ਧਰਤੀ ਨਾਲ ਜੁੜੇ ਲੋਕ    

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਇਸ ਧਰਤੀ ਉਤੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਹਰ ਵੇਲੇ ਇਸ ਗਿਣਤੀ ਮਿਣਤੀ ਵਿਚ ਉਲਝੇ ਰਹਿੰਦੇ ਹਨ

image

ਇਸ ਧਰਤੀ ਉਤੇ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜੋ ਹਰ ਵੇਲੇ ਇਸ ਗਿਣਤੀ ਮਿਣਤੀ ਵਿਚ ਉਲਝੇ ਰਹਿੰਦੇ ਹਨ ਕਿ ਉਹ ਵੱਧ ਤੋਂ ਵੱਧ ਧਨ ਕਿਹੜੇ ਢੰਗ ਨਾਲ ਕਮਾ ਸਕਦੇ ਹਨ। ਨਵੀਂ ਤੋਂ ਨਵੀਂ ਗੱਡੀ, ਮਹਿੰਗੇ ਤੋਂ ਮਹਿੰਗਾ ਮੋਬਾਈਲ, ਐਫ. ਡੀ. ਤੇ ਵੱਧ ਤੋਂ ਵੱਧ ਵਿਆਜ, ਇਕ ਪਲਾਟ, ਦੋ ਪਲਾਟ, ਕੋਠੀ ਦੀ ਰੈਨੋਵੇਸ਼ਨ ਦਾ ਹਿਸਾਬ ਕਿਤਾਬ ਲਗਾਉਂਦਿਆਂ ਉਨ੍ਹਾਂ ਕੋਲ ਦੂਜਿਆਂ ਬਾਰੇ ਕੁੱਝ ਸੋਚਣ ਦਾ ਸਮਾਂ ਹੀ ਨਹੀਂ ਹੁੰਦਾ। ਉਨ੍ਹਾਂ ਦੀ ਸੋਚ ਕੇਵਲ ਇਥੋਂ ਤਕ ਮਹਿਦੂਦ ਹੁੰਦੀ ਹੈ ਕਿ ਕੇਵਲ ਅਪਣੇ ਲਈ ਨਹੀਂ ਸਗੋਂ ਆਉਣ ਵਾਲੀਆਂ ਅਪਣੀਆਂ ਦੋ ਚਾਰ ਪੀੜ੍ਹੀਆਂ ਲਈ ਵੀ ਪੈਸਾ ਇਕੱਠਾ ਕਰ ਜਾਉ। 
ਪਤਾ ਨਹੀਂ ਉਨ੍ਹਾਂ ਤੋਂ ਕਮਾ ਹੋਣਾ ਹੈ ਜਾਂ ਨਹੀਂ ਪਰ ਦੂਜਿਆਂ ਲਈ ਜਿਊਣ ਵਾਲੇ ਇਸ ਧਰਤੀ ਤੇ ਉਹ ਲੋਕ ਵੀ ਹਨ, ਜੋ ਅਪਣੀ ਜ਼ਿੰਦਗੀ ਜਿਊਣ ਦੇ ਨਾਲ-ਨਾਲ ਦੂਜਿਆਂ ਬਾਰੇ ਵੀ ਬਹੁਤ ਕੁੱਝ ਸੋਚਦੇ ਹਨ। ਉਨ੍ਹਾਂ ਦੇ ਹੱਥ ਕੇਵਲ ਅਪਣੇ ਵਲ ਨੂੰ ਹੀ ਨਹੀਂ ਮੁੜਦੇ ਸਗੋਂ ਦੂਜਿਆਂ ਦਾ ਸਹਾਰਾ ਵੀ ਬਣਦੇ ਹਨ। ਇਹੋ ਜਹੇ ਦੇਵ ਪੁਰਸ਼ਾਂ ਨੂੰ ਰੱਬ ਯਾਦ ਹੁੰਦੈ। ਉਨ੍ਹਾਂ ਨੂੰ ਨੋਟਾਂ ਨਾਲ ਨਹੀਂ ਸਗੋਂ ਲੋਕਾਂ ਨਾਲ ਲਗਾਅ ਹੁੰਦੈ। 
ਅਧਿਆਪਕ ਹੋਣ ਦੇ ਨਾਤੇ ਮੇਰੀ ਇਕ ਆਦਤ ਰਹੀ ਹੈ ਕਿ ਮੈਂ ਹੋਣਹਾਰ ਬਚਿਆਂ ਬਾਰੇ ਲਿਖ ਕੇ ਉਨ੍ਹਾਂ ਨੂੰ ਅਖ਼ਬਾਰਾਂ ਤੇ ਰਸਾਲਿਆਂ ਵਿਚ ਪ੍ਰਕਾਸ਼ਤ ਕਰਵਾਉਂਦਾ ਰਹਿੰਦਾ ਹਾਂ। ਇਸ ਕਾਰਜ ਪਿਛੇ ਭਾਵੇਂ ਮੇਰਾ ਅਪਣਾ ਵੀ ਸਵਾਰਥ ਹੁੰਦੈ ਪਰ ਜਦੋਂ ਬੱਚੇ ਮੇਰੇ ਵਲੋਂ ਲਿਖੀ ਅਪਣੀ ਪ੍ਰਸ਼ੰਸ਼ਾ ਨੂੰ ਪੜ੍ਹਦੇ ਹਨ ਤਾਂ ਉਹ ਉਤਸ਼ਾਹਤ ਹੁੰਦੇ ਹਨ। ਉਨ੍ਹਾਂ ਦੇ ਕਦਮਾਂ ਵਿਚ ਹੋਰ ਜ਼ਿਆਦਾ ਤੇਜ਼ੀ ਆ ਜਾਂਦੀ ਹੈ। ਉਨ੍ਹਾਂ ਨੂੰ ਅਪਣੀ ਮੰਜ਼ਿਲ ਸੋਹਣੀ ਤੇ ਸੁਨਿਹਰੀ ਲੱਗਣ ਲੱਗ ਪੈਂਦੀ ਹੈ। ਪਰ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਮੇਰੀ ਕਲਮ ਤੋਂ ਉਕਰੇ ਸ਼ਬਦਾਂ ਨੂੰ ਪੜ੍ਹ ਕੇ ਧਰਤੀ ਨਾਲ ਜੁੜੇ ਲੋਕ ਉਨ੍ਹਾਂ ਬੱਚਿਆਂ ਦੀ ਬਾਂਹ ਫੜਨ ਲਈ ਅੱਗੇ ਆ ਜਾਣਗੇ ਜਿਨ੍ਹਾਂ ਦੇ ਗੁਣਾਂ ਨੂੰ ਮੈਂ ਉਜਾਗਰ ਕੀਤਾ ਹੈ। ਪਿਛਲੇ ਮਹੀਨਿਆਂ ਵਿਚ ਮੈਂ ਅਪਣੀ ਸੰਸਥਾ ਦੀਆਂ ਦੋ ਵਿਦਿਆਰਥਣਾਂ ਪਿੰਕੀ ਤੇ ਆਰਤੀ ਦੇ ਗੁਣਾਂ ਨੂੰ ਅਪਣੀ ਕਲਮ ਰਾਹੀਂ ਸਮਾਜ ਦੇ ਲੋਕਾਂ ਸਾਹਮਣੇ ਜ਼ਿਆਦਾ ਸੀ। ਉਹ ਦੋਵੇਂ ਵਿਦਿਆਰਥਣਾਂ ਪ੍ਰਵਾਸੀ ਮਜ਼ਦੂਰਾਂ ਜੋ ਕਿ ਛੋਟੇ-ਮੋਟੇ ਧੰਦੇ ਕਰ ਕੇ ਅਪਣੇ ਪ੍ਰੀਵਾਰਾਂ ਦਾ ਢਿੱਡ ਭਰਦੇ ਹਨ, ਦੀਆਂ ਲਾਡਲੀਆਂ ਧੀਆਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਬਹੁਤ ਹੀ ਮਾਣ ਮੱਤੀਆਂ ਹਨ। ਉਹ ਬੱਚੀਆਂ ਅਪਣੇ ਪ੍ਰੀਵਾਰ ਦੇ ਮਾਲੀ ਸਾਧਨਾਂ ਤੋਂ ਤਾਂ ਗ਼ਰੀਬ ਹਨ ਪਰ ਮਿਹਨਤ ਪੱਖੋਂ ਬਹੁਤ ਅਮੀਰ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਨੇ ਸਕੂਲ ਨੂੰ ਵੀ ਦੂਜਿਆਂ ਦੇ ਧਿਆਨ ਵਿਚ ਲਿਆਂਦਾ ਹੈ। 
ਛੁੱਟੀ ਵਾਲੇ ਦਿਨ ਮੈਂ ਅਪਣੇ ਘਰ ਬੈਠਾ ਚਿੱਟੇ ਵਰਕਿਆਂ ਉਤੇ ਸ਼ਬਦ ਉਕੇਰ ਰਿਹਾ ਸਾਂ ਕਿ ਮੇਰੇ ਫ਼ੋਨ ਦੀ ਘੰਟੀ ਵੱਜੀ। ਮੈਂ ਫ਼ੋਨ ਸੁਣਿਆ। ਅੱਗੋਂ ਆਵਾਜ਼ ਆਈ ਵੀਰ ਜੀ, 'ਤੁਸੀ ਪ੍ਰਿੰਸੀਪਲ ਵਿਜੈ ਕੁਮਾਰ ਬੋਲ ਰਹੇ ਹੋ?' ਮੈਂ ਬੋਲਿਆ, 'ਜੀ ਹਾਂ ਮੈਡਮ।' ਉਹ ਨੇਕ ਔਰਤ ਬੋਲੀ ''ਵੀਰ ਜੀ, ਮੈਂ ਲੁਧਿਆਣੇ ਜ਼ਿਲ੍ਹੇ ਤੋਂ ਪਰਮਵੀਰ ਕੌਰ ਬੋਲ ਰਹੀ ਹਾਂ। ਪੰਜਾਬ ਸਕੂਲ ਸਿਖਿਆ ਬੋਰਡ ਦੇ ਰਸਾਲੇ ਪ੍ਰਾਇਮਰੀ ਸਿਖਿਆ ਵਿਚ ਆਪ ਜੀ ਵਲੋਂ ਦੋ ਵਿਦਿਆਰਥਣਾਂ ਪਿੰਕੀ ਅਤੇ ਆਰਤੀ ਬਾਰੇ ਲਿਖਆ ਹੋਇਆ ਲੇਖ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਮੈਂ ਤੁਹਾਡੇ ਯਤਨਾਂ ਨੂੰ ਸਲਾਹੁਣ ਦੀ ਸੋਚ ਰਖਦੀ ਹਾਂ।'' ਲਿਖਣ ਵਿਚ ਮਸ਼ਰੂਫ਼ ਹੋਣ ਕਾਰਨ ਮੈਂ ਧਨਵਾਦ ਸ਼ਬਦ ਆਖ ਕੇ ਮੋਬਾਈਲ ਦੇ ਬੰਦ ਹੋਣ ਦਾ ਬਟਨ ਦਬਾ ਦਿਤਾ। ਪਰ ਮੋਬਾਈਕਲ ਦੁਆਰਾ ਵੱਜ ਪਿਆ। ਮੈਡਮ ਅੱਗੋਂ ਬੋਲੇ ''ਸਰ, ਮੋਬਾਈਲ ਨਾ ਬੰਦ ਕਰੋ। ਤੁਸੀ ਮੈਨੂੰ ਉਨ੍ਹਾਂ ਵਿਦਿਆਰਥੀਆਂ ਦੇ ਬੈਂਕ ਖਾਤਿਆਂ ਦਾ ਨੰਬਰ ਦਸ ਦੇਣਾ। ਮੈਂ ਉਨ੍ਹਾਂ ਦੀ ਪੜ੍ਹਾਈ ਲਈ ਅਪਣੇ ਵਲੋਂ ਥੋੜਾ ਬਹੁਤ ਕੁੱਝ ਦੇਣਾ ਚਾਹੁੰਦੀ ਹਾਂ।'' ਉਸ ਨੇਕ ਦਿਲ ਔਰਤ ਦੀਆਂ ਗੱਲਾਂ ਸੁਣ ਕੇ ਮਨ ਨੂੰ ਕਾਫ਼ੀ ਸਕੂਨ ਮਿਲਿਆ। ਕੁੱਝ ਦਿਨ ਬਾਅਦ ਮੈਂ ਉਸ ਦੇਵੀ ਨੂੰ ਉਨ੍ਹਾਂ ਬੱਚਿਆਂ ਦੇ ਬੈਂਕ ਖਾਤਿਆਂ ਦੇ ਨੰਬਰ ਭੇਜ ਦਿਤੇ। ਮੇਰਾ ਸਲਾਮ ਹੈ ਇਹੋ ਜਹੇ ਧਰਤੀ ਨਾਲ ਜੁੜੇ ਦੇਵ ਪੁਰਸ਼ਾਂ ਨੂੰ।
ਲੁਧਿਆਣੇ ਸ਼ਹਿਰ ਦੇ ਹੀ ਇਕ ਨਾਮਵਰ ਵਿਗਿਆਨ ਤੇ ਅੰਤਰਰਾਸ਼ਟਰੀ ਲੇਖਕ ਨੇ ਵੀ ਉਨ੍ਹਾਂ ਬਚਿਆਂ ਬਾਰੇ ਮੇਰਾ ਲਿਖਿਆ ਲੇਖ ਪੜ੍ਹਿਆ। ਉਸ ਨੇ ਉਨ੍ਹਾਂ ਵਿਦਿਆਰਥਣਾਂ ਦੇ ਮੈਥੋਂ ਫ਼ੋਨ ਨੰਬਰ ਲੈ ਕੇ ਉਨ੍ਹਾਂ ਨੂੰ ਕਿਹਾ, 'ਧੀਆਂ ਦਾ ਉਚੇਰੀ ਸਿਖਿਆ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ। ਤੁਸੀ ਬਹੁਤ ਖ਼ੁਸ਼ਨਸੀਬ ਹੋ ਜਿਹੜੀਆਂ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹਨ। ਤੁਸੀ ਮੇਰਾ ਫ਼ੋਨ ਨੰਬਰ ਨੋਟ ਕਰ ਲਉ। ਤੁਹਾਨੂੰ ਕਾਲਜ ਤੇ ਯੂਨੀਵਰਸਟੀ ਪੱਧਰ ਤਕ ਦੀ ਪੜ੍ਹਾਈ ਲਈ ਜਿੰਨੀ ਵੀ ਸਹਾਇਤਾ ਦੀ ਲੋੜ ਹੋਈ, ਮੈਂ ਤੁਹਾਡੀ ਸਹਾਇਤਾ ਜ਼ਰੂਰ ਕਰਾਂਗਾ।'' 
ਅਸੀ ਹਰ ਸਾਲ ਸਕੂਲ ਦੇ ਸਾਲਾਨਾ ਨਤੀਜੇ ਕੱਢਣ ਵੇਲੇ ਬਚਿਆਂ ਦਾ ਹੌਂਸਲਾ ਵਧਾਉਣ ਲਈ ਇਨਾਮ ਦਿੰਦੇ ਹਾਂ। ਇਨਾਮ ਕਿਸੇ ਨਾ ਕਿਸੇ ਦਾਨੀ ਸੱਜਣ ਵਲੋਂ ਹੁੰਦੇ ਹਨ। ਇਸ ਸਾਲ ਇਕ ਦਾਨੀ ਸੱਜਣ ਨੇ ਨਤੀਜਾ ਨਿਕਲਣ ਤੋਂ ਪਹਿਲਾਂ ਹੀ ਮੈਨੂੰ ਫ਼ੋਨ ਕਰ ਕੇ ਕਹਿ ਦਿਤਾ ਕਿ ਇਸ ਵੇਰ ਇਨਾਮ ਮੇਰੇ ਵਲੋਂ ਹੋਣਗੇ। ਮੇਰਾ ਸਲਾਮ ਹੈ ਉਨ੍ਹਾਂ ਲੋਕਾਂ ਨੂੰ ਜੋ ਅਪਣੇ ਹੱਥ ਸਮਾਜ ਵਲ ਵੀ ਵਧਾਉਂਦੇ ਹਨ।   
ਪ੍ਰਿੰਸੀਪਲ ਵਿਜੈ ਕੁਮਾਰ ਸੰਪਰਕ : 98726-27136