ਬਾਬਾ ਨਾਨਕ ਅਤੇ ਸਿੱਖਾਂ ਵਿਚ ਜਾਤ-ਪਾਤ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਾਬੇ ਨਾਨਕ ਨੇ ਦੁਨੀਆਂ ਘੁੰਮਣ ਲਈ ਮਰਾਸੀਆਂ ਦੇ ਮੁੰਡੇ ਭਾਈ ਮਰਦਾਨਾ ਜੀ ਨੂੰ ਚੁਣਿਆ। ਰੋਟੀ ਖਾਣ ਲਈ ਭਾਈ ਲਾਲੋ ਦਾ ਘਰ ਚੁਣਿਆ

Casteism between Baba Nanak and the Sikhs

ਬਾਬੇ ਨਾਨਕ ਨੇ ਦੁਨੀਆਂ ਘੁੰਮਣ ਲਈ ਮਰਾਸੀਆਂ ਦੇ ਮੁੰਡੇ ਭਾਈ ਮਰਦਾਨਾ ਜੀ ਨੂੰ ਚੁਣਿਆ। ਰੋਟੀ ਖਾਣ ਲਈ ਭਾਈ ਲਾਲੋ ਦਾ ਘਰ ਚੁਣਿਆ। ਹਰ ਤਰ੍ਹਾਂ ਨਾਲ ਜਾਤ-ਪਾਤ  ਤੇ ਊਚ-ਨੀਚ ਖ਼ਤਮ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਵਿਚੋਂ ਨਿਕਲਣ ਲਈ ਅਪਣੀ ਕਲਗ਼ੀ ਦਲਿਤ ਸਿੰਘ ਦੇ ਸਿਰ ਸਜਾਈ। ਬਾਜ਼ੀਗਰ ਬਰਾਦਰੀ ਦੇ ਭਾਈ ਬਚਿੱਤਰ ਸਿੰਘ ਜੀ ਤੋਂ ਹਾਥੀ ਮਰਵਾਇਆ, ਛੋਟੇ ਸਾਹਿਬਜ਼ਾਦਿਆਂ ਨੂੰ ਠੰਢੇ ਬੁਰਜ ਵਿਚ ਮੋਤੀ ਮਹਿਰੇ ਹੱਥੋਂ ਦੁਧ ਛਕਾਇਆ, ਹੋਰ ਵੀ ਕਈ ਉਦਾਹਰਣਾਂ ਹਨ।

 ਮਾਰਬਲਾਂ ਦੇ ਪੱਕੇ ਗੁਰਦਵਾਰਿਆਂ ਵਿਚ ਬੈਠੇ ਕੱਚੇ ਸਿੱਖ, ਗ਼ਰੀਬ ਲੋਕਾਂ ਨੂੰ ਮਜਬੂਰ ਕਰਦੇ ਹਨ ਕਿ ਉਹ ਜਾਤ ਅਨੁਸਾਰ ਵਖਰਾ ਗੁਰਦਵਾਰਾ ਬਣਾਉਣ, ਭਾਂਡਾ ਟੀਡਾ ਅੱਡ ਕਰਨ ਤੇ ਦੇਗ ਬਣਾਉਣ ਤੋਂ ਦੂਰ ਰਹਿਣ। ਸੁਣੋ ਉਏ ਵੱਡੇ ਗੁਰਦਵਾਰੇ ਵਾਲਿਉ, ਜੇ ਬਾਬਾ ਨਾਨਕ ਇਕ ਦਿਨ ਲਈ ਵੀ ਪੰਜਾਬ ਆ ਜਾਣ ਤਾਂ ਘਟੋ-ਘੱਟ ਉਹ ਤੁਹਾਡੇ ਗੁਰਦਵਾਰਿਆਂ ਵਿਚ ਤਾਂ ਆਉਣੋਂ ਰਹੇ।

ਪੰਜਾਬ ਦੇ ਦੂਸ਼ਿਤ ਪਾਣੀ, ਕੈਮੀਕਲ ਭਰੀ ਖੇਤੀ ਤੋਂ ਦੂਰ, ਉਹ ਉਤਲੇ ਪਹਾੜਾਂ ਵਿਚ ਭਾਈ ਲਾਲੋ ਦਾ ਛੋਟਾ ਜਿਹਾ ਘਰ ਲੱਭ ਲੈਣਗੇ। ਸਿੱਖ ਕੌਮ ਦੇ ਬੌਂਦਲਣ ਦਾ ਮੁੱਖ ਕਾਰਨ ਜਾਤ-ਪਾਤ, ਊਚ ਨੀਚ, ਸੰਪਰਦਾਵਾਂ, ਡੇਰਿਆਂ ਜਠੇਰਿਆਂ ਦਾ ਗੁਣ-ਗਾਨ ਹੈ। ਪੰਜਾਬ ਨੂੰ ਬਾਬੇ ਨਾਨਕ ਦੀ ਕਰਤਾਰਪੁਰ ਵਾਲੀ ਆਰਗੈਨਿਕ ਖੇਤੀ, ਤੰਤੀ ਸਾਜ਼, ਰਾਗ ਅਤੇ ਜਾਤ ਪਾਤ ਰਹਿਤ ਸਮਾਜ ਹੀ ਬਚਾ ਸਕਦਾ ਹੈ। 

ਸੁਖਪ੍ਰੀਤ ਸਿੰਘ ਆਰਟਿਸਟ, ਲੁਧਿਆਣਾ, ਸੰਪਰਕ : 91-161-2774785