ਲੰਗਰ ਉਤੇ ਜੀ.ਐਸ.ਟੀ. 'ਮਾਫ਼' ਕਰਵਾਉਣ ਲਈ ਤਰਲੇ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

'ਰੋਜ਼ਾਨਾ ਸਪੋਕਸਮੈਨ' ਵਿਚ ਸ਼ੰਗਾਰਾ ਸਿੰਘ ਭੁੱਲਰ ਦਾ 'ਲੰਗਰ ਦੀ ਜੀ.ਐਸ.ਟੀ. ਮਾਫ਼ੀ' ਬਾਰੇ ਨਿਧੜਕ ਲੇਖ ਪੜ੍ਹਿਆ। ਆਪ ਨੇ ਵਿਸਥਾਰ ਸਹਿਤ ਸਿੱਖਾਂ ਦੀ ਸਿਰਮੌਰ ...

Langar

'ਰੋਜ਼ਾਨਾ ਸਪੋਕਸਮੈਨ' ਵਿਚ ਸ਼ੰਗਾਰਾ ਸਿੰਘ ਭੁੱਲਰ ਦਾ 'ਲੰਗਰ ਦੀ ਜੀ.ਐਸ.ਟੀ. ਮਾਫ਼ੀ' ਬਾਰੇ ਨਿਧੜਕ ਲੇਖ ਪੜ੍ਹਿਆ। ਆਪ ਨੇ ਵਿਸਥਾਰ ਸਹਿਤ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਰ ਕੇ ਜਾਣਿਆ ਜਾਂਦਾ ਹੈ, ਦੇ ਕੰਮ ਅਤੇ ਸਿੱਖ ਸਮਾਜ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਸਪਸ਼ਟਤਾ ਨਾਲ ਜਾਗਰੂਕ ਕੀਤਾ ਹੈ।

ਇਤਿਹਾਸਕ ਸਰਵੇਖਣ ਤੋਂ ਸਪੱਸ਼ਟ ਹੈ ਕਿ ਗੁਰਸਿੱਖ ਇਕ ਬਹਾਦਰ ਕੌਮ ਨਾਲ ਵਾਬਸਤਾ ਹਨ। ਹਰ ਸਮੇਂ ਅਪਣੀ ਅਣਖ ਲਈ ਚਰਖੜੀਆਂ ਤੇ ਚੜ੍ਹੇ, ਸੀਸ ਕਟਾਏ ਤੇ ਧਰਮ ਲਈ ਜਾਨਾਂ ਵਾਰੀਆਂ। ਲੋੜ ਪੈਣ ਤੇ ਅਪਣੀ ਜਾਨ ਜੋਖਮ ਵਿਚ ਪਾ ਕੇ ਵਿਦੇਸ਼ੀ ਹਮਲਾਵਰਾਂ ਤੋਂ ਹਿੰਦੂ ਔਰਤਾਂ ਨੂੰ ਛੁਡਾ ਕੇ ਸਤਿਕਾਰ ਸਹਿਤ ਵਾਪਸ ਲਿਆਂਦਾ। ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਅਜੇ ਤਕ ਕਿਸੇ ਅੱਗੇ ਝੋਲੀ ਨਹੀਂ ਅੱਡੀ ਸਗੋਂ ਲੋੜ ਪੈਣ ਤੇ ਅਪਣੇ ਬਲਬੂਤੇ ਨਾਲ ਹੀ ਅਪਣਾ ਹੱਕ ਲਿਆ ਹੈ। ਸਿੱਖੀ ਅਸੂਲਾਂ ਅਨੁਸਾਰ, 'ਦਾਤਾ ਉਹ ਨਾ ਮੰਗੀਏ ਫਿਰ ਮੰਗਣਿ ਜਾਈਏ।'

ਹਰ ਮਨੁੱਖ ਭਾਵੇਂ ਉਹ ਰਾਜਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਜਾਂ ਕਿਸੇ ਹੋਰ ਉੱਚ ਅਹੁਦੇ ਤੇ ਬਿਰਾਜਮਾਨ ਕਿਉਂ ਨਾ ਹੋਵੇ, ਉਹ ਵੀ ਅਪਣਾ ਉਸ ਦੇਣਹਾਰ  ਪਰਮਾਤਮਾ ਅੱਗੇ ਹੀ ਅਰਜੋਈਆਂ ਕਰਦੇ ਹਨ। ਫਿਰ ਗੁਰਸਿੱਖ ਨੂੰ ਅਜਿਹੇ ਵਿਚੋਲੇ ਰਾਹੀਂ ਮੰਗਣ ਦੀ ਲੋੜ ਕਿਉਂ ਪਈ? ਉਹ ਤਾਂ ਆਪ ਹੀ ਉਸ ਪਾਸੋਂ ਮੰਗਦੇ ਹਨ। ਕਿਉਂ ਨਾ ਉਸ ਦਾਤੇ ਪਾਸੋਂ ਹੀ ਸੱਭ ਕੁੱਝ ਲਿਆ ਜਾਵੇ ਜੋ ਸੱਭ ਨੂੰ ਬਗ਼ੈਰ ਕਿਸੇ ਲੋਭ-ਲਾਲਚ ਦੇ ਬਿਨ ਮੰਗਿਆਂ ਹੀ ਦਿੰਦਾ ਹੈ।

ਉਸ ਵਿਚ ਨਿਸ਼ਚਾ ਰੱਖਣ ਦੀ ਲੋੜ ਹੈ। ਦੁਨਿਆਵੀ ਲੋਕਾਂ ਤੋਂ ਇਸ ਪ੍ਰਕਾਰ ਦੀ ਮੰਗ ਹਾਸੋਹੀਣੀ ਹੈ। ਵਾਰ ਵਾਰ ਗੁਰੂ ਘਰ ਦੇ ਲੰਗਰ ਲਈ ਜੀ.ਐਸ.ਟੀ. ਮਾਫ਼ੀ ਦੇ ਤਰਲੇ ਕਰਨ ਦੀ ਲੋੜ ਹੀ ਕੀ ਹੈ?ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਗਰ ਦੀ ਮਹੱਤਤਾ ਨੂੰ ਜਾਣਦਿਆਂ ਆਪ ਹੀ ਜੀ.ਐਸ.ਟੀ. ਦੇ ਸੂਬਾਈ ਹਿੱਸੇ ਨੂੰ ਮਾਫ਼ ਕਰ ਕੇ ਪਹਿਲਕਦਮੀ ਕੀਤੀ ਹੈ।

ਭਾਵੇਂ ਪੰਜਾਬ ਪਹਿਲਾਂ ਹੀ ਆਰਥਕ ਸੰਕਟ 'ਚੋਂ ਲੰਘ ਰਿਹਾ ਹੈ। ਕੇਂਦਰ ਸਰਕਾਰ ਦਾ ਇਸ ਬਾਰੇ ਫ਼ੈਸਲਾ ਉਸ ਦੀ ਮਰਜ਼ੀ ਹੈ। ਜੋ ਸਿੱਖ ਸੰਸਥਾ ਹਰ ਰੋਜ਼ ਲੰਗਰ ਲਾ ਕੇ ਬੇਅੰਤ ਮਾਇਆ ਖ਼ਰਚ ਕੇ ਭੁੱਖਿਆਂ ਤੇ ਨਿਆਸਰਿਆਂ ਦਾ ਸੇਵਾ ਭਾਵ ਨਾਲ ਪੇਟ ਭਰਦੀ ਹੈ, ਉਸ ਨੂੰ ਕਿਸੇ ਅੱਗੇ ਨਿਮਾਣੀ ਮੰਗ ਰਖਣੀ ਸ਼ੋਭਾ ਨਹੀਂ ਦਿੰਦੀ। 
ਸੰਪਰਕ : 94633-27557