ਪੰਜਾਬ ਹੁਨਰ ਵਿਕਾਸ ਮਿਸ਼ਨ ਦੇ 3 ਸਾਲਾਂ ਦਾ ਰਿਪੋਰਟ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਜਾਬ ਲਈ ਬੇਰੁਜ਼ਗਾਰੀ ਇੱਕ ਅਜਿਹੀ ਸਮੱਸਿਆ ਹੈ ਜੋ ਖਿੱਤੇ ’ਚੋਂ ਲਗਾਤਾਰ ਹੋ ਰਹੇ ਪ੍ਰਵਾਸ ਦੇ ਮੁੱਖ ਕਾਰਨਾਂ ’ਚੋਂ ਇੱਕ ਨਜ਼ਰ ਆਉਂਦੀ ਹੈ।

Photo

ਪੰਜਾਬ ਲਈ ਬੇਰੁਜ਼ਗਾਰੀ ਇੱਕ ਅਜਿਹੀ ਸਮੱਸਿਆ ਹੈ ਜੋ ਖਿੱਤੇ ’ਚੋਂ ਲਗਾਤਾਰ ਹੋ ਰਹੇ ਪ੍ਰਵਾਸ ਦੇ ਮੁੱਖ ਕਾਰਨਾਂ ’ਚੋਂ ਇੱਕ ਨਜ਼ਰ ਆਉਂਦੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਕਈ ਵਾਅਦੇ ਹੋਏ। ਜਿਸ ਵਿੱਚੋਂ ਇੱਕ ਵਾਅਦਾ ਘਰ-ਘਰ ਰੁਜ਼ਗਾਰ ਦੇਣ ਦਾ ਵੀ ਸੀ। ਅਪ੍ਰੈਲ ’ਚ ਸੂਬਾ ਸਰਕਾਰ ਦੇ 3 ਸਾਲ ਪੂਰੇ ਹੋਣਗੇ ਅਜਿਹੇ ’ਚ ਇਹ ਜਾਣ ਲੈਣਾ ਲਾਜ਼ਮੀ ਹੈ ਕਿ ਕੀ ਸਰਕਾਰ ਨੇ ਇਹਨਾਂ 3 ਸਾਲਾਂ ’ਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਉਹਨਾਂ ਦੇ ਹੁਨਰ ਨੂੰ ਨਿਖਾਰਨ ਅਤੇ ਆਤਮ ਨਿਰਭਰ ਕਰਨ ਦਾ ਕੋਈ ਕਦਮ ਚੁੱਕਿਆ ਵੀ ਹੈ ਜਾਂ ਫਿਰ ਸਿਰਫ ਗੱਲਾਂ ਨਾਲ ਹੀ ਮਹਿਲ ਉਸਾਰ ਨੇ।

ਪੰਜਾਬ ਹੁਨਰ ਵਿਕਾਸ ਮਿਸ਼ਨ:

ਸੂਬੇ ਅੰਦਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਭ ਤੋਂ ਪਹਿਲਾਂ ਉਹਨਾਂ ਦਾ ਹੁਨਰਮੰਦ ਹੋਣ ਲਾਜ਼ਮੀ ਹੈ। ਇਸੇ ਤਹਿਤ ਸੂਬਾ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਵੱਖ-ਵੱਖ ਥਾਂਵਾਂ ’ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਅੱਠ ਬਹੁ ਹੁਨਰ ਵਿਕਾਸ ਕੇਂਦਰ ਅਤੇ ਸਿਹਤ ਕੁਸ਼ਲ ਵਿਕਾਸ ਕੇਂਦਰ ਸਥਾਪਿਤ ਕੀਤੇ ਜੋ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ’ਚ ਯਤਨਸ਼ੀਲ ਹਨ। ਇਸ ਤੋਂ ਇਲਾਵਾ ਕਰੀਬ 200 ਪੇਂਡੂ ਵਿਕਾਸ ਕੇਂਦਰਾਂ ਨੂੰ ਵੀ ਸਰਕਾਰ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਵਧੀਆ ਬੁਨਿਆਦੀ ਢਾਂਚੇ ਨਾਲ ਸਥਾਪਿਤ ਕੀਤਾ ਗਿਆ ਤਾਂ ਜੋ ਪਿੰਡਾਂ ’ਚ ਵੀ ਹੁਨਰਮੰਦਾਂ ਨੂੰ ਰੁਜ਼ਗਾਰ ਮਿਲ ਸਕੇ। ਪਰ ਕੀ ਇਹ ਕੇਂਦਰ ਸਿਰਫ਼ ਸਥਾਪਿਤ ਹੋਏ ਜਾਂ ਕੰਮ ਵੀ ਕਰਦੇ ਹਨ ਇਸ ਬਾਬਤ ਘੋਖ ਕਰਨ ’ਤੇ ਪਤਾ ਲੱਗਾ ਕਿ ਇਹਨਾਂ ਕੇਂਦਰਾਂ ਨਾਲ ਨੌਜਵਾਨ ਨੂੰ ਲਾਹਾ ਮਿਲ ਰਿਹਾ ਹੈ।

ਹੁਨਰ ਵਿਕਾਸ ਸਕੀਮਾਂ ਤੇ ਉਹਨਾਂ ਦੇ ਲਾਹੇ:

ਨੌਜਵਾਨਾਂ ਦੇ ਹੁਨਰ ਨੂੰ ਤ੍ਰਾਸ਼ਣ ਲਈ ਹੁਨਰ ਵਿਕਾਸ ਸਕੀਮਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੌਜਨਾ ਤਹਿਤ ਪਿਛਲੇ ਅੰਕੜਿਆਂ ਮੁਤਾਬਕ 9497 ਨੌਜਵਾਨ ਟ੍ਰੇਨਿੰਗ ਲੈ ਚੁੱਕੇ ਹਨ ਅਤੇ ਉਹਨਾਂ ’ਚੋਂ 3131 ਉਮੀਦਵਾਰ ਨੂੰ ਰੁਜ਼ਗਾਰ ਵੀ ਮਿਲ ਚੁੱਕਾ ਹੈ। ਇਸੇ ਤਰ੍ਹਾਂ ਨੌਜਵਾਨ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ, ਇੰਪਲਾਏਮੈਂਟ ਥਰੂ ਸਕਿਲ ਟ੍ਰੇਨਿੰਗ ਐਂਡ ਪਲੇਸਮੈਂਟ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ-2, ਬਾਰਡਰ ਏਰੀਆ ਡੈਵਲਪਮੈਂਟ ਪ੍ਰੋਗਰਾਮ ਅਤੇ ਸਾਫਟ ਸਕਿਲ ਡੈਵਲਪਮੈਂਟ ਪ੍ਰੋਗਰਾਮ ਤਹਿਤ ਲਾਹਾ ਲੈ ਰਹੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਮੁਤਾਬਕ ਇਹ ਹੁਨਰ ਵਿਕਾਸ ਕੇਂਦਰਾਂ ’ਚ ਮੁਫਤ ਮਿਲ ਰਹੀਆਂ ਸਹੂਲਤਾਂ ਦੇ ਸਾਰਥਕ ਨਤੀਜੇ ਆ ਰਹੇ ਨੇ ਅਤੇ ਨੌਜਵਾਨਾਂ ਨੂੰ ਇਹਨਾਂ ਦਾ ਲਾਹਾ ਲੈਣਾ ਚਾਹੀਦਾ ਹੈ।

ਰੁਜ਼ਗਾਰ ਹਾਸਲ ਕਰ ਚੁੱਕੇ ਨੌਜਵਾਨਾਂ ਦਾ ਅਨੁਭਵ:

ਬੇਸ਼ੱਕ ਹਾਲੇ ਸੂਬੇ ਅੰਦਰ ਰੁਜ਼ਗਾਰ ਦੇ ਮੁਵਾਕਿਆਂ ਦੀ ਥੋੜ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਸੂਬੇ ਅੰਦਰੋਂ ਕੇਂਦਰ ਸਰਕਾਰ ਦੀਆਂ ਭੇਦਭਾਵ ਵਾਲੀਆਂ ਨੀਤੀਆਂ ਕਾਰਨ ਬਹੁਤ ਸਾਰੀ ਇੰਡਸਟਰੀ ਪਲਾਨ ਕਰ ਚੁੱਕੀ ਹੈ ਪਰ ਅਜਿਹੇ ਮੌਕੇ ਜੇਕਰ ਨੌਜਵਾਨ ਆਪਣਾ ਹੁਨਰ ਪਛਾਣ ਕੇ ਰੁਜ਼ਗਾਰ ਹਾਸਲ ਕਰਨ ’ਚ ਸਫ਼ਲ ਰਹਿੰਦੇ ਹਨ ਤਾਂ ਇਹ ਚੰਗਾ ਕਦਮ ਹੈ। ਪਿਛਲੇ 3 ਸਾਲਾਂ ਦੌਰਾਨ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਵੱਖ-ਵੱਖ ਸਕੀਮਾਂ ਦਾ ਲਾਹਾ ਲੈ ਕਿ ਵੱਖ-ਵੱਖ ਕੇਂਦਰਾਂ ਤੋਂ ਕਈ ਨੌਜਵਾਨ ਰੁਜ਼ਗਾਰ ਹਾਸਲ ਕਰ ਚੁੱਕੇ ਨੇ। ਜਿਹਨਾਂ ਨਾਲ ਰਾਬਤਾ ਕਰਨ ’ਤੇ ਪਤਾ ਲੱਗਾ ਕਿ ਉਹਨਾਂ ਨੇ ਆਪਣੇ-ਆਪਣੇ ਖਿੱਤੇ ’ਚ ਹੀ ਟ੍ਰੇਨਿੰਗ ਹਾਸਲ ਕੀਤੀ ਅਤੇ ਹੁਣ ਚੰਗਾ ਕੰਮ ਕਰ ਰਹੇ ਹਨ।

ਲੁਧਿਆਣਾ ਤੋਂ ਮਨਵਿੰਦਰ ਕੌਰ ਜੋ ਇੱਕ ਮੱਧਵਰਗੀ ਪਰਿਵਾਰ ਤੋਂ ਹੋਣ ਕਾਰਨ ਰੁਜ਼ਗਾਰ ਦੀ ਭਾਲ ’ਚ ਸੀ। ਉਸ ਵੱਲੋਂ ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਲੁਧਿਆਣਾ ਸਥਿਤ ਬਹੁ ਹੁਨਰ ਵਿਕਾਸ ਕੇਂਦਰ ਤੋਂ ਟ੍ਰੇਡ ਐਂਡ ਪੀ.ਆਈ.ਏ. ਦੀ ਟ੍ਰੇਨਿੰਗ ਲਈ ਅਤੇ ਹੁਣ ਜੀਨਾ ਸੀਖੋ ਲਾਈਫਕੇਅਰ ਪ੍ਰਾਈਵੇਟ ਲਿਮਿਟਿਡ ’ਚ ਕਸਟਮਰ ਕੇਅਰ ਐਗਜ਼ੀਕਿਊਟਿਵ ਵਜੋਂ ਚੰਗੀ ਤਨਖਾਹ ਹਾਸਲ ਕਰ ਰਹੀ ਹੈ।

ਫਿਰੋਜ਼ਪੁਰ ਦੇ ਅਰੀਫਕੇ ਤੋਂ ਗੁਰਪ੍ਰੀਤ ਕੌਰ ਨੇ ਸੀਵਿੰਗ ਮਸ਼ੀਨ ਅਪ੍ਰੇਟਰ ਦੀ ਟ੍ਰੇਨਿੰਗ ਹੁਨਰ ਵਿਕਾਸ ਕੇਂਦਰ ਤੋਂ ਹਾਸਲ ਕੀਤੀ। ਜਿਸ ਪਿੱਛੋਂ ਸ਼ਾਹੀ ਐਕਸਪੋਰਟਸ ਪ੍ਰਾਈਵੇਟ ਲਿਮਿਟਿਡ ਕੰਪਨੀ ਵੱਲੋਂ ਉਸਨੂੰ ਸੀਵਿੰਗ ਮਸ਼ੀਨ ਅਪ੍ਰੇਟਰ ਨੌਕਰੀ ਮਿਲੀ। ਹੁਣ ਵਧੀਆ ਕੰਮ ਦੇ ਚਲਦੇ ਤਰੱਕੀ ਮਿਲਣ ’ਤੇ ਪਲੇਸਮੈਂਟ ਐਗਜ਼ੀਕਿਊਟਿਵ ਵਜੋਂ ਕੰਮ ਕਰਦੇ ਹੋਏ ਚੰਗੀ ਕਮਾਈ ਕਰਕੇ ਪਰਿਵਾਰ ਲਈ ਸਹਾਰਾ ਬਣੀ ਹੈ।

ਲੁਧਿਆਣਾ ਦੇ ਪਰਦੀਪ ਸਿੰਘ ਨੇ ਵੀ ਦੀਨ ਦਿਯਾਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਤਹਿਤ ਸੀ.ਐੱਨ.ਸੀ. ਮਸ਼ੀਨ ਅਪ੍ਰੇਟਰ ਦੀ ਨੌਕਰੀ ਹਾਸਲ ਕੀਤੀ ਅਤੇ ਉਹ ਆਪਣੇ ਪਰਿਵਾਰ ਨੂੰ ਸਹਾਰਾ ਦੇਣ ’ਚ ਕਾਮਯਾਬ ਹੋਇਆ ਹੈ। ਬਠਿੰਡਾ ਤੋਂ ਕਮਲ ਸੇਹਰ ਨੇ ਵੀ ਪੇਸਕੋ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਤੋਂ ਅਨਆਰਮਡ ਸੁਰੱਖਿਆ ਕਰਮੀ ਦੀ ਟ੍ਰੇਨਿੰਗ ਲਈ ਅਤੇ ਹੁਣ ਉਹ ਸੁਰੱਖਿਆ ਕਰਮੀ ਵਜੋਂ ਕੰਮ ਕਰਕੇ ਕਮਾਈ ਕਰ ਰਿਹਾ ਹੈ। ਉਸ ਮੁਤਾਬਕ ਇਹ ਨੌਕਰੀ ਹਾਸਲ ਕਰਨ ਨਾਲ ਉਸਨੂੰ ਬਹੁਤ ਸਹਾਇਤਾ ਮਿਲੀ ਹੈ ਕਿਉਂਕਿ ਉਸਨੇ ਮੁਫਤ ਕੋਰਸ ਕੀਤਾ ਅਤੇ ਉਸ ਤੋਂ ਬਾਅਦ ਨੌਕਰੀ ਹਾਸਲ ਕਰਨ ’ਚ ਵੀ ਕਾਮਯਾਬ ਰਿਹਾ।

ਰੋਪੜ ਤੋਂ ਅਰਸ਼ਦੀਪ ਸਿੰਘ ਵੀ ਸ਼ਹੀਦ ਭਗਤ ਸਿੰਘ ਹੁਨਰ ਵਿਕਾਸ ਕੇਂਦਰ ਬੇਲਾ ਤੋਂ ਮੁਫਤ ਟ੍ਰੇਨਿੰਗ ਹਾਸਲ ਕਰਕੇ ਨੌਕਰੀ ਹਾਸਲ ਕਰਨ ’ਚ ਸਫਲਤਾ ਹਾਸਲ ਕੀਤੀ ਅਤੇ ਹੁਣ ਉਹ ਇਜ਼ੀ ਡੇ ’ਚ ਕੰਮ ਕਰਕੇ ਪਰਿਵਾਰ ਨੂੰ ਸਹਾਰਾ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਮਾਈਗ੍ਰੇਸ਼ਨ ਸਪੋਰਟ ਸੈਂਟਰ, ਕੈਪੇਸਟੀ ਬਿਲਡਿੰਗ ਵਰਕਸ਼ਾਪ, ਸਕਿਲ ਆਨ ਵੀਲ, ਟ੍ਰੇਨਿੰਗ ਟੂ ਵਿਕਟਿਮ ਆਫ ਡਰੱਗ ਅਬਿਊਜ਼, ਕਾਲ ਸੈਂਟਰ, ਸੈਂਟਰ ਮਾਨੀਟਿਰਿੰਗ ਸੈਂਟਰ ਅਤੇ ਸਪੈਸ਼ਲ ਪ੍ਰੋਜੈਕਟ ਫਾਰ ਪੀ.ਡਬਲਯੂ.ਡੀ. ਅਤੇ ਡਰੱਗ ਅਡਿਕਟਸ ਸੰਧੀ ਵੀ ਸਰਕਾਰ ਵੱਲੋਂ ਉਪਰਾਲੇ ਕਰਨ ਦਾ ਦਾਅਵਾ ਹੈ।

ਦੇਖਿਆ ਜਾਵੇ ਤਾਂ ਪਿਛਲੇ 3 ਸਾਲਾਂ ’ਚ ਸਰਕਾਰ ਵੱਲੋਂ ਨੌਜਵਾਨਾਂ ਨੂੰ ਆਤਮ-ਨਿਰਭਰ ਕਰਨ ਵਲ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ਾਂ ਕਦੋਂ ਤਕ ਪੰਜਾਬ ’ਚੋਂ ਬੇਰੁਜ਼ਗਾਰੀ ਦੂਰ ਕਰ ਪਾਉਂਦੇ ਹਨ ਉਸ ਬਾਬਤ ਕੁਝ ਵੀ ਕਹਿਣਾ ਮੁਸ਼ਕਲ ਹੈ ਪਰ ਇੱਕ ਗੱਲ ਸਾਫ ਨਜ਼ਰ ਆ ਰਹੀ ਹੈ ਕਿ ਪਿਛਲੇ 3 ਸਾਲਾਂ ਦੌਰਾਨ ਹੁਨਰ ਵਿਕਾਸ ਮਿਸ਼ਨ ਤਹਿਤ ਕੋਸ਼ਿਸ਼ਾਂ ਹੁੰਦੀਆਂ ਨਜ਼ਰ ਆ ਰਹੀਆਂ ਹਨ। 

ਪੱਤਰਕਾਰ ਹਰਦੀਪ ਸਿੰਘ ਭੋਗਲ