ਜੋ ਆਵਾਜ਼ਾਂ ਬਾਗ਼ੀ ਹੋਈਆਂ ਉਨ੍ਹਾਂ ਨੂੰ ਲੈ ਕੇ ਕਦੀ ਮੰਥਨ ਕੀਤਾ ਹੀ ਨਹੀਂ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਡਿਤ ਜਵਾਹਰ ਲਾਲ ਨਹਿਰੂ ਦੀ ਇਹ ਦਿਲੀ ਭਾਵਨਾ ਸੀ ਕਿ ਉਹ ਪੂਰੇ ਦੇਸ਼ ਨੂੰ ਇਕ ਧਾਰਾ 'ਚ ਰਖਣਾ ਚਾਹੁੰਦੇ ਸਨ। ਇਸੇ ਭਾਵਨਾ ਤਹਿਤ ਉਨ੍ਹਾਂ ਕਿਸ਼ਨ ਲਾਲ ਘਨਈਆ ਅਤੇ ਸਰਦਾਰ ਪਟੇਲ

Accident

 

ਪੰਡਿਤ ਜਵਾਹਰ ਲਾਲ ਨਹਿਰੂ ਦੀ ਇਹ ਦਿਲੀ ਭਾਵਨਾ ਸੀ ਕਿ ਉਹ ਪੂਰੇ ਦੇਸ਼ ਨੂੰ ਇਕ ਧਾਰਾ 'ਚ ਰਖਣਾ ਚਾਹੁੰਦੇ ਸਨ। ਇਸੇ ਭਾਵਨਾ ਤਹਿਤ ਉਨ੍ਹਾਂ ਕਿਸ਼ਨ ਲਾਲ ਘਨਈਆ ਅਤੇ ਸਰਦਾਰ ਪਟੇਲ ਦੇ ਪੱਖ ਨੂੰ ਲੈ ਕੇ ਅਸਹਿਮਤੀ ਦਰਜ ਕਰਾਈ ਸੀ ਜਦੋਂ ਉਨ੍ਹਾਂ ਸੋਮਨਾਥ ਦਾ ਮੰਦਰ ਬਣਵਾਇਆ ਸੀ ਕਿਉਂਕਿ ਪੰਡਿਤ ਨਹਿਰੂ ਦਾ ਨਜ਼ਰੀਆ ਸੀ ਕਿ ਇਹ ਸੰਵਿਧਾਨ ਦੀ ਧਰਮਨਿਰਪੱਖ ਭਾਵਨਾ ਦੇ ਮੁਤਾਬਕ ਨਹੀਂ ਹੈ। ਅਜਿਹੇ ਬਹੁਤ ਸਾਰੇ ਸੰਦਰਭਾਂ 'ਚ ਪੰਡਿਤ ਨਹਿਰੂ ਭਾਰਤ ਪ੍ਰਤੀ ਸੁਹਿਰਦ ਸੋਚ ਰਖਦੇ ਸਨ। ਪਰ ਖੇਤਰੀ ਵਨਗੀ, ਬੋਲੀ, ਸਭਿਆਚਾਰ ਨੂੰ ਲੈ ਕੇ ਜਿਸ ਖ਼ੂਬਸੂਰਤੀ ਨੂੰ ਸਮਝਣਾ ਚਾਹੀਦਾ ਸੀ ਉਸ ਬਾਰੇ ਵੀ ਪੰਡਿਤ ਨਹਿਰੂ ਇਕੋ ਨਜ਼ਰੀਏ ਨਾਲ ਵੇਖਣਾ ਚਾਹੁੰਦੇ ਸਨ। ਅਜਿਹੇ 'ਚ ਇਕ ਧਾਰਾ ਕਦੀ ਵੀ ਇਕ ਨਿਯਮ ਤੈਅ ਕਰਨ ਨਾਲ ਨਹੀਂ ਆ ਸਕਦੀ। ਇਹੋ ਕਾਰਨ ਹੈ ਕਿ ਸਮੇਂ ਸਮੇਂ ਸਿਰ ਬਹੁਤ ਕੁੱਝ ਸਾਡੇ ਸਾਹਮਣੇ ਅਜਿਹਾ ਵਾਪਰਦਾ ਰਿਹਾ ਹੈ ਜੋ ਭਾਰਤ ਦੇ ਮਿਜ਼ਾਜ ਲਈ ਚੰਗਾ ਨਹੀਂ ਮੰਨਿਆ ਜਾਂਦਾ।
ਇਹੋ ਇਸ ਦੌਰ ਅੰਦਰ ਪ੍ਰਧਾਨ ਸੇਵਕ ਮੋਦੀ ਜੀ ਦੀ ਸਰਕਾਰ ਵੇਲੇ ਹੋ ਰਿਹਾ ਹੈ। ਹੋ ਸਕਦਾ ਹੈ ਕਿ ਮੋਦੀ ਜੀ ਮੁਸਲਮਾਨਾਂ, ਦਲਿਤਾਂ ਅਤੇ ਘੱਟ ਗਿਣਤੀਆਂ ਵਿਰੁਧ ਨਾ ਹੋਣ ਪਰ ਦੂਜੇ ਪਾਸੇ ਸਵਾਲ ਇਹ ਵੀ ਉਠਦਾ ਹੈ ਕਿ ਉਹ ਗਊ ਨੂੰ ਲੈ ਕੇ ਫ਼ੈਲਾਈ ਗਈ ਅੱਤ, ਅੰਧ-ਰਾਸ਼ਟਰਵਾਦ ਅਤੇ ਕੱਟੜ ਹਿੰਦੂ ਗੁਟਾਂ ਦੀਆਂ ਵਧੀਕੀਆਂ ਵਿਰੁਧ ਖੁੱਲ੍ਹ ਕੇ ਬੋਲ ਵੀ ਨਹੀਂ ਰਹੇ ਅਤੇ ਕੋਈ ਠੋਸ ਕਦਮ ਵੀ ਨਹੀਂ ਚੁੱਕ ਰਹੇ। ਉਨ੍ਹਾਂ ਦਾ ਅਜਿਹਾ ਵਤੀਰਾ ਕੋਈ ਪਹਿਲੀ ਵਾਰ ਦੀ ਗੱਲ ਨਹੀਂ। ਗਊ ਰਖਿਆ ਦਲਾਂ ਬਾਰੇ ਉਹ ਪਿਛਲੇ ਸਾਲ ਵੀ ਟਿਪਣੀ ਕਰ ਚੁੱਕੇ ਹਨ ਅਤੇ ਉਨ੍ਹਾਂ ਅਜਿਹੀਆਂ ਜਥੇਬੰਦੀਆਂ ਨੂੰ ਫਿਟਕਾਰ ਵੀ ਲਾਈ ਸੀ ਪਰ ਇਸ ਬਾਰੇ ਕੋਈ ਠੋਸ ਕਦਮ ਨਹੀਂ ਚੁਕਿਆ ਗਿਆ।
ਰੋਹਿਤ ਵੇਮੁਲਾ ਦੇ ਸਮੇਂ ਵੀ ਉਨ੍ਹਾਂ ਅਸਾਮ 'ਚ ਕਿਸਾਨੀ ਬਾਰੇ ਇਕ ਸੈਮੀਨਾਰ, ਤ੍ਰਿਪੁਰਾ ਦੀ ਭਾਜਪਾ ਰੈਲੀ ਨੂੰ ਸੰਬੋਧਨ, ਦਿੱਲੀ ਆ ਕੇ ਸੁਭਾਸ਼ ਚੰਦਰਾ ਦੀ ਕਿਤਾਬ ਰਲੀਜ਼ ਕਰਨ ਮਗਰੋਂ ਫਿਰ ਜਾ ਕੇ ਪੰਜਵੇਂ ਦਿਨ ਅਪਣੀ ਟਵੀਟ 'ਚ ਅਤੇ ਯੂ.ਪੀ. ਦੀ ਅੰਬੇਦਕਰ ਯੂਨੀਵਰਸਟੀ 'ਚ ਜਾ ਕੇ ਭਾਵੁਕ ਟਿਪਣੀ ਕੀਤੀ ਸੀ। ਇਸ ਵੇਲੇ ਉਨ੍ਹਾਂ ਰੋਹਿਤ ਵੇਮੁਲਾ ਨੂੰ ਭਾਰਤ ਦਾ ਪੁੱਤਰ ਕਿਹਾ ਸੀ। ਪਰ ਦੁਖੀ ਦਿਲਾਂ ਨੂੰ ਰੋਸ ਸੀ ਕਿ ਉਨ੍ਹਾਂ ਸਮ੍ਰਿਤੀ ਇਰਾਨੀ ਦੀ ਟਿਪਣੀ ਤੇ ਕੋਈ ਟਿਪਣੀ ਕਿਉਂ ਨਹੀਂ ਕੀਤੀ? ਉਨ੍ਹਾਂ ਰੋਹਿਤ ਨੂੰ ਲੈ ਕੇ ਏਨੀ ਦੇਰੀ ਨਾਲ ਟਿਪਣੀ ਕਿਉਂ ਕੀਤੀ?
ਉਸ ਤੋਂ ਬਾਅਦ ਵੀ ਕਈ ਘਟਨਾਵਾਂ ਸਾਹਮਣੇ ਆ ਚੁਕੀਆਂ ਹਨ ਜੋ ਗਊ ਰਖਿਆ ਦੇ ਨਾਂ ਹੇਠ ਮਨੁੱਖਤਾ ਨੂੰ ਤਾਰ ਤਾਰ ਕਰ ਚੁਕੀਆਂ ਹਨ।  ਅਜਿਹੇ ਪੂਰੇ ਹਾਲਾਤ ਨੂੰ ਵੇਖਿਆ ਜਾਵੇ ਤਾਂ ਇਹ ਘੱਟ ਗਿਣਤੀਆਂ, ਖ਼ਾਸ ਕਰ ਕੇ ਮੁਸਲਮਾਨਾਂ ਅਤੇ ਦਲਿਤਾਂ ਵਿਰੁਧ ਜ਼ਿਆਦਾ ਹੋ ਰਿਹਾ ਹੈ। ਬਾਕੀ ਇਹ ਵੀ ਧਿਆਨ ਰਹੇ ਕਿ ਰੋਹਿਤ ਵੇਮੁਲਾ ਨੂੰ ਲੈ ਕੇ ਕਿਸੇ ਵੀ ਅਖ਼ਬਾਰ ਨੇ ਪਹਿਲਾਂ ਖ਼ਬਰ ਨਹੀਂ ਦਿਤੀ ਸੀ, ਇਹ ਸੋਸ਼ਲ ਮੀਡੀਆ ਉਤੇ ਪਹਿਲਾਂ ਆਈ ਸੀ। ਦਲਿਤ ਰੀਪੋਰਟ ਨੂੰ ਲੈ ਕੇ ਮੀਡੀਆ ਨੂੰ ਵੀ ਆਤਮਮੰਥਨ ਕਰਨ ਦੀ ਲੋੜ ਹੈ। ਇਨ੍ਹਾਂ ਦਿਨਾਂ 'ਚ 'ਨੈਸ਼ਨਲ ਦਸਤਕ' ਤੇ ਪਾਬੰਦੀ ਲਾਈ ਜਾ ਰਹੀ ਹੈ। ਆਖ਼ਰ ਮੁੱਖ ਧਾਰਾ ਤੋਂ ਉਲਟ ਆਵਾਜ਼ ਨੂੰ ਸੁਣਨ 'ਚ ਹਰਜ ਕੀ ਹੈ? ਇੰਝ ਕਰ ਕੇ ਕੀ ਅਸੀ ਲੋਕਤੰਤਰ ਦਾ ਗਲਾ ਨਹੀਂ ਘੁੱਟ ਰਹੇ? ਇਸੇ ਦੇ ਨਾਲ ਅਲ-ਜਜ਼ੀਰਾ ਦੀ ਉਹ ਖ਼ਬਰ ਵੀ ਵਿਚਾਰਨ ਵਾਲੀ ਹੈ ਜੋ ਕਿ ਦਲਿਤਾਂ ਦੀ ਭਾਰਤੀ ਮੀਡੀਆ 'ਚ ਘੱਟ ਸ਼ਮੂਲੀਅਤ ਬਾਰੇ ਹੈ।
ਇਸ ਦੌਰ ਅੰਦਰ ਅਜਿਹੀ ਭੀੜ ਪੈਦਾ ਹੋ ਗਈ ਹੈ ਜੋ ਸਮਾਜ ਤਾਂ ਬਿਲਕੁਲ ਵੀ ਨਹੀਂ ਅਖਵਾ ਸਕਦੀ। ਸਮਾਜ ਅੰਦਰ ਸਹਿਣਸ਼ੀਲਤਾ ਅਤੇ ਭਾਈਚਾਰਾ ਹੁੰਦਾ ਹੈ। ਇਸ ਭੀੜ ਨੇ ਹਿੰਦੂ ਬੰਦਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਇਹ ਭੀੜ ਬੰਗਾਲ ਅੰਦਰ ਫ਼ੇਸਬੁੱਕ ਤੇ ਮੁਹੰਮਦ ਸਾਹਿਬ ਬਾਰੇ ਕੀਤੀ ਇਕ ਟਿਪਣੀ ਤੋਂ ਹੀ ਦੰਗੇ ਦੇ ਰੂਪ 'ਚ ਬਦਲ ਰਹੀ ਹੈ। ਇਹ ਭੀੜ ਅਜਿਹਾ ਰੂਪ ਧਾਰਨ ਕਰ ਰਹੀ ਹੈ ਜਿਥੇ ਇਹ ਭਾਰਤ ਅੰਦਰ ਕਿਸੇ ਵੀ ਤਬਕੇ, ਧਰਮ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਤੋਂ ਨਾ ਹਿੰਦੂ ਬਚ ਸਕਦਾ ਹੈ ਅਤੇ ਨਾ ਮੁਸਲਮਾਨ ਕਿਉਂਕਿ ਇਹ ਹਵਾ ਫ਼ਿਰਕੂ ਰੰਗ ਦੀ ਹੈ ਜਿਸ ਨੂੰ ਕੱਟੜ ਜਥੇਬੰਦੀਆਂ ਲਗਾਤਾਰ ਆਸਰਾ ਦੇ ਰਹੀਆਂ ਹਨ। ਇੰਜ ਭਾਰਤ ਅੰਦਰ ਨਿਆਂ ਪ੍ਰਣਾਲੀ ਵੀ ਕਮਜ਼ੋਰ ਪੈਂਦੀ ਹੈ ਕਿਉਂਕਿ ਇਹ ਭੀੜ ਆਪੇ ਫ਼ੈਸਲਾ ਕਰਨ ਤੇ ਉਤਰ ਜਾਂਦੀ ਹੈ। ਜਿਉਂ ਜਿਉਂ ਸਾਡੇ ਕੋਲ ਜਾਣਕਾਰੀ ਦੇ ਸਰੋਤ ਵੱਧ ਗਏ ਹਨ, ਤਿਉਂ ਤਿਉਂ ਅਫ਼ਵਾਹਾਂ ਦਾ ਦੌਰ ਲੰਮੇਰਾ ਹੋ ਗਿਆ ਹੈ। ਵਟਸਐਪ, ਫ਼ੇਸਬੁੱਕ ਰਾਹੀਂ ਕਿੰਨਾ ਕੁੱਝ ਫੈਲਾਇਆ ਜਾ ਰਿਹਾ ਹੈ ਅਤੇ ਇਸ ਦੀ ਕਸਵੱਟੀ ਪਰਖਣ ਦੀ ਸਮਝ ਬਹੁਤਿਆਂ ਕੋਲ ਨਹੀਂ ਹੈ।
ਸੋਸ਼ਲ ਮੀਡੀਆ ਦਾ ਅਜਿਹਾ ਦੈਂਤ ਰੂਪ ਇਸ ਵਾਰ ਦੀਆਂ ਲੋਕ ਸਭਾ ਚੋਣਾਂ 'ਚ ਵੇਖਣ ਵਾਲਾ ਸੀ। 'ਅਬਕੀ ਬਾਰ ਮੋਦੀ ਸਰਕਾਰ' ਨੇ ਅਤੇ ਕੇਜਰੀਵਾਲ ਬ੍ਰਿਗੇਡ ਨੇ ਜੋ ਰੰਗ ਦਿਤਾ ਉਹ ਵਿਸਥਾਰ 'ਚ ਪੜ੍ਹਨ ਵਾਲਾ ਹੈ। ਅੰਧ ਸ਼ਰਧਾ 'ਚ ਬੋਲਣ ਦੀ ਆਜ਼ਾਦੀ ਦੇ ਨਾਂ ਥੱਲੇ ਮਰਿਆਦਾ ਭੁੱਲ ਕੇ ਕਿਸੇ ਨੂੰ ਕੁੱਝ ਵੀ ਬੋਲ ਦਿਤਾ ਗਿਆ। ਠੱਗ, ਦੱਲਾ, ਅਤਿਵਾਦੀ ਪਤਾ ਨਹੀਂ ਕਿੰਨੇ ਲਕਬ ਨਵਾਜੇ ਗਏ। ਇਸ ਦੌਰ ਦੀ ਸਿਆਸਤ ਦਾ ਤਾਂ ਏਨਾ ਖ਼ਤਰਨਾਕ ਰੰਗ ਸਾਹਮਣੇ ਆ ਰਿਹਾ ਹੈ ਕਿ ਰਿਸ਼ਤੇਦਾਰਾਂ 'ਚ ਇਕ ਕੇਜਰੀਵਾਲ ਹਮਾਇਤੀ ਅਤੇ ਦੂਜਾ ਮੋਦੀ ਹਮਾਇਤੀ ਆਪਸ 'ਚ ਲੜਦੇ ਹੋਏ ਅਪਣੀ ਰਿਸ਼ਤੇਦਾਰੀ ਤਕ ਭੁੱਲ ਗਏ ਹਨ। ਜੇ ਤੁਸੀ ਮੌਜੂਦਾ ਸਰਕਾਰ ਦੀ ਆਲੋਚਨਾ ਕਰਦੇ ਹੋ ਤਾਂ ਤੁਹਾਡੇ ਉਤੇ ਸਵਾਲੀਆ ਨਿਸ਼ਾਨ ਲਗਦਾ ਹੈ। ਤੁਹਾਡੀਆਂ ਫ਼ੇਸਬੁੱਕ ਟਿਪਣੀਆਂ ਤੋਂ ਤੁਹਾਡੀ ਨੌਕਰੀ ਤਕ ਤੈਅ ਹੋ ਰਹੀ ਹੈ।
ਸਮਾਜ ਦਾ ਅਜਿਹਾ ਰੂਪ ਭਾਰਤ ਦੀ ਵੰਨ-ਸੁਵੰਨਤਾ ਨੂੰ ਨਾ ਸਮਝਣ ਕਰ ਕੇ ਹੋਇਆ ਹੈ। ਇਸ ਦੀ ਪੈੜ 1947 'ਚ ਹੈ। ਜਦੋਂ ਭਾਰਤ 567 ਰਿਆਸਤਾਂ, ਸਣੇ ਬੋਲੀ, ਸਭਿਆਚਾਰ ਪੱਖੋਂ ਵੰਨ-ਸੁਵੰਨਤਾ ਲਈ ਬੈਠਾ ਸੀ ਤਾਂ ਸਾਨੂੰ ਭਾਰਤ ਨੂੰ ਯੂਨਾਈਟਡ ਸਟੇਟ ਰੂਪੀ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਸ ਵਿਚ ਰਖਿਆ, ਖ਼ਜ਼ਾਨਾ, ਗ੍ਰਹਿ ਅਤੇ ਵਿਦੇਸ਼ ਮਹਿਕਮਾ ਕੇਂਦਰ ਅਧੀਨ ਰੱਖ ਕੇ ਬਾਕੀ ਸੂਬਿਆਂ ਨੂੰ ਖ਼ੁਦਮੁਖਤਾਰੀ ਦੇ ਦੇਣੀ ਚਾਹੀਦੀ ਸੀ। ਜੇ ਇਹ ਨਹੀਂ ਤਾਂ ਕੋਈ ਹੋਰ ਰਾਹ ਖੋਜਣਾ ਚਾਹੀਦਾ ਸੀ ਕਿਉਂਕਿ ਬਹੁਤ ਸਾਰੇ ਸੰਵੇਦਨਸ਼ੀਲ ਮੁੱਦੇ ਸਮੇਂ ਸਮੇਂ ਸਿਰ ਉੱਭਰ ਆਉਂਦੇ ਹਨ। ਭਾਰਤ ਇਕ ਪਾਸੇ ਆਧੁਨਿਕ ਦੌਰ ਅੰਦਰ ਵਿਕਾਸ ਦੇ ਰਾਹਾਂ ਤੇ ਹੈ ਅਤੇ ਦੂਜੇ ਪਾਸੇ ਅਪਣੇ ਅੰਦਰੂਨੀ ਮਸਲਿਆਂ ਨੂੰ ਲੈ ਕੇ ਬਲਦੇ ਅੰਗਾਰਿਆਂ ਤੇ ਖੜਾ ਹੈ।
ਬੇਸ਼ੱਕ ਇਹ ਸਿੱਧੀਆਂ ਸਿੱਧੀਆਂ ਗੱਲਾਂ ਨਹੀਂ ਪਰ ਅਸੀ ਇਤਿਹਾਸ 'ਚ ਵੇਖਦੇ ਆਏ ਹਾਂ ਕਿ ਬੋਲੀ, ਸਭਿਆਚਾਰ ਦੇ ਅਜਿਹੇ ਵਖਰੇਵਿਆਂ ਨੂੰ ਜਦੋਂ ਅਸੀ ਰਾਸ਼ਟਰੀ ਏਕਤਾ ਦੀ ਕਸਵੱਟੀ ਦਾ ਅਧਾਰ ਬਣਾ ਕੇ ਅਣਗੌਲਿਆਂ ਕਰਦੇ ਰਹੇ ਹਾਂ ਤਾਂ ਭਾਰਤ ਅੰਦਰ ਲਗਾਤਾਰ ਹਾਲਾਤ ਡਾਵਾਂਡੋਲ ਰਹੇ ਹਨ।
ਆਂਧਰ ਪ੍ਰਦੇਸ਼ ਸੂਬੇ ਦੀ ਮੰਗ ਕਰਨ ਵਾਲੇ ਪੁੱਟੀ ਸ਼੍ਰੀਰਾਮੁਲੂ 57 ਦਿਨਾਂ ਤੋਂ ਵੱਧ ਦੀ ਭੁੱਖ ਹੜਤਾਲ ਕਰਦੇ ਮਰ ਗਏ। ਇਸ ਤੋਂ ਬਾਅਦ ਪੁਲਿਸ ਗੋਲੀਬਾਰੀ 'ਚ 7 ਜਣਿਆਂ ਦੀ ਮੌਤ ਹੋਈ ਅਤੇ ਸੈਂਕੜੇ ਜ਼ਖ਼ਮੀ ਹੋਏ। ਇਸੇ ਤਰ੍ਹਾਂ ਪੰਜਾਬ ਨੂੰ 16-17 ਸਾਲ ਲੰਮੇ ਸੰਘਰਸ਼ ਵਿਚੋਂ ਲੰਘਣਾ ਪਿਆ। 1953 'ਚ ਰਾਜ ਪੁਨਰਗਠਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੌਰਾਨ ਇਹ ਕੋਈ ਪਹਿਲਾ ਕੇਸ ਨਹੀਂ ਸੀ। ਬੰਬੇ (ਮੁੰਬਈ) ਨੂੰ ਲੈ ਕੇ ਮਹਾਂਰਾਸ਼ਟਰ, ਗੁਜਰਾਤ, ਬੰਬੇ ਸਿਟੀਜ਼ਨ 'ਚ ਕੀ ਹੋਇਆ, ਇਤਿਹਾਸ ਗਵਾਹ ਹੈ। ਉਨ੍ਹਾਂ ਸਮਿਆਂ 'ਚ ਮੋਰਾਰਜੀ ਦੇਸਾਈ ਅਤੇ ਪੰਡਿਤ ਨਹਿਰੂ ਨੂੰ ਇਕ ਰੈਲੀ 'ਚ ਸਾਹਮਣੇ ਪੈ ਰਹੇ ਇੱਟਾਂ ਰੋੜਿਆਂ ਦਾ ਸਾਹਮਣਾ ਤਕ ਕਰਨਾ ਪਿਆ ਸੀ। ਇਸ ਦੌਰਾਨ ਪੰਡਿਤ ਨਹਿਰੂ ਨੂੰ ਲਗਦਾ ਸੀ ਕਿ ਸਾਨੂੰ ਹੋਰ ਪਹਿਲੂਆਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਹ ਕੋਈ ਸਮੱਸਿਆ ਨਹੀਂ ਹੈ। ਪਰ ਪੰਡਿਤ ਨਹਿਰੂ ਨੂੰ ਉਸ ਸਮੇਂ ਗ੍ਰਹਿ ਯੁੱਧ ਛਿੜ ਜਾਣ ਦਾ ਵੀ ਡਰ ਸੀ। ਇਹ ਹਵਾਲਾ 12 ਅਕਤੂਬਰ 1955 ਨੂੰ ਉਨ੍ਹਾਂ ਵਲੋਂ ਲਾਰਡ ਮਾਊਂਟਬੈਟਨ ਨੂੰ ਪਾਈ ਚਿੱਠੀ 'ਚ ਵੀ ਮਿਲਦਾ ਹੈ।
ਤੁਸੀ 1947 ਦੇ ਭਾਰਤ ਨੂੰ ਵੇਖੋ ਤਾਂ ਸਮਝ ਆਉਂਦਾ ਹੈ ਕਿ ਅਸੀ ਕਿੱਥੇ ਖੁੰਝਦੇ ਰਹੇ ਹਾਂ। ਉਸ ਸਮੇਂ ਦੇ ਭਾਰਤ ਨੂੰ 3 ਹਿੱਸਿਆਂ 'ਚ ਵੰਡ ਕਰ ਕੇ ਸਮਝ ਸਕਦੇ ਹਾਂ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਮਦਰਾਸ ਆਜ਼ਾਦੀ ਤੋਂ ਪਹਿਲਾਂ ਦੇ ਸੂਬੇ ਸਨ। ਜੰਮੂ ਕਸ਼ਮੀਰ, ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ (ਪੈਪਸੂ), ਰਾਜਸਥਾਨ, ਸੌਰਾਸ਼ਟਰ, ਹੈਦਰਾਬਾਦ, ਮਸੂਰੀ ਵਰਗੇ ਵੱਡੇ ਰਜਵਾੜੇ ਇਕ ਪਾਸੇ ਸਨ ਅਤੇ ਅਜਮੇਰ, ਭੋਪਾਲ ਜਹੀਆਂ ਛੋਟੀਆਂ ਅਣਗਿਣਤ ਰਿਆਸਤਾਂ ਸਨ ਜਿਨ੍ਹਾਂ ਵਿਚੋਂ ਤਮਿਲ, ਕੰਨੜ, ਮਰਾਠਾ ਗੌਰਵ, ਗੁਜਰਾਤੀ ਸੰਘਰਸ਼ ਇਕ ਚਲਿਆ ਅਤੇ ਇਸੇ ਤਰ੍ਹਾਂ ਦਾ ਪੰਜਾਬੀ ਸੂਬਾ ਮੋਰਚਾ ਇਕ ਚਲਿਆ।
ਜਦੋਂ ਪਿਛਲੇ ਸਾਲਾਂ 'ਚ ਤੇਲੰਗਾਨਾ ਬਣਿਆ ਸੀ ਤਾਂ ਕਾਂਗਰਸ ਵਲੋਂ ਇਸ ਨੂੰ ਨਹਿਰੂ ਸਮੇਂ ਦੇ ਘੋਲ ਨੂੰ ਹੁਣ ਸਮਝਣ ਵਰਗਾ ਬਿਆਨ ਦਿਤਾ ਸੀ। ਪਿਛਲੇ ਦਹਾਕਿਆਂ 'ਚ ਸਾਡੇ ਕੋਲ ਛੱਤੀਸਗੜ੍ਹ, ਝਾਰਖੰਡ, ਉੱਤਰਾਖੰਡ ਸੂਬੇ ਇਕ ਆਏ ਹਨ, ਤੇਲੰਗਾਨਾ ਇਕ ਆਇਆ ਹੈ। ਇਸ ਦੇ ਬਾਵਜੂਦ ਗੋਰਖਾਲੈਂਡ, ਵਿਦਰਭ, ਬੋਡੋਲੈਂਡ, ਬਿਹਾਰ 'ਚੋਂ ਜ਼ੁਬਾਨ ਅਧਾਰਤ ਭੋਜਪੁਰੀ ਅਤੇ ਮੈਥਲੀ ਤੋਂ ਬਿਹਾਰ 'ਚੋਂ ਮਿਥਲਾ ਦੀ ਮੰਗ। ਕੋਸਲ, ਰਾਜਸਥਾਨ 'ਚੋਂ ਮਾਰੂ ਪ੍ਰਦੇਸ਼। ਗੋਡਵਾਣਾ, ਗੁਜਰਾਤ 'ਚੋਂ ਸੌਰਾਸ਼ਟਰ ਤਾਂ ਇਕ ਮਸਲਾ ਹੈ। ਦੂਜੇ ਪਾਸੇ ਉੱਤਰ ਪ੍ਰਦੇਸ਼ ਨੂੰ 4 ਸੂਬਿਆਂ 'ਚ ਵੰਡਣ ਦੀ ਗੱਲ ਹੁੰਦੀ ਰਹਿੰਦੀ ਹੈ। ਇਸ ਵਿਚ ਹਰਤਿ ਪ੍ਰਦੇਸ਼, ਉੱਤਰ ਪ੍ਰਦੇਸ਼ (ਅਵਧ), ਬੁੰਦੇਲਖੰਡ, ਪੂਰਵਾਂਚਲ ਖ਼ਾਸ ਹਨ। ਮੱਧ ਪ੍ਰਦੇਸ਼ 'ਚੋਂ ਬੁੰਦੇਲਖੰਡ ਅਤੇ ਬਘੇਲਖੰਡ ਦੀ ਮੰਗ ਉਠਦੀ ਹੈ।
ਭਾਰਤ ਅਜਿਹੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ। ਬੀਹੜ ਦੇ ਬਾਗ਼ੀ, ਚੰਬਲ ਦੇ ਡਾਕੂ, ਵੱਖਵਾਦੀ, ਮਾਓਵਾਦੀ, ਆਦਿਵਾਸੀ ਸੰਘਰਸ਼ ਇਹ ਸੱਭ ਸਾਨੂੰ ਮੁੜ ਵਿਚਾਰ ਕਰਨ ਨੂੰ ਕਹਿ ਰਹੇ ਹਨ। ਭਾਰਤ ਦੀ ਅਸਲ ਤਾਕਤ ਇਕ ਪਛਾਣ, ਇਕ ਰਾਸ਼ਟਰ, ਇਕ ਬੋਲੀ 'ਚ ਨਹੀਂ ਹੈ। ਮਾਹੌਲ, ਰਹੁਰੀਤਾਂ, ਬੋਲੀ, ਇਤਿਹਾਸਕਤਾ ਤੋਂ ਸਾਡੀ ਜ਼ਿਹਨੀਅਤ ਅੰਦਰ ਜੋ ਵਿਭਿੰਨਤਾ ਹੈ ਇਹ ਪੂਰੇ ਇਕ ਭਾਰਤ ਦੇ ਰੂਪ 'ਚ ਉਦੋਂ ਹੀ ਬਰਕਰਾਰ ਰਹਿ ਸਕਦੀ ਹੈ ਜਦੋਂ ਅਸੀ ਖੇਤਰੀ ਅਧਾਰ ਨੂੰ ਦੁਫਾੜ ਨਾ ਮੰਨ ਕੇ ਸਗੋਂ ਇਸ ਨੂੰ ਭਾਰਤ ਦੀ ਵੰਨ-ਸੁਵੰਨਤਾ ਵਜੋਂ ਜਾਣੀਏ।
ਇਕ ਦਿਲਚਸਪ ਤੱਥ ਇਹ ਹੈ ਕਿ ਜਦੋਂ 1986 'ਚ ਪੂਰੇ ਭਾਰਤ 'ਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਵਾਹਰ ਨਵੋਦਿਆ ਵਿਦਿਆਲਿਆ ਲੈ ਕੇ ਆਏ ਤਾਂ ਇਨ੍ਹਾਂ ਸਕੂਲਾਂ ਦਾ ਅਧਾਰ ਪੇਂਡੂ ਬੱਚਿਆਂ ਨੂੰ ਮਿਆਰੀ ਮੁਫ਼ਤ ਸਿਖਿਆ ਦੇ ਨਾਲ ਹਿੰਦੀ ਭਾਸ਼ਾਈ ਇਕਾਈ 'ਚ ਬੰਨ੍ਹਣਾ ਵੀ ਸੀ ਪਰ ਤਮਿਲਨਾਡੂ ਅਪਣੀ ਤਮਿਲ ਭਾਸ਼ਾਈ ਪਹਿਲ ਨੂੰ ਉੱਪਰ ਰਖਣਾ ਚਾਹੁੰਦਾ ਸੀ। ਜਦੋਂ ਪੂਰੇ ਭਾਰਤ 'ਚ 600 ਤੋਂ ਵੱਧ ਜਵਾਹਰ ਨਵੋਦਿਆ ਵਿਦਿਆਲਿਆ ਹਨ ਤਾਂ ਤਮਿਲਨਾਡੂ 'ਚ ਇਕ ਵੀ ਨਹੀਂ ਹੈ।
ਸੋ ਇਸੇ ਕਰ ਕੇ ਮਾਹਰ ਕਹਿੰਦੇ ਹਨ ਕਿ ਪੰਡਿਤ ਨਹਿਰੂ ਵੇਲੇ ਦੇ ਅਣਸੁਲਝੇ ਸਵਾਲਾਂ ਦਾ ਪ੍ਰਤੀਰੂਪ ਹੀ ਹੁਣ ਦੀ ਮੋਦੀ ਸਰਕਾਰ ਹੈ। ਪਾਕਿਸਤਾਨੀ ਲੇਖਕ ਮੋਹਸਿਨ ਹਾਮਿਦ ਨੇ ਹਾਲ ਹੀ 'ਚ ਅਪਣੀ ਕਿਤਾਬ 'ਐਗਜ਼ਿਟ ਏਸ਼ੀਆ' ਦੇ ਸੰਦਰਭ 'ਚ ਕੀਤੀ ਮੁਲਾਕਾਤ ਵੇਲੇ ਕਿਹਾ ਸੀ ਕਿ ਜਿਹੜੇ ਪਹਿਲੂਆਂ ਤੇ ਪਾਕਿਸਤਾਨ ਨੇ ਅਪਣੇ ਆਪ ਨੂੰ ਬਰਬਾਦ ਕੀਤਾ ਹੈ ਅਤੇ ਹੁਣ ਦੋਰਾਹੇ ਉਤੇ ਖੜੋਤਾ ਹੈ ਉਨ੍ਹਾਂ ਹਾਲਾਤ 'ਚ ਹੀ ਅੱਜ ਦਾ ਭਾਰਤ ਹੈ ਜੋ ਅਪਣੇ ਆਪ ਨੂੰ ਉਸੇ ਤਰਜ਼ ਤੇ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ 'ਚ ਘਿਰਿਆ ਹੈ।
ਭਾਰਤ ਦੀ ਅਜਿਹੇ ਇਤਿਹਾਸਕ ਸਭਿਆਚਾਰਕ ਡਾਵਾਂਡੋਲਤਾ 'ਚੋਂ ਸਾਨੂੰ ਸਾਡੇ ਮਹਾਨ ਕਵੀ ਰਬਿੰਦਰਨਾਥ ਟੈਗੋਰ ਦੇ ਰਾਸ਼ਟਰਵਾਦ ਬਾਰੇ ਵਿਚਾਰਾਂ ਨੂੰ ਸਮਝਣਾ ਚਾਹੀਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਬਾਬਰ ਬਾਹਰਲੇ ਹਮਲਾਵਰ ਜ਼ਰੂਰ ਸਨ ਪਰ ਜਦੋਂ ਉਹ ਇੱਥੋਂ ਦੇ ਹੋ ਕੇ ਰਹਿ ਗਏ ਤਾਂ ਉਨ੍ਹਾਂ ਇਸ ਧਰਤੀ ਨੂੰ ਅਪਣੇ ਅੰਦਰ ਆਤਮਸਾਤ ਕੀਤਾ ਸੀ। ਦੀਨ-ਏ-ਇਲਾਹੀ ਨੂੰ ਸ਼ੁਰੂ ਕਰਨ ਵੇਲੇ ਅਕਬਰ ਦੀ ਟਿਪਣੀ ਸੀ ਕਿ ਫ਼ਤਿਹਪੁਰ ਸੀਕਰੀ 'ਚ ਸੱਭ ਧਰਮਾਂ ਦੇ ਲੋਕ ਇਕ ਖ਼ਾਸ ਤੈਅ ਦਿਨ ਨੂੰ ਇਕੱਠਾ ਹੋਇਆ ਕਰਨ ਤਾਕਿ ਇਕ-ਦੂਜੇ ਬਾਰੇ ਬਿਹਤਰ ਜਾਣਿਆ ਜਾ ਸਕੇ। ਉਨ੍ਹਾਂ ਦਾ ਕਹਿਣਾ ਸੀ ਕਿ ਇਥੇ ਸੱਭ ਦੇ ਰਸਮੋ ਰਿਵਾਜ਼ ਵਖਰੇ ਹਨ। ਸੱਭ ਦੀਆਂ ਅਪਣੀਆਂ ਤਾਲੀਮਾਂ ਹਨ ਪਰ ਹਰ ਮਜ਼ਹਬ ਵਾਲਾ ਅਪਣੇ ਮਜ਼ਹਬ 'ਚ ਈਮਾਨ ਰੱਖਣ ਵਾਲਾ ਅਪਣੇ ਅਕੀਦੇ, ਰਸਮੋ ਰਿਵਾਜ ਦੂਜੇ ਮਜ਼ਹਬ ਨਾਲੋਂ ਉੱਪਰ ਸਮਝ ਰਿਹਾ ਹੁੰਦਾ ਹੈ ਅਤੇ ਉਹ ਮੰਨਦਾ ਹੈ ਕਿ ਮੇਰੇ ਧਰਮ ਦੀਆਂ ਆਇਤਾਂ, ਖ਼ਿਆਲ, ਦੂਜੇ ਧਰਮ ਨਾਲੋਂ ਬਿਹਤਰ ਹਨ ਅਤੇ ਇਸੇ ਖ਼ਿਆਲ 'ਚ ਉਹ ਦੂਜੇ ਧਰਮ ਵਾਲਿਆਂ ਨੂੰ ਅਪਣੇ ਅਕੀਦੇ, ਖਿਆਲ ਦੇ ਦਾਇਰੇ 'ਚ ਲਿਆਉਣਾ ਚਾਹੁੰਦਾ ਹੈ। ਜੇ ਕੋਈ ਅਜਿਹੇ ਵਰਤਾਰੇ 'ਚ ਇਨਕਾਰੀ ਹੋਵੇ ਤਾਂ ਉਸ ਨੂੰ ਹਕਾਰਤ ਨਾਲ ਵੇਖਿਆ ਜਾਂਦਾ ਹੈ ਅਤੇ ਉਹ ਦੁਸ਼ਮਣ ਐਲਾਨਿਆ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰ ਕੇ ਸਾਡੇ ਦਿਲਾਂ 'ਚ ਸ਼ੱਕ ਉਭਰਦੇ ਹਨ। ਇਸ ਲਈ ਮੈਂ ਚਾਹੁੰਦਾ ਹਾਂ ਕਿ ਮੁਕੱਰਰ ਦਿਨ ਨੂੰ ਸਾਰੇ ਧਰਮਾਂ ਦੀਆਂ ਕਿਤਾਬਾਂ ਇਥੇ ਲਿਆਂਦੀਆਂ ਜਾਣ ਤਾਕਿ ਅਸੀ ਹਰ ਧਰਮ ਦੇ ਕੇਂਦਰੀ ਭਾਵ ਸਮਝ ਸਕੀਏ।
ਸੋ ਅਜਿਹੇ ਮੁਗ਼ਲ ਕਾਲ ਦੀ ਇਤਿਹਾਸਕ ਇਮਾਰਤ ਹੈ ਭਾਰਤ ਦਾ ਤਾਜ ਮਹਿਲ। ਤਾਜ ਮਹਿਲ ਵੀ ਹੋਰਾਂ ਵਿਰਾਸਤਾਂ ਵਾਂਗ ਭਾਰਤ ਦੀ ਵਿਰਾਸਤ ਹੈ। ਇਤਿਹਾਸ ਦੀਆਂ ਵੱਖ ਵੱਖ ਤਾਰੀਖ਼ਾਂ ਤੋਂ ਫੈਲੀਆਂ ਇਹ ਇਮਾਰਤਾਂ ਸਾਡੇ ਲਈ ਇਸ਼ਾਰੇ ਹਨ ਅਤੇ ਸਾਨੂੰ ਇਨ੍ਹਾਂ ਦੀ ਪ੍ਰਸੰਗਿਕਤਾ ਇਸ ਦੀ ਸਮੂਹਿਕਤਾ 'ਚੋਂ ਸਮਝਣੀ ਚਾਹੀਦੀ ਹੈ। ਉਮੀਦ ਹੈ ਭਾਰਤ ਅੰਦਰ ਰੌਸ਼ਨ ਦਿਮਾਗ਼ ਭਾਰਤ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਕੱਟੜਵਾਦੀ ਤਾਕਤਾਂ ਨੂੰ ਚੁਨੌਤੀ ਦਿੰਦੇ ਰਹਿਣਗੇ।
ਯੇ ਦਾਗ਼ ਦਾਗ਼ ਉਜਾਲਾ,ਯੇ ਸ਼ਬ-ਗਜ਼ੀਦਾ ਸਹਿਰ
ਵੋ ਇੰਤਜ਼ਾਰ ਥਾ ਜਿਸਕਾ,ਯੇ ਵੋਹ ਸਹਿਰ ਤੋ ਨਹੀਂ
(ਫੈਜ਼ ਅਹਿਮਦ ਫੈਜ਼)
ਸੰਪਰਕ : 97798-88335