ਭਾਰਤ ਦੀਆਂ ਅਣਚਾਹੀਆਂ ਧੀਆਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਰਤੀ ਮਾਪੇ ਉਦੋਂ ਤਕ ਸੰਤਾਨ-ਰੋਕੂ ਸਾਧਨ ਨਹੀਂ ਅਪਣਾਉਂਦੇ ਜਦੋਂ ਤਕ ਉਨ੍ਹਾਂ ਦੀ ਲੋਚਾ ਅਨੁਸਾਰ ਪੁੱਤਰਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ

Girls

ਪਿਛਲੇ ਵਰ੍ਹੇ ਦੇ ਆਰਥਕ ਸਰਵੇਖਣ ਵਿਚ, ਪੁੱਤਰਿਸ਼ਣਾ (ਪੁੱਤਰਾਂ ਦੀ ਚਾਹ) ਬਾਰੇ ਬੜੇ ਸਨਸਨੀਖ਼ੇਜ਼ ਤੱਥ ਨਸ਼ਰ ਹੋਏ ਸਨ ਕਿ ਭਾਰਤੀ ਮਾਪੇ ਉਦੋਂ ਤਕ ਸੰਤਾਨ-ਰੋਕੂ ਸਾਧਨ ਨਹੀਂ ਅਪਣਾਉਂਦੇ ਜਦੋਂ ਤਕ ਉਨ੍ਹਾਂ ਦੀ ਲੋਚਾ ਅਨੁਸਾਰ ਪੁੱਤਰਾਂ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਫੱਲਸਰੂਪ, ਦੋ ਕਰੋੜ ਤੋਂ ਵਧੇਰੇ ਅਣਚਾਹੀਆਂ ਬੱਚੀਆਂ ਸਾਡੇ ਦੇਸ਼ ਉਤੇ ਬੋਝ ਦੇ ਰੂਪ ਵਿਚ ਮੌਜੂਦ ਹਨ ਜੋ ਕਿ ਪੁੱਤਰਾਂ ਲਈ ਸਹਿਕਦੇ ਮਾਪਿਆਂ ਦੇ ਵਿਹੜੇ ਐਵੇਂ ਹੀ ਆਉਂਦੀਆਂ ਰਹੀਆਂ ਹਨ। ਆਖ਼ਰੀ ਬੱਚੇ ਦਾ ਲਿੰਗ ਅਨੁਪਾਤ (ਐਸ.ਆਰ.ਐਲ.ਸੀ) ਸਾਡੇ ਦੇਸ਼ ਵਿਚ ਬਾਕੀ ਦੇ ਵਿਕਾਸਸ਼ੀਲ ਦੇਸ਼ਾਂ ਮੁਕਾਬਲੇ ਬੜੇ ਖ਼ਤਰਨਾਕ ਪੱਧਰ ਤਕ ਪੁੱਜ ਚੁੱਕਾ ਹੈ। ਦੂਜੇ ਮੁਲਕਾਂ ਦੇ ਮੁਕਾਬਲੇ ਇਹ 9.5 ਫ਼ੀ ਸਦੀ ਹੈ ਜਿਸ ਦਾ ਸਪੱਸ਼ਟ ਅਰਥ ਹੈ ਕਿ ਔਰਤਾਂ ਦੇ ਪੱਧਰ ਤੇ ਇਥੇ ਵੱਡਾ ਵਿਤਕਰਾ ਜਾਰੀ ਹੈ। ਗੁਜਰਾਤ ਅਤੇ ਪੰਜਾਬ ਵਰਗੇ ਜਾਗਰੂਕ, ਖ਼ੁਸ਼ਹਾਲ ਅਤੇ ਪੜ੍ਹੇ-ਲਿਖੇ ਸੂਬਿਆਂ ਵਿਚ ਇਹ 2100 ਮੁੰਡਿਆਂ ਪਿਛੇ 1000 ਧੀਆਂ ਸਨ ਅਤੇ ਹਰਿਆਣੇ ਵਿਚ 2300 ਮੁੰਡਿਆਂ ਪਿੱਛੇ 1000 ਬੱਚੀਆਂ। ਇਹ ਗੱਲ ਉਦੋਂ ਸਾਹਮਣੇ ਆਈ ਸੀ ਜਦੋਂ ਦੇਸ਼ ਦੀ ਵਿਕਾਸ ਦਰ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਸੀ ਅਤੇ ਦੇਸ਼ ਦੀ ਤਰੱਕੀ ਦੇ ਗੱਜ-ਵੱਜ ਕੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਸਨ।

ਅਪਣੀ ਅਗਲੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਇਕ ਪਦ 'ਐਸ.ਆਰ.ਐਲ.ਸੀ.' ਯਾਨੀ ਕਿ Sex Ratio of the last 3hild, ਅਰਥਾਤ ਆਖ਼ਰੀ ਪੈਦਾਇਸ਼ੀ ਬੱਚੇ ਦਾ ਲਿੰਗ ਅਨੁਪਾਤ ਨੂੰ ਸਪੱਸ਼ਟ ਕਰਨਾ ਚਾਹੁੰਦੀ ਹਾਂ। ਇਸ ਦਾ ਮਤਲਬ ਹੈ ਕਿ ਮਾਪਿਆਂ ਦੇ ਵਿਹੜੇ ਆਖ਼ਰੀ ਬੱਚਾ ਅਕਸਰ ਵਧੇਰੇ ਕਰ ਕੇ ਲੜਕਾ ਹੀ ਪੈਦਾ ਹੁੰਦਾ ਹੈ, ਲੜਕੀ ਬਹੁਤ ਘੱਟ, ਕਿਉਂਕਿ ਲੜਕੀ ਤੋਂ ਬਾਅਦ ਪੁੱਤਰ ਦੀ ਭੁੱਖ ਅਕਸਰ ਸਤਾਉਂਦੀ ਚਲੀ ਜਾਂਦੀ ਹੈ। ਰੇਲਾਂ, ਗੱਡੀਆਂ, ਬੱਸਾਂ ਅਤੇ ਰਿਕਸ਼ਿਆਂ ਉਤੇ ਆਮ ਤੌਰ ਤੇ ਦੋ-ਦੋ, ਤਿੰਨ-ਤਿੰਨ ਭੈਣਾਂ ਨਾਲ ਛੋਟਾ ਬੱਚਾ ਲੜਕਾ ਵੇਖਿਆ ਜਾਂਦਾ ਹੈ। ਪਹਿਲੀ ਸੰਤਾਨ ਪੁੱਤਰ ਹੋਣ ਦੇ ਬਾਵਜੂਦ ਦੂਜਾ ਬੱਚਾ ਫਿਰ ਪੁੱਤਰ ਹੀ ਪੈਦਾ ਹੁੰਦਾ ਹੈ ਤਾਂ ਵੀ ਮਠਿਆਈ ਵੰਡੀ ਜਾਂਦੀ ਹੈ ਅਤੇ ਬਹੁਤ ਵਾਰ ਤੀਜੀ ਔਲਾਦ ਫਿਰ ਪੁੱਤਰ ਹੀ ਮੰਗੀ ਜਾਂਦੀ ਹੈ, ਧੀ ਨਹੀਂ। ਇਹ ਅੰਕੜੇ ਉਦੋਂ ਸਾਹਮਣੇ ਆਏ, ਜਦੋਂ ਚਾਰ-ਚੁਫੇਰੇ ਬਿਰਧ ਆਸ਼ਰਮਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਪੁੱਤਰਾਂ ਵਲੋਂ ਮਾਪਿਆਂ ਨਾਲ ਲੜ-ਲੜਾਈ, ਮਾਰ-ਕੁਟਾਈ, ਕਤਲ ਤੇ ਘਰੋਂ ਕੱਢਣ ਦੀਆਂ ਘਟਨਾਵਾਂ ਨਿੱਤ ਦਿਹਾੜੇ ਵੱਧ ਰਹੀਆਂ ਹਨ।

ਪੁੱਤਰਾਂ ਦੀ ਲੋਚਾ ਅਤੇ ਬੇਲੋੜੀਆਂ ਬੱਚੀਆਂ ਪੈਦਾ ਕਰਦੇ ਰਹਿਣ ਵਿਚ ਨਾ ਤਾਂ ਧਰਮ ਨੇ ਕੋਈ ਰੋਲ ਨਿਭਾਇਆ ਹੈ ਅਤੇ ਨਾ ਅਮੀਰੀ-ਗ਼ਰੀਬੀ ਨੇ। ਰੱਜੇ-ਪੁੱਜੇ ਅਤੇ ਗ਼ਰੀਬ-ਗ਼ੁਰਬੇ ਸੱਭੇ ਪੁੱਤਰਿਸ਼ਣਾ ਨਾਲ ਨੱਕੋ-ਨੱਕ ਭਰੇ ਪਏ ਹਨ। ਲਿੰਗ ਚੋਣ, ਗਰਭਪਾਤਾਂ ਅਤੇ ਬਾਲੜੀਆਂ ਦੀ ਭੈੜੀ ਪਾਲਣਾ ਕਰ ਕੇ ਹੀ ਹਜ਼ਾਰ ਮੁੰਡਿਆਂ ਪਿੱਛੇ 943 ਕੁੜੀਆਂ ਪੈਦਾ ਹੋ ਰਹੀਆਂ ਹਨ। ਪਿਛਲੇ ਆਰਥਕ ਸਰਵੇਖਣ ਅਨੁਸਾਰ, ਦੇਸ਼ ਦੀ ਆਬਾਦੀ ਵਿਚੋਂ ਲਿੰਗ ਆਧਾਰਤ ਗਰਭਪਾਤਾਂ ਕਾਰਨ ਲਗਭਗ ਛੇ ਕਰੋੜ ਤੀਹ ਲੱਖ ਔਰਤਾਂ ਮਨਫ਼ੀ ਹੋ ਗਈਆਂ ਅਤੇ ਲਗਭਗ ਵੀਹ ਲੱਖ ਹਰ ਉਮਰ ਵਰਗ ਵਿਚੋਂ ਕੁਪੋਸ਼ਣ, ਬਿਮਾਰੀ, ਲਾਪ੍ਰਵਾਹੀ ਅਤੇ ਗਰਭਪਾਤਾਂ ਕਰ ਕੇ ਖ਼ਤਮ ਹੋ ਗਈਆਂ। ਇਸ ਪੱਖੋਂ ਦੇਸ਼ ਦੇ ਖ਼ੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਅਤੇ ਹਰਿਆਣਾ ਦੀ ਉਦਹਾਰਣ ਸੱਭ ਦੇ ਸਾਹਮਣੇ ਹੈ ਜਿਥੇ ਛੇ ਸਾਲ ਦੀ ਉਮਰ ਦੇ ਬੱਚਿਆਂ ਦਾ ਲਿੰਗ ਅਨੁਪਾਤ 1200 ਮੁੰਡਿਆਂ ਪਿੱਛੇ 1000 ਕੁੜੀਆਂ ਹਨ। ਜਦਕਿ ਕੁਦਰਤੀ ਵਿਧਾਨ ਅਨੁਸਾਰ ਲੜਕੀਆਂ ਦੇ ਪੈਦਾਇਸ਼ੀ ਅੰਕੜੇ ਲੜਕਿਆਂ ਤੋਂ ਹਮੇਸ਼ਾ ਜ਼ਿਆਦਾ ਹੋਇਆ ਕਰਦੇ ਹਨ।

ਇੰਜ ਇਹ ਇਕ ਨਿਰਵਿਵਾਦਤ ਸੱਚਾਈ ਹੈ ਕਿ ਏਸ਼ੀਆ ਦੇ ਮੁਲਕਾਂ ਵਿਚ ਪੁੱਤਰਾਂ ਦੀ ਲੋਚਾ ਬੇਹੱਦ ਪ੍ਰਬਲ ਹੈ। ਚੀਨ ਵਿਚ ਜਿੰਨਾ ਚਿਰ ਇਕ ਬੱਚੇ ਦਾ ਸਰਕਾਰੀ ਨਿਯਮ ਲਾਗੂ ਰਿਹਾ, ਧੀਆਂ ਦੇ ਭਰੂਣ ਰਾਸ਼ਨ-ਪਾਣੀ ਦੀਆਂ ਦੁਕਾਨਾਂ ਉਤੇ ਵਿਕਦੇ ਰਹੇ। ਸਾਡੇ ਦੇਸ਼ ਵਿਚ ਵੀ ਭਾਵੇਂ ਪੜ੍ਹਾਈ-ਲਿਖਾਈ, ਨੌਕਰੀਆਂ, ਸਿਆਸੀ ਸ਼ਮੂਲੀਅਤ ਅਤੇ ਹਰ ਖੇਤਰ ਵਿਚ ਔਰਤਾਂ ਦੀ ਤਰੱਕੀ ਦ੍ਰਿਸ਼ਟੀਗੋਚਰ ਹੈ ਪਰ ਘੱਟੋ-ਘੱਟ ਇਕ ਪੁੱਤਰ ਦੀ ਚਾਹਤ ਕਈ-ਕਈ ਅਣਚਾਹੀਆਂ ਧੀਆਂ ਦੀ ਜਨਮਦਾਤੀ ਬਣਦੀ ਚਲੀ ਜਾਂਦੀ ਹੈ। ਸਾਡੇ ਸਮਾਜ ਦੇ ਬਹੁਤ ਵੱਡੇ ਹਿੱਸੇ ਦੀ ਅੱਜ ਵੀ ਇਹ ਘਿਸੀ-ਪਿਟੀ ਸੋਚ ਹੈ ਕਿ ਵਿਆਹੇ ਜਾਣ ਪਿੱਛੋਂ ਧੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੀ। ਅੱਜ ਵੀ ਬਹੁਤ ਸਾਰੇ ਘਰਾਂ ਵਿਚ ਧੀ ਦੀ ਪੜ੍ਹਾਈ-ਲਿਖਾਈ ਅਤੇ ਖਾਣ-ਪੀਣ ਵਿਚ ਵਿਤਕਰਾ ਕੀਤਾ ਜਾਂਦਾ ਹੈ ਕਿਉਂਕਿ ਦਾਜ ਇਕੱਠਾ ਕਰਨ ਦੀ ਚਿੰਤਾ ਬਹੁਤ ਵਾਰ ਮਾਪਿਆਂ ਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੀ। ਵਿਕਸਤ ਸੋਚ ਵਾਲੇ ਘਰਾਂ ਵਿਚ ਜਾਂ ਪੜ੍ਹੇ ਲਿਖੇ ਮਾਂ-ਬਾਪ ਤਾਂ ਧੀ ਅਤੇ ਪੁੱਤਰ ਨੂੰ ਹਰ ਪੱਖੋਂ ਪੂਰੇ ਮੌਕੇ ਦਿੰਦੇ ਹਨ, ਪਰ ਅਣਸਰਦੇ ਘਰਾਂ ਦੀ ਤਸਵੀਰ ਇਨ੍ਹਾਂ ਤੋਂ ਬਿਲਕੁਲ ਵਖਰੀ ਹੁੰਦੀ ਹੈ। 

ਧੀਆਂ ਜੰਮ ਰਹੀ ਨੂੰਹ ਨੂੰ ਸਾਡੇ ਘਰਾਂ ਵਿਚ ਢੋਈ ਨਹੀਂ ਮਿਲਦੀ। ਸੱਸ ਉਸ ਦਾ ਰਹਿਣਾ ਅਤੇ ਜਿਊਣਾ ਦੁੱਭਰ ਕਰ ਦਿੰਦੀ ਹੈ। ਦੂਜੀ ਧੀ ਦੀ ਪੈਦਾਇਸ਼ ਪਿੱਛੋਂ ਤਾਂ ਤੂਫ਼ਾਨ ਆ ਜਾਂਦਾ ਹੈ ਅਤੇ ਜੇਕਰ ਤੀਜੀ ਵਾਰ ਵੀ ਬੇਟੀ ਆ ਗਈ ਤਾਂ ਸਮਝੋ ਮਾਂ ਤੇ ਧੀ ਦੀ ਖ਼ੈਰ ਨਹੀਂ। ਬਹੁਤੀ ਵਾਰ ਤਾਂ ਹਸਪਤਾਲ ਤੋਂ ਵੀ ਉਸ ਔਰਤ ਦੇ ਮਾਪੇ ਹੀ ਲਿਜਾਂਦੇ ਹਨ ਅਤੇ ਕਈ ਕਈ ਵਾਰ ਜਣਨੀ ਦੁੱਖਾਂ ਦੇ ਬੋਝ ਨਾਲ ਬੋਹੋਸ਼ੀ ਵਿਚ ਵੀ ਚਲੀ ਜਾਂਦੀ ਹੈ। ਤਲਾਕ ਬਹੁਤ ਵਾਰ ਉਸ ਦੇ ਦਰ ਤੇ ਆਣ ਦਸਤਕ ਦਿੰਦਾ ਹੈ ਕਿਉਂਕਿ ਘਰ ਦੇ ਵਾਰਸ ਲਈ ਦੂਜਾ ਵਿਆਹ ਕਰਨਾ ਲਾਜ਼ਮੀ ਸਮਝਿਆ ਜਾਂਦਾ ਹੈ। ਤਿੰਨ ਤਿੰਨ ਬੱਚੀਆਂ ਨਾਲ ਲੈ ਕੇ ਖੂਹਾਂ, ਨਦੀਆਂ ਨਾਲਿਆਂ ਅਤੇ ਰੇਲਵੇ ਲਾਈਨਾਂ ਉਤੇ ਮੌਤ ਨੂੰ ਗਲਵਕੜੀ ਪਾਉਂਦੀਆਂ ਬੇਵੱਸ ਔਰਤਾਂ ਦੀਆਂ ਖ਼ਬਰਾਂ ਅਕਸਰ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਜੱਗ-ਜ਼ਾਹਰ ਜਾਂ ਚੋਰੀ ਛੁਪੇ ਦੋ-ਤਿੰਨ ਧੀਆਂ ਦੇ ਬਾਪ ਅਕਸਰ ਨਵੇਂ ਵਿਆਹ ਰਚਾਉਂਦੇ ਦਿਸਦੇ ਹਨ ਤਾਕਿ ਉਹ ਪੁੱਤਰ ਦੀ ਪ੍ਰਾਪਤੀ ਕਰ ਸਕਣ। ਚੰਡੀਗੜ੍ਹ ਵਿਖੇ ਦਹਾਕੇ ਪਹਿਲਾਂ ਵਾਪਰੀਆਂ ਲਾਟਵਾ ਭੈਣਾਂ ਦਾ ਖ਼ੁਦਕੁਸ਼ੀ ਮਾਮਲਾ ਅੱਜ ਤਕ ਵੀ ਚੇਤਿਆਂ ਵਿਚੋਂ ਕਿਰਿਆ ਨਹੀਂ ਜਦੋਂ ਤਿੰਨ ਸੁਸ਼ੀਲ, ਸੁਨੱਖੀਆਂ, ਸੰਵੇਦਨਸ਼ੀਲ ਅਤੇ ਕਾਲਜ ਤਕ ਪਹੁੰਚੀਆਂ ਬੇਟੀਆਂ ਦੇ ਮਾਪਿਆਂ ਨੂੰ ਵੱਡੀ ਉਮਰੇ ਨਰਸਿੰਗ ਹੋਮ ਵਿਚ ਬੇਟੇ ਦੇ ਜਨਮ ਦੀ ਖ਼ੁਸ਼ੀ ਮਨਾਉਣੀ ਵੀ ਨਸੀਬ ਨਾ ਹੋਈ ਕਿਉਂਕਿ ਘਰ ਤਿੰਨਾਂ ਬੱਚੀਆਂ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਬੇਹੱਦ ਜ਼ਹੀਨ ਬੁੱਧੀ ਦੀਆਂ ਇਨ੍ਹਾਂ ਭੈਣਾਂ ਨੂੰ ਪੁੱਤਰ ਲਈ ਸਹਿਕਦੇ ਮਾਪਿਆਂ ਦੀ ਸੋਚ ਪਸੰਦ ਨਹੀਂ ਸੀ ਆਈ ਕਿਉਂਕਿ ਉਨ੍ਹਾਂ ਵਿਚ ਕੋਈ ਵੀ ਘਾਟ ਨਹੀਂ ਸੀ। ਮੇਰੇ ਸੰਪਰਕ ਵਿਚ ਇਕ ਹੋਰ ਕੇਸ ਵੀ ਮੌਜੂਦ ਹੈ ਜਿਥੇ ਕਈ-ਕਈ ਵਾਰ ਧੀਆਂ ਦੇ ਭਰੂਣ ਗਿਰਾਉਣ ਵਾਲੇ ਜੋੜੇ ਨੂੰ ਅਸਲੋਂ ਵਿਕਲਾਂਗ ਪੁੱਤਰ ਦੀ ਪ੍ਰਾਪਤੀ ਹੋਈ ਜਿਹੜਾ ਨਾ ਅੱਜ ਆਪ ਖਾ ਸਕਦਾ ਹੈ ਅਤੇ ਨਾ ਤੁਰ ਸਕਦਾ ਹੈ। ਸ਼ਾਇਦ ਇਸੇ ਕਰ ਕੇ ਕਦੇ ਬਜ਼ੁਰਗਾਂ ਨੇ ਕਿਹਾ ਹੋਵੇਗਾ ਕਿ 'ਉÎੱਖਲ ਪੁੱਤਰ ਨਾ ਜੰਮਦਾ, ਧੀ ਅੰਨ੍ਹੀ ਚੰਗੀ'।

ਬੇਲੋੜੀਆਂ, ਵਾਧੂ, ਅਣਚਾਹੀਆਂ ਧੀਆਂ ਦੀ ਜੂਨ ਬੜੀ ਮਾੜੀ ਲੰਘਦੀ ਹੈ। ਪਿਛਲੀਆਂ ਬਰਸਾਤਾਂ ਤੋਂ ਪਹਿਲਾਂ, ਅਚਨਚੇਤੀ ਆਏ ਇਕ ਮੀਂਹ ਨਾਲ ਸੱਤ ਧੀਆਂ ਦੇ ਇਕ ਮਜ਼ਦੂਰ ਬਾਪ ਦਾ ਕੋਠਾ ਢਹਿ ਗਿਆ। ਅਖ਼ਬਾਰ ਵਿਚੋਂ ਖ਼ਬਰ ਪੜ੍ਹ ਕੇ ਦਾਸਰੀ ਨੇ ਸਨੌਰ ਦੇ ਪੱਤਰਕਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਪਿੰਡ ਪੁੱਜੀ। ਘਰ ਦੀ ਅਤਿਤਰਸਯੋਗ ਹਾਲਤ ਅਤੇ ਛੇ ਧੀਆਂ ਦੀ ਆਂਢ-ਗਵਾਂਢ ਦੇ ਘਰਾਂ ਵਿਚ ਮੌਜੂਦਗੀ ਨੇ ਮਾਨੋਂ ਸਾਹ ਸੂਤ ਲਿਆ। ਖੜੇ ਪੈਰ ਛੱਤ ਪਾਉਣ ਜੋਗੀ ਰਕਮ ਬੱਚੀਆਂ ਦੇ ਹੱਥ ਦੇ ਕੇ ਅਤੇ ਪੂਰਾ ਹੌਸਲਾ ਦੇ ਕੇ ਮੈਂ ਪਟਿਆਲੇ ਵਾਪਸ ਪੁੱਜੀ ਕਿਉਂਕਿ ਢੱਠੀ ਛੱਤ ਦੇ ਬਹਾਨੇ ਮੈਨੂੰ ਇਨ੍ਹਾਂ ਬਦਨਸੀਬ ਬੱਚੀਆਂ ਦੀ ਅਸਮਤ ਲੁੱਟੇ ਜਾਣ ਦੀ ਰਹਿ ਰਹਿ ਕੇ ਚਿੰਤਾ ਸਤਾ ਰਹੀ ਸੀ। ਮੈਂ ਹਾਲੇ ਤਕ ਉਨ੍ਹਾਂ ਦੇ ਸੰਪਰਕ ਵਿਚ ਹਾਂ ਅਤੇ ਵਿਆਹਾਂ ਵੇਲੇ ਪੂਰੀ ਮਦਦਗਾਰ ਹੋਣ ਲਈ ਵਚਨਬੱਧ। ਸੋਚਾਂ ਦੇ ਸਮੁੰਦਰ ਵਿਚ ਘਿਰੀ ਨੂੰ ਉਥੇ ਵਾਰ-ਵਾਰ ਖ਼ਿਆਲ ਸਤਾ ਰਿਹਾ ਸੀ ਕਿ ਪੁੱਤਰ ਦੀ ਲੋਚਾ ਕਰ ਕੇ ਮਾਪਿਆਂ ਨੇ ਘਰ ਧੀਆਂ ਨਾਲ ਭਰ ਲਿਆ ਅਤੇ ਹੁਣ ਮਰਨ ਤਕ ਵੀ ਇਹ ਨਜਿੱਠੀਆਂ ਨਹੀਂ ਜਾਣੀਆਂ। ਕਿਰਤੀ ਕਾਮਿਆਂ ਨੂੰ ਧੀਆਂ ਦੀ ਪੱਤ ਬਚਾਉਣ ਲਈ ਕਿਹੜੀਆਂ ਕਿਹੜੀਆਂ ਹੋਣੀਆਂ ਨਾਲ ਅੱਜ ਦੋ-ਚਾਰ ਹੋਣਾ ਪੈ ਰਿਹਾ ਹੈ, ਇਹ ਇਕ ਲੰਮੀ ਕਹਾਣੀ ਹੈ, ਅਮੁੱਕ ਦਾਸਤਾਂ।

ਅਣਚਾਹੀਆਂ ਕੀ, ਚਾਹੀਆਂ ਧੀਆਂ ਵੀ ਅੱਜ ਕਾਮੀ, ਹਵਸੀ, ਵਿਭਚਾਰੀ ਅਤੇ ਦੁਰਾਚਾਰੀ ਅਨਸਰਾਂ ਦੀ ਮਾਰ ਹੇਠ ਹਨ। ਧੀਆਂ ਤਾਂ ਕੀ ਮਾਵਾਂ ਵੀ ਹੁਣ ਸੁਰੱਖਿਅਤ ਨਹੀਂ ਰਹੀਆਂ। ਅੰਮ੍ਰਿਤਸਰ ਵਿਖੇ ਸਾੜੀਆਂ ਮਾਂ ਅਤੇ ਧੀ ਦਾ ਬਿਰਤਾਂਤ ਕਿੰਨਾ ਦਿਲ ਲੂਹਣਾ ਹੈ। ਪਿਤਾ, ਭਰਾ, ਨਾਨੀਆਂ ਅਤੇ ਦਾਦੀਆਂ ਕੋਈ ਵੀ ਗੁੰਡੇ ਲੋਕਾਂ ਤੋਂ ਇੱਜ਼ਤ ਬਚਾਉਣ ਵਿਚ ਨਾਕਾਮ ਸਿੱਧ ਹੋ ਰਹੀਆਂ ਹਨ। ਸਾਡੀ ਸੋਚ ਅੱਜ ਵੀ ਮੱਧਯੁਗੀ ਹੈ। ਇੱਕੀਵੀਂ ਸਦੀ ਵਿਚ ਧੀ ਉÎੱਪਰ ਘਰੋਂ ਤੇ ਬਾਹਰੋਂ ਜ਼ੁਲਮ, ਵਧੀਕੀਆਂ ਤੇ ਬੇਪੱਤੀ ਦੀਆਂ ਘਟਨਾਵਾਂ ਬਹੁਤ ਵੱਧ ਗਈਆਂ ਹਨ। ਇਸ ਦਾ ਇਕੋ-ਇਕ ਹੱਲ ਵਿਦਿਆ ਹੈ-ਸਿਖਿਆਯਾਫ਼ਤਾ ਹੋਣਾ ਤਾਂ ਜੋ ਪੜ੍ਹ ਲਿਖ ਕੇ ਬੱਚੀ ਅਪਣੇ ਪੈਰਾਂ ਉਤੇ ਖੜੀ ਹੋ ਸਕੇ, ਅਪਣਾ ਭਵਿੱਖ ਸੰਵਾਰ ਸਕੇ, ਅਪਣੀ ਔਲਾਦ ਨੂੰ ਸ਼ਿੰਗਾਰ ਸਕੇ ਅਤੇ ਉਨ੍ਹਾਂ ਨੂੰ ਸਤੁੰਲਿਤ ਸੋਚ ਦੇ ਹਾਣੀ ਬਣਾ ਸਕੇ।

2017-18 ਦੇ ਆਰਥਕ ਸਰਵੇਖਣ ਵਿਚ ਉਮੀਦ ਦੀ ਇਕ ਕਿਰਨ ਦਿਸੀ ਹੈ ਕਿਉਂਕਿ ਔਰਤਗਤ ਮੁੱਦਿਆਂ ਬਾਰੇ ਇਕ ਵਖਰਾ ਅਧਿਆਏ ਸ਼ਾਮਲ ਕੀਤਾ ਗਿਆ ਹੈ। ਮੌਜੂਦਾ ਸਰਕਾਰ ਵਲੋਂ ਭਾਵੇ 'ਬੇਟੀ ਬਚਾਉ, ਬੇਟੀ ਪੜ੍ਹਾਉ' ਅਤੇ 'ਸੁਕੰਨਿਆ ਸਮਰਿੱਧੀ ਯੋਜਨਾ' ਅਰੰਭੀਆਂ ਗਈਆਂ ਹਨ, ਫਿਰ ਵੀ ਸਮਾਜ ਅੰਦਰ ਬੱਚੀਆਂ ਦੇ ਦੁਸ਼ਮਣ ਦਨਦਨਾਉਂਦੇ ਫਿਰਦੇ ਹਨ, ਜਿਹੜੇ ਉਨ੍ਹਾਂ ਦੇ ਵਿਕਾਸ ਦੇ ਰਾਹ ਵਿਚ ਬੜਾ ਵੱਡਾ ਰੇੜਕਾ ਹਨ। ਬਾਲੜੀਆਂ ਦੀ ਉਚੇਰੇ ਪੱਧਰ ਤਕ ਦੀ ਮੁਫ਼ਤ ਪੜ੍ਹਾਈ, ਸਿਹਤ-ਬੀਮੇ ਅਤੇ ਵਿਦੇਸ਼ਾਂ ਦੀ ਤਰਜ਼ ਤੇ ਹੋਰ ਵਜ਼ੀਫੇ ਪੁੱਤਰਾਂ ਦਾ ਮੋਹ ਘੱਟ ਕਰ ਸਕਣ ਵਿਚ ਕੁੱਝ ਭੂਮਿਕਾ ਅਦਾ ਕਰ ਸਕਦੇ ਹਨ। ਯੂ.ਕੇ., ਕੈਨੇਡਾ ਅਤੇ ਅਸਟਰੇਲੀਆ ਵਿਚ ਬੁਢਾਪੇ ਵੇਲੇ ਘਰਾਂ ਤਕ ਪਹੁੰਚ ਕੇ ਬਿਰਧਾਂ ਦੀ ਦੇਖ-ਰੇਖ ਕਰਨਾ ਸਰਕਾਰੀ ਫ਼ਰਜ਼ ਹੈ ਜਿਸ ਨਾਲ ਪੁੱਤਰਾਂ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ। ਕਾਸ਼! ਕਿ ਸਾਡੇ ਮੁਲਕ ਵਿਚ ਸਿਆਣੀ ਉਮਰੇ ਵਡੇਰਿਆਂ ਦੀ ਦੇਖਭਾਲ ਦੇ ਪੁਖਤਾ ਪ੍ਰਬੰਧ ਹੋ ਜਾਣ ਤਾਂ ਧੀਆਂ ਦੀ ਬੇਕਦਰੀ ਘੱਟ ਸਕਦੀ ਹੈ। ਉਹ ਅਣਚਾਹੀਆਂ ਨਹੀਂ ਰਹਿਣਗੀਆਂ।