ਸਾਕਾ ਨੀਲਾ ਤਾਰਾ: 4 ਜੂਨ 1984 ਦੀ ਦਾਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ।

Operation Blue Star

4 ਜੂਨ 'ਤੇ ਵਿਸ਼ੇਸ਼

3 ਜੂਨ ਦੀ ਪੂਰੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ  ਇਲਾਕੇ ਵਿਚ ਫੌਜੀਆਂ ਦੀ ਨਕਲੋ ਹਰਕਤ ਚਲਦੀ ਰਹੀ। ਸ਼ਹਿਰ ਵਿਚ ਫੌਜੀ ਗੱਡੀਆਂ ਸ਼ੁਕਦੀਆਂ, ਫੌਜੀ ਬੂਟਾਂ ਦੀ ਆਵਾਜ਼ ਫਿਜ਼ਾ ਵਿਚ ਫੈਲੀ ਦਹਿਸ਼ਤ ਵਿਚ ਵਾਧਾ ਕਰ ਰਹੀ ਸੀ। ਲੋਕ ਆਪਣੇ ਘਰਾਂ ਵਿਚ ਵੀ ਉੱਚੀ ਆਵਾਜ਼ ਵਿਚ ਸਾਹ ਨਹੀਂ ਸੀ ਲੈ ਰਹੇ। ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੀਆਂ ਘੜੀਆਂ ਦੀ ਟਿਕ ਟਿਕ ਦੀ ਆਵਾਜ਼ ਵੀ ਅੱਜ ਬੜੀ ਆਸਾਨੀ ਨਾਲ ਸੁਣੀ ਜਾ ਸਕਦੀ ਸੀ। ਸਵੇਰ ਦੇ 4 ਵੱਜ ਗਏ। ਰੋਜ਼ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਆਪਣੇ ਨਿਤਕ੍ਰਮ ਦੀ ਤਿਆਰੀ ਕਰਨ ਲਗੇ।

ਸਮਾਂ ਆਪਣੀ ਚਾਲੇ ਚਲ ਰਿਹਾ ਸੀ। ਕਿਸੇ ਅਣਹੋਣੀ ਦੀ ਸ਼ੰਕਾ ਨਾਲ ਦਿਲ ਦੀਆਂ ਧੜਕਣਾ ਤੇਜ਼ ਹੋ ਰਹੀਆ ਸਨ। ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਅੱਜ ਬੇਨਤੀ ਅਤੇ ਬੀਰਰਸ ਦੇ ਸ਼ਬਦਾਂ ਨਾਲ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਸੋਹਨ ਸਿੰਘ  ਆਪਣੀ ਡਿਊਟੀ 'ਤੇ ਆਣ ਹਾਜ਼ਰ ਹੋਏ।ਹਜ਼ੂਰੀ ਰਾਗੀ ਭਾਈ ਅਮਰੀਕ ਸਿੰਘ ਸ਼ਬਦ ਗਾਇਨ ਕਰ ਰਹੇ ਸਨ। ਸੰਗਤ ਪ੍ਰਕਰਮਾ ਵਿਚ ਸੁੱਤੀ ਹੋਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਪਾਲਕੀ ਵਿਚ ਰੱਖ ਕੇ ਸ੍ਰੀ ਦਰਬਾਰ ਸਾਹਿਬ ਵੱਲ ਸੰਗਤ ਚਲ ਪਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਹਰ ਰੋਜ਼ ਦੀ ਮਰਿਯਾਦਾ ਮੁਤਬਿਕ ਪ੍ਰਕਾਸ਼ ਕਰ ਦਿਤਾ।  ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੁੜ ਕੀਰਤਨ ਸ਼ੁਰੂ ਹੋਇਆ, ਆਸਾ ਦੀ ਵਾਰ ਦੀ 13 ਪਉੜੀ ਪੜਣਾ ਸ਼ੁਰੂ ਕਰ ਚੁਕੇ ਸਨ।
          ਪਉੜੀ
ਸਤਿਗੁਰੂ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲੀਆ।। 
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀ ਨੇਤ੍ਰੀ ਜਗਤੁ ਨਿਹਾਲਿਆ।।

4 ਵੱਜ ਕੇ 45 ਮਿੰਟ ਦਾ ਸਮਾਂ ਘੜੀਆਂ ਤੇ ਸੀ । ਜਲਿਆਂਵਾਲਾ ਬਾਗ਼ ਵਾਲੇ ਪਾਸਿਉਂ ਇਕ ਸ਼ੁਕਦਾ ਹੋਇਆ ਗੋਲਾ ਆਇਆ। ਆਵਾਜ਼ ਨਾਲ ਪੂਰਾ ਵਾਤਾਵਰਨ ਗੂੰਜ ਉਠਿਆ। ਸ਼ਬਦ ਚਲ ਰਿਹਾ ਸੀ ਗੋਲੀਬਾਰੀ ਸ਼ੁਰੂ ਹੋ ਗਈ। ਪਰਿਕਰਮਾ ਵਿਚ ਔਰਤਾਂ ਤੇ ਬਚਿਆ ਦਾ ਬੁਰਾ ਹਾਲ ਸੀ। ਚਾਰੋ ਪਾਸਿਓਂ ਗੋਲੀ ਚਲਣੀ ਸ਼ੁਰੂ ਹੋ ਗਈ। ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਗੋਲੀਆਂ ਦੇ ਨਾਲ ਨਾਲ ਬੰਬਾਂ ਦੀ ਆਵਾਜ਼ ਹੇਠ ਚੀਕ ਚਿਹਾੜਾ ਦੱਬ ਕੇ ਰਹਿ ਗਿਆ। ਪੋਹ ਫੁਟ ਚੁਕੀ ਸੀ ਸੂਰਜ ਦੀ ਲਾਲੀ ਤੇ ਦਿਨ ਦੇ ਚਾਨਣ ਵਿਚ ਮੰਜਰ ਹੋਰ ਵੀ ਡਰਾਵਣਾ ਲੱਗ ਰਿਹਾ ਸੀ।

ਮੌਤ ਜਿਵੇਂ ਅੱਜ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਡੇਰਾ ਲਾ ਕੇ ਬੈਠੀ ਹੋਵੇ। ਧੜਾਧੜ ਲਾਸ਼ਾਂ ਡਿਗ ਰਹੀਆ ਸਨ। ਫਾਇਰਿੰਗ ਪੂਰੇ ਜੋਬਨ 'ਤੇ ਸੀ। ਜੈਕਾਰਿਆਂ ਅਤੇ ਨਾਰਿਆ ਦੀ ਗੂੰਜ ਦੋਵੇ ਪਾਸਿਓਂ ਸੁਣਾਈ ਦੇ ਰਹੀ ਸੀ। ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਦੀ ਸਪਲਾਈ ਦੇਣ ਵਾਲੇ ਬਿਜਲੀ ਘਰ 'ਤੇ ਡਿੱਗਾ। ਸ੍ਰੀ ਦਰਬਾਰ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ।

ਮਾਸੂਮ ਬੱਚਿਆਂ ਦੇ ਰੋਣ ਦੀ ਆਵਾਜ਼ ਵਾਤਾਵਰਨ ਵਿਚ ਪੈਦਾ ਬੋਏ ਡਰ ਨੂੰ ਹੋਰ ਤਲਖ਼ ਬਣਾ ਰਹੀ ਸੀ। ਪੁਰਾ ਦਿਨ ਗੋਲੀ ਤੇ ਵਿਚ ਬੰਬ ਚਲਦੇ ਰਹੇ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਪੂਰੀ ਪ੍ਰਕਰਮਾ ਵਿਚ ਗੋਲੀਆਂ ਇਮਾਰਤ ਨੂੰ ਛੱਲਣੀ ਕਰ ਰਹੀਆਂ ਸਨ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਰੀਬ 8 ਵਜੇ ਹੀ ਸੁਖ ਆਸਨ ਕਰਕੇ ਪਹਿਲੀ ਮੰਜਿਲ ਤੇ ਲਿਜਾਇਆ ਗਿਆ।