰੰਤਰ ਇਨਸਾਫ਼ ਦੀ ਲੜਾਈ ਵੀ ਲੜ ਰਹੀ ਹੈ। ਪਹਿਲਾਂ ਇਹ ਲੜਾਈ ਨਿਰਮਲ ਕੌਰ ਦੀ ਮਾਂ ਲੜਦੀ ਸੀ ਤੇ ਦੋਸ਼ੀਆਂ ਦੀ ਹਰ ਪੇਸ਼ੀ ’ਤੇ ਅਦਾਲਤ ਜਾਂਦੀ ਸੀ ਪਰ ਹੁਣ ਮਾਂ ਬੀਮਾਰ ਹੋਣ ਕਰ ਕੇ ਖ਼ੁਦ ਨਿਰਮਲ ਕੌਰ ਪੇਸ਼ੀਆਂ ’ਤੇ ਜਾਂਦੀ ਹੈ। ਨਿਰਮਲ ਕੌਰ ਦਾ ਕਹਿਣਾ ਹੈ ਕਿ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਤੋਂ 15 ਦਿਨ ਪਹਿਲਾਂ ਹੀ ਕਤਲੇਆਮ ਦੀਆਂ ਘਿਨੌਣੀਆਂ ਤਸਵੀਰਾਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀਆਂ ਹਨ ਤੇ ਇੰਜ ਲਗਦਾ ਹੈ ਕਿ ਚੁਰਾਸੀ ਫਿਰ ਆ ਗਈ। ਨਿਰਮਲ ਕੌਰ ਨੇ ਭਾਵੁਕ ਹੁੰਦੇ ਹੋਏ ਦਸਿਆ ਕਿ 1 ਨਵੰਬਰ ਨੂੰ ਕਾਤਲਾਂ ਦਾ ਇਕ ਟੋਲਾ ਉਨ੍ਹਾਂ ਦੇ ਘਰ ਵੜ ਗਿਆ ਤੇ ਉਸ ਦੇ ਪਿਤਾ ਨੂੰ ਕੇਸਾਂ ਤੋਂ ਖਿੱਚ ਕੇ ਬਾਹਰ ਸੁੱਟਿਆ। ਪਹਿਲਾਂ ਪਿਤਾ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਤੇ ਫਿਰ ਇਕ ਚਿੱਟੇ ਰੰਗ ਦਾ ਪਾਊਡਰ ਕੇਸਾਂ ’ਤੇ ਪਾ ਕੇ ਅੱਗ ਲਾ ਦਿਤੀ।
ਅਪਣੀ ਖੱਬੀ ਬਾਂਹ ਦਾ ਨਿਸ਼ਾਨ ਦਿਖਾਉਂਦੀ ਹੋਈ ਨਿਰਮਲ ਨੇ ਦਸਿਆ ਕਿ ਉਸ ਨੇ ਅਪਣੇ ਪਿਤਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਉਸ ਦੀ ਬਾਂਹ ਨੂੰ ਅੱਗ ਲੱਗ ਗਈ। ਨਿਰਮਲ ਕੌਰ ਨੇ ਦਸਿਆ,“ਮੇਰੇ ਪਿਉ ਨੂੰ ਮੇਰੀਆਂ ਅੱਖਾਂ ਸਾਹਮਣੇ ਸਾੜ ਦਿਤਾ ਗਿਆ। ਉਸ ਤੋਂ ਬਾਅਦ ਜਦੋਂ ਅਪਣੀ ਜਾਨ ਬਚਾਉਣ ਲਈ ਅੱਗੇ ਭੱਜਦੀ ਗਈ ਤਾਂ ਅਪਣੇ ਮਾਮੇ ਨੂੰ ਸੜਿਆ ਹੋਇਆ ਦੇਖਿਆ। ਮੇਰੇ ਚਾਚੇ ’ਤੇ ਡੰਡਿਆਂ ਨਾਲ ਜ਼ੁਲਮ ਢਾਹਿਆ ਜਾ ਰਿਹਾ ਸੀ ਤੇ ਚਿੱਟੇ ਰੰਗ ਦਾ ਪਾਊਡਰ ਪਾ ਕੇ ਉਸ ਨੂੰ ਵੀ ਸਾੜ ਦਿਤਾ ।
ਜ਼ਿਕਰਯੋਗ ਹੈ ਕਿ ਸਿੱਖਾਂ ਨੂੰ ਜਲਾਉਣ ਲਈ ਚਿੱਟੇ ਰੰਗ ਦਾ ਪਾਊਡਰ ਵਰਤਿਆ ਗਿਆ ਤੇ ਜਦੋਂ ਇਸ ਪਾਊਡਰ ਬਾਰੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਪਤਾ ਲੱਗਾ ਕਿ ਇਹ ਇਕ ਕਿਸਮ ਦਾ ਫ਼ਾਸਫ਼ੋਰਸ ਹੈ ਜੋ ਮਨੁੱਖੀ ਸਰੀਰ ਨੂੰ ਸਾੜਨ ਲਈ ਵਰਤਿਆ ਜਾਂਦਾ ਹੈ। ਇਹ ਪਾਊਡਰ ਇੰਨਾ ਜ਼ਿਆਦਾ ਖ਼ਤਰਨਾਕ ਹੁੰਦਾ ਹੈ ਕਿ ਚਮੜੀ ਦੇ ਨਾਲ ਚਿਪਕ ਕੇ ਹੱਡੀਆਂ ਤਕ ਸਾੜ ਦਿੰਦਾ ਹੈ। ਇਥੋਂ ਤਕ ਕਿ ਇਸ ਪਾਊਡਰ ਦਾ ਸਾਹ ਰਾਹੀਂ ਸਰੀਰ ਵਿਚ ਜਾਣਾ ਵੀ ਜਾਨਲੇਵਾ ਹੈ। ਇਸੇ ਕਰ ਕੇ ਯੂਨਾਈਟਿਡ ਨੇਸ਼ਨਸ ਨੇ ਇਸ ਪਾਊਡਰ ’ਤੇ ਪਾਬੰਦੀ ਲਾ ਦਿਤੀ ਸੀ, ਪਰ ਫਿਰ ਵੀ ਚੋਰੀ-ਚੋਰੀ ਇਹ ਪਾਊਡਰ ਵਰਤੋਂ ਵਿਚ ਆਉਂਦਾ ਰਿਹਾ।
ਨਿਰਮਲ ਕੌਰ ਨੇ ਦਸਿਆ ਕਿ ਗੁੰਡੇ ਕੁੜੀਆਂ ਨੂੰ ਚੁਕ ਕੇ ਲੈ ਜਾਂਦੇ ਸੀ ਤੇ ਕਈ-ਕਈ ਗੁੰਡੇ ਇਕ-ਇਕ ਕੁੜੀ ਨਾਲ ਕਿੰਨੀ ਵਾਰ ਦੁਸ਼ਕਰਮ ਕਰਦੇ ਰਹੇ। ਚਾਰੇ ਪਾਸੇ ਬਜ਼ੁਰਗਾਂ, ਜਵਾਨਾਂ ਦੀਆ ਲਾਸ਼ਾਂ ਪਈਆਂ ਹੋਈਆਂ ਸੀ। ਕਿਸੇ ਦਾ ਸਰੀਰ ਅੱਧਾ ਮਚਿਆ ਹੋਇਆ ਸੀ ਤੇ ਕੋਈ ਲਾਸ਼ ਪੂਰੀ ਤਰ੍ਹਾਂ ਮੱਚ ਚੁੱਕੀ ਸੀ। ਲਾਸ਼ਾਂ ਦੇ ਮੱਚਣ ਕਰ ਕੇ ਹਰ ਪਾਸੇ ਬਦਬੂ ਫੈਲ ਗਈ ਸੀ।
ਨਿਰਮਲ ਕੌਰ ਨੇ ਦਸਿਆ ਕਿ 31 ਅਕਤੂਬਰ 1984 ਨੂੰ ਸਾਰੇ ਪ੍ਰਵਾਰ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਸੀ ਪਰ ਉਸ ਤੋਂ ਬਾਅਦ ਕਦੇ ਪ੍ਰਵਾਰ ਇਕੱਠਾ ਨਹੀਂ ਹੋਇਆ। ਨਿਰਮਲ ਕੌਰ ਨੇ ਦਸਿਆ ਕਿ ਕਾਤਲਾਂ ਨੇ ਉਨ੍ਹਾਂ ਦੇ ਪ੍ਰਵਾਰ ਦੇ 12 ਬੰਦਿਆਂ ਨੂੰ ਮਾਰ ਦਿਤਾ ਤੇ ਉਹ ਅਪਣੀਆਂ ਪੰਜ ਭੈਣਾਂ ਨਾਲ ਜਗ੍ਹਾ-ਜਗ੍ਹਾ ਲੁਕ ਕੇ ਜਾਨ ਬਚਾਈ। ਤਿੰਨ ਨਵੰਬਰ ਨੂੰ ਨਿਰਮਲ ਦੇ ਮਾਮੇ ਦੇ ਮੁੰਡੇ ਦਾ ਵਿਆਹ ਸੀ ਪਰ ਕਾਤਲਾਂ ਨੇ ਉਸ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ।
‘ਪਿਛਲੇ 38 ਸਾਲਾਂ ਵਿਚ ਅਸੀਂ ਕਦੇ ਖ਼ੁਸ਼ੀ ਨਹੀਂ ਦੇਖੀ’
ਨਿਰਮਲ ਕੌਰ ਵਲੋਂ ਦਸੀ ਗਈ ਅਗਲੀ ਘਟਨਾ ਕਤਲੇਆਮ ਤੋਂ ਵੀ ਵੱਧ ਡਰਾਉਣੀ ਜਾਪਦੀ ਹੈ। ਨਿਰਮਲ ਕੌਰ ਨੇ ਦਸਿਆ ਕਿ ਉਸ ਦੀ ਮਾਮੀ ਦੀ ਗੋਦੀ ਵਿਚ ਇਕ ਨਿੱਕਾ ਬੱਚਾ ਸੀ, ਜੋ ਪਿਆਸ ਦੇ ਕਾਰਨ ਰੋ ਰਿਹਾ ਸੀ ਪਰ ਕਤਲੇਆਮ ਦੇ ਚਲਦੇ ਉਨ੍ਹਾਂ ਦੇ ਮੁਹੱਲੇ ਦਾ ਪਾਣੀ ਬੰਦ ਕਰ ਦਿਤਾ ਗਿਆ ਸੀ। ਬੱਚਾ ਪਿਆਸ ਨਾਲ ਨਾ ਮਰ ਜਾਵੇ ਤਾਂ ਉਸ ਦੀ ਮਾਮੀ ਨੇ ਪਿਸ਼ਾਬ ਕਰ, ਅਪਣਾ ਉਹ ਪਿਸ਼ਾਬ ਬੱਚੇ ਨੂੰ ਪਿਲਾਇਆ। ਨਿਰਮਲ ਕੌਰ ਨੇ ਦਸਿਆ ਕਿ ਖ਼ੁਦ ਨੂੰ ਬਚਾਉਂਦੇ-ਬਚਾਉਂਦੇ ਉਹ ਨਜ਼ਦੀਕ ਦੇ ਚਿਲ੍ਹਾ ਪਿੰਡ ਪਹੁੰਚ ਗਏ
ਜਿਥੋਂ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਸੰਭਾਲਿਆ ਤੇ ਬਾਅਦ ਵਿਚ ਮਿਲਟਰੀ ਦੇ ਆਉਣ ਤੋਂ ਬਾਅਦ ਉਹ ਕੈਂਪ ਵਿਚ ਚਲੇ ਗਏ। ਨਿਰਮਲ ਕੌਰ ਨੇ ਦਸਿਆ ਕਿ ਕੈਂਪ ਵਿਚ ਰਹਿੰਦੇ ਹੋਏ ਇਕ ਸੂਟ 4 ਮਹੀਨੇ ਤਕ ਪਹਿਨਿਆ, ਕਦੇ ਰੋਟੀ ਮਿਲਦੀ ਸੀ ਤੇ ਕਦੇ ਭੁੱਖੇ ਹੀ ਸੌਣਾ ਪੈਂਦਾ ਸੀ। ਬਾਅਦ ਵਿਚ ਸਰਕਾਰ ਨੇ ਵਿਧਵਾ ਕਲੋਨੀ ਵਿਖੇ ਘਰ ਦੇ ਦਿਤੇ ਤੇ ਕੁੱਝ ਮੁਆਵਜ਼ਾ ਵੀ ਦੇ ਦਿਤਾ ਪਰ ਇਸ ਸੱਭ ਦੇ ਨਾਲ ਸਾਡੇ ਬੰਦੇ ਵਾਪਸ ਨਹੀਂ ਆ ਸਕਦੇ। ਨਿਰਮਲ ਕੌਰ ਨੇ ਗੱਲਬਾਤ ਦੇ ਅੰਤ ਵਿਚ ਕਿਹਾ,“ਹੁਣ ਤਾਂ ਦਿਲ ਪੱਥਰ ਹੋ ਗਿਆ ਹੈ, ਨਾ ਤਾਂ ਖ਼ੁਸ਼ੀ ਮਹਿਸੂਸ ਹੁੰਦੀ ਹੈ ਨਾ ਹੀ ਗਮ। ਪਿਛਲੇ 38 ਸਾਲਾਂ ਵਿਚ ਅਸੀਂ ਕਦੇ ਖ਼ੁਸ਼ੀ ਨਹੀਂ ਦੇਖੀ।’’