ਪ੍ਰੈੱਸ ਦੀ ਗ਼ੈਰ-ਜ਼ਿੰਮੇਵਾਰ ਭੂਮਿਕਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਔਖੇ ਵੇਲੇ ਵੀ ਸਿੱਖਾਂ ਨਾਲ ਜ਼ਰਾ ਹਮਦਰਦੀ ਨਾ ਵਿਖਾਈ

Sri Darbar Sahib

ਪੰਜਾਬ ਵਿਚ ਅਕਾਲੀ ਦਲ ਵਲੋਂ ਚਲਾਏ ਧਰਮ ਯੁਧ ਮੋਰਚੇ ਦੇ ਨਾਂ ਹੇਠ ਅੰਦੋਲਨ ਨੂੰ ਫ਼ਿਰਕੂ ਰੰਗਤ ਦਿੰਦੇ, ਅਨੰਦਪੁਰ ਸਾਹਿਬ ਵਾਲੇ ਮਤੇ ਨੂੰ ਵੱਖਵਾਦੀ ਦਸਤਾਵੇਜ਼ ਕਹਿ ਕੇ ਪੁਕਾਰਿਆ ਗਿਆ। ਪੰਜਾਬ ਵਿਚ ਹੁੰਦੀ ਹਿਸਾਂ ਤੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ ਕਿ ‘‘ਪੰਜਾਬ ਵਿਚ ਹਿੰਦੂਆਂ ਨੂੰ ਸਿੱਖ ਮਾਰ ਰਹੇ ਹਨ-ਦੇਸ਼ ਦੀ ਅਖੰਡਤਾ ਤੇ ਆਜ਼ਾਦੀ ਖ਼ਤਰੇ ਵਿਚ ਹੈ’’- ਇਸ ਹੋਕੇ ਦੇ ਪ੍ਰਭਾਵ ਹੇਠ ਫ਼ਿਰਕੂ ਜ਼ਹਿਰ ਉਗਲਣ ਦੀ ਦੇਸ਼ ਦੇ ਬਹੁ-ਗਿਣਤੀ ਪੱਖੀ ਮੀਡੀਆ ਨੇ, ਬਹੁਤ ਗ਼ੈਰ-ਜ਼ਿੰਮੇਵਾਰੀ ਨਾਲ ਦਰਬਾਰ ਸਾਹਿਬ ਕੰਪਲੈਕਸ ਤੇ ਫ਼ੌਜੀ ਐਕਸ਼ਨ ਦਾ ਪਿੜ ਬੰਨ੍ਹਣ ਦੀ ਭੂਮਿਕਾ ਨਿਭਾਈ। 

ਦੇਸ਼ ਦੇ ਇਕ ਪਾਸੜ ਤੇ ਫ਼ਿਰਕੂ ਪ੍ਰੈੱਸ ਦੀ ਪੰਜਾਬ ਦੇ ਇਨ੍ਹਾਂ ਵਿਗੜੇ ਹਾਲਾਤ ਨੂੰ ਪੈਦਾ ਕਰਨ ਵਿਚ ਕਾਫ਼ੀ ਜ਼ਿੰਮੇਵਾਰੀ ਸੀ। ਉਸ ਗੱਲ ਦੇ ਆਉਣ ਤੋਂ ਪਹਿਲਾਂ ਇਹ ਦਸਣਾ ਤੇ ਸਮਝਣਾ ਜ਼ਰੂਰੀ ਹੈ ਕਿ ਸੰਤ ਜਰਨੈਲ ਸਿੰਘ ਇਕ ਧਾਰਮਕ ਸ਼ਖ਼ਸੀਅਤ ਸਨ ਤੇ ਉਹ ਇਸ ਸੰਘਰਸ਼ ਵਿਚ ਉਦੋਂ ਆਏ ਜਦੋਂ ਨਿਰੰਕਾਰੀਆਂ ਵਲੋਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਵਿਚ ਵਿਸਾਖੀ ਵਾਲੇ ਦਿਨ 13 ਨਿਹੱਥੇ ਸਿੰਘਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦੂਜੇ ਬੰਨੇ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਅਦਾਲਤੀ ਫ਼ੈਸਲੇ ਜਿਸ ਵਿਚ ਇਨ੍ਹਾਂ ਨਿਰੰਕਾਰੀਆਂ ਨੂੰ ਬਰੀ ਕੀਤਾ ਗਿਆ ਸੀ, ਸੈਸ਼ਨ ਕੋਰਟ ਦੇ ਫ਼ੈਸਲੇ ਵਿਰੁਧ ਉੱਚ ਅਦਾਲਤ ਵਿਚ ਅਪੀਲ ਵੀ ਨਾ ਪਾਈ।

ਇਸ ਗੱਲ ਨੂੰ ਸੋਚੀਏ ਕਿ ਜੇ ਉਨ੍ਹਾਂ ਕਾਤਲਾਂ ਨੂੰ ਦੇਸ਼ ਦੇ ਕਾਨੂੰਨ ਅਨੁਸਾਰ ਸਜ਼ਾਵਾਂ ਹੋ ਜਾਂਦੀਆਂ, ਫਿਰ ਸੰਤ ਜਰਨੈਲ ਸਿੰਘ ਨੇ ਅਪਣੇ ਧਾਰਮਕ ਕਾਰਜਾਂ ਤਕ ਹੀ ਸੀਮਤ ਰਹਿਣਾ ਸੀ ਤੇ ਇਹੀ ਦਮਦਮੀ ਟਕਸਾਲ ਦਾ ਕੰਮ ਤੇ ਨਿਸ਼ਚਾ ਸੀ। ਉਸ ਸਮੇਂ ਦੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਇਕ ਹੋਰ ਨਾਮੀ ਪੱਤਰਕਾਰ ਦਲਬੀਰ ਸਿੰਘ ਦੀ ਗੱਲ ਅਪਣੀ ਪੁਸਤਕ ਵਿਚ ਦਰਜ ਕਰ ਕੇ ਲਿਖਿਆ ਕਿ ‘‘ਟ੍ਰਿਬਿਊਨ ਦਾ ਸੰਪਾਦਕ ਪ੍ਰੇਮ ਭਾਟੀਆ ਇਕ ਕੱਟੜ ਆਰਿਆ ਸਮਾਜੀ ਸੀ ਤੇ ਇਥੋਂ ਅੰਮ੍ਰਿਤਸਰ ਤੋਂ ਭੇਜੀਆਂ ਡਿਸਪੈਚਾਂ, ਅਪਣੀ ਸਿੱਖ ਵਿਰੋਧੀ ਭਾਵਨਾਂ ਅਧੀਨ ਤੋੜ ਮਰੋੜ ਕੇ ਛਾਪਦਾ ਸੀ।’’ ਪੰਜਾਬ ਦੀ ਫ਼ਿਰਕੂ ਪ੍ਰੈੱਸ ਰੋਜ਼ ਦਿਹਾੜੇ, ਸਿੱਖਾਂ ਵਿਰੁਧ ਸੰਪਾਦਕੀ ਲੇਖਾਂ ਵਿਚ ਹੁੰਦੀਆਂ ਸਾਰੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਸਿੱਖ ਕੌਮ ਉਤੇ ਮੜ੍ਹੀ ਜਾਂਦੀ।

ਪੰਜਾਬ ਵਿਚ ਹੁੰਦੀਆਂ ਕਤਲਾਂ ਦੀਆਂ ਬਹੁਤੀਆਂ ਵਾਰਦਾਤਾਂ ਬਾਰੇ ਇਕ ਵਾਰੀ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਕਿ ‘‘ਇਨ੍ਹਾਂ ਬਾਰੇ ਕਿਸੇ ਹਾਈ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਕਰਵਾ ਲਈ ਜਾਵੇ ਤਾਂ ਇਹ ਸਿੱਧ ਹੋ ਜਾਵੇਗਾ ਕਿ ਇਨ੍ਹਾਂ ਹਰਕਤਾਂ ਪਿੱਛੇ ਕੌਣ ਹੈ?’’ ਪਰ ਇਹ ਗੱਲ ਕਿਸ ਨੇ ਮੰਨਣੀ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਦੀ ਪ੍ਰੈਸ ਨੇ ਪੰਜਾਬ ਵਿਚ ਹਸਦੀਆਂ ਵਸਦੀਆਂ ਦੋ ਕੌਮਾਂ ਹਿੰਦੂਆਂ-ਸਿੱਖਾਂ ਵਿਚ ਪਾੜ ਪਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਸਵਾਲ ਇਸ ਗੱਲ ਦਾ ਹੈ ਕਿ ਸਿੱਖਾਂ ਬਾਰੇ ਇਹ ਪ੍ਰਭਾਵ ਕਿ ਇਹ ਅਤਿਵਾਦੀ, ਕੱਟੜਵਾਦੀ ਤੇ ਵੱਖਵਾਦੀ ਹਨ, ਇਹ ਕਿਸ ਨੇ ਬਣਾਇਆ? ਦੇਸ਼ ਵਿਚ ਰੋਜ਼ਾਨਾ ਕੌਮੀ ਅਖ਼ਬਾਰ ਘੱਟ ਗਿਣਤੀ ਸਿੱਖ ਕੌਮ ਨੂੰ ਬਦਨਾਮ ਕਰਦੇ ਰਹੇ ਤੇ ਅਪਣੇ ਹੱਕਾਂ ਲਈ ਸੰਘਰਸ਼ ਕਰਨ ਵਾਲਿਆਂ ਨੂੰ ਨਿੰਦਦੇ ਰਹੇ।

ਮੀਡੀਆ ਨੇ ਉਹ ਭੂਮਿਕਾ ਨਿਭਾਈ ਜਿਹੜੀ ਫ਼ਿਰਕੂ ਤੇ ਨਿਰੀ ਇਕਪਾਸੜ ਸੀ ਪਰ ਇਸ ਗੱਲ ਦਾ ਨੋਟਿਸ ਤੇ ਇਸ ਦੀ ਰੀਕਾਰਡਿੰਗ ਵੀ ਕੌਣ ਕਰੇ ਜਦੋਂ ਦੇਸ਼ ਦਾ ਪ੍ਰੈੱਸ ਤੇ ਟੀ.ਵੀ. ਸੱਚ ਦੱਸਣ ਤੇ ਸੱਚ ਮੰਨਣ ਤੋਂ ਇਨਕਾਰੀ ਹੋਣ ਅਤੇ ਹਰ ਪੱਖ ਤੇ ਤੱਥਾਂ ਨੂੰ ਵਿਗਾੜ ਕੇ ਪੇਸ਼ ਕਰਨ ਲੱਗ ਪੈਣ। ਉਸ ਸਮੇਂ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੋਂ ਇਹ ਸਾਫ਼ ਮਹਿਸੂਸ ਹੁੰਦਾ ਸੀ ਕਿ ਬਹੁਤੇ ਪੱਤਰਕਾਰਾਂ ਨੇ, ਉਸ ਨਜ਼ਰੀਏ ਨੂੰ ਅਪਣਾਇਆ, ਜੋ ਕੇਂਦਰ ਸਰਕਾਰ ਦਾ ਸੀ ਤੇ ਹਿੰਦੂ ਪੱਤਰਕਾਰਾਂ ਨੂੰ ਇਹ ਅੰਦੋਲਨ ਵੱਖਵਾਦੀ ਤੇ ਅਤਿਵਾਦੀ ਹੀ ਦਸਦਾ ਸੀ ਤੇ ਇਹੀ ਕੁੱਝ ਭੰਡੀ ਪ੍ਰਚਾਰ ਕਰਦੇ ਰਹੇ।

ਜਿਹੜੇ ਪੱਤਰਕਾਰ ਦਿੱਲੀ ਤੋਂ ਆਉਂਦੇ ਸਨ, ਉਹ ਵੀ ਅਪਣੇ ਪਹਿਲੇ ਬਣਾਏ ਹੋਏ ਵਿਚਾਰਾਂ ਤੇ ਮਨ ਵਿਚ ਪਹਿਲਾਂ ਹੀ ਨਿਰਧਾਰਤ ਮਾਪਦੰਡਾਂ ਨੂੰ ਸਾਹਮਣੇ ਰੱਖ ਕੇ ਹੀ ਖ਼ਬਰਾਂ ਬਣਾ ਕੇ ਭੇਜ ਰਹੇ ਸਨ। ਉਸ ਸਮੇਂ ਕਹਿਣ ਨੂੰ ਤਾਂ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਸੀ ਪਰ ਇਹ ਇਕ ਭੁਲੇਖਾ ਸੀ। ਦਰਅਸਲ ਦੇਸ਼ ਦੀਆਂ ਵੱਡੀਆਂ ਅਖ਼ਬਾਰਾਂ ਵੱਡੇ ਵਪਾਰਕ ਅਦਾਰਿਆਂ ਤੇ ਉਦਯੋਗਪਤੀਆਂ ਦੇ ਹੱਥ ਵਿਚ ਹਨ। ਇਨ੍ਹਾਂ ਵਪਾਰਕ ਅਦਾਰਿਆਂ ਦੀਆਂ ਕਈ ਵਿੱਤੀ ਮਜਬੂਰੀਆਂ ਹਨ ਤੇ ਉਨ੍ਹਾਂ ਦੀ ਸਰਕਾਰ ਤੇ ਨਿਰਭਰਤਾ ਸੀ ਜਿਵੇਂ, ਅਖ਼ਬਾਰੀ ਕਾਗ਼ਜ਼ ਦਾ ਕੋਟਾ (ਉਸ ਸਮੇਂ ਦੇਸ਼ ਦੀ ਪਾਲਸੀ ਇਹੀ ਸੀ), ਵਿੱਤੀ ਲੋੜਾਂ ਤੇ ਸਰਕਾਰੀ ਇਸ਼ਤਿਹਾਰ ਲੈਣੇ, ਉਨ੍ਹਾਂ ਦੀ ਜ਼ਰੂਰਤ ਸੀ ਤੇ ਇਨ੍ਹਾਂ ਕਰ ਕੇ ਉਨ੍ਹਾਂ ਲਈ ਸਰਕਾਰ ਦੀ ਬੋਲੀ ਬੋਲਣ ਦੀ ਮਜਬੂਰੀ ਸੀ।

ਜਿਹੜੇ ਅਖ਼ਬਾਰ ਵੱਡੇ ਉਦਯੋਗਿਕ ਤੇ ਵਪਾਰਕ ਘਰਾਣਿਆਂ ਦੇ ਨਹੀਂ ਸਨ, ਉਨ੍ਹਾਂ ਨੂੰ ਅਖ਼ਬਾਰਾਂ ਲਈ ਇਸ਼ਤਿਹਾਰ ਤੇ ਕਾਗ਼ਜ਼ ਦੇ ਕੋਟੇ ਦੀਆਂ ਮਜਬੂਰੀਆਂ ਖ਼ਾਤਰ ਸਰਕਾਰ ਦੀ ਤੂਤੀ ਵਜਾਉਣੀ ਪੈਂਦੀ ਸੀ। ‘ਫ਼ਾਰ ਈਸਟਰਨ ਇਕੋਨਾਮਕ ਰੀਵੀਊ’ ਨੇ ਹਿੰਦੁਸਤਾਨ ਦੀਆਂ ਅਖ਼ਬਾਰਾਂ ਦੇ ਸੰਪਾਦਕੀਆਂ ਬਾਰੇ ਉਦੋਂ ਲਿਖਿਆ ਸੀ ਕਿ ‘ਸੰਪਾਦਕੀ ਆਜ਼ਾਦੀ ਇਸ ਦੀ ਉਲੰਘਣਾ ਕਰਨ ਨੂੰ ਹੀ ਕਹਿੰਦੇ ਹਨ।’ ਪੱਤਰਕਾਰਾਂ ਤੇ ਮੁੱਖ ਸੰਪਾਦਕਾਂ ਦਾ ਪ੍ਰਧਾਨ ਮੰਤਰੀ ਦੀਆਂ ਫੇਰੀਆਂ ਦੌਰਾਨ ਬਾਹਰਲੇ ਮੁਲਕਾਂ ਵਿਚ ਨਾਲ ਜਾਣਾ ਤੇ ਵੈਸੇ ਵੀ ਅਸਰ-ਰਸੂਖ ਰੱਖਣ ਵਾਲਿਆਂ ਨਾਲ ਨੇੜਤਾ ਰਖਣੀ, ਫਿਰ ਉਨ੍ਹਾਂ ਦੀ ਨਿਰਪੱਖਤਾ ਕਿਵੇਂ ਹੋ ਸਕਦੀ ਸੀ? 

ਖ਼ਬਰਾਂ ਉਸ ਸਮੇਂ ਟੈਲੀਪ੍ਰਿੰਟਰ ਰਾਹੀਂ ਹੀ ਭੇਜੀਆਂ ਜਾਂਦੀਆਂ ਸਨ। ਦੋ ਮੁੱਖ ਏਜੰਸੀਆਂ ਪੀ.ਟੀ.ਆਈ ਤੇ ਯੂ.ਐਨ.ਆਈ ਖ਼ਬਰਾਂ ਨੂੰ ਸਰਕਾਰ ਪੱਖੀ ਮੋੜ ਕੇ ਦਸਦੀਆਂ ਰਹੀਆਂ ਤੇ ਅੱਗੋਂ ਰੇਡੀਉ ਤੇ ਸਰਕਾਰੀ ਦੂਰਦਰਸ਼ਨ ਰਾਹੀਂ ਵੀ ਇਹੋ ਕੁੱਝ ਦਸਿਆ ਜਾਂਦਾ ਰਿਹਾ। ਨਿਊਜ਼ ਏਜੰਸੀਆਂ ਤੇ ਅਖ਼ਬਾਰਾਂ ਕਾਂਗਰਸੀ ਲੀਡਰਾਂ ਤੇ ਪੁਲਿਸ ਵਲੋਂ ਰੀਪੋਰਟਾਂ ਨੂੰ ਵਧਾ ਚੜ੍ਹਾ ਕੇ ਛਾਪਦੀਆਂ ਰਹੀਆਂ। ਹਿੰਸਕ ਘਟਨਾਵਾਂ ਇਸ ਤਰ੍ਹਾਂ ਕਰ ਕੇ ਪੇਸ਼ ਕੀਤੀਆਂ ਜਾਂਦੀਆਂ ਕਿ ਸਾਰੇ ਦੇਸ਼ ਵਿਚ ਪੰਜਾਬ ਤਾਂ ਇਕ ਤਰ੍ਹਾਂ ਹਿੰਸਾ ਦੀ ਅੱਗ ਵਿਚ ਸੜਦਾ ਨਜ਼ਰ ਆਵੇ। ਪੰਜਾਬ ਦੀਆਂ ਮੰਗਾਂ ਬਾਰੇ ਤਾਂ ਇਨ੍ਹਾਂ ਪੇਸ਼ਕਾਰੀਆਂ ਵਿਚ ਇਕ ਅੱਖ਼ਰ ਵੀ ਨਹੀਂ ਸੀ ਲਭਦਾ। 

ਦੇਸ਼ ਦੇ ਕੌਮੀ ਵੱਡੇ ਅਖ਼ਬਾਰਾਂ ਨੇ ਪੰਜਾਬ ਵਿਚ ਫ਼ਿਰਕੂ ਰੰਗ ਦੀ ਹੋਲੀ ਖੇਡਣ ਤੇ ਸਿੱਖਾਂ ਨੂੰ ਦੇਸ਼ ਵਿਰੋਧੀ ਤੇ ਅਤਿਵਾਦੀ ਗ਼ਰਦਾਨਣ ਵਿਚ ਅਹਿਮ ਭੂਮਿਕਾ ਨਿਭਾਈ। ਸੂਬਾਈ ਅਖ਼ਬਾਰ ਵੀ ਕਿਸੇ ਗੱਲੋਂ ਪਿੱਛੇ ਨਾ ਰਹੇ। ਇਹ ਨਾ ਭੁਲੀਏ ਕਿ ਸੂਬਾਈ ਅਖ਼ਬਾਰਾਂ ਤਾਂ ਪਿਛਲੇ ਕਈ ਸਾਲਾਂ ਤੋਂ ਫ਼ਿਰਕੂ ਤੇ ਮੁੱਤਸਬੀ ਅਪਣਾਈ ਬੈਠੀਆਂ ਸਨ। ਚੇਤੇ ਰਹੇ ਕਿ ਸੰਨ 1961 ਮਰਦਮ ਸ਼ੁਮਾਰੀ ਵੇਲੇ ਪੰਜਾਬ ਦੀਆਂ ਹਿੰਦੀ ਅਖ਼ਬਾਰਾਂ, ਖ਼ਾਸ ਕਰ ਕੇ ਪੰਜਾਬ ਕੇਸਰੀ, ਮਿਲਾਪ ਤੇ ਹਿੰਦ ਸਮਾਚਾਰ ਆਦਿ ਨੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਉਕਸਾਇਆ ਕਿ ਉਹ ਅਪਣੀ ਮਾਂ-ਬੋਲੀ ਹਿੰਦੀ ਲਿਖਵਾਉਣ।

ਹਨੇਰ ਸਾਈਂ ਦਾ ਇਹ ਮੇਰੇ ਹਿੰਦੂ ਵੀਰ ਘਰਾਂ ਵਿਚ ਪੰਜਾਬੀ ਬੋਲਦੇ, ਖ਼ੁਸ਼ੀਆਂ ਦੇ ਮੌਕਿਆਂ ਤੇ ਪੰਜਾਬੀ ਗੀਤਾਂ ਦਾ ਅਨੰਦ ਮਾਣਦੇ ਤੇ ਗ਼ਮ ਵੇਲੇ ਵੈਣ ਵੀ ਪੰਜਾਬੀ ਵਿਚ ਪਾਉਂਦੇ ਪਰ ਮਰਦਮਸ਼ੁਮਾਰੀ ਵੇਲੇ ਮਾਂ-ਬੋਲੀ ਹਿੰਦੀ ਲਿਖਵਾਉਣ ਲੱਗ ਪਏ। ਕੁਰੂਕੁਸ਼ੇਤਰ ਦੇ ਇਕ ਸਮਾਗਮ ਵਿਚ ਪੰਜਾਬ ਕੇਸਰੀ, ਦਿੱਲੀ ਦੇ ਐਡੀਟਰ ਮਿੰਨਾ ਅਸ਼ਵਨੀ ਚੌਪੜਾ ਨੇ ਅਪਣੇ ਬਜ਼ੁਰਗਾਂ ਵਲੋਂ ਮਾਤ ਭਾਸ਼ਾ ਹਿੰਦੀ ਲਿਖਵਾਉਣ ਵਾਲੀ ਗ਼ਲਤੀ ਤੇ ਅਫ਼ਸੋਸ ਜ਼ਾਹਰ ਕਰਦਿਆਂ ਮਾਫੀ ਮੰਗੀ। ਅਸ਼ਵਨੀ ਚੌਪੜਾ ਨੇ ਲੇਖਕ ਸਾਹਮਣੇ ਖ਼ੁਦ ਇਹ ਗੱਲ ਅਪਣੀ ਇਕ ਮੁਲਾਕਾਤ ਦੌਰਾਨ ਦੁਹਰਾਈ।

ਦੇਸ਼ ਦੇ ਕੌਮੀ ਪ੍ਰੈੱਸ ਤੇ ਖ਼ਾਸ ਕਰ ਕੇ ਦਿੱਲੀ ਦੇ ਵੱਡੇ ਅਖ਼ਬਾਰਾਂ ਨੇ ਅਪਣੀ ਵੱਡੀ ਵਿਕਰੀ ਦੇ ਆਧਾਰ ਤੇ ਇਕ ਖੇਤਰੀ ਪਾਰਟੀ ਤੇ ਘੱਟ-ਗਿਣਤੀ ਸਿੱਖ ਕੌਮ ਨੂੰ ਦਹਿਸ਼ਤਵਾਦੀ ਤੇ ਵੱਖਵਾਦੀ ਗਰਦਾਨਿਆ। ਕੁੱਝ ਖਾੜਕੂਆਂ ਵਲੋਂ ਕੀਤੀਆਂ ਕਾਰਵਾਈਆਂ (ਉਹ ਵੀ ਉਨ੍ਹਾਂ ਦੇ ਪ੍ਰਵਾਰਾਂ ਤੇ ਹੋਏ ਤਸ਼ੱਦਦ ਕਰ ਕੇ ਸਨ)-ਉਸ ਦਾ ਤਾਂ ਕਿਸੇ ਨੇ ਵੇਰਵਾ ਵੀ ਨਾ ਪਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਰਚੇ ਲਈ ਸਾਰੀ ਸਿੱਖ ਕੌਮ ਨੂੰ ਜਵਾਬਦੇਹ ਤੇ ਜ਼ਿੰਮੇਵਾਰ ਠਹਿਰਾਇਆ ਇਨ੍ਹਾਂ ਅਖ਼ਬਾਰਾਂ ਨੇ। ਦੋ ਵੱਡੀਆਂ  ਮਸ਼ਹੂਰ ਅੰਗਰੇਜ਼ੀ ਅਖ਼ਬਾਰਾਂ ਨੇ ਹਿੰਦੂਆਂ-ਸਿੱਖਾਂ ਵਿਚਕਾਰ ਵੱਖਵਾਦ ਤੇ ਪਾੜਾ ਪਾਉਣ ਦੀ ਕੋਝੀ ਭੂਮਿਕਾ ਬਾਕੀਆਂ ਨਾਲੋਂ ਵੱਧ ਨਿਭਾਈ।

ਚਾਹੀਦਾ ਤਾਂ ਇਹ ਸੀ ਕਿ ਅਪਣੀ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਅਖ਼ਬਾਰਾਂ ਯਤਨ ਕਰਦੀਆਂ ਪਰ ਇਨ੍ਹਾਂ ਦੀਆਂ ਲਿਖਤਾਂ ਨੇ ਇਨ੍ਹਾਂ ਦੀ ਆਪਸੀ ਨੇੜਤਾ ਨੂੰ ਪੇਚੀਦਾ ਤੇ ਔਖਾ ਕਰ ਦਿਤਾ। ਟਾਈਮਜ਼ ਆਫ਼ ਇੰਡੀਆ ਦੇ ਐਡੀਟਰ ਗਿਰੀ ਲਾਲ ਜੈਨ ਨੇ 7 ਮਾਰਚ 1984 ਨੂੰ ਅਪਣੇ ਸੰਪਾਦਕੀ ਲੇਖ ਵਿਚ ਨਿਰਪੱਖਤਾ ਨੂੰ ਛਿੱਕੇ ਟੰਗਦੇ ਹੋਏ ਲਿਖਿਆ, 9t is 11 PM in the history of Sikh community. 9t must reverse the clock. 9t is still possible… do so. 2ut time is running out. “he community must demand that the agitation be called off. “he Sikhs must heed the warning, before it is midnight."  (ਸਿੱਖ ਕੌਮ ਦੇ ਇਤਿਹਾਸ ਵਿਚ ਰਾਤ ਦੇ 11 ਵਜੇ ਹਨ।

ਸਿੱਖ ਘੜੀ ਦੋ ਸਮੇਂ ਨੂੰ ਉਲਟਾ ਕਰ ਲੈਣ ਤੇ ਇਹ ਮੁਮਕਿਨ ਵੀ ਹੈ ਪਰ ਸਮਾਂ ਹੱਥੋਂ ਲੰਘ ਰਿਹਾ ਹੈ। ਕੌਮ ਇਹ ਮੰਗ ਕਰ ਕੇ ਅਪਣੇ ਮੋਰਚੇ ਬੰਦ ਕਰੇ। ਇਸ ਤੋਂ ਪਹਿਲਾਂ ਕਿ 12 ਨਾ ਵੱਜ ਜਾਣ, ਕੌਮ ਅਪਣੀ ਜ਼ਿੰਮੇਵਾਰੀ ਨੂੰ ਸਮਝ ਲਵੇ।)  ਸਮਝੀਏ ਇਨ੍ਹਾਂ ਲਿਖਤਾਂ ਨੂੰ ਕਿ ਡੇਢ ਕਰੋੜ ਸਿੱਖਾਂ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਸ ਧੋਖੇਬਾਜ਼ੀ, ਸਿਆਸਤ ਵਿਚ ਜਿਹੜੀ ਉਸ ਸਮੇਂ ਦੀ ਕਾਂਗਰਸ ਸਰਕਾਰ ਕਰ ਰਹੀ ਸੀ, ਇਨ੍ਹਾਂ ਜ਼ਿੰਮੇਵਾਰ ਸੰਪਾਦਕਾਂ ਨੇ ਇਹ ਵੀ ਨਾ ਸੋਚਿਆ ਕਿ ਇਹੋ ਜਹੀ ਗ਼ੈਰ-ਜ਼ਿੰਮੇਵਾਰ ਲੇਖਣੀ ਦਾ ਕੀ ਅਸਰ ਹੋਵੇਗਾ ਤੇ ਕਿਹੋ ਜਹੇ ਸਿੱਟੇ ਨਿਕਲ ਸਕਦੇ ਹਨ? ਇਸ ਐਡੀਟਰ ਗਿਰੀ ਲਾਲ ਜੈਨ ਦਾ ਅਸਲੀ ਮੰਤਵ, ਸਾਰੀ ਸਿੱਖ ਕੌਮ ਨੂੰ ਜਨਤਾਂ ਦੀਆਂ ਨਜ਼ਰਾਂ ਵਿਚ ਬਦਨਾਮ ਤੇ ਅਪਰਾਧੀ ਠਹਿਰਾਉਣਾ ਸੀ ਤੇ ਉਹ ਇਸ ਵਿਚ ਕਾਮਯਾਬ ਵੀ ਹੋਏ।

ਇਸ ਵੱਡੇ ਅਖ਼ਬਾਰ ਦਾ ਮਕਸਦ, ਹਾਲਾਤ ਨੂੰ ਵਿਗਾੜਨਾ ਤੇ ਸਰਕਾਰ ਵਲੋਂ ਕੀਤੇ ਗਏ ਜੂਨ ’84 ਦੇ ਨੀਚ ਕਾਰੇ ਨੂੰ ਉਤਸ਼ਾਹਿਤ ਕਰਨਾ ਸੀ। ਇਹ ਵੱਡੀਆਂ ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਕੇਂਦਰ ਸਰਕਾਰ ਦੇ ਸਿੱਖ ਹੱਕਾਂ ਸਬੰਧੀ ਬੇਰੁਖ਼ੀ ਤੇ ਸਰਕਾਰੀ ਨੀਤੀਆਂ ਦੇ ਮੁਦਈ ਬਣਦੇ ਰਹੇ। ਇਸ ਤਰ੍ਹਾਂ ਇਨ੍ਹਾਂ ਅਖ਼ਬਾਰਾਂ ਨੇ ਹਿੰਦੁਸਤਾਨ ਵਾਸੀਆਂ ਨੂੰ ਅਪਣੀਆਂ ਲਿਖਤਾਂ ਰਾਹੀਂ ਧੋਖੇਬਾਜ਼ੀ ਕਰਦਿਆਂ ਭੁਲੇਖੇ ਵਿਚ ਰਖਿਆ। ਇਹ ਸਾਰਾ ਕੁੱਝ ਉਨ੍ਹਾਂ ਦੀ ਨਿਰਪੱਖਤਾ ਤੋਂ ਕੋਹਾਂ ਦੂਰ ਤੇ ਸਚਾਈ ਤੋਂ ਕਿਤੇ ਪਰੇ ਸੀ। ਇਹ ਇਕ ਸਰਾਸਰ ਧੋਖੇ ਵਾਲੀ ਸਿਆਸਤ ਸੀ ਤੇ ਦੇਸ਼ ਵਿਚ ਕੇਂਦਰੀ ਸਰਕਾਰ ਦੀ ਚਾਪਲੂਸੀ ਜਿਸ ਦਾ ਮੰਤਵ ਸੀ, ਹਿੰਦੂਤਵ ਤੇ ਵਿਸ਼ਵਾਸ ਕਰਨ ਵਾਲਿਆਂ ਦਾ ਭਰੋਸਾ ਜਿੱਤਣਾ ਤੇ ਇਸ ਗੱਲੋਂ ਦੇਸ਼ ਵਿਚ ਧਰਮ-ਅਧਾਰਤ ਰਾਜਨੀਤੀ ਦਾ ਲਾਹਾ ਲੈਣਾ ਸੀ।

ਕੇਂਦਰ ਵਿਚ ਬਿਰਾਜਮਾਨ ਕਾਂਗਰਸ ਆਗੂਆਂ ਨੂੰ ਇਕ ਗੱਲ ਦਿਨ ਦੇ ਚਾਨਣ ਵਾਂਗ ਸਾਫ਼ ਸੀ ਕਿ ਉਨ੍ਹਾਂ ਨੇ ਦੇਸ਼ ਵਿਚ ਹਿੰਦੂ ਵੋਟ ਬੈਂਕ ਨੂੰ ਅਪਣੇ ਨਾਲ ਰਖਣਾ ਹੀ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਸਿੱਖਾਂ ਨੂੰ ਕੱਟੜਵਾਦੀ ਤੇ ਦਹਿਸ਼ਤਵਾਦੀ ਬਣਾ ਕੇ ਪੇਸ਼ ਕਰਨਾ ਹੈ ਤੇ ਇਸ ਤਰ੍ਹਾਂ ਦੇਸ਼ ਦੇ ਹਿੰਦੂ ਅੰਦਰ ਉਨ੍ਹਾਂ ਪ੍ਰਤੀ ਗੁੱਸਾ ਤੇ ਨਫ਼ਰਤ ਪੈਦਾ ਕਰਨਾ ਹੈ। ਹਿੰਦੂਆਂ-ਸਿੱਖਾਂ ਦਾ ਆਪਸੀ ਪਾੜਾ ਵੱਧ ਜਾਵੇਗਾ ਤੇ ਇਸ ਤਰ੍ਹਾਂ ਸਿੱਧਾ ਲਾਭ ਕਾਂਗਰਸ ਨੂੰ ਹੋਣਾ ਹੈ ਕਿਉਂਕਿ ਦੇਸ਼ ਦੀ ਹਿੰਦੂ ਆਬਾਦੀ ਦੇ ਉਹ ਰਖਿਅਕ ਸਮਝੇ ਜਾਣ ਲੱਗਣਗੇ। ਸੰਪਾਦਕ ਅਰੁਣ ਸ਼ੌਰੀ ‘ਇੰਡੀਅਨ ਐਕਸਪ੍ਰੈਸ’ ਅਖ਼ਬਾਰ ਵਾਲੇ ਨੇ ਲਿਖਿਆ ਕਿ ਜਦੋਂ ਸਿੱਖਾਂ ਦੀ ਇਕ ਮੰਗ ਜਾਂ ਉਸ ਦਾ ਕੋਈ ਹਿੱਸਾ ਮਨਿਆ ਜਾਂਦਾ ਤਾਂ ਹੋਰ ਨਵੀਂ ਮੰਗ ਖੜੀ ਕਰ ਦਿਤੀ ਜਾਂਦੀ।

ਇਸ ਨਾਮੀ ਸੰਪਾਦਕ ਨੇ ਇਹ ਵੀ 14 ਮਾਰਚ 1982 ਨੂੰ ਅਖ਼ਬਾਰ ਵਿਚ ਲਿਖਿਆ ਕਿ ‘ਅਪਣੇ ਆਪ ਨੂੰ ਇਸ ਭੁਲੇਖੇ ਵਿਚ ਨਾ ਰਖਿਆ ਜਾਵੇ ਕਿ ਖ਼ਾਲਿਸਤਾਨ ਦੀ ਮੰਗ ਕੇਵਲ ਜਗਜੀਤ ਸਿੰਘ ਚੌਹਾਨ ਦੇ ਦਿਮਾਗ਼ ਦੀ ਕਾਢ ਹੈ ਬਲਕਿ ਕਈ ਸਿੱਖਾਂ ਦੀ ਹੈ।’ 12 ਮਈ 1984 ਨੂੰ ਅਰੁਣ ਸ਼ੌਰੀ ਨੇ ‘ਪਾਲਿਟਿਕਸ ਆਫ਼ ਪਾਨਡਰਿੰਗ’ ਸਿਰਲੇਖ ਹੇਠ ਇਕ ਲੇਖ ਲਿਖਿਆ ਜਿਸ ਦਾ ਠੋਕਵਾਂ ਜਵਾਬ ਸਰਦਾਰ ਦਵਿੰਦਰ ਸਿੰਘ ਦੁੱਗਲ ਨੇ ਦਿਤਾ ਕਿ ਦੇਸ਼ ਦੀ ਬਹੁਗਿਣਤੀ ਦਾ ਹੱਕ ਨਹੀਂ ਕਿ ਉਹ ਘੱਟ ਗਿਣਤੀਆਂ ਨੂੰ ਦਬਾਉਣ। ਇਹ ਕਾਰਨ ਬਣਿਆ ਕਿ ਘੱਟ-ਗਿਣਤੀਆਂ ਵਾਲੀਆਂ ਕੌਮਾਂ, ਅਪਣੀ ਇੱਜ਼ਤ ਤੇ ਵਕਾਰ ਦੀ ਬਹਾਲੀ ਖ਼ਾਤਰ ਅਪਣੀ ਵਖਰੀ ਪਛਾਣ ਲਈ ਸੰਘਰਸ਼ ਕਰਦੀਆਂ ਰਹੀਆਂ। 

ਇਕ ਹੋਰ ਐਮ.ਜੇ ਅਕਬਰ (ਅਜਕਲ ਇਹ ਭਾਜਪਾ ਵਿਚ ਹਨ) ਜੋ ਟੈਲੀਗਰਾਫ਼ ਅਖ਼ਬਾਰ ਦੇ ਸੰਪਾਦਕ ਸਨ, ਉਨ੍ਹਾਂ ਲਿਖਿਆ ਕਿ ਸਿੱਖ ਅਤਿਵਾਦੀ ਅਪਣੀ ਆਜ਼ਾਦ ਹਸਤੀ ਚਾਹੁੰਦੇ ਹਨ ਜਿਥੇ ਖ਼ਾਲਸੇ ਦਾ ਰਾਜ ਹੋਵੇ। ਇਹ ਹਰ ਧਾਰਮਕ ਅਰਦਾਸ ਤੋਂ ਬਾਅਦ ਇਹ ਕਹਿੰਦੇ ਹਨ ‘ਰਾਜ ਕਰੇਗਾ ਖ਼ਾਲਸਾ’। ਇਹ ਨਾਮੀ ਸੰਪਾਦਕ ਸਿੱਖ ਕਿਸਾਨਾਂ ਵਲੋਂ ਭਾਰਤ ਵਿਚ ਹਰਾ ਇਨਕਲਾਬ ਲਿਆਉਣ ਲਈ ਸਿੱਖਾਂ ਦੀ ਤਾਰੀਫ਼ ਨਹੀਂ ਕਰਦਾ ਬਲਕਿ ਲਾਲ ਬਹਾਦੁਰ ਸ਼ਾਸਤਰੀ ਦੀ ਵਜ਼ਾਰਤ ਵਿਚ ਖ਼ੁਰਾਕ ਮੰਤਰੀ ਸੀ ਸੁਬਰਾਮਨੀਅਮ ਨੂੰ ਇਸ ਦਾ ਅਸਲੀ ਨਾਇਕ ਦਸਦਾ ਹੈ। ਇਸ ਸੰਪਾਦਕ ਨੇ ਇਹ ਵੀ ਕਦੇ ਨਹੀਂ ਲਿਖਿਆ ਕਿ ਸਿੱਖਾਂ ਦੀਆਂ ਮੰਗਾਂ ਤੇ ਕੇਂਦਰ ਸਰਕਾਰ ਵਿਚਾਰ ਕਰੇ ਤੇ ਰਲਮਿਲ ਕੇ ਕੋਈ ਸਮਝੌਤੇ ਦਾ ਰਾਹ ਕਢਿਆ ਜਾਵੇ। ਇਨ੍ਹਾਂ ਵੱਡੀਆਂ ਅਖ਼ਬਾਰਾਂ ਨੇ ਵੇਲੇ ਦੀ ਸਰਕਾਰ ਦੀਆਂ ਨੀਤੀਆਂ ਦੀ ਹਮਾਇਤ ਹੀ ਨਹੀਂ ਬਲਕਿ ਸ਼ਲਾਘਾ ਵੀ ਕੀਤੀ।

ਅਕਾਲੀ ਲੀਡਰਸ਼ਿਪ ਨੂੰ ਇਹ ਦਰਸਾਇਆ ਗਿਆ ਕਿ ਉਹ ਸਿੱਖ ਕੌਮ ਦਾ ਇਕ ਕਮਜ਼ੋਰ ਵਰਗ ਹਨ। ਪਰ ਉਨ੍ਹਾਂ ਇਹ ਕਦੇ ਨਾ ਲਿਖਿਆ ਕਿ ਅਕਾਲੀ ਦਲ ਦੇ ਆਗੂਆਂ ਨਾਲ, ਸਿੱਖ ਮਸਲੇ ਤੇ ਮੰਗ ਨੂੰ ਸੁਲਝਾਉਣ ਤੇ ਫਿਰ ਠਿੱਬੀ ਲਗਾਉਣ ਲਈ ਕਿਸ ਨੇ ਤੇ ਕਿਵੇਂ ਦੀਵਾਰ ਖੜੀ ਕੀਤੀ? ਇਨ੍ਹਾਂ ਅਖ਼ਬਾਰਾਂ ਨੇ ਇਹ ਤਾਂ ਕਦੇ ਨਾ ਲਿਖਿਆ ਕਿ ਸਿੱਖ ਨੌਜੁਆਨਾਂ ਨੂੰ ਬਿਨਾਂ ਕਾਰਨ ਰਾਤਾਂ ਦੇ ਹਨੇਰੇ ਵਿਚ ਚੁੱਕ ਕੇ ਪੁਲਿਸ ਲਿਜਾਂਦੀ ਰਹੀ। ਉਨ੍ਹਾਂ ਨੌਜੁਆਨਾਂ ਤੇ ਪ੍ਰਵਾਰਾਂ ਨੂੰ ਕਿਵੇਂ ਤਸੀਹੇ ਦਿਤੇ ਗਏ ਤੇ ਫ਼ਰਜ਼ੀ ਮੁਕਾਬਲੇ ਬਣਾ ਕੇ ਉਹ ਨੌਜੁਆਨ ਮੁਕਾ ਦਿਤੇ ਗਏ।

ਰਾਜਨੀਤੀਵਾਨਾਂ ਦੀ ਨਾਮਾਕਯਾਬੀ ਦਾ ਪਰਦਾਫ਼ਾਸ਼ ਕਰਨ ਦੀ ਬਜਾਏ ਇਹ ਇਕਪਾਸੜ ਦਾ ਮੀਡੀਆ ਤੇ ਪ੍ਰੈੱਸ, ਦੋਹਾਂ ਕੌਮਾਂ ਵਿਚ ਪਾੜ ਪਾਉਂਦਾ ਰਿਹਾ ਤੇ ਇਨ੍ਹਾਂ ਨੇ ਅਸਲ ਜ਼ਮੀਨੀ ਸਚਾਈ ਤੇ ਇਸ ਬਾਰੇ ਡੂੰਘੀ ਘੋਖ ਵਿਚ ਜਾਣ ਦੀ ਲੋੜ ਹੀ ਨਾ ਸਮਝੀ। ਕਈ ਜਲੰਧਰ ਤੋਂ ਛਪਦੀਆਂ ਅਖ਼ਬਾਰਾਂ ਦੇ ਪੱਤਰਕਾਰ ਜੋ ਦਿਲ ਆਵੇ, ਲਿੱਖ ਦਿੰਦੇ ਸਨ ਤੇ ਉਨ੍ਹਾਂ ਨੂੰ ਕੋਈ ਵੀ ਪੁੱਛਣ ਵਾਲਾ ਨਹੀਂ ਸੀ ਜਾਂ ਇਨ੍ਹਾਂ ਮਨਘੱੜਤ ਖ਼ਬਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਸਰਕਾਰੀ ਏਜੰਸੀਆਂ ਵਲੋਂ ਫੈਲਾਈਆਂ ਝੂਠੀਆਂ ਅਫ਼ਵਾਹਾਂ ਨੂੰ ਹੀ ਆਧਾਰ ਮੰਨ ਕੇ, ਇਹ ਖ਼ਬਰਾਂ ਦਾ ਰੂਪ ਦੇਣ ਲੱਗ ਪਏ ਤੇ ਦਰਬਾਰ ਸਾਹਿਬ ਨੂੰ ਮੁਜ਼ਰਮਾਂ ਦਾ ਅੱਡਾ ਦੱਸਣ ਲੱਗੇ। ਇਹ ਭੰਡੀ ਪ੍ਰਚਾਰ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ। ਇਕ ਗਿਣਤੀ ਮਿੱਥੀ ਸਾਜ਼ਸ਼ ਤੇ ਸਕੀਮ ਅਧੀਨ।

ਕੌਮ ਦੇ ਸ਼ਾਂਤਮਈ ਅੰਦੋਲਨ ਨੂੰ ਸਰਕਾਰ ਨੇ ਅਕਾਲੀ ਲੀਡਰਸ਼ਿਪ ਤੇ ਸੰਤ ਭਿੰਡਰਾਂਵਾਲੇ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਾ ਛੱਡੀ। ਦੇਸ਼ ਦੀ ਕਿਸੇ ਅਖ਼ਬਾਰ ਨੇ ਇਹ ਤਾਂ ਨਾ ਲਿਖਿਆ ਕਿ ਕੇਂਦਰ ਸਰਕਾਰ ਦਾ ਜੂਨ 84 ਦਾ ਕਾਰਾ ਟਾਲਿਆ ਜਾ ਸਕਦਾ ਸੀ ਜੇ ਸਰਕਾਰ ਸਹਿਜ ਤੋਂ ਕੰਮ ਲੈਂਦੀ। ਕਿਸੇ ਅਖ਼ਬਾਰ ਨੇ ਇਹ ਤਾਂ ਨਾ ਲਿਖਿਆ ਕਿ ਜੂਨ 84 ਦਾ ਉਹ ਦਿਨ ਦਰਬਾਰ ਸਾਹਿਬ ਸਮੂਹ ਉਤੇ ਹਮਲਾ ਕਰਨ ਲਈ ਚੁਣਨਾ ਸਰਾਸਰ ਗ਼ਲਤ ਸੀ, ਜਦੋਂ ਸਿੱਖ ਸੰਗਤਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਇਕੱਤਰ ਹੋਈਆਂ ਸਨ। ਦੇਸ਼ ਦੇ ਪ੍ਰੈੱਸ ਤੇ ਸਰਕਾਰੀ ਕੰਟਰੋਲਡ ਦੂਰਦਰਸ਼ਨ ਨੇ ਇਹ ਤਾਂ ਨਾ ਕਿਹਾ ਕਿ ਯਾਤਰੂ ਜਿਹੜੇ ਸ੍ਰੀ ਹਰਿਮੰਦਰ ਸਾਹਿਬ ਸਿਜਦਾ ਕਰਨ ਆਏ ਸਨ, ਉਹ ਕਿਉਂ ਫ਼ੌਜੀ ਗੋਲੀਆਂ ਦਾ ਨਿਸ਼ਾਨਾ ਬਣਾਏ ਗਏ?

ਦਰਅਸਲ ਗੱਲ ਇਹ ਹੈ ਕਿ ਕੇਂਦਰ ਵਿਚ ਇੰਦਰਾਂ ਗਾਂਧੀ, ਸਿੱਖ ਕੌਮ ਦੇ ਲੀਡਰਾਂ ਨਾਲ ਕਿਸੇ ਮੁੱਦੇ ਤੇ ਗੱਲ ਮੁਕਾਉਣੀ ਹੀ ਨਹੀਂ ਸੀ ਚਾਹੁੰਦੀ। ਕਿੰਨੀਆਂ ਮੀਟਿੰਗਾਂ ਇਸ ਸਬੰਧ ਵਿਚ ਹੋਈਆਂ ਪਰ ਸੱਭ ਵਿਅਰਥ। ਕਿਸੇ ਅਖ਼ਬਾਰ ਨੇ ਇਹ ਨਾ ਲਿਖਿਆ ਕਿ ਇਸ ਸਾਰੇ ਮਸਲੇ ਦਾ ਹੱਲ ਰਾਜਨੀਤਕ ਹੈ ਨਾ ਕਿ ਕਾਨੂੰਨ ਵਿਵਸਥਾ ਦਾ ਪੰਜਾਬ ਵਿਚ ਫੇਲ੍ਹ ਹੋਣਾ। ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਸੀ ਕਿ ਹਥਿਆਰ ਧਾਰਮਕ ਅਸਥਾਨਾਂ ਅੰਦਰ ਨਾ ਜਾ ਸਕਣ। ਅਖ਼ਬਾਰਾਂ ਨੇ ਇਸ ਧਾਰਮਕ ਜਥੇਬੰਦੀ ਦੀ ਅਲੋਚਨਾ ਕੀਤੀ ਤੇ ਫ਼ਰਜ਼ਾਂ ਦੀ ਕੁਤਾਹੀ ਦਸਿਆ। ਪਰ ਕਿਸੇ ਅਖ਼ਬਾਰ ਨੇ ਇਹ ਨਾ ਲਿਖਿਆ ਕਿ ਅੰਦਰ ਹਥਿਆਰ ਜਾਣ ਤੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ, ਪੁਲਿਸ ਤੇ ਸਰਕਾਰ ਦੀ ਹੈ।

ਦਰਬਾਰ ਸਾਹਿਬ ਸਮੂਹ ਦੇ ਬਾਹਰ ਚੱਪੇ-ਚੱਪੇ ਤੇ ਪੁਲਿਸ ਦੇ ਨਾਕੇ ਤੇ ਪਹਿਰੇ ਸਨ ਤੇ ਫਿਰ, ਸਰਕਾਰ ਦੀ ਸਿੱਧੀ ਤੇ ਅਸਿੱਧੀ ਸ਼ਹਿ ਤੋਂ ਬਿਨਾਂ ਹਥਿਆਰ ਅੰਦਰ ਕਿਵੇਂ ਪਹੁੰਚ ਗਏ? ਦੇਸ਼ ਦੇ ਮੀਡੀਆ (ਜੇ ਨਿਰਪੱਖ ਹੁੰਦਾ) ਇਸ ਗੱਲ ਦੀ ਛਾਣਬੀਣ ਕਰਦਾ ਪਰ ਇਸ ਦੀ ਬਜਾਏ ਸਿੱਖ ਕੌਮ ਨੂੰ ਅਪਣੀਆਂ ਰੀਪੋਰਟਾਂ, ਲਿਖਤਾਂ ਤੇ ਸੰਪਾਦਕੀ ਕਾਲਮਾਂ ਰਾਹੀਂ ਬਦਨਾਮ ਕਰਨ ਦੀਆਂ ਲਗਾਤਾਰ ਸਰਕਾਰੀ ਕੋਸ਼ਿਸ਼ਾਂ ਦਾ ਸਾਥ ਦਿਤਾ ਗਿਆ। ਪਾਣੀਆਂ ਦੀ ਵੰਡ ਦਾ ਫ਼ੈਸਲਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਸਥਾਪਤ ਨਿਯਮਾਂ ਅਨੁਸਾਰ ਹੋਵੇ, ਇਹ ਕਹਿਣਾ ਕੋਈ ਗ਼ਲਤ ਤੇ ਮਾੜਾ ਤਾਂ ਨਹੀਂ ਸੀ ਪਰ ਦੇਸ਼ ਦੇ ਕਿਸੇ ਅਖ਼ਬਾਰ ਨੇ ਪੰਜਾਬ ਤੇ ਸਿੱਖਾਂ ਦੀ ਇਸ ਵਾਜਬ ਮੰਗ ਬਾਰੇ, ਸਮਰਥਨ ਦਾ ਹੁੰਗਾਰਾ ਨਾ ਭਰਿਆ।

 ਦੇਸ਼ ਦੇ ਮੀਡੀਆ ਨੇ ਸਿੱਖਾਂ ਦੀ ਧਾਰਮਕ ਮੰਗਾਂ ਬਾਰੇ ਕਦੇ ਕੁੱਝ ਸਹੀ ਟਿੱਪਣੀ ਨਾ ਦਿਤੀ। ਕਿਸੇ ਕੌਮੀ ਅਖ਼ਬਾਰ ਨੇ ਇਸ ਗੱਲ ਦੀ ਨਿੰਦਾ ਨਾ ਕੀਤੀ। ਜਦੋਂ ਸ੍ਰੀ ਅੰਮ੍ਰਿਤਸਰ ਵਿਚ ਕੁੱਝ ਹੁੱਲੜਬਾਜ਼ਾਂ ਵਲੋਂ ਇਕ ਜਲੂਸ ਵਿਚ ਨਾਹਰੇ ਲਾਏ ਗਏ, ‘‘ਕੱਛ, ਕੜਾ, ਕ੍ਰਿਪਾਨ ਧੱਕ ਦਿਆਂਗੇ ਪਾਕਿਸਤਾਨ’’, ਦਰਅਸਲ ਹਿੰਦੂ ਵੀਰਾਂ ਨੂੰ ਉਕਸਾਇਆ ਗਿਆ ਸੀ ਸਿੱਖਾਂ ਦੇ ਵਿਰੁਧ । ਇਕ ਗੱਲ ਯਾਦ ਰਖੀਏ ਕਿ ਇਸ ਸਮੇਂ ਦੌਰਾਨ 1978 ਤੋਂ 1984 ਤਕ, ਪੰਜਾਬ ਵਿਚ ਕਦੇ ਵੀ ਹਿੰਦੂ-ਸਿੱਖ ਫ਼ਸਾਦ ਨਹੀਂ ਹੋਏ ਭਾਵੇਂ ਦੋਹਾਂ ਕੌਮਾਂ ਵਿਚ ਕੁੜੱਤਣ ਤੇ ਬੇਵਿਸ਼ਵਾਸੀ (ਇਨ੍ਹਾਂ ਅਖ਼ਬਾਰਾਂ ਨੇ ਅਪਣੀ ਸੰਪਾਦਕੀ ਜ਼ਿੰਮੇਵਾਰੀਆਂ ਨੂੰ ਛਿੱਕੇ ਤੇ ਟੰਗਦੇ ਹੋਏ) ਦਾ ਬੀਜ ਬੋਇਆ ਗਿਆ। 
ਜੂਨ 1984 ਵਿਚ ਹੋਈ ਫ਼ੌਜੀ ਕਾਰਵਾਈ ਤੋਂ ਬਾਅਦ ਅੰਮ੍ਰਿਤਸਰ ਦੇ ਬਾਜ਼ਾਰਾਂ ਵਿਚ ਮਠਿਆਈਆਂ ਵੰਡੀਆਂ ਗਈਆਂ।

ਜੇ ਅਖ਼ਬਾਰਾਂ ਵਿਚ ਨਿਰਪੱਖਤਾ ਹੁੰਦੀ ਤਾਂ ਇਸ ਦੀ ਅਲੋਚਨਾ ਹੁੰਦੀ। ਸੱਚ ਤਾਂ ਇਹ ਹੈ ਕਿ ਦੇਸ਼ ਦੀਆਂ ਵੱਡੀਆਂ ਅਖ਼ਬਾਰਾਂ ਤੇ ਪੰਜਾਬ ਦੀਆਂ ਅਖ਼ਬਾਰਾਂ ਨੇ ਅਪਣੀ ਸੁਚੱਜੀ ਤੇ ਨਿਰਪੱਖ ਭੂਮਿਕਾ ਨਿਭਾਉਣ ਦੀ ਬਜਾਏ, ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਪ੍ਰਤੀ ਭੜਕਾਇਆ ਤੇ ਇਸ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। 
ਸਿੱਖ ਕੌਮ ਦੀ ਬਦਕਿਸਮਤੀ ਵੇਖੋ ਕਿ ਅਥਾਹ ਕੌਮੀ ਵਸੀਲਿਆਂ ਦੀਆਂ ਮਾਲਕ ਜਥੇਬੰਦੀਆਂ ਨੇ, ਅਪਣੇ ਵਲੋਂ ਕੌਮ ਨੂੰ ਇਕ ਪਾਏਦਾਰ ਪੰਥ ਅਖ਼ਬਾਰ ਵੀ ਨਹੀਂ ਦਿਤਾ ਜੇ ਕਿਸੇ ਹੋਰ ਨੇ, ਇਨ੍ਹਾਂ ਦੇ ਥੱਲੇ ਲੱਗਣ ਬਿਨਾਂ, ਆਪ ਵਧੀਆ ਪੰਥ ਅਖ਼ਬਾਰ ਦੇ ਦਿਤੀ ਤਾਂ ਇਨ੍ਹਾਂ ਨੇ ਉਸ ਨੂੰ ਟਿਕਣ ਨਾ ਦੇਣ ਦੀ ਸਹੁੰ ਹੀ ਖਾ ਲਈ। ਸਾਡੇ ਸਿੱਖ ਲੀਡਰਾਂ ਨਿਰਪੱਖ ਸਿੱਖ ਪ੍ਰੈੱਸ ਨੂੰ ਕਾਇਮ ਹੀ ਨਹੀਂ ਹੋਣ ਦੇਣਾ ਚਾਹੁੰਦੇ।

ਅੱਜ ਜ਼ਮਾਨਾ ਪ੍ਰਚਾਰ ਦਾ ਹੈ ਅਤੇ ਅਖ਼ਬਾਰ, ਟੀ.ਵੀ. ਇਕ ਵੱਡੀ ਮਾਧਿਅਮ ਹਨ। ਇਸ ਦੀ ਅਣਹੋਂਦ ਕਰ ਕੇ ਜਨਤਾ ਸਾਹਮਣੇ ਸੱਚਾਈ ਵੀ ਨਹੀਂ ਰੱਖੀ ਜਾ ਸਕੀ। ਕਾਸ਼! ਦੇਸ਼ ਦੀਆਂ ਅਖ਼ਬਾਰਾਂ ਅਪਣੀਆਂ ਜ਼ਿੰਮੇਵਾਰੀ ਨਿਰਪੱਖਤਾ ਨਾਲ ਨਿਭਾਉਂਦੀਆਂ ਤਾਂ ਪੰਜਾਬ ਦੇ ਸਿਆਸੀ ਹਾਲਾਤ ਇੰਜ ਨਾ ਵਿਗੜਦੇ-ਜਿਵੇਂ ਸਾਨੂੰ ਝੇਲਣੇ ਪਏ। ਕੇਂਦਰ ਸਰਕਾਰ ਤਾਂ ਸਿੱਖਾਂ ਨਾਲ ਕੋਈ ਸਮਝੌਤਾ ਕਰਨਾ ਹੀ ਨਹੀਂ ਸੀ ਚਾਹੁੰਦੀ ਤੇ ਅਖ਼ਬਾਰਾਂ ਵਾਲੇ ਇਸ ਗੱਲ ਦੀ ਘੋਖ ਕਰਦੇ। ਪਰ ਇਸ ਦੀ ਬਜਾਏ ਉਹ ਸਰਕਾਰ ਦੀ ਪਿੱਠ ਪੂਰਦੇ ਰਹੇ-ਸਿੱਖਾਂ ਨੂੰ ਦੇਸ਼-ਵਿਦੇਸ਼ ਵਿਚ ਬਦਨਾਮ ਕਰਦੇ ਰਹੇ ਤੇ ਅੰਤ ਵਿਚ ਸਿੱਖਾਂ ਨੂੰ ਅਤਿਵਾਦੀ ਤੇ ਵਖਵਾਦੀ ਵਜੋਂ ਪੇਸ਼ ਕਰ ਕੇ ਸਾਡੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਹੂੰਝਾ ਫੇਰਿਆ ਗਿਆ। ਅਫ਼ਸੋਸ ਹੈ - ਸਿੱਖ ਕੌਮ ਦੇ ਇਸ ਵਿਢੇ ਸੰਘਰਸ਼ ਵਿਚ ਦੇਸ਼ ਦੇ ਪ੍ਰੈੱਸ ਤੇ ਮੀਡੀਆ ਨੇ ਬਹੁਤ ਗ਼ੈਰ-ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ।
ਸੰਪਰਕ : 88720-06924