ਲੋਕਾਂ ਦੇ ਚੁਣੇ ਹਾਕਮ ਨੂੰ ਹੰਕਾਰੀ ਨਹੀਂ ਬਣਨਾ ਚਾਹੀਦਾ ¸ ਇਤਿਹਾਸ ਦਾ ਇਹ ਸਬਕ ਹੈ ਮੋਦੀ ਜੀ ਲਈ ਵੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਭਾਜਪਾ ਪਾਰਟੀ ਹੀ ਕਿਸਾਨ, ਗ਼ਰੀਬ, ਮਜ਼ਦੂਰ ਤੇ ਮੱਧਵਰਗੀ ਲੋਕਾਂ ਦੀ ਵਿਰੋਧੀ ਪਾਰਟੀ ਹੈ।

PM Modi

ਮੇਰੇ ਮਨ ’ਚ ਅੱਜ ਵਿਚਾਰ ਆਇਆ ਕਿ ਹੁਣ ਸਾਨੂੰ ਆਮ ਲੋਕਾਂ ਨੂੰ ਇਹ ਭੁਲੇਖਾ ਮਨ ਵਿਚੋਂ ਕੱਢ ਹੀ ਦੇਣਾ ਚਾਹੀਦਾ ਹੈ ਕਿ ਮੋਦੀ ਜੀ ਕਦੇ ਆਮ ਲੋਕਾਂ ਦਾ ਵੀ ਕੁੱਝ ਸੰਵਾਰ ਸਕਣਗੇ। ਦੋ ਵੱਡੇ ਮੌਕੇ ਆਪਾਂ ਹੁਣੇ-ਹੁਣੇ ਲਗਭਗ ਸਾਲ ਦੇ ਅੰਦਰ ਹੀ ਵੇਖ ਚੁੱਕੇ ਹਾਂ। ਕੋਰੋਨਾ ਦਾ ਸਮਾਂ ਆਇਆ। ਜਦੋਂ ਕੋਰੋਨਾ ਸਾਡੇ ਦੇਸ਼ ਵਿਚ ਸਿਖਰ ਤੇ ਪਹੁੰਚਿਆ ਤਾਂ ਮੋਦੀ ਸਰਕਾਰ ਨੇ ਨਾ ਡੀਜ਼ਲ ਤੇ ਨਾ ਹੀ ਪਟਰੌਲ ਸਸਤਾ ਕੀਤਾ ਹਾਲਾਂਕਿ ਸਰਕਾਰ ਨੂੰ ਅੰਤਰ-ਰਾਸ਼ਟਰੀ ਮੰਡੀ ਵਿਚੋਂ ਬਹੁਤ ਹੀ ਸਸਤੇ ਭਾਅ ਮਿਲਣ ਲੱਗ ਪਿਆ ਸੀ। ਇਹ ਦੋਵੇਂ ਜਿਸ ਭਾਅ ਵਿਦੇਸ਼ਾਂ ਤੋਂ ਖ਼ਰੀਦੇ ਜਾਂਦੇ ਸਨ, ਔਖੇ ਦਿਨਾਂ ਵਿਚ ਉਸੇ ਭਾਅ ਤੇ ਲੋਕਾਂ ਨੂੰ ਦੇ ਦਿੰਦੇ ਤਾਂ ਮਹਿੰਗਾਈ ਕਾਫ਼ੀ ਹੱਦ ਤਕ ਕਾਬੂ ਵਿਚ ਆ ਜਾਂਦੀ।

ਇਸ ਗੱਲ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਭਾਜਪਾ ਪਾਰਟੀ ਹੀ ਕਿਸਾਨ, ਗ਼ਰੀਬ, ਮਜ਼ਦੂਰ ਤੇ ਮੱਧਵਰਗੀ ਲੋਕਾਂ ਦੀ ਵਿਰੋਧੀ ਪਾਰਟੀ ਹੈ। ਕੋਰੋਨਾ ’ਚ ਵੱਡੇ-ਵੱਡੇ ਮੁਲਕਾਂ ਜਿਵੇਂ ਕੈਨੇਡਾ, ਅਮਰੀਕਾ ਤੇ ਇੰਗਲੈਂਡ ਵਰਗਿਆਂ ਨੇ ਕੁਦਰਤ ਦੇ ਭੈਅ ’ਚ ਰਹਿ ਕੇ ਅਪਣੇ ਲੋਕਾਂ ਨਾਲ ਰਾਬਤਾ ਏਨਾ ਨੇੜੇ ਦਾ ਬਣਾਇਆ ਕਿ ਉਨ੍ਹਾਂ ਨੇ ਸਾਬਤ ਕਰ ਦਿਤਾ ਕਿ ਪਹਿਲੇ ਨੰਬਰ ਤੇ ਪ੍ਰਮਾਤਮਾ ਅਤੇ ਦੂਜੇ ਨੰਬਰ ਤੇ ਹਰ ਦੇਸ਼ ਦੀ ਸਰਕਾਰ ਹੀ ਹੁੰਦੀ ਹੈ, ਜੋ ਅਪਣੇ ਆਮ ਲੋਕਾਂ ਦੀ ਔਕੜ ਸਮੇਂ ਮਦਦ ਕਰਦੀ ਹੈ ਪਰ ਸਾਡੇ ਤਾਂ ਮੋਦੀ ਜੀ ਮਨ ਕੀ ਬਾਤ ਹੀ ਉਦੋਂ ਵੀ ਕਰਦੇ ਰਹੇ ਸੀ ਤੇ ਦਿਲ ਕੀ ਬਾਤ ਤਾਂ ਇਉਂ ਜਾਪਦਾ ਹੈ ਕਿ ਸਿਰਫ਼ ਤੇ ਸਿਰਫ਼ ਅੰਬਾਨੀ ਤੇ ਅਡਾਨੀ ਨਾਲ ਹੀ ਕਰਦੇ ਹਨ। ਅਮੀਰ, ਜੋ ਬੇਹੱਦ ਅਮੀਰ ਲੋਕ ਨੇ, ਉਨ੍ਹਾਂ ਨਾਲ ਰਹਿਣ ਕਰ ਕੇ ਮੋਦੀ ਜੀ ਹੰਕਾਰੀ ਵੀ ਹੋ ਗਏ ਹਨ। 

ਮੇਰਾ ਪੱਕਾ ਵਿਸ਼ਵਾਸ ਇਹ ਵੀ ਹੈ ਕਿ ਅੱਤ ਤੇ ਖ਼ੁਦਾ ਦਾ ਵੈਰ ਰਿਹਾ ਹੈ। ਇਹ ਮੈਂ ਨਹੀਂ ਕਹਿੰਦਾ, ਇਹ ਇਤਿਹਾਸ ਆਖਦਾ ਹੈ। ਇਸੇ ਮੁਲਕ ਅੰਦਰ ਸਿੱਖਾਂ ਪ੍ਰਤੀ ਅੱਤ ਚੁੱਕਣ ਵਾਲੇ ਇੰਦਰਾ ਤੇ ਰਾਜੀਵ ਦੱਸੋ ਅੱਜ ਕਿੱਥੇ ਹਨ? ਮਰਨਾ ਤਾਂ ਹਰ ਇਨਸਾਨ ਨੇ ਹੀ ਹੈ ਪਰ ਜਿਹੜੀ ਮੌਤ ਇੰਦਰਾ ਤੇ ਰਾਜੀਵ ਦੀ ਹੋਈ, ਕੀ ਉਹ ਮੌਤ ਅੱਤ ਤੇ ਖ਼ੁਦਾ ਦਾ ਵੈਰ ਹੋਣ ਦੀ ਗਵਾਹੀ ਨਹੀਂ ਭਰਦੀ? ਇੰਦਰਾ ਗਾਂਧੀ ਲੱਖ ਰਾਜਨੀਤਕ ਖੇਡਾਂ ਖੇਡਦੀ ਪਰ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਨਾ ਕਰਦੀ ਅਤੇ ਨਾ ਹੀ ਬੇਗੁਨਾਹ ਸ਼ਰਧਾਲੂਆਂ ਤੇ ਜ਼ੁਲਮ ਢਾਹੁੰਦੀ ਤਾਂ ਸ਼ਾਇਦ ਉਸ ਦੀ ਮੌਤ ਗੋਲੀ ਨਾਲ ਨਾ ਹੁੰਦੀ। ਰਾਜੀਵ ਗਾਂਧੀ ਉਸ ਤੋਂ ਵੀ ਦੋ ਕਦਮ ਅੱਗੇ ਲੰਘਿਆ। ‘ਖ਼ੂਨ ਕਾ ਬਦਲਾ ਖ਼ੂਨ ਨਾਲ’ ਲੈਣ ਵਾਲਾ ਆਪ ਕਿਹੜੀ ਮੌਤ ਮਰਿਆ? ਪਤਾ ਹੀ ਨਾ ਰਿਹਾ ਕਿ ਜਿਹੜੇ ਅੰਗਾਂ ਨੂੰ ਅਗਨੀ ਭੇਂਟ ਕੀਤਾ ਗਿਆ, ਕੀ ਉਹ ਰਾਜੀਵ ਦੇ ਹੀ ਸਨ? 
ਮੈਂ ਕਈ ਵਾਰ ਅਪਣੇ ਆਲੇ-ਦੁਆਲੇ ਵੇਖਦਾ ਵਿਚਾਰਦਾ ਘੋਖਦਾ ਵੀ ਹਾਂ ਕਿ ਇਕ ਮੌਤ ਹੀ ਬਹੁਤ ਵੱਡਾ ਸੁਨੇਹਾ ਹੁੰਦੀ ਹੈ ਹਰ ਆਦਮੀ ਲਈ ਕਿ ਉਸ ਨੇ ਜੀਵਨ ਵਿਚ ਕਿਹੋ ਜਹੇ ਕੰਮ ਕੀਤੇ ਹਨ!

ਚਾਹੇ ਰਾਜਨੀਤਕ ਵੱਡੇ ਲੋਕ ਅਪਣਾ ਆਖ਼ਰੀ ਸਮਾਂ ਛੁਪਾ ਲੈਂਦੇ ਹਨ ਕਿਉਂਕਿ ਉਨ੍ਹਾਂ ਕੋਲ ਸਾਧਨਾਂ ਦੀ ਕੋਈ ਘਾਟ ਨਹੀਂ ਹੁੰਦੀ ਪਰ ਜੇ ਉਹ ਇਮਾਨਦਾਰੀ ਨਾਲ ਅਪਣਾ ਅੰਤਲਾ ਸਮਾਂ ਕਲਮਬੱਧ ਕਰਨ ਤਾਂ ਬਹੁਤ ਸਾਰੇ ਅੰਦਰਲੇ ਸੱਚ ਬਾਹਰ ਆ ਸਕਦੇ ਹਨ। ਪਰ ਆਮ ਲੋਕ ਵੀ ਕਾਫ਼ੀ ਹੱਦ ਤਕ ਸਹੀ ਅੰਦਾਜ਼ੇ ਲਾ ਲੈਂਦੇ ਹਨ। ਜਿਹੜੇ ਪੁਲਿਸ ਅਫ਼ਸਰਾਂ ਨੇ ਝੂਠੇ ਪੁਲਿਸ ਮੁਕਾਬਲੇ ਪੰਜਾਬ ’ਚ ਬਣਾਏ ਹਨ ਉਨ੍ਹਾਂ ’ਚੋਂ ਬਹੁਤਿਆਂ ਬਾਰੇ ਆਪਾਂ ਵੇਖ ਚੁੱਕੇ ਹਾਂ ਪਰ ਉਨ੍ਹਾਂ ਦੇ ਮੁਖੀ ਕੇ.ਪੀ.ਐਸ. ਗਿੱਲ ਦੀ ਅਸਲੀਅਤ ਭਾਵ ਅੰਤਲਾ ਸਮਾਂ ਭਾਵੇਂ ਚੰਗੀ ਤਰ੍ਹਾਂ ਪਤਾ ਨਹੀਂ ਲਗਦਾ ਪਰ ਸਿਰਦਾਰ ਸਰਬਜੀਤ ਸਿੰਘ ਘੁਮਾਣ ਜੀ ਦੀ ਲਿਖੀ ਪੁਸਤਕ ‘ਪੰਜਾਬ ਦਾ ਬੁੱਚੜ ਕੇ.ਪੀ.ਐਸ ਗਿੱਲ’ ਲਗਭਗ ਸਾਰਾ ਕੁੱਝ ਦੱਸ ਦੇਂਦੀ ਹੈ। ਵੇਖੋ ਬੁੱਚੜ ਦਾ ਰੁਤਬਾ ਸਾਰੇ ਪੰਜਾਬੀਆਂ ਨੇ ਪ੍ਰਵਾਨ ਹੀ ਕੀਤਾ ਹੈ।

ਉਸ ਦੇ ਨਜ਼ਦੀਕੀ ਭਾਵੇਂ ਨਾ ਮੰਨਣ ਪਰ ਪੰਜਾਬ ਦਾ ਜਨ-ਸਮੂਹ ਪ੍ਰਵਾਨ ਕਰਦਾ ਹੀ ਕਰਦਾ ਹੈ। ਇਸੇ ਤਰ੍ਹਾਂ ਇਨਸਾਨ ਬਹੁਤ ਕੁੱਝ ਅਮੀਰੀ ਜਾਂ ਰਾਜਭਾਗ ਦੇ ਨਸ਼ੇ ਵਿਚ ਅਜਿਹਾ ਕਰ ਜਾਂਦਾ ਹੈ ਜਿਸ ਨੂੰ ਭਾਵੇਂ ਛੁਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਆਖ਼ਰ ਬਹੁਤਾ ਕੁੱਝ ਆਮ ਲੋਕਾਂ ’ਚ ਨਸ਼ਰ ਹੋ ਹੀ ਜਾਂਦਾ ਹੈ। ਹੁਣ ਰਾਜਨੀਤਕ ਵੱਡੇ ਲੀਡਰਾਂ ਬਾਰੇ ਆਮ ਲੋਕ ਅਕਸਰ ਹੀ ਗੱਲਬਾਤ ਕਰਦੇ ਆਖ ਦਿੰਦੇ ਹਨ ਕਿ ਇਹ ਤਾਂ ਸਾਰੇ ਇਕੋ ਜਹੇ ਹੀ ਹਨ, ਇਨ੍ਹਾਂ ਨੇ ਕਿਹੜੀ ਮਿਹਨਤ ਕਰਨੀ ਹੈ, ਸਾਨੂੰ ਹੀ ਲੁਟਣਾ ਹੈ। ਇਕ ਸਮਾਂ ਹੁੰਦਾ ਸੀ ਕਿ ਲੋਕ ਆਖਿਆ ਕਰਦੇ ਸਨ ਕਿ ਪੈਸੇ ਦਾ ਕੀ ਐ ਇਹ ਤਾਂ ਕੰਜਰਾਂ ਕੋਲ ਬਥੇਰਾ ਹੁੰਦੈ ਪਰ ਹੁਣ ਇਹ ਵੀ ਆਖਦੇ ਹਨ, ਯਾਰ ਪੈਸੇ ਦਾ ਕੀ ਕਹਿਣਾ ਇਹ ਤਾਂ ਲੀਡਰਾਂ ਕੋਲ ਬਥੇਰਾ ਹੈ। ਸੋ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਨਾ ਰੱਦ ਕਰਨਾ ਹੁਣ ਤਾਂ ਇਹੀ ਜ਼ਾਹਰ ਕਰਦਾ ਹੈ ਲੋਕ ਰਾਏ ਨੁੰ ਜੁੱਤੀ ਦੀ ਨੋਕ ਨਾਲ ਠੁਕਰਾਉਣ ਦੇ ਦੋ ਹੀ ਕਾਰਨ ਹਨ¸ ਇਕ ਮੋਦੀ ਦਾ ਅੰਬਾਨੀ ਅਡਾਨੀ ਨੂੰ ਖ਼ੁਸ਼ ਕਰਨਾ ਤੇ ਨਾਲ ਰਖਣਾ, ਦੂਜਾ ਹੰਕਾਰ। ਇਹ ਨੀਤੀ ਮੋਦੀ ਜੀ ਦੀ ਲੋਕ ਮਾਰੂ ਨੀਤੀ ਹੈ ਤੇ ਭਾਜਪਾ ਲੀਡਰਸ਼ਿਪ ਦਾ ਇਸ ਨੀਤੀ ਵਿਚ ਸਿਰ ਝੁਕਾ ਕੇ ਸਾਥ ਦੇਣਾ ਜ਼ਾਹਰ ਕਰਦਾ ਹੈ ਕਿ ਭਾਜਪਾ ਕਿਸਾਨ, ਮਜ਼ਦੂਰ, ਗ਼ਰੀਬ ਤੇ ਮੱਧਵਰਗੀ ਲੋਕਾਂ ਦੀ ਵਿਰੋਧੀ ਪਾਰਟੀ ਹੀ ਹੈ। 
-ਤੇਜਵੰਤ ਸਿੰਘ ਭੰਡਾਲ, ਫ਼ਤਿਹਗੜ੍ਹ ਸਾਹਿਬ, ਸੰਪਰਕ : 98152-67963