ਅੱਜ ਜਨਮ ਦਿਨ ਮੌਕੇ ਵਿਸ਼ੇਸ : ਪੰਜਾਬੀ ਦੀ ਪ੍ਰਸਿੱਧ ਨਾਵਲਕਾਰ ਡਾ. ਦਲੀਪ ਕੌਰ ਟਿਵਾਣਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਵਿਚ ਮਾਤਾ ਗੁਲਾਬ ਕੌਰ ਦੀ ਕੁੱਖੋਂ, ਪਿਤਾ ਕਾਕਾ ਸਿੰਘ ਦੇ ਘਰ, ਦਾਦਾ ਹਾਕਮ ਸਿੰਘ ਦੇ ਵਿਹੜੇ ਲੁਧਿਆਣਾ ਦੇ ਪਿੰਡ ਰੱਬੋਂ 'ਚ ਹੋਇਆ

File Photo

ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਵਿਚ ਮਾਤਾ ਗੁਲਾਬ ਕੌਰ ਦੀ ਕੁੱਖੋਂ, ਪਿਤਾ ਕਾਕਾ ਸਿੰਘ ਦੇ ਘਰ, ਦਾਦਾ ਹਾਕਮ ਸਿੰਘ ਦੇ ਵਿਹੜੇ ਲੁਧਿਆਣਾ ਦੇ ਪਿੰਡ ਰੱਬੋਂ 'ਚ ਹੋਇਆ। ਇਨ੍ਹਾਂ ਭੈਣ-ਭਰਾਵਾਂ ਦੀ ਗਿਣਤੀ ਛੇ ਹੈ। ਦਲੀਪ ਕੌਰ ਟਿਵਾਣਾ ਸੱਭ ਤੋਂ ਵੱਡੀ ਹੈ ਅਤੇ ਭਰਾ ਇਨ੍ਹਾਂ ਦਾ ਸੱਭ ਤੋਂ ਛੋਟਾ ਹੈ। ਇਨ੍ਹਾਂ ਦੀ ਭੂਆ ਜੀ ਜਦ ਅਪਣੇ ਪਿਤਾ ਹਾਕਮ ਸਿੰਘ ਦੇ ਖਹਿੜੇ ਪੈ ਗਈ ਤਾਂ ਪੰਜ ਸਾਲ ਦੀ ਬੱਚੀ ਟਿਵਾਣਾ ਨੂੰ ਭੂਆ ਦੀ ਝੋਲੀ ਪਾ ਦਿਤਾ। ਬੇਔਲਾਦੇ ਭੂਆ ਅਤੇ ਫੁੱਫੜ ਤਾਰਾ ਸਿੰਘ ਜੀ ਨੇ ਬਹੁਤ ਖ਼ੁਸ਼ੀ ਮਨਾਈ। ਬੀਬਾ ਨੂੰ ਵਿਕਟੋਰੀਆ ਸਕੂਲ ਘਰ ਦੇ ਨੇੜੇ ਹੋਣ ਕਰ ਕੇ, ਉਸੇ ਸਕੂਲ ਵਿਚ ਪੜ੍ਹਨ ਪਾ ਦਿਤਾ ਗਿਆ।

ਜਦ ਟਿਵਾਣਾ ਨੇ ਇਕ ਸਾਲ 'ਚ ਸਿੱਧੀ ਪੰਜਵੀਂ ਜਮਾਤ ਪਾਸ ਕੀਤੀ ਤਾਂ ਭੂਆ ਜੀ ਫੁੱਫੜ ਜੀ ਅਤੇ ਅਧਿਆਪਕ ਸਾਹਿਬਾਨਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਦਸਵੀਂ ਪਾਸ ਕਰਨ ਤਕ ਟਿਵਾਣਾ ਨੇ ਸਕੂਲ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਹੀ ਕਿਤਾਬਾਂ ਪੜ੍ਹ ਦਿਤੀਆਂ ਸਨ। ਸਕੂਲ ਇੰਟਰਮੀਡੀਏਟ ਕਾਲਜ ਬਣ ਚੁੱਕਾ ਹੈ। ਇਤਿਹਾਸ ਅਤੇ ਪੰਜਾਬੀ ਨਾਲ ਬੀ.ਏ. ਕਰ ਲਈ ਅਤੇ ਮਹਿੰਦਰਾ ਕਾਲਜ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਵਿਚੋਂ ਫ਼ਸਟ ਡਿਵੀਜ਼ਨ ਲੈ ਕੇ (ਪੰਜਾਬੀ) 'ਚ ਟਾਪ ਕਰਨ ਵਾਲੀ ਪਹਿਲੀ ਕੁੜੀ ਸੀ ਜਿਸ ਨੇ ਇਸੇ ਵਿਚ ਪੀ.ਐਚ.ਡੀ. ਵੀ ਕੀਤੀ ਅਤੇ ਪੰਜਾਬੀ ਲੈਕਚਰਾਰ ਚੁਣੀ ਗਈ।

ਉਨ੍ਹਾਂ ਦੀ ਪਹਿਲੀ ਤੈਨਾਤ ਧਰਮਸ਼ਾਲਾ, ਫਿਰ ਨਾਭੇ ਅਤੇ ਬਾਅਦ 'ਚ ਮਹਿੰਦਰਾ ਕਾਲਜ ਪਟਿਆਲਾ ਵਿਖੇ ਬਦਲੀ ਹੋਈ ਅਤੇ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਟੀ ਵਿਖੇ ਇੰਟਰਵਿਊ ਦਿਤੀ ਤੇ ਚੁਣੀ ਗਈ। ਉਨ੍ਹਾਂ ਦੀ ਸ਼ਾਦੀ ਪ੍ਰੋ. ਭੁਪਿੰਦਰ ਸਿੰਘ ਨਾਲ ਹੋਈ ਅਤੇ ਉਨ੍ਹਾਂ ਦੇ ਅੱਖੀਆਂ ਦਾ ਤਾਰਾ ਉਨ੍ਹਾਂ ਦਾ ਸਪੁੱਤਰ ਸਿਮਰਨਜੀਤ ਸਿੰਘ ਹੈ।

ਲੇਖਿਕਾ ਦੀਆਂ ਕਿਤਾਬਾਂ ਦੀ ਲੜੀ ਵੀ ਵੱਡੀ ਗਿਣਤੀ ਵਿਚ ਹੈ। ਉਨ੍ਹਾਂ ਦੀ ਪਹਿਲੀ ਕਿਤਾਬ 'ਪਰਬਲ ਵਹਿਣ', 'ਏਹੋ ਹਮਾਰਾ ਜੀਵਣਾ', 'ਪੰਚਾਂ ਵਿਚ ਪਰਮੇਸ਼ਰ', 'ਲੰਘ ਗਏ ਦਰਿਆ', 'ਤੀਨ ਲੋਕ ਸੇ ਨਿਆਰੀ', 'ਤੁਮਰੀ ਕਥਾ ਕਹੀ ਨਾ ਜਾਏ', 'ਐਰ ਗੈਰ ਮਿਲਦਿਆਂ', 'ਪੈੜ ਚਾਲ', 'ਤੀਲੀ ਦਾ ਨਿਸ਼ਾਨ', 'ਵਾਟ ਹਮਾਰੀ', 'ਅਗਨੀ ਪ੍ਰੀਖਿਆ', 'ਰਿਣ ਪਿੱਤਰਾਂ ਦਾ', 'ਹਸਤਾਖਰ', 'ਮਾਤਾ ਸੁੰਦਰੀ ਜੀ ਬਾਰੇ, ਤੁਰਦਿਆਂ-ਤੁਰਦਿਆਂ, 'ਪੀਲੇ ਪੱਤਿਆਂ ਦੀ ਦਾਸਤਾਂ', 'ਨੰਗੇ ਪੈਰਾਂ ਦਾ ਸਫ਼ਰ', 'ਦੁਨੀਆਂ ਸੁਹਾਵਾ ਬਾਗ', 'ਕਥਾ ਕਹੁ ਕੁਕਨਸ ਦੀ', 'ਕਥਾ ਕਹੋ ਉਰਵਸ਼ੀ' ਆਦਿ ਕੁਲ 31 ਨਾਵਲ 7 ਕਹਾਣੀ ਸੰਗ੍ਰਹਿ, ਇਕ ਸਾਹਿਤਕ ਜੀਵਨੀ, ਇਕ ਸਵੈ-ਜੀਵਨੀ, ਤਿੰਨ ਪੁਸਤਕਾਂ ਸਾਹਿਤ ਸਮੀਖਿਆ, ਦੋ ਅਨੁਵਾਦ, ਤਿੰਨ ਸੰਪਾਦਤ ਪੁਸਤਕਾਂ ਆਦਿ ਹਨ।

ਟਿਵਾਣਾ ਦੇ ਇਨਾਮਾਂ-ਸਨਮਾਨਾਂ ਦੀ ਲੜੀ ਵੀ ਵੱਡੀ ਹੀ ਹੈ। ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ (1987) 'ਚ, ਭਾਰਤ ਸਰਕਾਰ ਨੇ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ (2004) 'ਚ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ 2008 'ਚ, ਦਿਤੇ ਗਏ। ਦਲੀਪ ਕੌਰ ਟਿਵਾਣਾ ਦੀਆਂ ਪ੍ਰਾਪਤੀਆਂ ਵੇਖ ਕੇ ਸਿਰ ਝੁਕ ਜਾਂਦਾ ਹੈ। ਭਾਵੇਂ ਟਿਵਾਣਾ ਦਾ ਆਈ.ਏ.ਐਸ. ਅਫ਼ਸਰ ਬਣਨ ਦਾ ਸੁਪਨਾ ਤਾਂ ਨਾ ਸਾਕਾਰ ਹੋ ਸਕਿਆ ਪਰ ਅੱਜ ਸਾਹਿਤਕ ਖੇਤਰ ਵਿਚ ਧਰੂ ਤਾਰੇ ਵਾਂਗ ਚਮਕ ਰਹੀ ਹੈ।

ਸਾਹਿਤ ਨਾਲ ਮੋਹ ਰੱਖਣ ਵਾਲੀ ਨੇ ਸਾਰੀ ਉਮਰ ਹੀ ਮਾਂ ਬੋਲੀ ਲਈ ਅਰਪਨ ਕਰ ਦਿਤੀ। ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਵਾਲੀ ਟਿਵਾਣਾ 31 ਜਨਵਰੀ 2020 ਨੂੰ ਸਾਡੇ ਕੋਲੋਂ ਸਦਾ ਲਈ ਵਿਛੜ ਗਈ। ਟਿਵਾਣਾ ਜੀ ਦੇ ਜਾਣ ਨਾਲ ਪੂਰੇ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਭਾਵੇਂ ਟਿਵਾਣਾ ਜੀ ਅੱਜ ਸਾਡੇ ਵਿਚਕਾਰ ਤਾਂ ਨਹੀਂ ਰਹੇ ਉਨ੍ਹਾਂ ਦੀਆਂ ਮਾਂ-ਬੋਲੀ ਦੀ ਝੋਲੀ ਪਾਈਆਂ ਅਣਗਿਣਤ ਪੁਸਤਕਾਂ ਉਨ੍ਹਾਂ ਨੂੰ ਸਦਾ ਅਮਰ ਰੱਖਣਗੀਆਂ।
-ਦਰਸ਼ਨ ਸਿੰਘ ਪ੍ਰੀਤੀਮਾਨ, ਸੰਪਰਕ : 98786-06963