ਅਨਜਾਣਾਂ 'ਤੇ ਭਰੋਸਾ ਕਰਨਾ ਮਹਿੰਗਾ ਪੈ ਗਿਆ
ਜ਼ਿੰਦਗੀ ਵਿਚ ਕੁੱਝ ਅਭੁੱਲ ਯਾਦਾਂ ਮਨ ਉਤੇ ਪੱਥਰ ਦੀ ਲਕੀਰ ਵਾਂਗ ਛਪ ਜਾਂਦੀਆਂ ਹਨ ਅਤੇ ਸਾਰੀ ਜ਼ਿੰਦਗੀ ਦਿਲ ਦੇ ਝਰੋਖੇ ਵਿਚ ਸਾਂਭੀਆਂ ਰਹਿੰਦੀਆਂ ਹਨ।
ਜ਼ਿੰਦਗੀ ਵਿਚ ਕੁੱਝ ਅਭੁੱਲ ਯਾਦਾਂ ਮਨ ਉਤੇ ਪੱਥਰ ਦੀ ਲਕੀਰ ਵਾਂਗ ਛਪ ਜਾਂਦੀਆਂ ਹਨ ਅਤੇ ਸਾਰੀ ਜ਼ਿੰਦਗੀ ਦਿਲ ਦੇ ਝਰੋਖੇ ਵਿਚ ਸਾਂਭੀਆਂ ਰਹਿੰਦੀਆਂ ਹਨ। ਇਨ੍ਹਾਂ ਦਾ ਅਸਰ ਆਉਣ ਵਾਲੀ ਜ਼ਿੰਦਗੀ ਉਤੇ ਬਹੁਤ ਜ਼ਿਆਦਾ ਬਣਿਆ ਰਹਿੰਦਾ ਹੈ। ਮੇਰੀ ਅਜਿਹੀ ਇਕ ਨਾ ਭੁੱਲਣ ਵਾਲੀ ਯਾਦ ਹੈ ਜਦੋਂ ਮੇਰੀ ਉਮਰ 7-8 ਸਾਲ ਦੀ ਸੀ। ਮੈਂ ਘਰ ਦੇ ਕੰਮਾਂ ਵਿਚ ਅਪਣੇ ਬਾਪ ਨਾਲ ਹੱਥ ਵਟਾਉਂਦਾ ਸੀ। ਸਕੂਲ ਤੋਂ ਪੜ੍ਹ ਕੇ ਆਉਣ ਮਗਰੋਂ ਪਸ਼ੂਆਂ ਨੂੰ ਚਾਰਨ ਵਾਸਤੇ ਬਾਹਰ ਖੇਤਾਂ ਵਿਚ ਲੈ ਕੇ ਜਾਣਾ। ਸਾਡੇ ਪਿੰਡ ਦੇ ਕੋਲ ਇਕ ਸੂਆ ਵਗਦਾ ਸੀ। ਉਥੇ ਜਾ ਕੇ ਨਹਿਰ ਵਿਚ ਨਹਾਉਣ ਦਾ ਬਹੁਤ ਚਾਅ ਹੁੰਦਾ ਸੀ। ਮੱਝਾਂ ਨੂੰ ਵੀ ਨਹਿਰ ਵਿਚ ਮਲ ਮਲ ਕੇ ਨੁਹਾਉਣਾ ਅਤੇ ਕਾਲੀਆਂ ਕਰ ਲੈਣੀਆਂ। ਸਾਡੇ ਨਾਲ ਸਿਆਣਾ ਆਦਮੀ ਪ੍ਰਧਾਨ ਜਗੀਰ ਸਿੰਘ ਹੁੰਦਾ ਸੀ। ਉਹ ਸਾਡਾ ਤਾਇਆ ਲਗਦਾ ਸੀ। ਤਾਇਆ ਜਗੀਰ ਸਿੰਘ ਚਾਹ ਦਾ ਸਾਮਾਨ ਨਾਲ ਹੀ ਲੈ ਕੇ ਬਾਹਰ ਜਾਂਦਾ ਸੀ। 2 ਕੁ ਵਜੇ ਸਿਖਰ ਦੁਪਹਿਰੇ ਅਸੀ ਚਾਹ ਬਣਾਉਣੀ ਅਤੇ ਦੁੱਧ ਅਸੀ ਬਕਰੀਆਂ ਦਾ ਚੋਅ ਲੈਣਾ ਕਿਉਂਕਿ ਸਾਡੀਆਂ ਮੱਝਾਂ ਨਾਲ ਬਕਰੀਆਂ ਵੀ ਸਨ।
ਇਕ ਦਿਨ ਅਸੀ ਦੁਪਹਿਰ ਵੇਲੇ ਚਾਹ ਪੀ ਰਹੇ ਸੀ ਕਿ ਕੁੱਝ ਸ਼ਰਾਰਤੀ ਬੰਦੇ ਸਾਡੇ ਕੋਲ ਆ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗੇ। ਸਾਥੋਂ ਉਨ੍ਹਾਂ ਚਾਹ ਵੀ ਲੈ ਕੇ ਪੀਤੀ। ਦੋ ਜਣੇ ਚਾਹ ਪੀਂਦੇ ਰਹੇ ਅਤੇ ਦੋ ਜਣਿਆਂ ਨੇ ਇਕ ਬੱਕਰੀ ਦਾ ਮੂੰਹ ਰੱਸੀ ਨਾਲ ਬੰਨ੍ਹ ਦਿਤਾ ਤਾਕਿ ਉਹ ਮਿਆਂਕੇ ਨਾ ਅਤੇ ਸਰਾਂ ਸਰਕੜਿਆਂ ਵਿਚ ਸੁੱਟ ਗਏ। ਉਸ ਸਮੇਂ ਸਰਕੜਿਆਂ ਆਦਿ ਨਾਲ ਨਹਿਰਾਂ ਭਰੀਆਂ ਸਨ। ਥੋੜ੍ਹੀ ਦੇਰ ਬਾਅਦ ਉਹ ਸਾਰੇ ਅਪਣੇ ਰਾਹ ਪੈ ਗਏ। ਅਸੀ ਵੀ ਚਾਹ ਪੀ ਕੇ ਪਸ਼ੂਆਂ ਨੂੰ ਹੱਕ ਕੇ ਅੱਗੇ ਘਾਹ ਵਾਲੇ ਖੇਤਾਂ ਵਲ ਲੈ ਗਏ। ਦਿਨ ਢਲ ਗਿਆ ਅਤੇ ਤਾਇਆ ਕਹਿਣ ਲੱਗਾ, ''ਵੇਖੋ ਅਪਣੇ ਪਸ਼ੂ ਪੂਰੇ ਹਨ?'' ਅਸੀ ਕਿਹਾ ਤਾਇਆ ਪੂਰੇ ਹਨ ਕਿਉਂਕਿ ਅਸੀ ਨਿਆਣੇ ਸੀ। ਕੋਈ ਫ਼ਿਕਰ ਨਹੀਂ ਕਿ ਜੇ ਪਸ਼ੂ ਕੋਈ ਗੁਆਚ ਗਿਆ ਤਾਂ ਫਿਰ ਤਾਇਆ ਗਾਲਾਂ ਕੱਢੇਗਾ। ਅਸੀ ਤਾਂ ਪਸ਼ੂਆਂ ਮਗਰ ਗੀਤ ਗਾਉਂਦੇ ਫਿਰਦੇ ਸਾਂ, ''ਗੜਵਾ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ।'' ਤਾਏ ਨੇ ਉੱਚੀ ਆਵਾਜ਼ ਮਾਰੀ, ''ਜਵਾਨੋ, ਉਏ ਇਕ ਬੱਕਰੀ ਮੈਨੂੰ ਘੱਟ ਲਗਦੀ ਏ। ਡੱਬ ਖੜੱਬੀ ਬੱਕਰੀ ਕਿਥੇ ਏ ਉਏ ਗਾਉਣ ਵਾਲਿਉ? ਵੱਡੇ ਗੁਮਾਂਤਰੀ ਬਣੇ ਫਿਰਦੇ ਹੋ। ਤਿੰਨ ਸੌ 'ਚ ਪਾਣੀ ਪੈ ਗਿਆ ਲਗਦੈ। ਕਿਥੇ ਮੁੰਦਰਾਂ ਵਾਲੀ ਬਕਰੀ?'' ਤਾਏ ਨੇ ਦਬਕਾ ਮਾਰਿਆ। ਅਸੀ ਸਾਰਾ ਵੱਗ ਛਾਣ ਲਿਆ ਪਰ ਬਕਰੀ ਨਾ ਲੱਭੀ। ਦੋ ਘੰਟੇ ਲਭਦੇ ਰਹੇ ਪਰ ਬਕਰੀ ਤਾਂ ਮੂੰਹ ਬੱਧੀ ਸਰਕੜਿਆਂ ਵਿਚ ਪਈ ਸੀ। ਉਨ੍ਹਾਂ ਚੋਰਾਂ ਨੇ ਸ਼ਾਮ ਨੂੰ ਰਾਤ ਵੇਲੇ ਖੋਲ੍ਹ ਕੇ ਲੈ ਜਾਣੀ ਸੀ। ਤਾਇਆ ਸਾਨੂੰ ਗਾਲ ਤੇ ਗਾਲ ਕੱਢੀ ਜਾਵੇ।
ਆਖ਼ਰ ਤਾਇਆ ਕਹਿਣ ਲੱਗਾ, ''ਚਲੋ ਕਾਜ਼ੀ ਵਾਲੇ ਸਰੇ ਵੇਖੋ, ਬਹੁਤ ਸੰਘਣੇ ਭਾਰੇ ਹਨ। ਉਥੇ ਤਾਂ ਜੰਗਲ ਹੀ ਬਣਿਆ ਹੈ। ਚਲੋ ਸ਼ਾਇਦ ਸਰਾਂ ਵਿਚ ਹੀ ਨਾ ਹੋਵੇ?'' ਤਾਏ ਸਮੇਤ ਸਾਰੇ ਜਣੇ ਸੋਟੀਆਂ ਸਰਾਂ ਵਿਚ ਮਾਰ ਕੇ ਲੱਭਣ ਲੱਗੇ। ਸਾਰੇ ਸਰ ਛਾਣ ਮਾਰੇ ਪਰ ਬੱਕਰੀ ਕਿਤੇ ਨਾ ਲੱਭੀ। ਸਾਰੇ ਨਿਰਾਸ਼ ਥੱਕ ਕੇ ਬਹਿ ਗਏ। ਫਿਰ ਤਾਇਆ ਬੋਲਿਆ, ''ਜ਼ਰਾ ਨਹਿਰ ਦੇ ਖਾਲ ਤੇ ਜਿਹੜੇ ਕਾਜ਼ੀ ਵਾਲੇ ਸਰ ਖੜੇ ਨੇ ਉਨ੍ਹਾਂ ਨੂੰ ਵੇਖੋ।'' ਅਸੀ ਉਧਰ ਗਏ ਤਾਂ ਦੂਰੋਂ ਵੇਖਿਆ ਕਿ ਸਰਕੜੇ ਹਿੱਲ ਰਹੇ ਸਨ। ਜਿਵੇਂ ਸਰਾਂ ਦੇ ਝੁੰਡ ਵਿਚ ਕੁੱਝ ਬੈਠਾ ਹੋਵੇ। ਅਸੀ ਜ਼ੋਰ ਦੀ ਡਰਦੇ ਮਾਰੇ ਆਖਿਆ, ''ਹਾਏ ਤਾਇਆ ਸੱਪ।'' ਸਾਨੂੰ ਪਤਾ ਨਾ ਲੱਗਾ ਕਿ ਸਰ ਕਿਉਂ ਜ਼ੋਰ ਜ਼ੋਰ ਨਾਲ ਹਿਲ ਰਹੇ ਹਨ। ਤਾਇਆ ਕਹਿਣ ਲੱਗਾ, ''ਮੈਂ ਵੇਖਦਾਂ ਬੱਕਰੀ ਹੀ ਹੋਵੇਗੀ। ਚਲੋ ਸਾਰੇ।'' ਜਦੋਂ ਤਾਏ ਨਾਲ ਅਸੀ ਵੀ ਵੇਖਿਆ ਬੱਕਰੀ ਮੂੰਹ ਬੱਧੀ ਪਈ ਸੀ ਅਤੇ ਲੱਤਾਂ ਮਾਰ ਰਹੀ ਸੀ। ਤਾਏ ਨੇ ਉਸ ਦਾ ਮੂੰਹ ਅਤੇ ਲੱਤਾਂ ਖੋਲ੍ਹੀਆਂ ਤਾਂ ਉਹ ਬਕਰੀ ਛਾਲਾਂ ਮਾਰਦੀ ਦੂਜੇ ਪਸ਼ੂਆਂ ਵਿਚ ਜਾ ਰਲੀ ਅਤੇ ਅਸੀ ਸਾਰਾ ਵੱਗ ਲੈ ਕੇ ਤੁਰ ਪਏ। ਅੱਜ ਵੀ ਮੇਰੀਆਂ ਅੱਖਾਂ ਸਾਹਮਣੇ ਉਹ ਬਕਰੀ ਗੁਆਚੀ ਦਾ ਦ੍ਰਿਸ਼ ਉਵੇਂ ਦਾ ਉਵੇਂ ਅੱਗੇ ਆ ਜਾਂਦਾ ਹੈ ਅਤੇ ਮੈਨੂੰ ਸਮਝ ਆਈ ਕਿ ਅਨਜਾਣਾਂ ਉਤੇ ਭਰੋਸਾ ਕਿਉਂ ਨਹੀਂ ਕਰਨਾ ਚਾਹੀਦਾ। ਉਹ ਪੁਰਾਣੇ ਦਿਨ ਮੁੜ ਕੇ ਭਾਵੇਂ ਨਾ ਆਉਣ ਪਰ ਮੇਰੀਆਂ ਅਭੁੱਲ ਯਾਦਾਂ ਮੇਰੇ ਜ਼ਹਿਨ ਵਿਚ ਉਸ ਦਿਨ ਵਾਂਗ ਸਦਾ ਲਈ ਪੱਥਰ ਉਤੇ ਲਕੀਰ ਵਾਂਗ ਰਹਿਣਗੀਆਂ। ਸੰਪਰਕ : 98551-43537