ਬੇਅਦਬੀ! ਬੇਅਦਬੀ!! ਬੇਅਦਬੀ!!! ਕਦੋਂ ਤਕ ਬੇਅਦਬੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਾਲਾਂ ਤੋਂ ਲਮਕਾਈ ਜਾ ਰਹੀ ਜਾਂਚ, ਚਾਰਜ ਸ਼ੀਟ ਪੇਸ਼ ਕਰਨ ਪਿੱਛੋਂ ਵੀ ਜ਼ੀਰੋ ਕਰ ਦਿਤੀ ਜਾਵੇਗੀ, ਇਹ ਤਾਂ ਕੋਈ ਸੁਪਨੇ ਵਿਚ ਵੀ ਨਹੀਂ ਸੀ ਸੋਚ ਸਕਦਾ।

Photo

ਬੀਤੇ ਕਈ ਵਰਿ੍ਹਆਂ ਤੋਂ ‘ਬੇਅਦਬੀ’ ਸ਼ਬਦ ਸੁਣ ਪੜ੍ਹ ਕੇ ਅੱਕ ਥੱਕ ਗਏ ਹਾਂ। ਇਸ ਸਮੇਂ ਦੌਰਾਨ, ਸਰਕਾਰਾਂ ਬਦਲੀਆਂ, ਪਾਰਟੀਆਂ ਬਦਲੀਆਂ, ਪੱਗਾਂ ਦੇ ਰੰਗ ਬਦਲੇ ਪਰ ਨਹੀਂ ਬਦਲੀ ਤਾਂ ਹਾਕਮਾਂ ਦੀ ਸੋਚ, ਨੀਅਤ, ਨੀਤੀ, ਕਰਤੂਤ ਤੇ ਕਾਰਜ-ਸ਼ੈਲੀ। ਰਾਜ ਭਾਗ ਦੇ ਸੁੱਖ ਮਾਣਦੇ ਹੋਏ ਵੀ ਜੇਕਰ ਉਹ ਅਪਣੇ ਇਸ਼ਟ ਪ੍ਰਤਿ ਇਸ ਕਦਰ ਬੇਧਿਆਨੇ, ਉਪਰਾਮ ਤੇ ਅਸੰਵੇਦਨਸ਼ੀਲ ਹਨ ਤਾਂ ਉਨ੍ਹਾਂ ਨੂੰ ਨਾ ਲੋਕ ਵਿਚ ਚੈਨ ਅਤੇ ਨਾ ਹੀ ਪ੍ਰਲੋਕ ਵਿਚ ਢੋਈ ਮਿਲਣੀ ਹੈ। ਜਿਹੜੇ ਲੋਕ ਤੇ ਸਮਾਜ ਅਪਣੇ ਇਸ਼ਟ ਦੇ ਅਦਬ, ਸਤਿਕਾਰ, ਸ਼ਾਨ, ਵੱਕਾਰ ਤੇ ਬੁਲੰਦੀ ਤੋਂ ਮੂੰਹ ਫੇਰ ਲੈਂਦੇ ਹਨ, ਉਨ੍ਹਾਂ ਦੀ ਹੋਂਦ ਰੇਤ ਦੇ ਮਹੱਲ ਵਰਗੀ ਹੋ ਜਾਂਦੀ ਹੈ।

ਸੱਤਾ ਦੀ ਲਾਲਸਾ ਤੇ ਕੁਰਸੀ ਦੇ ਮੋਹ ਕਰ ਕੇ ਜਿਹੜੇ ਸਿਆਸੀ ਦਲ, ਦੰਭੀਆਂ, ਪਾਖੰਡੀਆਂ, ਲੁੱਚਿਆਂ, ਵਿਲਾਸੀਆਂ ਤੇ ਦੁਰਾਚਾਰੀਆਂ ਦੀ ਮਦਦ ਵਲ ਝਾਕਦੇ ਹਨ, ਉਨ੍ਹਾਂ ਨੂੰ ਅਪਣੇ ਹੀ ਲੋਕਾਂ ਦਾ ਵਿਰੋਧ, ਨਾਰਾਜ਼ਗੀ ਤੇ ਅਪਮਾਨ ਸਹਿਣਾ ਹੀ ਪੈਂਦਾ ਹੈ। ਵਕਤੀ ਵਾਹ-ਵਾਹ, ਵਜਦੇ ਸਲੂਟ, ਝੰਡੀਆਂ ਵਾਲੀਆਂ ਕਾਰਾਂ, ਹਿਫ਼ਾਜ਼ਤੀ ਦਸਤਿਆਂ ਦੀਆਂ ਭੀੜਾਂ ਤੇ ਝੂਠੀ ਸ਼ਾਨੋ-ਸ਼ੌਕਤ ਲਾਹਨਤ ਹੋ ਨਿਬੜਦੀ ਹੈ ਜੇਕਰ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਹੇ ਸਰਬ ਸਾਂਝੇ ਅਜ਼ੀਮ ਧਾਰਮਕ ਗ੍ਰੰਥ ਦੀ ਹੋਈ ਤੇ ਹੋ ਰਹੀ ਬੇਅਦਬੀ ਨੂੰ ਵੀ ਅਣਗੌਲਿਆਂ ਕਰਦਾ ਰਹੇ। ਫਿਰ ਉਹ ਵੀ ਪੰਜਾਬ ਦੇ ਉਸੇ ਧਰਤੀ ਉਤੇ ਜਿਥੇ ਇਹ ਸਮੁੱਚੀ ਮਨੁੱਖਤਾ ਦੇ ਕਲਿਆਣ ਹਿਤ ਸਿਰਜੀ ਗਈ ਹੋਵੇ!

ਕਿਸਾਨ-ਅੰਦੋਲਨ ਕਾਰਨ, ਉਂਜ ਤਾਂ ਮਹੀਨਿਆਂ ਤੋਂ ਹੀ ਬੜੀ ਬੇਚੈਨੀ ਰਹਿੰਦੀ ਹੈ ਪਰ ਤਾਜ਼ਾ ਅਦਾਲਤੀ ਫ਼ੈਸਲੇ ਜਿਸ ਵਿਚ ‘ਬੇਅਦਬੀ ਕਾਂਡ’ ਦੀ ਸਾਰੀ ਹੀ ਤਫ਼ਤੀਸ਼ ਨੂੰ ਮੁੱਢੋਂ-ਸੁੱਢੋਂ ਨਕਾਰ ਦਿਤਾ ਗਿਆ ਹੈ ਤੇ ਨਵੇਂ ਸਿਰੇ ਤੋਂ ਕੇਸ ਦਾਇਰ ਕਰਨ ਦੇ ਫ਼ੁਰਮਾਨ ਕੀਤੇ ਗਏ ਹਨ ਜਿਸ ਕਾਰਨ ਰੂਹ ਦਾ ਸਕੂਨ ਲੁਟਿਆ ਗਿਆ ਹੈ। ਸਾਲਾਂ ਤੋਂ ਲਮਕਾਈ ਜਾ ਰਹੀ, ਟੇਢਿਆਂ ਰਾਹਾਂ ਵਲ ਤੋਰੀ ਜਾ ਰਹੀ ਤੇ ਖ਼ਾਹਮਖ਼ਾਹ ਪਛਾੜੀ ਜਾ ਰਹੀ ਜਾਂਚ, ਚਾਰਜ ਸ਼ੀਟ ਪੇਸ਼ ਕਰਨ ਪਿੱਛੋਂ ਵੀ ਜ਼ੀਰੋ ਕਰ ਦਿਤੀ ਜਾਵੇਗੀ, ਇਹ ਤਾਂ ਕੋਈ ਸੁਪਨੇ ਵਿਚ ਵੀ ਨਹੀਂ ਸੀ ਸੋਚ ਸਕਦਾ।

ਅਸਲ ਵਿਚ, ਹੁਣ ਸੌ ਢੁਚਰਾਂ ਤੋਂ ਬਾਅਦ, ਇਹ ਅਸਲ ਦੋਸ਼ੀਆਂ ਵਲ ਸੇਧਿਤ ਹੋ ਰਹੀ ਸੀ ਜਿਨ੍ਹਾਂ ਨੇ ਕਾਮੀ ਸਾਧ ਨੂੰ ਘਰ ਬੈਠੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਵਾ ਕੇ, 92ਵੇਂ ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵਲੋਂ ਦਿਵਾਏ ਸਨ ਤੇ ਮਾਫ਼ੀਨਾਮੇ ਨੂੰ ਜਾਇਜ਼ ਕਰਾਰ ਦਿਤਾ ਸੀ। ਮੌਜੂਦਾ ਪ੍ਰਧਾਨ ਨੂੰ ਇਸੇ ਕਰ ਕੇ ਇਹ ਫ਼ੈਸਲਾ ਬਿਲਕੁਲ ਦਰੁਸਤ ਜਾਪਿਆ ਹੈ ਤੇ ਸਿਫ਼ਾਰਸ਼ੀ ਜਥੇਦਾਰਾਂ ਦੇ ਮੂੰਹ ਵਿਚ ਘੁੰਗਣੀਆਂ ਫੱਸ ਗਈਆਂ ਹਨ। ਸਿੱਖੀ ਤੇ ਸਿੱਖਾਂ ਨੂੰ ਖ਼ਤਮ ਕਰ ਰਹੇ ਇਨ੍ਹਾਂ ਘੜੱਮ ਚੌਧਰੀਆਂ ਦੀ ਬਦੌਲਤ ਸਾਡੇ ਇਸ਼ਟ ਦੀ ਬੇਅਦਬੀ ਲਗਾਤਰ ਜਾਰੀ ਹੈ।

ਮੇਰੇ ਸੱਚੇ ਪਾਤਿਸ਼ਾਹਾਂ ਨੇ ਤਾਂ ਡੰਕੇ ਦੀ ਚੋਟ ’ਤੇ ਫ਼ੁਰਮਾਇਆ ਸੀ, ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖਿ ਗੁਰੂ ਨਮਸਕਾਰੇ॥ ਆਪ ਜੀਆਂ ਨੇ ਤਾਂ ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਐਲਾਨੀ ਸੀ ਤੇ ਇਸ ਨੂੰ ‘ਖਸਮ ਕੀ ਬਾਣੀ’ ਦਾ ਮਹਾਂ ਖ਼ਿਤਾਬ ਦਿਤਾ ਸੀ ਜਿਹੜੀ ਚਾਰੇ ਵਰਨਾਂ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਦਾ ਉੱਧਾਰ, ਸੁਧਾਰ ਤੇ ਉਥਾਨ ਕਰਨ ਦੇ ਸਮਰੱਥ ਹੈ। ‘ਨਾਨਕ’ ਜੋਤ ਨੇ ਕਈ ਸੌ ਵਰ੍ਹੇ ਲੰਮਾ ਅੰਦੋਲਨ ਵਿਢਿਆ। ਸਿੱਖੀ-ਮਹਿਲ ਦੀ ਉਸਾਰੀ ਲਈ ਸ਼ਹੀਦਾਂ ਦਾ ਲਹੂ ਡੋਲ੍ਹਿਆ। ਖ਼ੁਦ ਨਾਨਕ ਜੋਤ ਹੀ ਨਹੀਂ ਸਗੋਂ ਨਿੱਕੇ-ਨਿੱਕੇ ਫੁੱਲਾਂ ਵਰਗੇ ਕੋਮਲ ਲਾਲ ਕੁਰਬਾਨ ਕੀਤੇ ਮਨੁੱਖਤਾ, ਭਾਈਚਾਰਾ, ਆਜ਼ਾਦੀ, ਅਖੰਡਤਾ ਤੇ ਬਰਾਬਰੀ ਖ਼ਾਤਰ! ਉਸ ਬਾਬੇ ਬੰਦੇ ਨੇ ਕਿਹੜੇ-ਕਿਹੜੇ ਕ੍ਰਿਸ਼ਮੇ ਨਹੀਂ ਕੀਤੇ ਇਸ ਸਿੱਖੀ-ਮਹਿਲ ਦੀ ਉਸਾਰੀ ਲਈ।

ਪਿਛਲੇ 550 ਵਰਿ੍ਹਆਂ ਦਾ ਪੰਜਾਬ ਦਾ ਇਤਿਹਾਸ ਸ਼ਹੀਦੀ ਖ਼ੂਨ ਨਾਲ ਗੜੁੱਚ ਹੈ। ਗੁਰੂ ਪਾਤਸ਼ਾਹੀਆਂ ਵੇਲੇ ਵੀ, ਮਿਸਲਾਂ ਦੇ ਸਮੇਂ ਵੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਦਬ-ਅਦਾਬ ਕਿੰਨਾ ਉੱਚਾ ਤੇ ਸੁੱਚਾ ਸੀ, ਇਸ ਦੀ ਇਕ ਝਲਕ, ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਮਹਾਰਾਜ ਜੀ ਦੀ ਆਉਂਦੀ ਸਵਾਰੀ ਤੋਂ ਅੱਜ ਵੀ ਮਿਲ ਜਾਂਦੀ ਹੈ ਤੇ ਜਿਸ ਨੂੰ ਪੀੜ੍ਹੇ ਉਤੇ ਉੱਚਾ ਸੁਸ਼ੋਭਿਤ ਕਰ ਕੇ ਗੁਰੂ ਅਰਜਨ ਦੇਵ ਜੀ ਆਪ ਹੇਠ ਜ਼ਮੀਨ ਉਤੇ ਬਿਰਾਜਦੇ ਸਨ। ਫ਼ੁਰਮਾਇਆ ਸੀ ‘ਵਾਹੁ-ਵਾਹੁ ਬਾਣੀ ਨਿਰੰਕਾਰ ਹੈ’  ਅਤੇ ‘ਪੋਥੀ ਪਰਮੇਸਰੁ ਕਾ ਥਾਨੁ’ ਨੂੰ ਵਿਚਾਰਿਆਂ ਤਾਂ ਕੋਈ ਸ਼ੰਕਾ-ਸੰਸਾ ਬਾਕੀ ਹੀ ਨਹੀਂ ਬਚਦੀ।

ਹੁਣ ਵੇਖੀਏ ਮੌਜੂਦਾ ਘਟਨਾਕ੍ਰਮ। ਹਾਲੇ ਵੀ ਹਰ ਰੋਜ਼ ਇਸੇ ਅਜ਼ੀਮ ਗੁਰਬਾਣੀ ਦੀ ਬੇਅਦਬੀ ਦੇ ਕਾਂਡ ਵਾਪਰ ਰਹੇ ਹਨ। ਅਜੇ ਕੁੱਝ ਦਿਨ ਪਹਿਲਾਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਖੇਤਾਂ ਵਿਚ ਗੁਟਕਾ ਸਾਹਿਬ ਵਿਚੋਂ ਅੰਗ ਪਾੜ ਕੇ, ਸਾੜੇ ਤੇ ਖਿਲਾਰੇ ਗਏ। ਇਸ ਕਰਤੂਤ ਨੂੰ ਅੰਜਾਮ ਦੇਣ ਵਾਲੇ ਦੀ ਕਿਹੜੀ ਤ੍ਰਿਪਤੀ ਹੋਈ ਹੋਵੇਗੀ? ਕਿਸ ਦੇ ਕਹਿਣ ਉਤੇ ਉਸ ਨੇ ਇਹ ਕਾਰਾ ਕੀਤਾ ਹੋਵੇਗਾ? ਕਿਹੜੀ ਜੰਗ ਜਿੱਤ ਲਈ ਉਸ ਨੇ ਗੁਰਬਾਣੀ ਨੂੰ ਸਾੜ ਕੇ? ਕਾਸ਼ ਕਿ ਉਹ ਇਸ ਨੂੰ ਪੜ੍ਹਦਾ, ਵਿਚਾਰਦਾ ਤੇ ਮਾਣਦਾ! ਨਿਸ਼ਚੇ ਹੀ ਉਸ ਦੀ ਕਾਇਆ ਕਲਪ ਹੋ ਜਾਂਦੀ, ਉਸ ਨੂੰ ਜੀਵਨ ਜਿਊਣ ਦੀ ਸਹੀ ਜਾਚ ਆ ਜਾਂਦੀ ਕਿਉਂਕਿ ਦਰਅਸਲ, ਗੁਰੂ ਪਾਤਿਸ਼ਾਹੀਆਂ ਨੇ ਸਾਨੂੰ ਗੁਰਬਾਣੀ ਰਾਹੀਂ ਸਹੀ ਜੀਵਨ ਜਾਚ ਹੀ ਸਿਖਾਉਣੀ ਚਾਹੀ ਸੀ ਜਿਹੜੀ ਅਸੀ ਹੁਣ ਤਕ ਵੀ ਨਹੀਂ ਸਿੱਖੀ, ਨਹੀਂ ਸਮਝੀ, ਨਹੀਂ ਪਰਖੀ ਤੇ ਨਹੀਂ ਅਜ਼ਮਾਈ।

ਇਸੇ ਦਾ ਫ਼ਾਇਦਾ ਦੁਸ਼ਮਣਾਂ ਨੂੰ ਮਿਲ ਗਿਆ। ਇਸੇ ਦਾ ਲਾਹਾ ਸ਼ਰੀਕਾਂ ਨੇ ਲਿਆ ਕਿ ਜਿਹੜਾ ਮਰਜ਼ੀ ਦੰਭ, ਪਾਖੰਡ, ਵਿਖਾਵਾ, ਸ਼ੋਸ਼ਾ ਤੇ ਢਕਵੰਜ ਕਰ ਲਉ, ਗੁਰੂ ਦੇ ਅਜੋਕੇ ਸਿੱਖਾਂ ਨੂੰ ਮੂਰਖ ਬਣਾਉਣਾ ਬਹੁਤਾ ਮੁਸ਼ਕਿਲ ਨਹੀਂ-ਪੰਜ ਪਿਆਰਿਆਂ ਦੀ ਥਾਂ ਸੱਤ ਸਿਤਾਰੇ ਤੇ ਅੰਮ੍ਰਿਤ ਦੀ ਥਾਂ ਰੂਹ ਅਫ਼ਜ਼ਾ। ਜਦੋਂ ਸਰਬੰਸਦਾਨੀ ਦੀ ਪੁਸ਼ਾਕ ਜਹੇ ਕਪੜੇ, ਕਹਿੰਦੀਆਂ ਕਹਾਉਂਦੀਆਂ ਸਿਆਸੀ ਪਾਰਟੀਆਂ ਦੇ ਆਗੂ ਖ਼ੁਦ ਬਣਵਾ ਕੇ ਕਿਸੇ ਦੁਰਾਚਾਰੀ ਤੇ ਗੁੰਡੇ ਨੂੰ ਭੇਟ ਕਰਨ ਤੇ ਬਦਲੇ ਵਿਚ ਵੋਟਾਂ ਦੀ ਖ਼ੈਰਾਤ ਮੰਗਣ ਤਾਂ ਇਥੇ ਜ਼ਲਜ਼ਲਾ ਆਉਣਾ ਸੁਭਾਵਕ ਹੀ ਹੈ। ਇਹੀ ਕਹਿਰ ਅਸੀ ਅੱਜ ਅਪਣੇ ਚਾਰ ਚੁਫੇਰੇ ਵੇਖ ਰਹੇ ਹਾਂ। ਮਨੁੱਖਤਾ ਸਹਿਕ ਰਹੀ ਹੈ। ਦੁਸ਼ਟਤਾ ਪੈਰ ਪਸਾਰ ਰਹੀ ਹੈ। ਸ਼ਰੀਫ਼ ਬੰਦੇ ਦਾ ਵਜੂਦ ਹੀ ਖ਼ਤਰੇ ਵਿਚ ਪਾ ਦਿਤਾ ਗਿਆ ਹੈ।

2015 ਦੇ ਬੇਅਦਬੀ ਕਾਂਡ ਦਾ ਪਿਛੋਕੜ ਮੈਂ ਮੁੜ-ਮੁੜ ਦੁਹਰਾਉਣਾ ਨਹੀਂ ਚਾਹੁੰਦੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਵਾ ਕੇ ਡੰਕੇ ਦੀ ਚੋਟ ’ਤੇ ਵੰਗਾਰਿਆ ਵੀ ਗਿਆ ਸੀ। ਫਿਰ ਉਨ੍ਹਾਂ ਅੰਗਾਂ ਨੂੰ ਗਲੀਆਂ-ਚੌਰਾਹਿਆਂ ਵਿਚ ਰੋਲ-ਰੋਲ ਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਚੁਨੌਤੀ ਦਿਤੀ ਗਈ। ਚਿਰ ਪਿੱਛੋਂ ਸੰਗਤਾਂ ਜਾਗੀਆਂ, ਵਿਰੋਧ ਪ੍ਰਦਰਸ਼ਨ ਹੋਏ-ਕੋਟਕਪੂਰੇ ਤੇ ਬਹਿਬਲ ਕਲਾਂ ਵਿਚ ਪੁਰਅਮਨ ਸੰਗਤਾਂ ਉਤੇ ਗੋਲੀਆਂ ਤੇ ਡਾਂਗਾਂ ਵਰ੍ਹੀਆਂ। ਦੋ ਨੌਜਵਾਨ ਸ਼ਹੀਦ ਕਰ ਦਿਤੇ ਗਏ। ਜਨਤਾ ਦੀਆਂ ਅੱਖਾਂ ਵਿਚ ਧੂੜ ਪਾਉਣ ਲਈ ਪੜਤਾਲੀਆ ਕਮਿਸ਼ਨ ਬਿਠਾਏ, ਅਣਪਛਾਤਿਆਂ ਉਤੇ ਕੇਸ ਦਰਜ ਹੋਇਆ ਪਰ ਲੋੜੀਂਦੇ ਸਮੇਂ ਵਿਚ ਚਾਰਜ ਸ਼ੀਟ ਦਾਖ਼ਲ ਨਾ ਕਰਨ ਕਰ ਕੇ ਸਾਰੇ ਦੋਸ਼ੀ ਛੁੱਟ ਗਏ।

ਜਦੋਂ ਕੁੱਤੀ ਚੋਰਾਂ ਨਾਲ ਰਲੀ ਹੋਵੇ ਫਿਰ ਬਚਾਉ ਕਿਵੇਂ ਹੋਊ? ਹੋਰ ਕਈ ਕਮਿਸ਼ਨ ਕਾਇਮ ਵੀ ਕੀਤੇ ਪਰ ਸਾਡੇ ਇਸ਼ਟ ਦੀ ਭਰੇ ਬਾਜ਼ਾਰ ਕੀਤੀ ਬੇਅਦਬੀ ਦੀ ਜਾਂਚ ਇਕ ਇੰਚ ਵੀ ਅੱਗੇ ਨਾ ਵਧੀ। ਪੰਥਕ ਸਫ਼K ਹੈਰਾਨ! ਪ੍ਰੇਸ਼ਾਨ! ਗ਼ਮਗ਼ੀਨ! ਸੁਲਗਦਾ ਰੋਸ 2017 ਦੀਆਂ ਚੋਣਾਂ ਵਿਚ ਆਪ ਮੁਹਾਰੇ ਵੱਟਿਆ-ਪੰਥਕ ਸਰਕਾਰ ਦੀ ਐਸੀ ਕੀ ਤੈਸੀ ਕਰ ਦਿਤੀ ਜਨਤਾ ਨੇ। ਅਗਲੇ, ਉਸ ਤੋਂ ਵੀ ਅਗਾਂਹ ਨਿਕਲ ਗਏ ਜਿਸ ਦਾ ਨਤੀਜਾ ਅੱਜ ਸਾਡੇ ਸੱਭ ਦੇ ਸਾਹਮਣੇ ਹੈ। ਜਾਂਚ ਏਜੰਸੀਆਂ ਦੀ ਅਦਲਾ ਬਦਲੀ ਦੇ ਉਪਰੋਂ ਆਉਂਦੇ ਹਨ ਫ਼ੁਰਮਾਨ। ਕਦੇ ਸੀ.ਬੀ.ਆਈ. ਤੇ ਕਦੇ ਸਿੱਟ। ਕਾਟੋ!

ਤੂੰ ਉੱਤਰ ਹੁਣ ਮੈਂ ਚੜ੍ਹਾਂ ਵਾਲਾ ਆਲਮ! ਓਏ ਸ਼ਰਮ ਕਰੋ। ਜਨਤਾ ਨਾਲ ਤਾਂ ਰੋਜ਼ ਅਜਿਹੀ ਕੁੱਤੇਖਾਣੀ ਹੋ ਹੀ ਰਹੀ ਹੈ, ਉਸ ਮੁਕੱਦਸ ਗ੍ਰੰਥ ਨਾਲ ਵੀ ਅਜਿਹੀ ਘਿਣਾਉਣੀ ਸਾਜ਼ਿਸ਼ ਜੋ ਕੁੱਲ ਆਲਮ ਦਾ ਜੀਵਨਦਾਤਾ ਹੈ। ਕੇਡਾ ਅਨਰਥ ਹੈ ਕਿ ਮੁਕੰਮਲ ਹੋਈ ਜਾਂਚ, ਪੇਸ਼ ਹੋਈ ਚਾਰਜ ਸ਼ੀਟ ਤੇ ਫ਼ੈਸਲੇ ਦੀ ਘੜੀ ਮੌਕੇ ਮੁੱਢੋਂ ਸੁੱਢੋਂ ਹੀ ਇਸ ਪੜਤਾਲ ਨੂੰ ਰੱਦ ਕਰ ਕੇ ਤਿੰਨ ਨਵੇਂ ਵਿਕਲਪ ਦੇਣੇ, ਗੁਰੂ ਨਾਨਕ ਨਾਮ ਲੇਵਾ ਸੱਜਣਾਂ, ਸੱਚ ਦੇ ਮੁਤਲਾਸ਼ੀਆਂ ਤੇ ਹੱਕ ਸੱਚ ਦੇ ਪਹਿਰੇਦਾਰਾਂ ਲਈ ਨਮੋਸ਼ੀ, ਹੱਤਕ ਮਰਨ ਦੀ ਥਾਂ, ਗੁੱਸੇ ਦਾ ਸਬੱਬ ਤੇ ਨਿਰੰਤਰ ਤਕਲੀਫ਼ ਦੇਣ ਵਾਲੀ ਕਾਰਵਾਈ ਹੈ।

ਬਾਜ਼ਮੀਰ ਇਨਸਾਨ ਲਈ ਬੇਹੱਦ ਦੁਖਦਾਈ ਸਮਾਂ ਪਰ ਸੱਤਾ ਲਈ ਭਟਕਦਿਆਂ ਲਈ ਜਸ਼ਨ ਮਨਾਉਣ ਦਾ ਵੇਲਾ! ਕਾਸ਼ ਕਿ ਅਸੀ ਇਸ ਦੀ ਇਕ ਸਦਾ ਬਹਾਰ ਸਿਖਿਆ:- ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹਿ। ਨੂੰ ਹੀ ਸਮਝ ਸਕਦੇ ਹੁੰਦੇ!!! ਕੀ ਸਰਕਾਰਾਂ ਸੱਤਾ ਦੇ ਸੁੱਖ ਭੋਗਣ ਲਈ ਹੋਂਦ ਵਿਚ ਆਉਂਦੀਆਂ ਹਨ ਜਾਂ ਪਰਜਾ ਦੀ ਸੰਤੁਸ਼ਟੀ, ਸਕੂਨ ਤੇ ਚੈਨ ਦੀ ਪ੍ਰਵਾਹ ਵੀ ਉਨ੍ਹਾਂ ਦੇ ਹਿੱਸੇ ਆਉਂਦੀ ਹੈ?

ਡਾ. ਕੁਲਵੰਤ ਕੌਰ
ਸੰਪਰਕ : 98156-20515