ਪੰਜਾਬੀ ਕੁੜੀਆਂ ਨੂੰ ਰਾਸ ਨਹੀਂ ਆ ਰਹੇ ਵਿਦੇਸ਼ਾਂ ਦੇ ਸੁਪਨੇ
ਪੰਜਾਬ ਵਿਚ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ। ਕੋਈ ਨੌਕਰੀ ਛੇਤੀ ਛੇਤੀ ਨਹੀਂ ਮਿਲਦੀ। ਮਾਪੇ ਅਪਣੀਆਂ ਧੀਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜ ਰਹੇ ਹਨ ਕਿ ਉਨ੍ਹਾਂ ਦੀ ਧੀ..
ਪੰਜਾਬ ਵਿਚ ਬੇਰੁਜ਼ਗਾਰੀ ਬਹੁਤ ਵੱਧ ਚੁੱਕੀ ਹੈ। ਕੋਈ ਨੌਕਰੀ ਛੇਤੀ ਛੇਤੀ ਨਹੀਂ ਮਿਲਦੀ। ਮਾਪੇ ਅਪਣੀਆਂ ਧੀਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜ ਰਹੇ ਹਨ ਕਿ ਉਨ੍ਹਾਂ ਦੀ ਧੀ ਬਾਹਰ ਜਾ ਕੇ ਅਪਣੇ ਪੈਰਾਂ ਉਤੇ ਖੜੀ ਹੋ ਜਾਵੇਗੀ ਅਤੇ ਘਰ ਦੀ ਗ਼ਰੀਬੀ ਦੂਰ ਹੋ ਜਾਵੇਗੀ। ਮਾਪੇ ਇਸ ਤਰ੍ਹਾਂ ਦੀਆਂ ਆਸਾਂ ਲਾਉਂਦੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੀ ਧੀ ਨੂੰ ਬਾਹਰਲੇ ਮੁਲਕ ਵਿਚ ਕੀ ਕੁੱਝ ਸਹਾਰਨਾ ਪੈਂਦਾ ਹੈ? ਇਸ ਗੱਲ ਤੋਂ ਅਨਜਾਣ ਮਾਪਿਆਂ ਨੂੰ ਕਦੇ ਵੀ ਅਪਣੀ ਧੀ ਨੂੰ ਇਕੱਲੀ ਬਾਹਰਲੇ ਮੁਲਕ ਵਿਚ ਨਹੀਂ ਭੇਜਣਾ ਚਾਹੀਦਾ ਕਿਉਂਕਿ ਖ਼ਾਸ ਕਰ ਕੇ ਯੂਰਪੀ ਮੁਲਕਾਂ ਵਿਚ ਸ਼ਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਸਦੀ।
ਜ਼ਿਆਦਾਤਰ ਕੁੜੀਆਂ-ਮੁੰਡਿਆਂ ਨੂੰ ਖੁੱਲ੍ਹ ਹੈ ਕਿ ਉਹ ਕੁੱਝ ਵੀ ਕਰੀ ਜਾਣ, ਕਿਸੇ ਨੂੰ ਕੋਈ ਰੋਕ-ਟੋਕ ਨਹੀਂ। ਏਨੇ ਖੁੱਲ੍ਹੇ ਮਾਹੌਲ ਵਿਚ ਸਾਡੀਆਂ ਪੰਜਾਬ ਦੀਆਂ ਜ਼ਿਆਦਾਤਰ ਕੁੜੀਆਂ ਵੀ ਬਾਹਰਲੇ ਮੁਲਕਾਂ ਵਾਲੀਆਂ ਕੁੜੀਆਂ ਵਾਂਗ ਪਹਿਰਾਵਾ ਪਾਉਂਦੀਆਂ ਹਨ ਅਤੇ ਉਨ੍ਹਾਂ ਵਾਂਗ ਹੀ ਹੋ ਜਾਂਦੀਆਂ ਹਨ। ਸਾਈਪ੍ਰਸ 'ਚ ਰੁਜ਼ਗਾਰ ਦੀ ਭਾਲ ਵਿਚ ਜਾਣ ਦੌਰਾਨ ਮੈਂ ਵੇਖਿਆ ਹੈ ਕਿ ਇਸ ਮੁਲਕ ਦੀਆਂ ਕੁੜੀਆਂ ਸ਼ਰਾਬ ਅਤੇ ਬੀਅਰਾਂ ਬਹੁਤ ਪੀਂਦੀਆਂ ਹਨ। ਇਨ੍ਹਾਂ ਨੂੰ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਡਿਗਦੀਆਂ ਨੂੰ ਮੈਂ ਕਈ ਵਾਰ ਵੇਖਿਆ ਹੈ। ਇਨ੍ਹਾਂ ਕੁੜੀਆਂ ਦੇ ਮਾਪਿਆਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਕਿਉਂਕਿ ਇਹ ਕੁੜੀਆਂ ਅਪਣੇ ਮਾਪਿਆਂ ਸਾਹਮਣੇ ਹੀ ਪੀਂਦੀਆਂ ਹਨ। ਮੇਰੇ ਪੰਜਾਬ ਦੀਆਂ ਕੁੜੀਆਂ ਵੀ ਹੁਣ ਇਨ੍ਹਾਂ ਵਰਗੀਆਂ ਹੁੰਦੀਆਂ ਜਾ ਰਹੀਆਂ ਹਨ। ਬਹੁਤ ਕੁੜੀਆਂ ਸ਼ਰਾਬ ਅਤੇ ਬੀਅਰਾਂ ਪੀਣ ਲੱਗ ਪਈਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦਾ ਏਨਾ ਦੌਰ ਚੱਲ ਰਿਹਾ ਹੈ ਕਿ ਪੰਜਾਬ ਦੇ ਮੁੰਡੇ ਪੱਕੇ ਨਸ਼ਈ ਬਣਦੇ ਜਾ ਰਹੇ ਹਨ। ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਜ਼ਿਆਦਾ ਵੱਧ ਹੋ ਜਾਣ ਕਰ ਕੇ ਅਨੇਕਾਂ ਘਰਾਂ ਦੇ ਦੀਵੇ ਬੁੱਝ ਚੁੱਕੇ ਹਨ। ਇਨ੍ਹਾਂ ਨਸ਼ਿਆਂ ਨੂੰ ਰੋਕਣ ਲਈ ਪਿਛਲੇ ਮਹੀਨਿਆਂ ਵਿਚ ਸਾਡੀ ਬਾਦਲ ਸਰਕਾਰ ਨੇ ਵੀ ਬੀੜਾ ਚੁਕਿਆ ਸੀ ਪਰ ਨਸ਼ਾ ਛੁਡਵਾਉਣ ਦੀ ਮੁਹਿੰਮ ਠੁੱਸ ਹੋ ਗਈ ਅਤੇ ਨਸ਼ੇ ਵਾਲੇ ਰਾਹ ਫਿਰ ਖੁੱਲ੍ਹੇ ਹੋ ਗਏ। ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚ ਨਹੀਂ ਸਕਦੀ। ਪਿੰਡਾਂ ਦੀਆਂ ਔਰਤਾਂ ਨੇ ਵੀ ਨਸ਼ਿਆਂ ਦਾ ਵਿਰੋਧ ਕਰ ਕੇ ਇਸ ਨੂੰ ਖ਼ਤਮ ਕਰਨ ਲਈ ਝੰਡਾ ਚੁਕਿਆ ਸੀ ਪਰ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰ ਕੇ ਇਹ ਨਸ਼ਾ ਬੰਦ ਨਾ ਹੋਇਆ।
ਹੁਣ ਚਿੰਤਾ ਇਸ ਗੱਲ ਦੀ ਸਤਾਉਣ ਲੱਗ ਪਈ ਹੈ ਕਿ ਬਾਹਰਲੇ ਮੁਲਕਾਂ ਵਿਚ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਸ਼ਰਾਬ ਵਰਗੇ ਨਸ਼ੇ ਕਰਨ ਲੱਗ ਪਈਆਂ ਤਾਂ ਹੁਣ ਮੇਰੇ ਪੰਜਾਬ ਦਾ ਕੀ ਬਣੇਗਾ? ਇਨ੍ਹਾਂ ਕੁੜੀਆਂ ਨੇ ਅਪਣੇ ਵਿਆਹ ਵੀ ਕਰਾਉਣੇ ਹਨ। ਕੀ ਇਹ ਅਪਣੇ ਪਤੀਆਂ ਵਲੋਂ ਸ਼ਰਾਬ ਪੀਣ ਦਾ ਵਿਰੋਧ ਕਰਨਗੀਆਂ? ਕਲ ਨੂੰ ਇਨ੍ਹਾਂ ਨੇ ਮਾਵਾਂ ਵੀ ਬਣਨਾ ਹੈ। ਕੀ ਇਹ ਅਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਚੰਗੇ ਸੰਸਕਾਰ ਦੇਣਗੀਆਂ ਅਤੇ ਗੁਰੂਆਂ ਦੀ ਬਾਣੀ ਬਾਰੇ ਗਿਆਨ ਦੇਣਗੀਆਂ? ਇਹ ਇਕ ਅਹਿਮ ਸਵਾਲ ਹੈ ਜਿਸ ਦਾ ਜਵਾਬ ਕੌਣ ਦੇਵੇਗਾ?
ਵਿਦੇਸ਼ਾਂ ਵਿਚ ਰਹਿੰਦੇ ਸਾਡੇ ਪੰਜਾਬੀ ਮੁੰਡੇ ਅਪਣੀਆਂ ਹਮਵਤਨ ਕੁੜੀਆਂ ਨੂੰ ਵਿਆਹ ਕਰਾਉਣ ਦਾ ਝੂਠਾ ਲਾਰਾ ਲਾ ਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦੇ ਹਨ। ਇਹ ਸੱਭ ਕੁੱਝ ਇਕੱਲੇ ਸਾਈਪ੍ਰਸ ਵਿਚ ਹੀ ਨਹੀਂ ਹੋਰ ਵੀ ਕਈ ਦੇਸ਼ਾਂ 'ਚ ਇੰਜ ਹੋ ਰਿਹਾ ਹੈ। ਪਰ ਜੋ ਮੈਂ ਸਾਈਪ੍ਰਸ ਵਿਚ ਅਪਣੇ ਅੱਖੀਂ ਵੇਖਿਆ ਹੈ, ਉਹੀ ਲਿਖ ਰਿਹਾ ਹਾਂ। ਬਹੁਤੇ ਮੁੰਡਿਆਂ ਨੇ ਵਿਆਹ ਕਰਾਉਣ ਦਾ ਝੂਠਾ ਲਾਰਾ ਲਾ ਕੇ ਕਈ ਕੁੜੀਆਂ ਦੀ ਜ਼ਿੰਦਗੀ ਬਰਬਾਦ ਕਰ ਦਿਤੀ ਹੈ। ਬਹੁਤ ਕੁੜੀਆਂ ਸਾਈਪ੍ਰਸ ਵਿਚ ਗਰਭਪਾਤ ਵੀ ਕਰਵਾ ਚੁੱਕੀਆਂ ਹਨ ਪਰ ਉਹ ਮੁੰਡੇ ਇਨ੍ਹਾਂ ਕੁੜੀਆਂ ਨੂੰ ਛੱਡ ਕੇ ਪੰਜਾਬ ਤੋਂ ਨਵੀਆਂ ਆਉਂਦੀਆਂ ਕੁੜੀਆਂ ਨੂੰ ਵਿਆਹ ਕਰਾਉਣ ਦਾ ਲਾਰਾ ਲਾ ਕੇ ਉਨ੍ਹਾਂ ਦਾ ਵੀ ਸਰੀਰਕ ਸ਼ੋਸ਼ਣ ਕਰੀ ਜਾਂਦੇ ਹਨ। ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਇਕ ਮੁੰਡੇ ਦੇ ਹੱਥੋਂ ਜ਼ਿੰਦਗੀ ਬਰਬਾਦ ਕਰਵਾ ਚੁਕੀਆਂ ਹੋਣਗੀਆਂ, ਇਸ ਦਾ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਹੈ। ਇਹ ਕੁੜੀਆਂ ਯੂਰਪ ਵਿਚ ਕਿਸੇ ਦੀ ਰੋਕ-ਟੋਕ ਅਤੇ ਅਪਣੇ ਪ੍ਰਵਾਰ ਨਾ ਹੋਣ ਕਰ ਕੇ ਗ਼ਲਤ ਰਸਤੇ ਵਲ ਪੈ ਰਹੀਆਂ ਹਨ। ਕੁੱਝ ਕੁੜੀਆਂ ਅਜਿਹੀਆਂ ਵੀ ਹਨ ਜਿਹੜੀਆਂ ਇਹੋ ਜਿਹੇ ਮੁੰਡਿਆਂ ਤੋਂ ਦੂਰ ਰਹਿਣਾ ਚਾਹੁੰਦੀਆਂ ਹਨ ਪਰ ਸਿਆਣਿਆਂ ਦੀ ਕਹਾਵਤ ਹੈ ਜੇਕਰ ਇਕ ਕੁੱਤੇ ਨੂੰ ਚਾਰ-ਪੰਜ ਕੁੱਤੇ ਸੁੱਟ ਲੈਣ ਤਾਂ ਉਹ ਇਕੱਲਾ ਕੁੱਤਾ ਕਿੱਥੇ ਭੱਜੇਗਾ? ਮੇਰਾ ਕਹਿਣ ਦਾ ਮਤਲਬ ਹੈ ਕਿ ਮੁੰਡਿਆਂ ਦੇ ਚੱਕਰਾਂ ਵਿਚ ਪਈਆਂ ਕੁੜੀਆਂ ਹੋਰਨਾਂ ਨੂੰ ਵੀ ਅਪਣੇ ਵਾਂਗ ਕਰ ਲੈਂਦੀਆਂ ਹਨ। ਇਹ ਮੁੰਡੇ ਇਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਨਾਲ ਇਨ੍ਹਾਂ ਕੁੜੀਆਂ ਤੋਂ ਪੈਸੇ ਵੀ ਖਾਂਦੇ ਹਨ। ਵਾਪਸ ਕਰਨ ਦੀ ਗੱਲ ਕਹਿ ਕੇ ਉਹ ਕੁੜੀਆਂ ਤੋਂ ਪੈਸੇ ਲੈ ਤਾਂ ਲੈਂਦੇ ਹਨ ਪਰ ਜਦੋਂ ਕੁੜੀਆਂ ਅਪਣੇ ਪੈਸੇ ਵਾਪਸ ਮੰਗਦੀਆਂ ਹਨ ਤਾਂ ਉਹ ਕੁੜੀਆਂ ਨੂੰ ਬਲੈਕਮੇਲ ਕਰਦੇ ਹਨ। ਕੁੜੀਆਂ ਵਿਚਾਰੀਆਂ ਡਰਦੀਆਂ ਕੁੱਝ ਵੀ ਨਹੀਂ ਕਰ ਸਕਦੀਆਂ। ਕਈ ਕੁੜੀਆਂ ਦੇ ਦੱਸਣ ਤੋਂ ਪਤਾ ਲਗਿਆ ਕਿ ਉਹ ਅਪਣੇ ਮਾਪਿਆਂ ਨੂੰ ਮਾਲਕਾਂ ਵਲੋਂ ਅਜੇ ਤਨਖ਼ਾਹ ਨਾ ਦੇਣ ਦਾ ਝੂਠ ਮਾਰ ਰਹੀਆਂ ਹਨ। ਉਹ ਅਪਣੇ ਮਾਪਿਆਂ ਨੂੰ ਅਸਲ ਹੱਡਬੀਤੀ ਵੀ ਨਹੀਂ ਕਹਿ ਸਕਦੀਆਂ ਅਤੇ ਅਪਣੀ ਕਿਸਮਤ ਨੂੰ ਕੋਸਦੀਆਂ ਰਹਿੰਦੀਆਂ ਹਨ।
ਪਿੱਛੇ ਜਿਹੇ ਇਕ ਕੁੜੀ ਨੇ ਦਰਿਆ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀਆਂ ਸਹੇਲੀਆਂ ਨੇ ਉਸ ਨੂੰ ਮਸਾਂ ਰੋਕ-ਰੋਕ ਰਖਿਆ। ਮੈਂ ਅਤੇ ਮੇਰਾ ਦੋਸਤ ਕੁਲਦੀਪ ਸਿੰਘ ਜਲਾਲਦੀਵਾਲਵਾਲਾ ਗੁਰੂਘਰ ਤੋਂ ਮੱਥਾ ਟੇਕ ਕੇ ਦਰਿਆ ਕੋਲੋਂ ਲੰਘ ਰਹੇ ਸੀ। ਉੱਥੇ ਕਾਫ਼ੀ ਗੋਰੇ ਲੋਕ ਵੀ ਇਕੱਠੇ ਹੋਏ ਸਨ ਅਤੇ ਪੁੱਛ ਰਹੇ ਸੀ ਕਿ 'ਇਹ ਭਾਰਤੀ ਕੁੜੀ ਕਿਉਂ ਮਰ ਰਹੀ ਹੈ?' ਉਹ ਕਹਿ ਰਹੀ ਸੀ 'ਮੈਨੂੰ ਮਰ ਜਾਣ ਦੇ ਮੇਰੀ ਜ਼ਿੰਦਗੀ ਬਰਬਾਦ ਤਾਂ ਹੋ ਈ ਚੁੱਕੀ ਹੈ।' ਉਹ ਭੁੱਬਾਂ ਮਾਰ ਕੇ ਰੋ ਰਹੀ ਸੀ ਅਤੇ ਅਪਣੀਆਂ ਸਹੇਲੀਆਂ ਕੋਲੋਂ ਹੱਥ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ। ਕਾਫ਼ੀ ਜੱਦੋਜਹਿਦ ਮਗਰੋਂ ਉਹ ਕੁੜੀ ਨੂੰ ਦਰਿਆ ਤੋਂ ਪਾਸੇ ਲੈ ਆਈਆਂ ਅਤੇ ਉਸ ਨੂੰ ਸ਼ਾਂਤ ਹੋ ਜਾਣ ਲਈ ਕਹਿ ਰਹੀਆਂ ਸਨ। ਉਨ੍ਹਾਂ ਗੋਰੇ ਲੋਕਾਂ ਨੂੰ ਇਸ ਗੱਲ ਦਾ ਫ਼ਿਕਰ ਸਤਾ ਰਿਹਾ ਸੀ ਕਿ ਇਹ ਕੁੜੀ ਕਿਉਂ ਮਰ ਰਹੀ ਹੈ? ਅਸੀ ਵੀ ਉਨ੍ਹਾਂ ਗੋਰੇ ਲੋਕਾਂ ਕੋਲ ਹੀ ਖੜੇ ਸੀ। ਅਸੀ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕੁੜੀਆਂ ਨੇ ਦੱਸਣ ਦੀ ਜ਼ਰੂਰਤ ਨਾ ਸਮਝੀ। ਉਸ ਕੁੜੀ ਨੂੰ ਰੋਂਦੀ ਵੇਖ ਕੇ ਹੋਰ ਵੀ ਬਹੁਤ ਸਾਰੇ ਲੋਕ ਉਥੇ ਇਕੱਠੇ ਹੋ ਗਏ ਅਤੇ ਹੋਰ ਲੋਕ ਵੀ ਉਸ ਕੁੜੀ ਦੀਆਂ ਸਹੇਲੀਆਂ ਤੋਂ ਪੁੱਛਣ ਲੱਗੇ ਕਿ ਆਖ਼ਰ ਗੱਲ ਕੀ ਹੋਈ ਹੈ ਅਤੇ ਕਿਉਂ ਇਹ ਕੁੜੀ ਦਰਿਆ ਵਿਚ ਛਾਲ ਮਾਰ ਰਹੀ ਹੈ? ਫਿਰ ਆਖ਼ਰ ਨੂੰ ਉਨ੍ਹਾਂ ਕੁੜੀਆਂ ਨੇ ਭਾਵੁਕ ਜਿਹੀਆਂ ਹੁੰਦੀਆਂ ਕਿਹਾ ਕਿ ਇਸ ਕੁੜੀ ਨਾਲ ਇਕ ਪੰਜਾਬੀ ਮੁੰਡੇ ਨੇ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ ਅਤੇ ਇਹ ਕੁੜੀ ਦੋ ਵਾਰ ਗਰਭਪਾਤ ਵੀ ਕਰਵਾ ਚੁੱਕੀ ਹੈ। ਇਸ ਨਾਲ ਕਾਫ਼ੀ ਚਿਰ ਉਹ ਮੁੰਡਾ ਸਰੀਰਕ ਸ਼ੋਸ਼ਣ ਵੀ ਕਰਦਾ ਰਿਹਾ ਅਤੇ ਉਸ ਕੋਲੋਂ ਕਾਫ਼ੀ ਪੈਸੇ ਵੀ ਉਧਾਰੇ ਲਏ ਸਨ। ਪਰ ਹੁਣ ਉਸ ਨਾਲ ਵਿਆਹ ਕਰਾਉਣ ਤੋਂ ਉਹ ਸ਼ਰੇਆਮ ਮੁੱਕਰ ਗਿਆ ਹੈ ਅਤੇ ਪੈਸੇ ਦੇਣ ਤੋਂ ਵੀ ਜਵਾਬ ਦੇ ਦਿਤਾ ਹੈ। ਕੁੱਝ ਦਿਨ ਪਹਿਲਾਂ ਹੀ ਉਹ ਮੁੰਡਾ ਪੰਜਾਬ ਚਲਾ ਗਿਆ। ਉਸ ਮੁੰਡੇ ਦਾ ਥਾਂ ਟਿਕਾਣਾ ਕਿਸੇ ਨੂੰ ਪਤਾ ਨਹੀਂ। ਬਹੁਤ ਸਾਰੀਆਂ ਕੁੜੀਆਂ ਇਹੋ ਜਿਹੇ ਮੁੰਡਿਆਂ ਦੇ ਜਾਲ ਵਿਚ ਫੱਸ ਕੇ ਅਪਣੀ ਜ਼ਿੰਦਗੀ ਬਰਬਾਦ ਕਰ ਚੁੱਕੀਆਂ ਹਨ।
ਸਾਈਪ੍ਰਸ ਵਿਚ ਅਜਿਹੀਆਂ ਕੁੜੀਆਂ ਦਾ ਬਹੁਤ ਬੁਰਾ ਹਾਲ ਹੈ ਜੋ ਮਾਪਿਆਂ ਤੋਂ ਦੂਰ ਗ਼ਲਤ ਮੁੰਡਿਆਂ ਦੇ ਚੱਕਰਾਂ ਵਿਚ ਪੈ ਕੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀਆਂ ਹਨ। ਮੁੰਡੇ ਸਿਰਫ਼ ਅਪਣੀ ਕਾਮ ਦੀ ਭੁੱਖ ਮਿਟਾਉਣ ਲਈ ਇਨ੍ਹਾਂ ਕੁੜੀਆਂ ਨਾਲ ਵਿਆਹ ਕਰਾਉਣ ਦਾ ਝੂਠਾ ਲਾਰਾ ਲਾ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਂਦੇ ਹਨ ਤੇ ਬਾਅਦ ਵਿਚ ਵਿਆਹ ਕਰਾਉਣ ਤੋਂ ਮੁਕਰ ਜਾਂਦੇ ਹਨ ਤੇ ਪੰਜਾਬ ਨੂੰ ਭੱਜ ਜਾਂਦੇ ਹਨ। ਪਿੱਛੇ ਇਹ ਕੁੜੀਆਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੀਆਂ ਹਨ।
ਕੁੱਝ ਕੁ ਕੁੜੀਆਂ ਹੀ ਇਸ ਮਾੜੇ ਹਾਲ ਦੀ ਲਪੇਟ ਵਿਚੋਂ ਬਚੀਆਂ ਹਨ ਨਹੀਂ ਤਾਂ ਬਹੁਤੀਆਂ ਕੁੜੀਆਂ ਅਪਣੀਆਂ ਜ਼ਿੰਦਗੀਆਂ ਬਰਬਾਦ ਕਰ ਚੁੱਕੀਆਂ ਹਨ ਇੱਥੇ ਕੁੱਝ ਕੁੜੀਆਂ ਤੋਂ ਪਤਾ ਲਗਿਆ ਹੈ ਕਿ ਉਹ ਸ਼ਰਾਬ ਦੀ ਪਿਆਲੀ ਵੀ ਉਹ ਮੁੰਡਿਆਂ ਨੂੰ ਭੁਲਾਉਣ ਲਈ ਪੀਂਦੀਆਂ ਹਨ ਜੋ ਉਨ੍ਹਾਂ ਤੋਂ ਵਿਆਹ ਕਰਾਉਣ ਲਈ ਮੁਕਰੇ ਹਨ। ਇਸ ਲਈ ਮੇਰੀ ਮਾਪਿਆਂ ਨੂੰ ਬੇਨਤੀ ਹੈ ਕਿ ਅਪਣੀਆਂ ਕੁੜੀਆਂ ਬਾਹਰਲੇ ਮੁਲਕਾਂ ਵਿਚ ਸੋਚ ਵਿਚਾਰ ਕੇ ਭੇਜੋ ਤਾਕਿ ਇਹ ਕੁੜੀਆਂ ਅਪਣੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾ ਸਕਣ।
ਸੰਪਰਕ : 94650-33331