ਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਾਦਲ ਦਲ ਜਿੱਤੇਗਾ?-2

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਣੀ ਗੁਰਦਵਾਰਾ ਕਮੇਟੀ ਪੰਥ ਦੀ ਨੁਮਾਇੰਦਾ ਜਮਾਤ ਹੈ, ਇਸ ਲਈ ਇਸ ਦੇ ਮੈਂਬਰ ਉਹੀ ਬਣਨ ਦੇ ਹੱਕਦਾਰ ਹੋਣੇ ਚਾਹੀਦੇ ਹਨ

SGPC

 ਮੰਗਲਵਾਰ ਤੋਂ ਅੱਗੇ)
ਮੁਹਾਲੀ: ਅਕਾਲੀ ਦਲ ਬਾਦਲ ਤੋਂ ਬਿਨਾਂ ਜਿੰਨੇ ਵੀ ਬਾਕੀ ਅਕਾਲੀ ਦਲ ਹਨ ਇਨ੍ਹਾਂ ਦਾ ਲੋਕਾਂ ਵਿਚ ਆਧਾਰ ਨਹੀਂ ਹੈ। ਬਾਦਲ ਦਲ ਦਾ ਸਿਲਸਿਲੇਵਾਰ ਪ੍ਰਬੰਧ ਹੈ। ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਤੇ ਮੈਂਬਰ ਹਨ, ਹਲਕਾ ਇੰਚਾਰਜ, ਵਰਤਮਾਨ ਤੇ ਸਾਬਕਾ ਐਮ.ਐਲ.ਏ, ਐਮ.ਪੀ., ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਰੇ ਪੰਜਾਬ ਵਿਚ ਪਿੰਡ ਪੱਧਰ ਦੀਆਂ ਪੂਰੀਆਂ ਇਕਾਈਆਂ ਕਾਇਮ ਹਨ। ਅਕਾਲੀ ਦਲ ਬਾਦਲ ਦਾ ਪੂਰਾ ਤਾਣਾ ਬਾਣਾ ਵਿਛਿਆ ਹੋਇਆ ਹੈ। ਬਾਦਲ ਦਲ ਦਾ ਇਸਤਰੀ ਵਿੰਗ ਕਾਮਯਾਬੀ ਨਾਲ ਸਾਰੇ ਪੰਜਾਬ ਵਿਚ ਛਾਇਆ ਹੋਇਆ ਹੈ। ਅਕਾਲੀ ਦਲ ਬਾਦਲ ਦਾ ਨੌਜੁਆਨ ਵਿੰਗ ਵੀ ਪੂਰੀ ਸਰਗਰਮੀ ਵਿਖਾਉਂਦਾ ਹੈ। ਜਦੋਂ ਵੀ ਕਿਤੇ ਇਕੱਠ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਐੱਸ.ਸੀ. ਤੇ ਬੀ.ਸੀ. ਵਖਰੇ ਤੌਰ 'ਤੇ ਅਕਾਲੀ ਦਲ ਦੀ ਕਮਾਂਡ ਸੰਭਾਲੀ ਬੈਠੈ ਹਨ। ਅਕਾਲੀ ਦਲ ਬਾਦਲ ਦਾ ਸਾਰਾ ਨਿਜ਼ਾਮ ਪੂਰੀ ਬੰਦਸ਼ ਵਿਚ ਰਹਿ ਕੇ ਚੱਲ ਰਿਹਾ ਹੈ ਪਰ ਫਿਰ ਵੀ ਪੰਜਾਬ ਅਸੈਂਬਲੀ ਤੇ ਲੋਕ ਸਭਾ ਦੀਆਂ ਚੋਣਾਂ ਵਿਚ ਅਪਣਿਆਂ ਕੰਮਾਂ ਕਰ ਕੇ ਹਾਰ ਖਾਣੀ ਪਈ। 

ਮੁਕਦੀ ਗੱਲ ਅਕਾਲੀ ਬਾਦਲ ਕੋਲ ਹਰ ਪ੍ਰਕਾਰ ਦੇ ਸਾਧਨ ਹੋਣ ਦੇ ਬਾਵਜੂਦ ਲੋਕਾਂ ਨੇ ਇਕ ਵਾਰ ਤਾਂ ਇਨ੍ਹਾਂ ਨੂੰ ਨਕਾਰ ਦਿਤਾ ਹੈ ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਰੂਪ ਰੰਗ ਵਖਰਾ ਹੈ ਕਿਉਂਕਿ ਇਹ ਵੋਟਾਂ ਕੇਵਲ ਸਿੱਖ ਭਾਈਚਾਰੇ ਦੀਆਂ ਪੈਣੀਆਂ ਹਨ। ਪੰਜਾਬ ਦੇ ਪਿੰਡਾਂ ਵਿਚ ਮੁੱਖ ਤੌਰ 'ਤੇ ਕਾਂਗਰਸੀ ਤੇ ਅਕਾਲੀ ਆਗੂ ਹੀ ਹੁੰਦੇ ਹਨ ਜਿਹੜੇ ਲੋਕਾਂ ਦੇ ਦੁਖ ਸੁਖ ਵਿਚ ਆਉਂਦੇ ਜਾਂਦੇ ਹਨ। ਸਰਕਾਰੀ ਕੰਮਾਂਕਾਰਾਂ ਵਾਸਤੇ ਲੋਕ ਇਨ੍ਹਾਂ ਕੋਲ ਹੀ ਆਉਂਦੇ ਹਨ। ਕਿਸੇ ਤਰ੍ਹਾਂ ਦੀਆਂ ਵੀ ਵੋਟਾਂ ਪੈਣੀਆਂ ਹੋਣ ਤਾਂ ਲੋਕ ਅਪਣੇ ਪਿੰਡ ਦੇ ਆਗੂ ਨੂੰ ਮੁੱਖ ਰੱਖ ਕੇ ਹੀ ਵੋਟ ਪਾਉਂਦੇ ਹਨ। ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਲੈਣਾ-ਦੇਣ ਨਹੀਂ ਹੁੰਦਾ। ਲੋਕਾਂ ਨਾਲ ਜਿੰਨਾ ਗੂੜ੍ਹਾ ਸਬੰਧ ਅਕਾਲੀ ਦਲ ਬਾਦਲ ਦਾ ਹੈ ਉਨਾ ਕਿਸੇ ਹੋਰ ਅਕਾਲੀ ਦਲ ਦਾ ਅਜੇ ਤਕ ਬਣ ਨਹੀਂ ਬਣ ਸਕਿਆ। ਬਾਦਲ ਦਲ ਦੇ ਜਿੰਨੇ ਵੀ ਉਮੀਦਵਾਰ ਖੜੇ ਹੋਣਗੇ ਉਨ੍ਹਾਂ ਦਾ ਅਪਣਾ ਵੀ ਕੋਈ ਨਾ ਕੋਈ ਆਧਾਰ ਲੋਕਾਂ ਵਿਚ ਹੈ।

ਤਸਵੀਰ ਦੇ ਦੂਜੇ ਪਾਸੇ ਜਿੰਨੇ ਵੀ ਅਕਾਲੀ ਦਲ ਹਨ ਇਹ ਅਜੇ ਤਕ ਅਪਣੇ ਆਪ ਨੂੰ ਸਥਾਪਤ ਨਹੀਂ ਕਰ ਸਕੇ। ਪਿੰਡਾਂ ਦੀ ਗੱਲ ਛੱਡੋ, ਅਜੇ ਤਕ ਸ਼ਹਿਰਾਂ ਵਿਚ ਵੀ ਅਪਣੀਆਂ ਇਕਾਈਆਂ ਸਥਾਪਤ ਨਹੀਂ ਕਰ ਸਕੇ। ਇਸਤਰੀ ਵਿੰਗ ਜਾਂ ਯੂਥ ਵਿੰਗ ਸਥਾਪਤ ਕਰਨ ਵਿਚ ਬਹੁਤ ਫਾਡੀ ਹਨ। ਹਾਂ ਪ੍ਰੈੱਸ ਕਾਨਫ਼ਰੰਸਾਂ ਵਿਚ ਤੇ ਸੋਸ਼ਲ ਮੀਡੀਏ ਦੀਆਂ ਖ਼ਬਰਾਂ ਦਾ ਸ਼ਿੰਗਾਰ ਜ਼ਰੂਰ ਬਣਦੇ ਹਨ। ਇਹ ਸਾਰੇ ਦਲ ਅਜੇ ਅਪਣੇ ਆਪ ਨੂੰ ਲੋਕਾਂ ਵਿਚ ਨਹੀਂ ਲਿਜਾ ਸਕੇ। ਬਾਦਲ ਦਲ ਦੀ ਚੇਨ ਅਪਣੇ ਆਪ ਵੋਟਾਂ ਬਣਾ ਰਹੀ ਹੈ। ਲੋਕਾਂ ਨਾਲ ਸੰਪਰਕ ਮੁਹਿੰਮ ਬਣਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਇਕ ਮਿਸਾਲ ਰਾਹੀਂ ਸਮਝਣ ਦਾ ਯਤਨ ਕਰਾਂਗੇ। ਮੰਨ ਲਉ ਇਕ ਹਲਕੇ ਵਿਚ 100 ਵੋਟ ਹੈ। ਇਸ ਵਿਚੋਂ 70 ਵੋਟਾਂ ਪੋਲ ਹੁੰਦੀਆਂ ਹਨ ਜਿਨ੍ਹਾਂ ਵਿਚ ਬਾਦਲ ਦਲ ਦੀਆਂ 25 ਵੋਟਾਂ ਪੱਕੀਆਂ ਹਨ, ਬਾਕੀ ਬਚੀਆਂ 45 ਵੋਟਾਂ ਉਹ ਬਾਕੀ ਸਾਰੇ ਅਕਾਲੀ ਦਲਾਂ ਵਿਚ ਵੰਡੀਆਂ ਜਾਣਗੀਆਂ ਹਨ। ਸਥਿਤੀ ਸਾਫ਼ ਹੈ 45 ਵੋਟਾਂ ਵਾਲੇ ਹਾਰਦੇ ਹਨ ਜਦ ਕਿ 25 ਵੋਟਾਂ ਲੈਣ ਵਾਲੇ ਜਿੱਤਦੇ ਹਨ।    

ਅੱਜ ਤੋਂ ਪੰਜ ਸਾਲ ਪਹਿਲਾਂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਸਰਨਾ ਬਹੁਤ ਥੋੜੀਆਂ ਵੋਟਾਂ ਉਤੇ ਹਾਰੇ ਸਨ ਕਿਉਂਕਿ ਵੋਟਾਂ ਪੰਥਕ ਅਕਾਲੀ ਲਹਿਰ ਤੇ ਨਿਗੂਣੀਆਂ ਜਹੀਆਂ ਵੋਟਾਂ ਸਦ ਭਾਵਨਾ ਦਲ ਲੈ ਗਿਆ ਸੀ ਜਿਸ ਕਰ ਕੇ ਸਰਨਾ ਦਲ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਜੇ ਸਰਨਾ ਦਲ ਜਿੱਤਦਾ ਤਾਂ ਸਿੱਖ ਸਿਧਾਂਤ ਤੇ ਗੁਰੂ ਗੋਲਕ ਨਾਲ ਕਦੇ ਵੀ ਏਨਾ ਖਿਲਵਾੜ ਨਾ ਹੁੰਦਾ। ਬਾਦਲ ਦਲ ਦਿੱਲੀ ਵਿਚ ਜਿੱਤ ਤਾਂ ਗਿਆ ਪਰ ਬੰਗਲਾ ਸਾਹਿਬ ਵਰਗੀ ਸਟੇਜ ਤੋਂ ਬਚਿੱਤਰ ਨਾਟਕ ਦੀ ਕਥਾ ਵੀ ਸੱਭ ਨੇ ਸੁਣੀ, ਜੋ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੇ ਬਰਾਬਰ ਹੈ। ਬਾਦਲ ਦਲ ਦੇ ਵਿਰੋਧ ਵਿਚ ਜਿੰਨੇ ਬਹੁਤੇ ਦਲ ਹੋਣਗੇ ਉਨਾ ਜ਼ਿਆਦਾ ਹੀ ਅਕਾਲੀ ਦਲ ਬਾਦਲ ਨੂੰ ਲਾਭ ਹੋਵੇਗਾ। ਬਾਕੀ ਦਲਾਂ ਕੋਲ ਅਜੇ ਤਕ ਵੋਟਾਂ ਬਣਾਉਣ ਦੀ ਬਹੁਤ ਵੱਡੀ ਸਮੱਸਿਆ ਹੈ। ਜ਼ਮੀਨੀ ਤਲ 'ਤੇ ਬਿਨਾ ਤਾਲ ਮੇਲ ਦੇ ਵੋਟਾਂ ਬਣਾਉਣੀਆਂ ਔਖੀਆਂ ਹਨ। ਕਈਆਂ ਦਲਾਂ ਕੋਲ ਤਾਂ ਪੂਰੇ ਉਮੀਦਵਾਰ ਵੀ ਨਹੀਂ ਹਨ। ਫ਼ਲਾਣਿਆਂ ਤੂੰ ਉਮੀਦਵਾਰ ਬਣ ਜਾ ਵਾਲੀ ਸਥਿਤੀ ਬਣੀ ਹੋਈ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸਥਾਨਕ ਉਮੀਦਵਾਰ ਦੀ ਸ਼ਖ਼ਸੀਅਤ ਧਾਰਮਕ ਤੌਰ ਉਤੇ ਜਾਣੀ ਪਛਾਣੀ ਤੇ ਬੇਦਾਗ਼ ਹੋਣ ਵਿਚ ਬਹੁਤ ਸਹਾਇਤਾ ਕਰੇਗੀ।

ਸਾਡਾ ਕਦਾਚਿੱਤ ਇਹ ਭਾਵ ਨਹੀਂ ਕਿ ਬਾਦਲ ਦਲ ਹੀ ਜਿੱਤੇਗਾ ਪਰ ਜਿਨਾ ਚਿਰ ਸਾਰੇ ਦਲ ਆਪਸ ਵਿਚ ਇਕੱਠੇ ਹੋ ਕੇ ਇਕ ਉਮੀਦਵਾਰ ਨਹੀਂ ਖੜਾ ਨਹੀਂ ਕਰਦੇ, ਉਨਾ ਚਿਰ ਪੰਥਕ ਵੋਟਾਂ ਵੰਡੀਆਂ ਹੀ ਜਾਣਗੀਆਂ। ਪਿਛਲੀ ਵਾਰ ਅਕਾਲੀ ਦਲ ਬਾਦਲ ਵਲੋਂ ਡੇਰੇ ਵਾਲਿਆਂ ਨੂੰ 30 ਸੀਟਾਂ ਦੇ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਪੱਕੇ ਪੈਰੀ ਅਪਣੇ ਅਧੀਨ ਕਰ ਲਿਆ ਸੀ। ਬਾਕੀ ਜਿਹੜੇ ਜਿੱਤੇ ਸਨ ਉਨ੍ਹਾਂ ਨੇ ਅਪਣਿਆਂ ਲਾਭਾਂ ਦੀ ਖ਼ਾਤਰ ਬਾਦਲ ਦਲ ਨੂੰ ਹਮਾਇਤ ਦੇਣ ਵਿਚ ਭਲਾ ਸਮਝਿਆ ਪਰ ਕਈ ਮੈਂਬਰ ਬਾਦਲ ਦਲ ਵਿਚੋਂ ਜਿੱਤ ਕੇ ਵੀ ਪੰਥਕ ਮੁੱਦਿਆਂ ਦੀ ਗੱਲ ਕਰਦੇ ਰਹੇ। ਸ਼੍ਰੋਮਣੀ ਗੁਰਦਵਾਰਾ ਕਮੇਟੀ ਪੰਥ ਦੀ ਨੁਮਾਇੰਦਾ ਜਮਾਤ ਹੈ, ਇਸ ਲਈ ਇਸ ਦੇ ਮੈਂਬਰ ਉਹੀ ਬਣਨ ਦੇ ਹੱਕਦਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਸਿੰਘ ਸਭਾ ਲਹਿਰ, ਗੁਰਦਵਾਰਾ ਸੁਧਾਰ ਲਹਿਰ, ਸਿੱਖੀ ਪ੍ਰੰਪਰਾਵਾਂ ਤੇ ਸਿੱਖੀ ਦੇ ਨਿਆਰੇਪਨ ਦਾ ਅਹਿਸਾਸ ਹੋਵੇ। ਉਸ ਮੈਂਬਰ ਦੀ ਹਮਾਇਤ ਕਰਨੀ ਬਣਦੀ ਹੈ ਜਿਹੜਾ ਗੁਰੂ ਗ੍ਰੰਥ ਦੀ ਸ੍ਰਿਮੋਰਤਾ ਨੂੰ ਸਮਰਪਤ ਹੋਵੇ।  

ਪੰਥਕ ਧਿਰਾਂ ਨੂੰ ਅਪਣਾ ਚੋਣ ਮੈਨੀਫ਼ੈਸਟੋ ਜਾਰੀ ਕਰਨਾ ਚਾਹੀਦਾ ਹੈ। ਹੁਣ ਤਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਬਣੇ ਟਰੱਸਟਾਂ, ਉਨ੍ਹਾਂ ਦੀ ਕੀ ਕਾਰਗੁਜ਼ਾਰੀ ਰਹੀ ਜਾਂ ਪੰਥ ਨੂੰ ਕੀ ਨੁਕਸਾਨ ਹੋਇਆ, ਉਸ ਦੀ ਪੂਰੀ ਤਸਵੀਰ ਲੋਕਾਂ ਸਾਹਮਣੇ ਰਖਣੀ ਚਾਹੀਦੀ ਹੈ। ਪਿਛਲੇ ਦਸ ਸਾਲਾਂ ਵਿਚ ਮਨਾਈਆਂ ਸ਼ਤਾਬਦੀਆਂ ਦਾ ਲੇਖਾ ਜੋਖਾ ਸਾਹਮਣੇ ਆਉਣਾ ਚਾਹੀਦਾ ਹੈ। ਪ੍ਰਧਾਨਾਂ ਨੇ ਕਿੰਨਾ ਤੇਲ ਸਾੜਿਆ ਤੇ ਕੌਮ ਨੂੰ ਲਾਭ ਕੀ ਹੋਇਆ? ਇਹ ਸਵਾਲ ਸੰਗਤ ਦੇ ਸਾਹਮਣੇ ਰਖਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਨੂੰ ਰਾਜਨੀਤਕ ਆਗੂਆਂ ਨੇ ਕਿਵੇਂ ਅਪਣੇ ਮੁਫ਼ਾਦ ਲਈ ਵਰਤਿਆ, ਸੱਚ ਸੰਗਤਾਂ ਸਾਹਮਣੇ ਆਉਣਾ ਚਾਹੀਦਾ ਹੈ। ਸੌਦਾ ਸਾਧ ਦੀ ਮਾਫ਼ੀ ਤੇ ਗੁਰੂ ਦੀ ਗੋਲਕ ਵਿਚ ਦਿਤੇ ਇਸ਼ਤਿਹਾਰਾਂ ਦਾ ਹਿਸਾਬ ਮੰਗਣਾ ਚਾਹੀਦਾ ਹੈ। ਪੰਥਕ ਧਿਰਾਂ ਨੂੰ ਸਿੱਖੀ ਦੇ ਮੁੱਖ ਮੁੱਦੇ ਉਭਾਰਨੇ ਚਾਹੀਦੇ ਹਨ। ਨਾਨਕਸ਼ਾਹੀ ਕੈਲੰਡਰ ਦਾ ਕਿਵੇਂ ਭੋਗ ਪਾਇਆ ਗਿਆ ਤੇ ਹੁਣ ਕਈ ਗੁਰਪੁਰਬ ਸੰਗਤ ਵਲੋਂ ਦੋ-ਦੋ ਵਾਰ ਮਨਾਏ ਜਾ ਰਹੇ ਹਨ। ਪੰਥਕ ਧਿਰਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਸੁਚਾਰੂ ਤੇ ਸਮੇਂ ਦੇ ਹਾਣੀ ਬਣਾਉਣ ਦਾ ਪੁਰਜ਼ੋਰ ਯਤਨ ਕਰਨੇ ਚਾਹੀਦੇ ਹਨ।

ਗੁਰਬਾਣੀ ਪ੍ਰਸਾਰਨ ਸਬੰਧੀ ਪੀ.ਟੀ.ਸੀ. ਸਬੰਧੀ ਜੋ ਤੱਥ ਹਨ, ਉਹ ਸੰਗਤ ਵਿਚ ਉਜਾਗਰ ਹੋਣੇ ਚਾਹੀਦੇ ਹਨ। ਕੀ ਕਾਰਨ ਹੈ ਕਿ ਸ਼੍ਰੋਮਣੀ ਕਮੇਟੀ ਅਜੇ ਤਕ ਅਪਣਾ ਅਖ਼ਬਾਰ ਵੀ ਨਹੀਂ ਕੱਢ ਸਕੀ। ਫ਼ਖ਼ਰ-ਏ-ਕੌਮ ਐਵਾਰਡ ਦੇਣ ਦੀ ਕੀ ਵਿਧੀ ਵਿਧਾਨ ਹੈ? ਇਸ ਦੇ ਕੀ ਮਾਪਦੰਡ ਹਨ? ਸੰਗਤਾਂ ਨੂੰ ਦਸਣਾ ਚਾਹੀਦਾ ਹੈ।
ਪੰਥਕ ਮੁੱਦਿਆਂ ਦੇ ਸਮਾਧਾਨ ਲਈ ਨਿਰਪੱਖ ਵਿਦਵਾਨਾਂ ਦੀ ਕਮੇਟੀ ਬਣਾਈ ਜਾਏਗੀ। ਅਕਾਲ ਤਖ਼ਤ ਦੇ ਜਥੇਦਾਰ ਸਿੱਧੇ ਫ਼ੈਸਲੇ ਕਰਨ ਦੀ ਬਜਾਏ ਧਰਮ ਪ੍ਰਚਾਰ ਕਮੇਟੀ ਤੇ ਅੰਤ੍ਰਿਗ ਕਮੇਟੀ ਅਪਣੀ ਜ਼ਿੰਮੇਵਾਰੀ ਨੂੰ ਤਹਿ ਕਰੇ। ਅਪਣੀ ਖੱਲ ਬਚਾਉਣ ਲਈ ਜਾਂ ਵਿਰੋਧੀਆਂ ਨੂੰ ਸਬਕ ਸਿਖਾਉਣ ਦਾ ਅਕਾਲ ਤਖ਼ਤ ਨੂੰ ਵਰਤਣ ਦਾ ਰਿਵਾਜ ਬੰਦ ਕੀਤਾ ਜਾਏ। ਵਿਸਥਾਰ ਤਾਂ ਬਹੁਤ ਲੰਮਾ ਹੈ ਪਰ ਜ਼ਮੀਨੀ ਹਕੀਕਤ ਸਮਝਣ ਲਈ ਪੰਥਕ ਧਿਰਾਂ ਨੂੰ ਠੋਸ ਯਤਨ ਕਰਨ ਦਾ ਯਕੀਨ ਦਿਵਾਉਣਾ ਪਏਗਾ। ਨਿਰਾ ਇਹੀ ਕਿਹਾ ਜਾਏ ਕਿ ਅਸੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਪ੍ਰਬੰਧ ਬਦਲਣਾ ਹੈ, ਏਦਾਂ ਕਦੇ ਪ੍ਰਬੰਧ ਨਹੀਂ ਬਦਲਦੇ ਜਿੰਨਾ ਚਿਰ ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਨਾ ਕਰਵਾਇਆ ਜਾਏ।

1. ਸਾਰੀਆਂ ਪੰਥਕ ਧਿਰਾਂ ਨੂੰ ਅਪਣੀ-ਅਪਣੀ ਹਉਮੈ ਛੱਡ ਕੇ ਸਿੱਖ ਮੁੱਦਿਆਂ ਉਤੇ ਇਕੱਠੇ ਹੋਣਾ ਚਾਹੀਦਾ ਹੈ।    
2. ਸਾਂਝੇ ਉਮੀਦਵਾਰਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ।  
3. ਸੱਭ ਤੋਂ ਅਹਿਮ ਗੱਲ ਕੇ ਪੰਥਕ ਧਿਰਾਂ ਨੂੰ ਵੋਟਾਂ ਬਣਾਉਣੀਆਂ ਚਾਹੀਦੀਆਂ ਹਨ।  
4. ਗੁਰੂ ਗ੍ਰੰਥ ਸਾਹਿਬ ਦੀ ਸ੍ਰਿਮੋਰਤਾ ਨੂੰ ਮੁੱਖ ਰਖਦਿਆਂ ਨਾਨਕਸ਼ਾਹੀ ਕੈਲੰਡਰ ਦੀ ਵਿਚਾਰ ਨੂੰ ਉਭਾਰਨਾ ਚਾਹੀਦਾ ਹੈ।  
5. ਇਹ ਅਹਿਸਾਸ ਕਰਵਾਇਆ ਜਾਏ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਤਰ੍ਹਾਂ ਦਾ ਨਸ਼ਾ ਨਾ ਵਰਤਾਇਆ ਜਾਏ। ਨਸ਼ਾ ਵੰਡਣ ਵਾਲੀ ਗੱਲ ਸਾਬਤ ਹੋ ਜਾਏ ਤਾਂ ਉਸ ਉਮੀਦਵਾਰ ਨੂੰ ਸਦਾ ਲਈ ਚੋਣ ਲੜਨ ਦੀ ਮਨਾਹੀ ਹੋਣੀ ਚਾਹੀਦੀ ਹੈ।    

6. ਇਨ੍ਹਾਂ ਚੋਣਾਂ ਵਿਚ ਸਾਦਗੀ ਨੂੰ ਪਹਿਲ ਦਿਤੀ ਜਾਏ।
7. ਉਮੀਦਵਾਰ ਕਿਸੇ ਡੇਰੇ ਨਾਲ ਨਾ ਜੁੜਿਆ ਹੋਵੇ।
8. ਪੰਥ ਪ੍ਰਵਾਨਤ ਰਹਿਤ ਮਰਿਯਾਦਾ ਦੀ ਸਮਝ ਤੇ ਉਸ ਦਾ ਧਾਰਨੀ ਹੋਵੇ।
9. ਕਿਸੇ ਪ੍ਰਕਾਰ ਦਾ ਕੋਈ ਵੀ ਮੁਕੱਦਮਾ ਜਾਂ ਕੇਸ ਨਾ ਹੋਵੇ।
10. ਇਹ ਪ੍ਰਣ ਕਰੇ ਕਿ ਮੈਂ ਸ਼੍ਰੋਮਣੀ ਕਮੇਟੀ ਕੋਲੋਂ ਕੋਈ ਭੱਤਾ ਆਦਿ ਨਹੀਂ ਲਵਾਂਗਾ।  
11. ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣ ਕੇ ਅਪਣੇ ਪ੍ਰਵਾਰ ਦੇ ਕਿਸੇ ਜੀਅ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਵਿੱਤੀ ਲਾਭ ਨਹੀਂ ਲੈਣ ਦਿਆਂਗਾ।
12. ਮੈਂਬਰ ਬਣਨ ਵਾਲਾ ਘੱਟੋ-ਘੱਟ ਪੰਥਕ ਮੁੱਦਿਆਂ ਤੇ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਕਰ ਸਕਦਾ ਹੋਵੇ।
13. ਪਾਰਟੀਆਂ ਤੋਂ ਉੱਪਰ ਉੱਠ ਕੇ ਉਸ ਉਮੀਦਵਾਰ ਨੂੰ ਵੋਟ ਪਾਈ ਜਾਏ ਜਿਹੜਾ ਗੁਰੂ ਨੂੰ ਸਮਰਪਿਤ ਹੋਵੇ।
                                                                                                              ਪ੍ਰਿੰ. ਗੁਰਬਚਨ ਸਿੰਘ ਪਿੰਨਵਾ,ਸੰਪਰਕ : 99155-29725