ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੇ ਸਿਖਿਆਵਾਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਗੁਰੂ ਜੀ ਦੀ ਰਚਨਾ ਸਰਲ ਭਾਸ਼ਾ ਵਿਚ ਲਿਖੀ ਗਈ, ਜੋ ਹਰ ਪ੍ਰਾਣੀ ਮਾਤਰ ਨੂੰ ਬਿਨਾ ਕਿਸੇ ਜ਼ਿਆਦਾ ਮੁਸ਼ੱਕਤ ਦੇ ਸਮਝ ਆ ਜਾਂਦੀ ਹੈ।

Guru Tegh Bahadur Sahib

ਤੌ  ਹੀਦ, ਸਾਂਝੀਵਾਲਤਾ ਤੇ ਸਮਾਨਤਾ ਦਾ ਨਾਹਰਾ-ਏ-ਹੱਕ ਬੁਲੰਦ ਕਰਨਾ ਕਿਸੇ ੴ ਦੇ ਉਪਾਸ਼ਕ, ਰੱਬ-ਰੱਤੇ ਗੋਬਿੰਦ ਰੂਪ ਤੇ ਧੁਰੋਂ ਵਰਸਾਈ ਹਸਤੀ ਦਾ ਹੀ ਕੰਮ ਹੋ ਸਕਦਾ ਹੈ ਤੇ ਉਹ ਅਦੁਤੀ ਸ਼ਖ਼ਸੀਅਤ ਸੀ, ਬਾਬਾ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਅਪਣੀਆਂ ਸਾਰੀਆਂ ਬਖ਼ਸ਼ਿਸ਼ਾਂ ਨਾਲ ਸੁਹਜ-ਸਵਾਰ ਕੇ ਮਨੁੱਖੀ ਜਾਮੇ ਵਿਚ, ਸਮਾਜ ਵਿਚ ਆ ਚੁੱਕੀ ਗਿਰਾਵਟ ਨੂੰ ਦੂਰ ਕਰਨ ਲਈ ਮਾਤ ਲੋਕ ਤੇ ਭੇਜਿਆ। ਇਸ ਰੱਬੀ ਜੋਤਿ ਦੇ ਬਾਬਤ ਭੱਟ ਸਾਹਿਬਾਨ ਆਖਦੇ ਹਨ:
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ 
(ਭੱਟ ਮਥੁਰਾ, ਪੰਨਾ-1408)
ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥  (ਵਾਰ ਪਹਿਲੀ, ਪਉੜੀ 23)

ਉਨ੍ਹਾਂ ਨੇ ਮਨੁੱਖਤਾ ਦਾ ਦਰਦ ਵੰਡਾਉਣ ਦੀ ਖ਼ਾਤਰ, ਜਰਵਾਣੇ ਹਾਕਮਾਂ ਦੇ ਜ਼ੁਲਮ ਹੇਠ ਦੱਬੇ-ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਖ਼ਾਤਰ, ਉਨ੍ਹਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਤੇ ਸਮਾਜ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਸੰਸਾਰ ਦਾ ਭ੍ਰਮਣ ਕੀਤਾ। ਇਸ ਸਮੇਂ ਬਾਬਾ ਨਾਨਕ ਸਾਹਿਬ ਜੀ ਨੇ ਲੋਕਾਈ ਨੂੰ ਇਕਓਂਕਾਰ ਨਾਲ ਜੋੜਨ ਲਈ ਸ਼ਬਦ ਨੂੰ ਅਪਣੀ ਸੁਰਤ ਵਿਚ ਵਸਾਉਣ ਦੀ ਪ੍ਰੇਰਣਾ ਦਿਤੀ। ਕੁਰਾਹੇ ਪਈ ਲੋਕਾਈ ਨੂੰ ਸ਼ਬਦ ਦੀ ਚੋਟ ਨਾਲ ਸਿੱਧੇ ਰਸਤੇ ਪਾਇਆ। ਇਨ੍ਹਾਂ ਸ਼ਬਦਾਂ ਦੇ ਭੰਡਾਰ ਨੂੰ ਗੁਰੂ ਸਾਹਿਬ ਪੋਥੀ ਵਿਚ ਦਰਜ ਕਰਦੇ ਗਏ, ਜੋ ਉਹ ਹਰ ਸਮੇਂ ਅਪਣੇ ਕੋਲ ਰਖਦੇ ਸਨ। ਉਸ ਕਿਤਾਬ/ਪੋਥੀ ਦਾ ਜ਼ਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ:
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥ ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗਿ ਮੁਸਲਾ ਧਾਰੀ॥ 
(ਪਉੜੀ 1,ਵਾਰ 32)

ਮਾਲਾ ਦੇ ਮਣਕਿਆਂ ਵਾਂਗ ਜਿਹੜੇ ਮਹਾਨ ਪੁਰਸ਼ਾਂ ਦੀ ਰਚਨਾ ਮਨੁੱਖਤਾ, ਇਨਸਾਨੀਅਤ, ਰੱਬੀ ਹੁਕਮ, ਪ੍ਰਭੂ ਭੈਅ ਤੇ ਪ੍ਰਮਾਤਮਾ ਦੇ ਪ੍ਰੇਮ ਵਿਚ ਇਕ ਸੂਤਰ ਪਰੋਈ ਹੋਈ ਸੀ, ਉਸ ਨੂੰ ਵੀ ਇਸ ਪੋਥੀ ਵਿਚ ਲਿਖਦੇ ਗਏ। ਇਸ ਦੇ ਫੈਲਾਅ ਲਈ ਉਨ੍ਹਾਂ ਨੇ ਲਹਿਣੇ ਨੂੰ ਅੰਗਦ ਬਣਾ ਨਵੇਂ ਬਸਤਰ ਪਹਿਨਾਏ ਤੇ ਸ਼ਬਦਾਂ ਦਾ ਭੰਡਾਰ ਜੋ ਪੋਥੀ ਰੂਪ ਵਿਚ ਉਨ੍ਹਾਂ ਨੇ ਅਪਣੇ ਕੋਲ ਸੰਭਾਲ ਕੇ ਰਖਿਆ ਸੀ, ਉਹ ਗੁਰੂ ਅੰਗਦ ਸਾਹਿਬ ਜੀ ਦੇ ਹਵਾਲੇ ਕਰ ਦਿਤਾ। ਇਸ ਦੀ ਗਵਾਹੀ ‘ਪੁਰਾਤਨ ਜਨਮਸਾਖੀ ਵਿਚ ਇਸ ਪ੍ਰਕਾਰ ਅੰਕਿਤ ਕੀਤੀ ਗਈ ਹੈ:
ਰਾਤਿ ਅੰਮ੍ਰਿਤ ਵੇਲਾ ਹੋਇਆ ਚਲਣੈ ਕੇ ਵਖਤਿ॥
ਤਿਤੁ ਮਹਲਿ ਜੋ ਸਬਦ ਹੋਇਆ ਸੋ ਪੋਥੀ ਗੁਰੂ ਅੰਗਦ ਜੀ ਜੋਗ ਮਿਲੀ॥
ਇਹ ਪਿਉ ਦਾਦੇ ਦਾ ਬੇਸ਼-ਕੀਮਤੀ ਅਮੋਲਕ ਖ਼ਜ਼ਾਨਾ ਚਲਦਿਆਂ ਚਲਦਿਆਂ ਗੁਰੂ ਅਰਜਨ ਸਾਹਿਬ ਜੀ ਤਕ ਪਹੁੰਚਿਆ, ਜਿਨ੍ਹਾਂ ਦਾ ਸ੍ਰੀਰ ਬਦਲਿਆ ਪਰ ਜੋਤਿ ਬਾਬਾ ਨਾਨਕ ਸਾਹਿਬ ਜੀ ਵਾਲੀ ਹੀ ਰਹੀ। ਇਸ ਵਿਚਾਰ ਦਾ ਜ਼ਿਕਰ ਭੱਟ ਸਾਹਿਬਾਨ ਨੇ ਇੰਜ ਕੀਤਾ ਹੈ :
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ॥ ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ॥ ਅਮਰਦਾਸਿ ਅਮਰਤੁ ਛਤ੍ਰ ਗੁਰ ਰਾਮਹਿ ਦੀਅਉ॥ ਗੁਰ ਰਾਮਦਾਸ ਦਸਨੇ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ॥ ਮੂਰਤਿ ਪੰਚ ਪ੍ਰਮਾਣੁ ਪੁਰਖ ਗੁਰੁ ਅਰਜਨੁ ਪਿਖਹੁ ਨਯਣ॥ 

(ਭੱਟ ਮਥੁਰਾ, ਪੰਨਾ 1408)
ਉਨ੍ਹਾਂ ਨੇ ਇਸ ਸਮੁੱਚੀ ਬਾਣੀ ਨੂੰ ਇਕ ਤਰਤੀਬ ਅਨੁਸਾਰ ਅਪਣੇ ਬਹੁਤ ਹੀ ਪਿਆਰੇ ਗੁਰਸਿੱਖ ਤੇ ਗਿਆਨ ਦੇ ਅਥਾਹ ਸਾਗਰ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਰੋਵਰ ਦੇ ਕੰਢੇ ਬੈਠ ਕੁਦਰਤੀ ਵਰਤਾਰੇ ਨੂੰ ਮਾਣਦੇ ਹੋਏ ਲਿਖਵਾਇਆ। ਇਸ ਵਿਚ ਕੁੱਲ 34 ਮਹਾਪੁਰਸਾਂ (5 ਗੁਰੂ ਸਾਹਿਬਾਨ, 15 ਭਗਤ, 11 ਭੱਟ ਤੇ 3 ਗੁਰਸਿੱਖਾਂ) ਦੀ ਬਾਣੀ 30 ਰਾਗਾਂ ਵਿਚ ਦਰਜ ਕਰਵਾਈ। ਇਸ ਨੂੰ ਪੋਥੀ ਸਾਹਿਬ ਦਾ ਨਾਮ ਦਿਤਾ ਤੇ ਇਸ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਕਰ ਕੇ ਸਮੁੱਚੀ ਮਨੁੱਖਤਾ ਨੂੰ ਅਪਣੇ ਕਲਾਵੇ ਵਿਚ ਲੈ ਲਿਆ।
ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਚਲਦੀ ਆ ਰਹੀ ਪ੍ਰੰਪਰਾ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਤੇ ਬਿਠਾਇਆ ਗਿਆ। ਉਨ੍ਹਾਂ ਦਾ ਗੁਰੂ ਕਾਲ ਦਾ ਸਮਾਂ ਲਗਭਗ 11 ਸਾਲ ਦਾ ਹੈ ਪਰ ਹੈਰਾਨਗੀ ਇਸ ਗੱਲ ਦੀ ਹੈ ਕਿ ਏਨੇ ਥੋੜੇ ਸਮੇਂ ਵਿਚ ਜਿਥੇ ਆਪ ਨੇ ਭਾਰਤ ਵਰਸ਼ ਦੇ ਦੂਰ ਦੁਰਾਡੇ ਵੱਖ-ਵੱਖ ਇਲਾਕਿਆਂ ਦਾ ਭ੍ਰਮਣ ਕੀਤਾ, ਉਥੇ ਨਾਲ ਹੀ ਬਾਣੀ ਦੀ ਰਚਨਾ ਵੀ ਕੀਤੀ। ਗੁਰੂ ਜੀ ਦੇ 59 ਸ਼ਬਦ ਤੇ 57 ਸਲੋਕ ਹਨ। ਸਲੋਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਵਿਚ ਦਰਜ ਹਨ. ਸ਼ਬਦ ਜੋ ਕਿ 15 ਰਾਗਾਂ ਵਿਚ ਹੇਠ ਲਿਖੇ ਅਨੁਸਾਰ ਹਨ:

ਰਾਗੁ ਗਉੜੀ-9 ਸ਼ਬਦ, ਰਾਗੁ ਤਿਲੰਗ-3 ਸ਼ਬਦ, ਰਾਗੁ ਆਸਾ-1, ਸ਼ਬਦ-ਰਾਗੁ ਬਿਲਾਵਲੁ-3 ਸ਼ਬਦ, ਰਾਗੁ ਦੇਵਗੰਧਾਰੀ-3 ਸ਼ਬਦ, ਰਾਗੁ ਰਾਮਕਲੀ, 3 ਸ਼ਬਦ, ਰਾਗੁ ਬਿਹਾਗੜਾ 1 ਸ਼ਬਦ, ਰਾਗੁ ਮਾਰੂ-3 ਸ਼ਬਦ, ਰਾਗੁ ਸੋਰਠਿ-12 ਸ਼ਬਦ, ਰਾਗੁ ਬਸੰਤ-5 ਸ਼ਬਦ, ਰਾਗੁ ਧਨਾਸਰੀ 4 ਸ਼ਬਦ, ਰਾਗੁ ਸਾਰੰਗ-4 ਸ਼ਬਦ, ਰਾਗੁ ਜੈਤਸਰੀ 3 ਸ਼ਬਦ, ਰਾਗੁ ਜੈਜਾਵੰਤੀ- 4 ਸ਼ਬਦ, ਰਾਗੁ ਟੋਡੀ-1 ਸ਼ਬਦ, ਕੁਲ ਜੋੜ-59 ਸ਼ਬਦ।
ਗੁਰੂ ਜੀ ਦੀ ਸੱਭ ਤੋਂ ਵੱਧ ਬਾਣੀ ਸੋਰਠਿ ਰਾਗ ਵਿਚ ਹੈ। ਗੁਰੂ ਗ੍ਰੰਥ ਸਾਹਿਬ ਵਿਚ  ਜੈਜਾਵੰਤੀ (ਜਿੱਤ ਦਾ ਰਾਗ), ਇਕ ਐਸਾ ਰਾਗ ਹੈ ਜਿਸ ਵਿਚ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਹੀ ਸ਼ਬਦ ਹਨ। ਸ੍ਰੀਰਾਗ ਦੇ ਨਾਲ ਰਾਗਾਂ ਦੀ ਸ਼ੁਰੂਆਤ ਹੁੰਦੀ ਹੈ ਤੇ ਜੈ-ਜਾਵੰਤੀ ਨਾਲ ਰਾਗਾਂ ਦੀ ਸਮਾਪਤੀ। ਇਸ  ਤੋਂ ਪਹਿਲਾਂ ਤੇ ਬਾਅਦ ਵਿਚ ਸਾਰੀ ਬਾਣੀ ਰਾਗ ਮੁਕਤ ਹੈ। ਇਹ ਸਾਰੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਸਾਹਿਬ ਵਿਚ ਦਰਜ ਕਰ ਕੇ ਇਸ ਨੂੰ ਸੰਪੂਰਨ ਕੀਤਾ।
  ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਮਨੁੱਖੀ ਜੀਵਨ ਦਾ ਆਦਰਸ਼ਕ ਫ਼ਲਸਫ਼ਾ ਹੈ, ਜੋ ਸਿਖਿਆ ਤੇ ਉਪਦੇਸ਼ ਨਾਲ ਓਤ-ਪੋਤ ਹੈ, ਮਨੁੱਖਤਾ ਤੇ ਰੱਬਤਾ ਦਾ ਮਿੱਠਾ ਰਾਗ ਹੈ, ਸੋਜ਼ ਤੇ ਸੋਹਜ ਭਰਪੂਰ ਹੈ ਜਿਸ ਵਿਚ ਜਗਤ ਦੀ ਅਸਲੀਅਤ, ਦੁੱਖ-ਸੁੱਖ, ਉਸਤਤਿ-ਨਿੰਦਿਆ, ਮਾਨ-ਅਪਮਾਨ, ਸੋਨਾ-ਮਿੱਟੀ ਦੀ ਹਕੀਕਤ ਸਾਫ਼ ਨਜ਼ਰ ਆ ਰਹੀ ਹੈ।

ਗੁਰੂ ਜੀ ਦੀ ਰਚਨਾ ਸਰਲ ਭਾਸ਼ਾ ਵਿਚ ਲਿਖੀ ਗਈ, ਜੋ ਹਰ ਪ੍ਰਾਣੀ ਮਾਤਰ ਨੂੰ ਬਿਨਾ ਕਿਸੇ ਜ਼ਿਆਦਾ ਮੁਸ਼ੱਕਤ ਦੇ ਸਮਝ ਆ ਜਾਂਦੀ ਹੈ। ਆਪ ਨੇ ਭਾਵੇਂ ਅਰਬੀ ਤੇ ਫ਼ਾਰਸੀ ਭਾਸ਼ਾ ਵਿਚ ਕਾਫ਼ੀ ਮੁਹਾਰਤ ਹਾਸਲ ਕੀਤੀ ਪਰ ਆਪ ਜੀ ਦੀ ਬਾਣੀ ਵਿਚ ਹਿੰਦਕੀ ਭਾਸ਼ਾ ਦੇ ਕਾਫ਼ੀ ਸ਼ਬਦ ਮਿਲਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਖ਼ਾਸੀਅਤ ਹੈ ਕਿ ਇਸ ਵਿਚ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਮੌਜੂਦ ਹਨ ਪਰ ਉਨ੍ਹਾਂ ਸੱਭ ਦੀ ਲਿਖਣ ਸ਼ੈਲੀ ਗੁਰਮੁਖੀ (ਲਿਪੀ) ਹੈ।
ਆਪ ਜੀ ਨੇ ਬਾਣੀ ਵਿਚ ਅਨੇਕਾਂ ਦ੍ਰਿਸ਼ਟਾਂਤਾਂ ਤੇ ਅਲੰਕਾਰਾਂ ਦੀ ਵੀ ਵਰਤੋਂ ਕੀਤੀ। ਉਪਮਾ ਅਲੰਕਾਰ ਤੇ ਰੂਪਕ ਅਲੰਕਾਰ ਦੀਆਂ ਕਈ ਉਦਹਾਰਣਾਂ ਆਪ ਜੀ ਦੀ ਰਚਨਾ ਵਿਚੋਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ ਜਿਵੇਂ:- 
ਉਪਮਾ ਅਲੰਕਾਰ : ਪੁਹਪ ਮਧਿ ਜਿਉਂ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਜੀ ਖੋਜਹੁ ਭਾਈ॥  (ਧਨਾਸਰੀ ਮਹਲਾ-9 ਪੰਨਾ-684)  ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥ ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਗਉੜੀ ਮਹਲਾ 9, ਪੰਨਾ-219)
ਰੂਪਕ ਅਲੰਕਾਰ : ਘਰਿ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗਿ ਲਾਗੀ॥ ਜਬ ਹੀ ਹੰਸ ਤਜੀ ਇਹੁ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ॥ (ਸੋਰਠਿ ਮਹਲਾ 9, ਪੰਨਾ-634)

ਸੋ ਵਿਦਵਾਨਾਂ ਅਨੁਸਾਰ ਕਿਸੇ ਵੀ ਰਚਨਾ ਦੇ ਦੋ ਪੱਖ ਹੁੰਦੇ ਹਨ, ਰੂਪ ਪੱਖ ਤੇ ਵਿਸ਼ੈ ਪੱਖ। ਰੂਪ ਪੱਖੋਂ ਆਪ ਜੀ ਦੀ ਰਚਨਾ ਸੰਗੀਤਮਈ ਹੈ, ਜੋ ਮਨੁੱਖੀ ਮਨਾਂ ਉੱਪਰ ਸਿੱਧਾ ਅਸਰ ਕਰਦੀ ਹੈ। ਜਦੋਂ ਕਿਸੇ ਵੀ ਸ਼ਬਦ ਨੂੰ ਰਾਗ ਦੀਆਂ ਧੁਨਾਂ ਨਾਲ ਗਾਇਆ ਜਾਂਦਾ ਹੈ ਤਾਂ ਉਸ ਨੂੰ ਸੁਣਨ ਵਾਲਾ ਹਰ ਸ੍ਰੋਤਾ ਮੰਤ੍ਰ ਮੁਗ਼ਧ ਹੋ ਜਾਂਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਬਦ ਤੇ ਸਲੋਕਾਂ ਵਿਚ ਸੱਭ ਤੋਂ ਵੱਧ ‘ਮਨ’ ਤੇ ‘ਸਾਧੋ’ ਸ਼ਬਦ ਆਏ ਹਨ, ਭਾਵ ਮਨ ਅਤੇ ਸਤਸੰਗੀਆਂ ਨੂੰ ਸਬੰਧੋਨ ਕੀਤਾ ਗਿਆ ਹੈ। ਮਨੁੱਖੀ ਜੀਵਨ ਦੇ ਹਰ ਵਿਸ਼ੇ ਨੂੰ ਆਪ ਜੀ ਨੇ ਬਹੁਤ ਬੇਬਾਕੀ ਨਾਲ ਛੂਹਿਆ ਤੇ ਪੇਸ਼ ਕੀਤਾ ਹੈ।                  (ਬਾਕੀ ਅਗਲੇ ਹਫ਼ਤੇ)

ਜਗਜੀਤ ਸਿੰਘ,  ਸੰਪਰਕ : 97819-50304