ਬਾਬੇ ਨਾਨਕ ਦੇ ਜੀਵਨ ਵਿਚ ਆਏ ਮੁਸਲਮਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਬਾਬਾ ਜੀ, ਦਾ ਜ਼ਿੰਦਗੀ ਵਿਚ ਜਿਨ੍ਹਾਂ ਮੁਸਲਿਮ ਲੋਕਾਂ ਨਾਲ ਵਾਹ ਪਿਆ, ਉਨ੍ਹਾਂ ਦੀ ਜਾਣਕਾਰੀ ਦੇਣ ਦਾ ਮੇਰਾ ਇਕ ਉਪਰਾਲਾ ਹੈ। ਬਾਬਾ ਜੀ ਦਾ ਪ੍ਰਵਾਰ ਇਕ...

Muslims who came to Baba Nanak's life

ਬਾਬਾ ਜੀ, ਦਾ ਜ਼ਿੰਦਗੀ ਵਿਚ ਜਿਨ੍ਹਾਂ ਮੁਸਲਿਮ ਲੋਕਾਂ ਨਾਲ ਵਾਹ ਪਿਆ, ਉਨ੍ਹਾਂ ਦੀ ਜਾਣਕਾਰੀ ਦੇਣ ਦਾ ਮੇਰਾ ਇਕ ਉਪਰਾਲਾ ਹੈ। ਬਾਬਾ ਜੀ ਦਾ ਪ੍ਰਵਾਰ ਇਕ ਸਰਦੇ-ਪੁਜਦੇ, ਪਟਵਾਰੀ ਦਾ ਪ੍ਰਵਾਰ ਸੀ। ਉਨ੍ਹਾਂ ਦੇ ਪਿਤਾ ਕਲਿਆਣ ਦਾਸ (ਮਹਿਤਾ ਕਾਲੂ) ਸਨ ਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਬਾਬਾ ਜੀ ਦੇ ਪਿਤਾ ਨੇ ਬਾਲ ਨਾਨਕ ਦੀ ਪੜ੍ਹਾਈ ਲਈ ਗੋਪਾਲ ਦਾਸ ਪੰਡਤ ਦਾ ਪ੍ਰਬੰਧ ਕਰ ਦਿਤਾ। ਫਿਰ ਸੰਸਕ੍ਰਿਤ ਦੀ ਪੜ੍ਹਾਈ ਦਾ ਕੰਮ ਪੰਡਿਤ ਬ੍ਰਿਜ ਲਾਲ ਨੂੰ ਸੌਂਪਿਆ।

ਕਈ ਥਾਵਾਂ ਉਤੇ ਇਨ੍ਹਾਂ ਦਾ ਨਾਂ ਬੈਜਨਾਥ ਵੀ ਲਿਖਿਆ ਮਿਲਦਾ ਹੈ। ਇਸ ਤੋਂ ਬਾਅਦ ਫ਼ਾਰਸੀ ਦੀ ਪੜ੍ਹਾਈ ਲਈ ਮੌਲਵੀ ਕੁੱਤਬਦੀਨ। ਮੈਕਾਲੇ ਅਨੁਸਾਰ ਰੁਕਨਦੀਨ ਨੇ ਆਪ ਜੀ ਨੂੰ ਫ਼ਾਰਸੀ ਦੀ ਪੜ੍ਹਾਈ ਕਰਵਾਈ। ਮਦਰੱਸੇ ਤੋਂ ਹਟਣ ਮਗਰੋਂ ਇਕ ਮੁਸਲਮਾਨ ਇਤਿਹਾਸਕਾਰ ਅਨੁਸਾਰ ਆਪ ਨੇ ਮੁਹੰਮਦ ਹਸਨ ਨਾਂ ਦੇ ਦਰਵੇਸ਼ ਤੋਂ ਇਸਲਾਮਕ ਸਾਹਿਤ ਵੀ ਪੜ੍ਹਿਆ ਸੀ।

ਬਾਲ ਨਾਨਕ ਦਾ, ਦੁਨਿਆਵੀ ਕੰਮਾਂ ਵਿਚ ਰੁਚੀ ਨਾ ਲੈਣਾ, ਬਾਬਾ ਮਹਿਤਾ ਕਾਲੂ ਦੀ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਸੀ। ਉਨ੍ਹਾਂ ਅਪਣੀ ਇਹ ਪ੍ਰੇਸ਼ਾਨੀ ਰਾਇ ਬੁਲਾਰ ਅਤੇ ਨਾਨਕ ਦੇ ਜੀਜਾ ਦੀਵਾਨ ਜੈ ਰਾਮ ਨਾਲ ਵੀ ਸਾਂਝੀ ਕੀਤੀ ਸੀ। ਇਕ ਦਿਨ ਤਲਵੰਡੀ ਜਾ ਕੇ ਉਨ੍ਹਾਂ ਦਾ ਜੀਜਾ ਨਾਨਕ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੁਨੇਹਾ ਦੇ ਆਇਆ। ਉਧਰ ਰਾਇ ਬੁਲਾਰ ਨੇ ਅਪਣਾ ਅਸਰ ਰਸੂਖ ਵਰਤਦਿਆਂ, ਉਥੋਂ ਦੇ ਹਾਕਮ ਦੌਲਤ ਖਾਂ ਲੋਧੀ ਨੂੰ ਨਾਨਕ ਬਾਰੇ ਦਸਿਆ ਹੋਇਆ ਸੀ।

ਜਦੋਂ ਬਾਬਾ ਜੀ ਸੁਲਤਾਨਪੁਰ ਲੋਧੀ ਆਏ ਤਾਂ ਉਹ ਨਾਨਕ ਨੂੰ ਅਪਣੇ ਨਾਲ ਲੈ ਕੇ, ਦੌਲਤ ਖ਼ਾਂ ਕੋਲ ਚਲੇ ਗਏ ਅਤੇ ਉਥੇ ਅਨਾਜ-ਭੰਡਾਰ ਵੰਡਣ ਲਈ ਮੋਦੀ ਦੇ ਅਹੁਦੇ ਉਤੇ ਲੁਆ ਆਏ। ਵੱਡੇ ਹੋਣ ਤੇ ਸਮਾਜ ਤੇ ਰਾਜਨੀਤੀ ਵਿਚ ਹੋ ਰਹੀ ਅੰਨ੍ਹੀ ਲੁੱਟ-ਖਸੁੱਟ ਵੇਖ ਕੇ ਆਪ ਬਹੁਤ ਚਿੰਤਤ ਹੋਏ। ਬਾਬਾ ਜੀ ਸੁਲਤਾਨਪੁਰ ਨੇੜੇ ਵਹਿੰਦੀ 'ਕਾਲੀ ਵੇਈਂ' ਵਿਚ ਨਹਾਉਣ ਚਲੇ ਗਏ। ਉਹ ਵੇਈਂ ਵਿਚ ਚੁਭੀ ਮਾਰ ਕੇ ਤਿੰਨ ਦਿਨ ਅਲੋਪ ਰਹੇ। ਘਰ ਨਾ ਅਪੜੇ ਤਾਂ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਤੇਜ਼ ਵਹਾਅ ਵਿਚ ਰੁੜ੍ਹ ਗਏ ਹੋਣਗੇ।

ਅਸਲ ਵਿਚ ਇਹ ਤਿੰਨ ਦਿਨ ਉਨ੍ਹਾਂ ਦੇ ਚਿੰਤਨ ਦੇ ਦਿਨ ਸਨ। ਉਹ ਚੁਭੀ ਮਾਰ ਕੇ ਦੂਰ ਕਿਤੇ ਦੂਜੇ ਪਾਰ ਚਲੇ ਗਏ ਸਨ ਜਿਥੇ ਇਕ ਦਰਵੇਸ਼ ਦੀ ਦਰਗਾਹ ਵਿਚ ਬੈਠ ਕੇ ਲੋਕਾਂ ਨਾਲ ਵਿਚਾਰ ਚਰਚਾ ਕਰਦੇ ਰਹੇ। ਇਥੇ ਹੀ ਭਾਈ ਲਾਲੋ ਵੀ ਬਾਬਾ ਜੀ ਨੂੰ ਪਹਿਲੀ ਵਾਰ ਮਿਲੇ ਸਨ। ਵਾਰਤਾ ਕਰਦਿਆਂ, ਉਨ੍ਹਾਂ ਭਾਈ ਲਾਲੋ ਨੂੰ ਇਕ ਸਮਝਦਾਰ ਤੇ ਛੇਤੀ ਗੱਲ ਗ੍ਰਹਿਣ ਕਰਨ ਵਾਲਾ ਸ਼ਖ਼ਸ ਸਮਝਿਆ ਸੀ। ਇਸੇ ਕਰ ਕੇ ਉਹ ਪਹਿਲੀ ਉਦਾਸੀ ਸਮੇਂ ਉਨ੍ਹਾਂ ਕੋਲ ਪੁੱਜੇ ਸਨ।

ਵੇਈਂ ਪਰਤਣ ਤੋਂ ਕੁੱਝ ਸਮੇਂ ਬਾਅਦ ਕਿਸੇ ਸਮਾਜਕ ਕਾਰਜ ਲਈ ਕੁੱਝ ਸਾਕ ਸਬੰਧੀ ਬਾਬਾ ਜੀ ਦੇ ਪ੍ਰਵਾਰ ਨੂੰ ਮਿਲਣ ਆਏ। ਮਰਦਾਨਾ ਨਾਂ ਦਾ ਇਕ ਮਰਾਸੀ ਮੁਸਲਮਾਨ ਵੀ ਉਨ੍ਹਾਂ ਦੇ ਨਾਲ ਸੀ ਜਿਸ ਦਾ ਵਰਤਾਰਾ ਬਹੁਤ ਹੀ ਨਿਮਰਤਾ ਤੇ ਸੇਵਾ ਭਾਵਨਾ ਵਾਲਾ ਸੀ। ਬਾਬਾ ਜੀ ਨੇ ਉਸ ਨੂੰ ਅਪਣੇ ਨਾਲ ਰਹਿਣ ਲਈ ਕਿਹਾ ਤਾਂ ਮਰਦਾਨੇ  ਨੇ ਉਨ੍ਹਾਂ ਨੂੰ ਫਿਰ ਮੁੜ ਕੇ ਆ ਜਾਣ ਦੀ ਗੱਲ ਕਹਿ ਦਿਤੀ। ਉਹ ਮੁੜ ਬਾਬਾ ਜੀ ਕੋਲ ਆਇਆ ਅਤੇ ਅਪਣੇ ਜੀਵਨ ਦੇ 28 ਸਾਲ ਬਾਬਾ ਜੀ ਦੇ ਅੰਗ ਸੰਗ ਰਹਿ ਕੇ ਅਪਣੇ ਆਖ਼ਰੀ ਸੁਆਸਾਂ ਤਕ ਬਿਤਾਏ ਤੇ 'ਭਾਈ ਮਰਦਾਨਾ' ਅਖਵਾਉਣ ਦਾ ਮਾਣ ਹਾਸਲ ਕੀਤਾ।

ਬਾਬਾ ਜੀ ਏਮਨਾਬਾਦ (ਸੈਦਪੁਰਾ) ਜਾ ਕੇ ਪਹਿਲੀ ਵਾਰ ਭਾਈ ਲਾਲੋ ਤਰਖਾਣ ਦੇ ਘਰ ਠਹਿਰੇ ਜਿਥੇ ਮਲਕ ਭਾਗੋ ਨਾਂ ਦੇ ਇਕ ਹੰਕਾਰੀ ਅਹਿਲਕਾਰ ਵਲੋਂ ਦਿਤਾ ਬ੍ਰਹਮ ਭੋਜ ਦਾ ਸੱਦਾ ਪ੍ਰਵਾਨ ਨਾ ਕਰ ਕੇ ਉਸ ਦਾ ਹੰਕਾਰ ਤੋੜਿਆ। ਏਮਨਾਬਾਦ ਤੋਂ ਆਪ ਮੁਲਤਾਨ ਵਲ ਨੂੰ ਗਏ ਤੇ ਉਥੋਂ ਦੇ ਇਕ ਪਿੰਡ ਤਲੰਬੇ ਪੁੱਜੇ। ਉਥੇ ਸ਼ੇਖ਼ 'ਸੱਜਣ' (ਸੱਜਣ ਠੱਗ) ਦੇ ਨਾਂ ਦਾ ਇਕ ਅਖੌਤੀ ਫ਼ਕੀਰ ਰਹਿੰਦਾ ਸੀ। ਉਹ ਠੱਗ ਅਪਣੀ ਇਕ ਨਿਜੀ ਧਰਮਸ਼ਾਲਾ ਵਿਚ ਰਾਹੀਆਂ ਨੂੰ ਲੋੜ ਪੈਣ ਤੇ ਉਥੇ ਠਹਿਰਾਉਂਦਾ ਹੁੰਦਾ ਸੀ ਤੇ ਰਾਤ ਨੂੰ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਉਨ੍ਹਾਂ ਨੂੰ ਮਾਰ ਮੁਕਾਉਂਦਾ ਸੀ।

ਬਾਬਾ ਜੀ ਉਥੇ ਪੁੱਜੇ। ਰਾਤ ਪੈਣ ਤੇ ਸੱਜਣ ਸ਼ੇਖ਼ ਵਾਰ-ਵਾਰ ਉਨ੍ਹਾਂ ਨੂੰ ਸੌਣ ਲਈ ਆਖਦਾ ਰਿਹਾ। ਬਾਬਾ ਜੀ ਕਹਿਣ ਲਗੇ, ''ਜਿਸ ਕੰਮ ਲਈ ਮੈਂ ਇਥੇ ਆਇਆ ਹਾਂ, ਪਹਿਲਾਂ ਉਹ ਤਾਂ ਕਰ ਲਵਾਂ।'' ਉਨ੍ਹਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਤੇ ਆਪ ਬਾਣੀ ਉਚਾਰਨ ਲੱਗੇ ਜਿਸ ਦਾ ਅਰਥ ਸੀ, 'ਲੋਕ ਕੈਂਹ (ਕਾਂਸੀ) ਦੇ ਭਾਂਡੇ ਵਾਂਗ ਹਨ। ਜੋ ਬਾਹਰੋਂ ਤਾਂ ਚਮਕਦਾਰ ਦਿਸਦੇ ਹਨ। ਉਨ੍ਹਾਂ ਨੂੰ ਜਿੰਨਾ ਮਰਜ਼ੀ ਮਾਂਜੀ ਜਾਉ, ਉਸ ਵਿਚ ਉਸ ਦੀ ਕਾਲਸ ਨਹੀਂ ਮੁਕਦੀ।' ਇਹ ਬਾਣੀ ਸੁਣ ਕੇ ਸੱਜਣ ਠੱਗ ਬਾਬਾ ਜੀ ਦੇ ਚਰਨੀ ਡਿੱਗ ਪਿਆ ਤੇ 'ਸੱਜਣ ਲੋਕ' ਬਣ ਗਿਆ।

ਬਾਬਾ ਜੀ ਯਾਤਰਾ ਕਰਦਿਆਂ ਪਾਣੀਪੱਤ, ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ ਗਏ ਤੇ ਉਥੋਂ ਬੋਧ ਗਯਾ ਹੁੰਦੇ ਹੋਏ ਪਟਨਾ ਪੁੱਜੇ। ਇਥੇ ਇਕ ਸਾਲਿਸ ਰਾਇ ਜੌਹਰੀ ਮੁਸਲਮਾਨ ਨੂੰ ਅਪਣੇ ਵਿਚਾਰ ਦੱਸ ਕੇ ਅਪਣਾ ਸਿੱਖ ਬਣਾਇਆ ਤੇ ਉਸ ਨੂੰ ਪਟਨਾ ਇਲਾਕੇ ਦਾ ਪ੍ਰਚਾਰਕ ਬਣਾ ਕੇ ਆਪ ਕਾਮਰੂਪ (ਅਸਾਮ) ਪੁੱਜ ਗਏ।  ਇਥੇ ਨੁਰਾਂ ਤੇ ਸ਼ਾਹ ਨਾਂ ਦੀਆਂ ਟੂਣੇਹਾਰੀਆਂ ਸੁੰਦਰ ਮੁਟਿਆਰਾਂ ਨੇ ਬਾਬਾ ਜੀ ਨੂੰ ਛਲਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਬਾਬਾ ਜੀ ਉਤੇ ਕੋਈ ਅਸਰ ਨਾ ਹੋਇਆ। ਬਾਬਾ ਜੀ ਨੇ ਉਨ੍ਹਾਂ ਨੂੰ ਚੰਗਾ ਚਰਿੱਤਰ ਧਾਰਨ ਕਰਨ ਦੇ ਰਾਹ ਪਾਇਆ। ਇਥੋਂ ਆਪ ਪੂਰੀ ਜਗਨਨਾਥ (ਉੜੀਸਾ) ਰੁਹੇਲ ਖੰਡ ਦਾ ਚੱਕਰ ਲਗਾ ਕੇ 12 ਸਾਲ ਬਾਅਦ ਆਪ ਪੰਜਾਬ ਆ ਗਏ।

(ਬਾਕੀ ਅਗਲੇ ਹਫ਼ਤੇ)
ਸੰਪਰਕ : 98760-21122