ਵਿਆਹ ਦਾ ਖ਼ੁਸ਼ਨੁਮਾ ਅਹਿਸਾਸ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਈ ਸਾਲ ਪਹਿਲਾਂ ਮੇਰਾ ਦਿਉਰ ਰਾਮ ਪ੍ਰਕਾਸ਼ ਇਕ ਸਰਟੀਫ਼ੀਕੇਟ ਕੋਰਸ ਕਰ ਕੇ, ਸਰਕਾਰੀ ਸਕੂਲ ਵਿਚ ਲਾਇਬ੍ਰੇਰੀ ਅਟੈਡੈਂਟ ਦੀ ਨੌਕਰੀ ਉਤੇ ਲੱਗ ਗਿਆ ਸੀ.............

Wedding

ਕਈ ਸਾਲ ਪਹਿਲਾਂ ਮੇਰਾ ਦਿਉਰ ਰਾਮ ਪ੍ਰਕਾਸ਼ ਇਕ ਸਰਟੀਫ਼ੀਕੇਟ ਕੋਰਸ ਕਰ ਕੇ, ਸਰਕਾਰੀ ਸਕੂਲ ਵਿਚ ਲਾਇਬ੍ਰੇਰੀ ਅਟੈਡੈਂਟ ਦੀ ਨੌਕਰੀ ਉਤੇ ਲੱਗ ਗਿਆ ਸੀ। ਉਨ੍ਹਾਂ ਦਿਨਾਂ ਵਿਚ ਸਰਕਾਰੀ ਨੌਕਰੀ ਮਿਲਣੀ ਬੜੇ ਮਾਣ ਵਾਲੀ ਗੱਲ ਹੁੰਦੀ ਸੀ। ਇੰਜ ਲਗਦਾ ਸੀ ਕਿ ਉਸ ਦੀ ਸ਼ਰੀਕੇ ਹਯਾਤ ਵੀ ਸ਼ਾਇਦ ਨੌਕਰੀ ਵਾਲੀ ਹੀ ਹੋਵੇ। ਪਰ ਨਹੀਂ, ਅਜਿਹਾ ਨਹੀਂ ਸੀ। ਕਾਰਨ ਇਹ ਕਿ ਵੱਡੇ ਭਰਾ ਦੇ ਹਿੱਸੇ ਘੱਟ ਜ਼ਮੀਨ ਆਈ ਹੋਣ ਕਰ ਕੇ ਤੇ ਅਨਪੜ੍ਹ ਹੋਣ ਕਰ ਕੇ ਉਸ ਦਾ ਰਿਸ਼ਤਾ ਨਾ ਹੋਵੇ ਤਾਂ ਉਸ ਨੇ ਉਸ ਲਈ ਇਹ ਕੁਰਬਾਨੀ ਕੀਤੀ ਕਿ ਇਕੋ ਘਰ ਦੀਆਂ ਦੋ ਭੈਣਾਂ ਦਾ ਰਿਸ਼ਤਾ ਲੈ ਕੇ ਗ੍ਰਹਿਸਥ ਜੀਵਨ ਵਿਚ ਪ੍ਰਵੇਸ਼ ਕੀਤਾ।

ਕੁੜੀ ਸੁਣੱਖੀ ਸੀ ਪਰ ਉਸ ਦੀ ਉਮਰ ਤੋਂ ਲਗਦਾ ਕਿ ਹਾਲਾਂ ਗੀਟੇ ਖੇਡਣ ਵਾਲੀ ਹੀ ਹੈ। ਗੱਲ ਅੱਗੇ ਤੋਂ ਪਹਿਲਾਂ ਆਹ ਇਕ ਹੋਰ ਗੀਟਿਆਂ ਵਾਲੀ ਦੀ ਗੱਲ ਦੱਸਾਂ ਕਿ ਸਾਡੇ ਗੁਆਂਢ ਵਿਚ ਇਕ ਵਿਅਕਤੀ ਦੀ ਪਤਨੀ ਦੀ ਮੌਤ ਹੋ ਗਈ। ਉਸ ਨੇ ਦੂਜਾ ਵਿਆਹ ਕੀਤਾ ਤਾਂ ਵਹੁਟੀ ਦੀ ਉਮਰ ਛੋਟੀ ਸੀ। ਜਦੋਂ ਮੁਹੱਲੇ ਵਾਲੀਆਂ ਵਹੁਟੀ ਵੇਖਣ ਜਾਇਆ ਕਰਨ ਤਾਂ ਉਸ ਨੂੰ ਗੀਟੇ ਖੇਡਦੀ ਨੂੰ ਬੁਲਾ ਕੇ ਸ਼ਗਨ ਦਿੰਦੀਆਂ। ਹੈ ਨਾ ਮਜ਼ੇਦਾਰ ਗੱਲ? ਸੋ ਛੋਟੀ ਉਮਰ ਵਿਚ ਕਬੀਲਦਾਰੀ ਵਿਚ ਪੈਣ ਕਾਰਨ ਪਹਿਲੇ ਚਾਰ ਪੰਜ ਸਾਲਾਂ ਵਿਚ ਦੋ ਤਿੰਨ ਬੱਚੇ ਹੋ ਗਏ। ਪਰ ਉਹ ਬਣ-ਠਣ ਕੇ ਰਹਿਣ ਦਾ ਸ਼ੌਕੀਨ ਸੀ ਤੇ ਦਿੱਖ ਵੀ ਚੰਗੀ ਸੀ।

ਸਕੂਲ ਦੇ ਕਿਸੇ ਅਧਿਆਪਕ ਨੇ ਉਸ ਲਈ ਰਿਸ਼ਤੇ ਦੀ ਦੱਸੀ ਪਾਉਣੀ ਤਾਂ ਉਸ ਨੇ ਦਸਣਾ, ''ਓ ਮੇਰੇ ਯਾਰ, ਮੈਂ ਤਾਂ ਤਿੰਨ ਨਿਆਣਿਆਂ ਦਾ ਪਿਉ ਹਾਂ।'' ਅਗਲਾ ਅੱਗੋਂ ਹੈਰਾਨ ਹੁੰਦਾ, ਸੱਚ ਨਾ ਮੰਨਦਾ। ਸਮਾਂ ਅਪਣੀ ਤੋਰ ਤੁਰਦਾ ਰਿਹਾ। ਪਿਛੋਂ ਖੇਤੀ ਪ੍ਰਵਾਰ ਨਾਲ ਸਬੰਧਤ ਹੋਣ ਕਰ ਕੇ ਮਿਹਨਤੀ ਤਾਂ ਸੀ ਹੀ ਵਧੀਆ ਤੋਰੂਆ ਤੁਰਦਾ ਰਿਹਾ। ਕੁੜੀਆਂ ਨੇ ਪਲੱਸ-ਟੂ ਕਰ ਲਈ। ਉਨ੍ਹਾਂ ਨੂੰ ਛੋਟੇ ਮੋਟੇ ਕੋਰਸ ਕਰਵਾ ਕੇ ਘਰਬਾਰ ਦੀਆਂ ਕਰ ਦਿਤਾ। ਮੁੰਡੇ ਨੂੰ ਵਧੀਆ ਪ੍ਰਾਈਵੇਟ ਨੌਕਰੀ ਮਿਲ ਗਈ। ਸਾਰਾ ਪ੍ਰਵਾਰ ਖ਼ੁਸ਼ ਸੀ। ਘਰ ਵਿਚ ਰੌਣਕ ਲਈ ਮੁੰਡਾ ਵਿਆਹ ਲਿਆ। ਸਾਲਾਂ ਦੇ ਸਾਲ ਕਿਰਦੇ ਗਏ। ਕਾਲਿਆਂ ਤੋਂ ਧੌਲੇ ਹੋਏ ਸ਼ੁਰੂ ਹੋ ਗਏ।

ਨੌਕਰੀ ਅਪਣੇ ਅੰਤਲੇ ਪੜਾਅ ਉਤੇ ਪਹੁੰਚ ਗਈ। ਪਰ ਬਣ ਸੰਵਰ ਕੇ ਰਹਿਣ ਦੀ ਆਦਤ ਉਹੀ ਰਹੀ। ਵਾਲ ਅਜਕਲ ਕਾਲੇ ਕਰਨ ਦੇ ਬੜੇ ਢੰਗ ਹਨ। ਲਉ ਜੀ ਮੁਕਦੀ ਗੱਲ ਕਰੀਏ ਕਿ ਅੱਜ ਫਿਰ ਉਹ ਦਿਨ ਆ ਗਿਆ ਜਿਸ ਦੀ ਹਰ ਮੁਲਾਜ਼ਮ ਨੂੰ ਉਡੀਕ ਹੁੰਦੀ ਹੈ ਕਿ ਉਹ ਅਪਣੇ ਘਰ ਅਪਣੀ ਬੇਦਾਗ਼ ਚਿੱਟੀ ਚਾਦਰ ਲੈ ਕੇ ਵਿਦਾ ਹੋਵੇ। ਇਹ ਸੋਚ ਕੇ ਕਿ ਵਿਆਹ ਵੇਲੇ ਤਾਂ ਉਮਰ ਛੋਟੀ ਕਰ ਕੇ ਪਤਾ ਹੀ ਨਹੀਂ ਸੀ ਲਗਿਆ, ਸੋ ਕਿਉਂ ਨਾ ਵਿਦਾਇਗੀ ਸਮਾਰੋਹ ਨੂੰ ਵਿਆਹ ਵਰਗੇ ਮਾਹੌਲ ਵਿਚ ਸਿਰਜਿਆ ਜਾਵੇ। ਦਿਨ ਤੇ ਸਮਾਂ ਦੱਸ ਕੇ ਸਾਰੇ ਰਿਸ਼ਤੇਦਾਰਾਂ ਨੂੰ ਸੁਨੇਹੇ ਲਗਾ ਦਿਤੇ। ਮੈਰਿਜ ਪੈਲੇਸ ਬੁੱਕ ਕਰ ਲਿਆ ਗਿਆ।

ਮਠਿਆਈਆਂ ਤੇ ਹੋਰ ਚੀਜ਼ਾਂ ਦੇ ਆਰਡਰ ਦਿਤੇ ਗਏ। ਮਿੱਥੇ ਸਮੇਂ ਤੇ ਰਿਸ਼ਤੇਦਾਰ, ਯਾਰ ਬੈਲੀ ਆਉਂਦੇ ਰਹੇ। ਦੋਹਾਂ ਜੀਆਂ ਨੇ ਹਾਰ ਪਾਏ, ਰਿਬਨ ਕਟਾਇਆ ਤੇ ਸਟੇਜ ਉਤੇ ਡਾਹੀਆਂ ਕੁਰਸੀਆਂ ਉਤੇ ਸੱਜ ਗਏ। ਸਟੇਜ ਉਤੇ ਬੱਚੇ ਗਾਣਿਆਂ ਉਤੇ ਨੱਚ ਕੁੱਦ ਰਹੇ ਸਨ। ਹਰ ਆਉਣ ਵਾਲਾ ਦੋਹਾਂ ਨੂੰ ਮਿਲਦਾ, ਤੋਹਫ਼ਾ ਦਿੰਦਾ ਤੇ ਸਟਾਲਾਂ ਵਲ ਹੋ ਜਾਂਦਾ। ਮੂਵੀ ਵਾਲਾ ਚਾਰੇ ਪਾਸੇ ਘੁੰਮ ਰਿਹਾ ਸੀ। ਬੱਚੇ ਮੋਬਾਈਲਾਂ ਤੇ ਫ਼ੋਟੋਆਂ ਖਿੱਚ ਰਹੇ ਸਨ। ਦੋਵੇਂ ਜੀਅ ਮੁਸਕਰਾਹਟਾਂ ਵੰਡ ਰਹੇ ਸਨ। ਨੱਚਦੇ ਬੱਚਿਆਂ ਉਤੇ ਰੁਪਏ ਵਾਰੇ ਗਏ। ਸਾਰਿਆਂ ਨੂੰ ਵਿਆਹ ਦੇ ਮਾਹੌਲ ਦਾ ਅਹਿਸਾਸ ਹੋ ਰਿਹਾ ਸੀ। 

ਉਹ ਮੀਆਂ-ਬੀਵੀ ਬੈਠਦੇ ਸੋਚਣ ਕਿ ਛੋਟੇ ਹੁੰਦਿਆਂ ਤਾਂ ਵਿਆਹ ਦਾ ਪਤਾ ਹੀ ਨਹੀਂ ਸੀ ਲੱਗਾ ਅੱਜ ਦੁਬਾਰਾ ਵਿਆਹ ਦਾ ਖ਼ੁਸ਼ਨੁਮਾ ਅਹਿਸਾਸ ਕਰ ਕੇ ਖ਼ੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਸਨ। ਦੋਹਾਂ ਨੂੰ ਖਿੱਚ ਕੇ ਨੱਚਣ ਦੇ ਫ਼ਲੋਰ ਤੇ ਲਿਆਂਦਾ ਤਾਂ ਉਨ੍ਹਾਂ ਨੂੰ ਨਚਦਿਆਂ ਵੇਖ ਕੇ ਮੈਨੂੰ ਇਕ ਪੰਜਾਬੀ ਫ਼ਿਲਮ ਦਾ ਗੀਤ ਯਾਦ ਆਇਆ, ''ਮੇਰੀ ਵਹੁਟੀ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾਅ।'' ਨੱਚ ਟੱਪ ਕੇ ਤੋਹਫਿਆਂ ਦੀ ਗੱਡੀ ਭਰ ਕੇ ਘਰ ਨੂੰ ਪਰਤ ਆਏ। ਖ਼ੁਸ਼ ਸਨ ਕਿ ਅਪਣੇ ਮਨ ਦੀ ਕਿਸੇ ਗੁੱਠੇ ਵਿਚ ਦੱਬੀ ਅਧੂਰੀ ਰੀਝ ਅੱਜ ਪੂਰੀ ਹੋ ਗਈ। ਸ਼ਾਲਾ! ਉਹ ਰਹਿੰਦੀ ਜ਼ਿੰਦਗੀ ਤੰਦਰੁਸਤ ਤੇ ਖ਼ੁਸ਼ ਰਹਿਣ। ਇਹ ਮੇਰੀ ਦਿਲੀ ਕਾਮਨਾ ਹੈ।    ਸੰਪਰਕ : 82840-20628