ਕਿਉਂ ਵੱਧ ਰਹੀਆਂ ਹਨ ਪਵਿੱਤਰ ਰਿਸ਼ਤੇ ਵਿਚ ਤਰੇੜਾਂ?
ਸਮਾਜ ਵਿਚ ਪਤੀ-ਪਤਨੀ ਦਾ ਰਿਸ਼ਤਾ ਸਰਬ-ਸ੍ਰੇਸ਼ਠ ਰਿਸ਼ਤਾ ਹੈ। ਇਹ ਰਿਸ਼ਤਾ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ। ਜੇ ਇਕ ਵਿਚ ਜ਼ਰਾ ਜਿੰਨਾ ਵੀ ਨੁਕਸ ਪੈ ਜਾਵੇ ਤਾਂ...
ਸਮਾਜ ਵਿਚ ਪਤੀ-ਪਤਨੀ ਦਾ ਰਿਸ਼ਤਾ ਸਰਬ-ਸ੍ਰੇਸ਼ਠ ਰਿਸ਼ਤਾ ਹੈ। ਇਹ ਰਿਸ਼ਤਾ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ। ਜੇ ਇਕ ਵਿਚ ਜ਼ਰਾ ਜਿੰਨਾ ਵੀ ਨੁਕਸ ਪੈ ਜਾਵੇ ਤਾਂ ਗੱਡੀ ਡਾਵਾਂਡੋਲ ਹੋ ਜਾਂਦੀ ਹੈ। ਪਰ ਇਸ ਪਵਿੱਤਰ ਰਿਸ਼ਤੇ ਵਿਚ ਦਿਨੋ-ਦਿਨ ਤਰੇੜਾਂ ਵੱਧ ਰਹੀਆਂ ਹਨ। ਇਹ ਤਰੇੜਾਂ ਹੌਲੀ-ਹੌਲੀ ਵਧਦੀਆਂ ਇਕ ਖਾਈ, ਦਰਿਆ ਜਾਂ ਸੁਮੰਦਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਅਤੇ ਗੱਲ ਆਖ਼ਰ ਤਲਾਕ ਤੇ ਜਾ ਕੇ ਮੁਕਦੀ ਹੈ। ਪਹਿਲੇ ਸਮਿਆਂ 'ਚ ਕੋਈ ਟਾਵਾਂ-ਟਾਵਾਂ ਹੀ ਕੇਸ ਹੁੰਦਾ ਸੀ ਜੋ ਤਲਾਕ ਤਕ ਪਹੁੰਚਦਾ ਸੀ। ਪਰ ਹੁਣ ਤਾਂ ਤਲਾਕ ਲੈਣ-ਦੇਣ ਵਾਲਿਆਂ ਦੀਆਂ ਕਤਾਰਾਂ ਹੀ ਲਗੀਆਂ ਪਈਆਂ ਹਨ। ਇਸ ਤਰ੍ਹਾਂ ਕਿਉਂ ਹੋ ਰਿਹਾ ਹੈ? ਕੀ ਪਦਾਰਥਵਾਦ ਭਾਰੂ ਹੋ ਰਿਹਾ ਹੈ ਜਾਂ ਇਕ ਦੂਜੇ ਉਤੇ ਯਕੀਨ ਨਹੀਂ ਰਿਹਾ? ਸਵਾਲ ਪੈਦਾ ਹੁੰਦਾ ਹੈ ਕਿ ਇਹ ਪਵਿੱਤਰ ਰਿਸ਼ਤੇ ਕਿਉਂ ਟੁੱਟ ਰਹੇ ਹਨ?
ਵੇਖਿਆ ਜਾਵੇ ਤਾਂ ਵਿਆਹ ਵਰਗੇ ਪਵਿੱਤਰ ਰਿਸ਼ਤਿਆਂ ਵਿਚ ਤਰੇੜਾਂ ਦਾ ਮੁੱਖ ਕਾਰਨ ਸੰਯੁਕਤ ਪ੍ਰਵਾਰਾਂ ਦਾ ਖ਼ਤਮ ਹੋਣਾ ਹੈ। ਸੰਯੁਕਤ ਪ੍ਰਵਾਰ ਸਾਡੇ ਸਮਾਜ ਦਾ ਆਧਾਰ ਸਨ, ਜਿਹੜੇ ਆਪਸੀ ਮੇਲ-ਮਿਲਾਪ ਅਤੇ ਸਾਂਝ ਨੂੰ ਵਧਾਉਂਦੇ ਸਨ। ਵੱਡਿਆਂ ਦੇ ਕਾਰ-ਵਿਹਾਰ ਨੂੰ ਵੇਖਦਿਆਂ ਸਹਿਣ-ਸ਼ਕਤੀ, ਆਪਸੀ ਭਾਈਚਾਰਾ, ਵੱਡਿਆਂ ਦਾ ਮਾਣ-ਸਤਿਕਾਰ ਵਰਗੇ ਗੁਣ ਕੁਦਰਤੀ ਤੌਰ ਤੇ ਆ ਜਾਂਦੇ ਸਨ। ਸਾਡੇ ਪ੍ਰਵਾਰਾਂ ਵਿਚ ਕੁੜੀਆਂ ਨੂੰ ਇਸ ਤਰ੍ਹਾਂ ਦਾ ਮਾਹੌਲ ਮਿਲਦਾ ਸੀ ਕਿ ਉਹ ਚੰਗੀ ਤਰ੍ਹਾਂ ਸਿਖ ਲੈਂਦੀਆਂ ਸਨ ਕਿ ਵਿਆਹ ਤੋਂ ਬਾਅਦ ਹਰ ਰਿਸ਼ਤੇ ਦਾ ਮਾਣ-ਸਤਿਕਾਰ ਕਿਸ ਤਰ੍ਹਾਂ ਰਖਣਾ ਹੈ ਅਤੇ ਪੇਕੇ-ਸਹੁਰੇ ਪ੍ਰਵਾਰ ਨੂੰ ਨਿੱਘਾ ਮਾਹੌਲ ਕਿਸ ਤਰ੍ਹਾਂ ਦੇਣਾ ਹੈ। ਪਰ ਅਜੋਕੇ ਪ੍ਰਵਾਰਾਂ ਵਿਚ ਮਾਂ-ਬਾਪ ਕੋਲ ਸਮੇਂ ਦੀ ਘਾਟ ਕਾਰਨ ਅਤੇ ਜ਼ਰੂਰਤ ਤੋਂ ਜ਼ਿਆਦਾ ਲਾਡ-ਪਿਆਰ ਦੇਣ ਕਾਰਨ ਬੱਚਿਆਂ ਵਿਚ ਸਹਿਣਸ਼ੀਲਤਾ ਦੀ ਬਹੁਤ ਘਾਟ ਹੈ। ਵੱਡਿਆਂ ਵਲੋਂ ਸਮਝਾਉਣ ਨੂੰ ਟੋਕਾ-ਟਾਕੀ ਸਮਝਿਆ ਜਾਂਦਾ ਹੈ।
ਪਛਮੀ ਸਭਿਅਤਾ ਨੇ ਵੀ ਸਾਡੇ ਘਰੇਲੂ ਜੀਵਨ ਨੂੰ ਵਿਗਾੜ ਕੇ ਰੱਖ ਦਿਤਾ ਹੈ। ਅੱਜ ਦੇ ਬੱਚੇ ਅਪਣੀ ਸਭਿਅਤਾ ਨੂੰ ਭੁੱਲ ਕੇ ਪਛਮੀ ਦੇਸ਼ਾਂ ਵਾਂਗ ਵਿਆਹ ਨੂੰ ਇਕ ਗੁੱਡੇ-ਗੁੱਡੀ ਦੀ ਖੇਡ ਸਮਝਣ ਲੱਗ ਪਏ ਹਨ। ਵਿਆਹ ਅਤੇ ਉਸ ਤੋਂ ਛੇਤੀ ਬਾਅਦ ਤਲਾਕ ਤਾਂ ਅੱਜ ਆਮ ਗੱਲ ਹੋ ਗਈ ਹੈ। ਇਹ ਜੋੜੀਆਂ ਟੁੱਟਣ ਨਾਲ ਸੱਭ ਤੋਂ ਜ਼ਿਆਦਾ ਅਸਰ ਬੱਚਿਆਂ ਦੇ ਭਵਿੱਖ ਦੇ ਨਾਲ ਬਜ਼ੁਰਗਾਂ ਦੀ ਸਿਹਤ ਉਤੇ ਵੀ ਪੈਂਦਾ ਹੈ। ਆਧੁਨਿਕ ਤਕਨੀਕਾਂ ਨੇ ਜਿਥੇ ਸਾਨੂੰ ਬਹੁਤ ਸੁੱਖ ਸਹੂਲਤਾਂ ਦਿਤੀਆਂ ਹਨ, ਉਥੇ ਸਾਡੇ ਪ੍ਰਵਾਰਕ ਜੀਵਨ ਉਤੇ ਬਹੁਤ ਭਾਰੀ ਪੈ ਰਹੀਆਂ ਹਨ ਜਿਸ ਕਾਰਨ ਹਰ ਪ੍ਰਵਾਰ ਵਿਚ ਨੀਰਸ ਅਤੇ ਫਿੱਕਾ ਜਿਹਾ ਮਾਹੌਲ ਬਣ ਗਿਆ ਹੈ। ਕਿਸੇ ਕੋਲ ਇਕ ਦੂਜੇ ਨਾਲ ਗੱਲਬਾਤ ਕਰਨ ਲਈ ਸਮਾਂ ਹੀ ਨਹੀਂ ਹੈ। ਬੇਸ਼ੁਮਾਰ ਸੰਚਾਰ ਦੇ ਮਾਧਿਅਮ, ਮੋਬਾਈਲ, ਇੰਟਰਨੈੱਟ, ਫ਼ੇਸਬੁੱਕ, ਸੋਸ਼ਲ ਸਾਈਟਸ ਅਤੇ ਫ਼ਿਲਮਾਂ ਆਦਿ ਘਰਾਂ ਨੂੰ ਜੋੜਨ ਦੀ ਬਜਾਏ ਤੋੜਨ ਦਾ ਕੰਮ ਕਰ ਰਹੇ ਹਨ। ਇਨ੍ਹਾਂ ਸਾਧਨਾਂ ਨੇ ਸਾਡੀ ਨੌਜੁਆਨ ਪੀੜ੍ਹੀ ਉਤੇ ਬਹੁਤ ਮਾੜਾ ਅਸਰ ਪਾਇਆ ਹੈ। ਬਿਨਾਂ ਸੋਚੇ-ਸਮਝੇ ਇਨ੍ਹਾਂ ਸਾਧਨਾਂ ਦੇ ਨਾਂ ਹੇਠ ਵਿਆਹ ਸਬੰਧੀ ਲਏ ਅਹਿਮ ਫ਼ੈਸਲੇ ਝੂਠੇ ਸਾਬਤ ਹੋ ਰਹੇ ਹਨ। ਜਦੋਂ ਦੋਹਾਂ ਪਾਸਿਆਂ ਨੂੰ ਅਸਲੀਅਤ ਦਾ ਪਤਾ ਲਗਦਾ ਹੈ ਤਾਂ ਘਰ ਟੁੱਟਣ ਲਈ ਮਜਬੂਰ ਹੋ ਜਾਂਦੇ ਹਨ।
ਨਸ਼ਾ ਵੀ ਵਿਆਹੁਤਾ ਜੀਵਨ ਉਤੇ ਭਾਰੂ ਹੈ। ਘਰਾਂ ਦੇ ਖ਼ਰਚੇ ਪੂਰੇ ਹੋਣ ਜਾਂ ਨਾ ਹੋਣ, ਨਸ਼ਾ ਜ਼ਰੂਰ ਪੂਰਾ ਹੋਣਾ ਚਾਹੀਦਾ ਹੈ। ਪ੍ਰਵਾਰ ਨਾਲੋਂ ਨਸ਼ਈ ਨੂੰ ਨਸ਼ਾ ਜ਼ਿਆਦਾ ਪਿਆਰਾ ਹੁੰਦਾ ਹੈ। ਨਸ਼ੇ ਦੀ ਹਾਲਤ ਵਿਚ ਆਦਮੀ ਹਿੰਸਕ ਹੋ ਕੇ ਲੜਾਈ ਝਗੜਾ ਕਰਦਾ ਰਹਿੰਦਾ ਹੈ। ਇਸ ਲਈ ਵੀ ਪ੍ਰਵਾਰ ਵਿਚ ਤਰੇੜਾਂ ਆ ਜਾਂਦੀਆਂ ਹਨ। ਇਸ ਪਵਿੱਤਰ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣ ਲਈ ਮਾਂ-ਬਾਪ ਨੂੰ ਅਪਣੇ ਬੱਚਿਆਂ ਵਲ ਪੂਰਾ ਧਿਆਨ ਦੇਣਾ ਪਵੇਗਾ ਤਾਕਿ ਉਨ੍ਹਾਂ ਨੂੰ ਚੰਗੇ ਸੰਸਕਾਰ ਦੇ ਸਕਣ। ਸਕੂਲਾਂ, ਕਾਲਜਾਂ ਅਤੇ ਸਮਾਜਕ ਸੰਸਥਾਵਾਂ ਵਲੋਂ ਵੀ ਨੈਤਿਕ ਸਿਖਿਆ ਦੇਣੀ ਚਾਹੀਦੀ ਹੈ ਜਿਹੜੀ ਸਾਡੇ ਭਵਿੱਖ ਅਤੇ ਜਵਾਨ ਪੀੜ੍ਹੀ ਨੂੰ ਸਹੀ ਅਰਥਾਂ ਵਿਚ ਜਿਊਣ ਦੀ ਸਿਖਿਆ ਦੇਣ, ਨਸ਼ਿਆਂ ਤੋਂ ਦੂਰ ਰਹਿਣ ਦੀ ਸਿਖਿਆ ਦੇਵੇ।
ਕੁੜੀਆਂ ਨੂੰ ਪੜ੍ਹ-ਲਿਖ ਕੇ ਅਪਣੇ ਪੈਰਾਂ ਉਤੇ ਖੜੇ ਹੋਣਾ ਚਾਹੀਦਾ ਹੈ। ਵਿਦਿਆ ਵੀ ਸਹੀ ਢੰਗ ਨਾਲ ਜੀਵਨ ਜਾਚ ਸਿਖਾਉਂਦੀ ਹੈ। ਕੁੜੀਆਂ ਅਪਣੇ ਵਿਚ ਅਜਿਹੇ ਗੁਣ ਪੈਦਾ ਕਰਨ, ਜਿਸ ਦੀ ਖ਼ੁਸ਼ਬੂ ਨਾਲ ਅਪਣੇ ਘਰ ਨੂੰ ਖ਼ੁਸ਼ੀਆਂ ਅਤੇ ਮਹਿਕਾਂ ਵਿਚ ਵੰਡ ਸਕਣ ਅਤੇ ਸਮਾਜ ਵਿਚ ਵੀ ਸਿਰ ਉੱਚਾ ਕਰ ਕੇ ਜੀ ਸਕਣ। ਇਸ ਤਰ੍ਹਾਂ ਕੁੜੀਆਂ ਦੀ ਸਿਆਣਪ ਅਤੇ ਸੂਝ-ਬੂਝ ਨਾਲ ਇਹ ਪਿਆਰਾ ਰਿਸ਼ਤਾ ਟੁੱਟਣ ਤੋਂ ਬਚ ਸਕਦਾ ਹੈ।
ਦੋਹਾਂ ਪ੍ਰਵਾਰਾਂ ਨੂੰ ਅਪਣੇ ਬੱਚਿਆਂ ਨੂੰ ਬਹੁਤ ਖੁੱਲ੍ਹ ਵੀ ਨਹੀਂ ਦੇਣੀ ਚਾਹੀਦੀ, ਬਲਕਿ ਇਕ-ਦੂਜੇ ਦਾ ਚੰਗਾ ਜੀਵਨ ਸਾਥੀ ਬਣਨ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ। ਕੁੜੀਆਂ ਦੇ ਦਾਜ ਦਾ ਫਿਕਰ ਕਰਨ ਨਾਲੋਂ ਮਾਪਿਆਂ ਨੂੰ ਅਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਅਪਣੇ ਪੈਰਾਂ ਉਤੇ ਖੜਾ ਕਰਨਾ ਚਾਹੀਦਾ ਹੈ ਜਿਹੜਾ ਉਸ ਵਾਸਤੇ ਸਾਰੀ ਉਮਰ ਦਾ ਦਾਜ ਹੁੰਦਾ ਹੈ। ਇਸ ਤਰ੍ਹਾਂ ਦੇ ਕੀਤੇ ਕੁੱਝ ਉਪਰਾਲੇ ਹੀ ਇਸ ਪਵਿੱਤਰ ਰਿਸ਼ਤੇ ਦੀ ਡੋਰ ਨੂੰ ਮਜ਼ਬੂਤ ਕਰ ਕੇ ਜੋੜਨ ਵਿਚ ਸਹਾਈ ਹੋ ਸਕਦੇ ਹਨ। ਬੱਚੇ ਖ਼ੁਸ਼ ਰਹਿਣਗੇ ਤਾਂ ਮਾਪਿਆਂ ਅਤੇ ਸਮਾਜ ਵਿਚ ਉਨ੍ਹਾਂ ਦਾ ਸਤਿਕਾਰ ਬਣਿਆ ਰਹੇਗਾ। ਪਿਆਰ ਮੁਹੱਬਤ, ਸਦਭਾਵਨਾ ਅਤੇ ਮਿੱਠੇ ਬੋਲਾਂ ਨਾਲ ਹੀ ਉਨ੍ਹਾਂ ਦਾ ਜੀਵਨ ਬਣਿਆ ਰਹਿ ਸਕਦਾ ਹੈ। ਜੋੜੀਆਂ ਨੂੰ ਬਣਾਈ ਰਖਣਾ ਹੀ ਹਰ ਵਿਆਹੁਤਾ ਜੋੜੇ ਦੀ ਨੈਤਿਕ ਜ਼ਿੰਮੇਵਾਰੀ ਹੈ। ਬਜ਼ੁਰਗ ਪਿਤਾ ਅਤੇ ਮਾਤਾ ਦਾ ਸਤਿਕਾਰ, ਸਹੁਰੇ ਅਤੇ ਪੇਕੇ ਪ੍ਰਵਾਰ ਦੀ ਸ਼ੋਭਾ ਹੈ। ਸੰਪਰਕ : 98881-86086