ਸਿੱਖ ਇਤਿਹਾਸ ਦਾ ਚਮਕਦਾ ਸਿਤਾਰਾ ਜੱਸਾ ਸਿੰਘ ਰਾਮਗੜ੍ਹੀਆ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

5 ਮਈ 1723 ਨੂੰ ਗਿਆਨੀ ਭਗਵਾਨ ਸਿੰਘ ਦੇ ਘਰ ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ ਵਿਚ ਜਿਸ ਬਾਲਕ ਨੇ ਜਨਮ ਲਿਆ, ਉਹੀ ਵੱਡਾ ਹੋ ਕੇ ਸ. ਜੱਸਾ ਸਿੰਘ ਰਾਮਗੜ੍ਹੀਆ ਬਣਿਆ

Jassa Singh Ramgarhia

5 ਮਈ 1723 ਨੂੰ ਗਿਆਨੀ ਭਗਵਾਨ ਸਿੰਘ ਦੇ ਘਰ ਪਿੰਡ ਸੁਰ ਸਿੰਘ ਜ਼ਿਲ੍ਹਾ ਲਾਹੌਰ ਵਿਚ ਜਿਸ ਬਾਲਕ ਨੇ ਜਨਮ ਲਿਆ, ਉਹੀ ਵੱਡਾ ਹੋ ਕੇ ਸ. ਜੱਸਾ ਸਿੰਘ ਰਾਮਗੜ੍ਹੀਆ ਬਣਿਆ ਜਿਸ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਦੇ ਬਾਬਾ ਜੀ ਸ. ਹਰਦਾਸ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ ਹੀ ਰਹਿੰਦੇ ਰਹੇ ਹਨ ਤੇ ਯੁੱਧ ਦੇ ਹਥਿਆਰ ਬੰਦੂਕਾਂ, ਤਲਵਾਰਾਂ, ਭਾਲੇ ਆਦਿ ਬਣਾਉਂਦੇ ਹੁੰਦੇ ਸਨ ਜਿਨ੍ਹਾਂ ਨੂੰ ਚਲਾਉਣ ਵਿਚ ਉਹ ਮਾਹਰ ਵੀ ਸਨ।

ਗੁਰੂ ਜੀ ਕੋਲ ਜੋ ਨਾਗਣੀ ਹੁੰਦੀ ਸੀ, ਉਹ ਸ. ਹਰਦਾਸ ਸਿੰਘ ਨੇ ਹੀ ਤਿਆਰ ਕੀਤੀ ਸੀ। ਉਨ੍ਹਾਂ ਨੂੰ ਗੁਰੂ ਜੀ ਦੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫ਼ੌਜ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸੰਨ 1710 ਵਿਚ ਉਹ ਦੋ ਹਜ਼ਾਰ ਸਿਪਾਹੀਆਂ ਨਾਲ ਬਜਵਾੜੇ ਵਿਚ ਦਲੇਰ ਖਾਂ ਨਾਲ ਲੜਦਿਆਂ ਸਖ਼ਤ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਹੀ ਅਪਣੇ ਪੁਤਰ ਸ. ਭਗਵਾਨ ਸਿੰਘ ਨੂੰ ਹਥਿਆਰ ਬਣਾਉਣ ਅਤੇ ਚਲਾਉਣ ਦੀ ਕਲਾ ਸਿਖਾਈ, ਜੋ ਅੱਗੇ ਗਿਆਨੀ ਭਗਵਾਨ ਸਿੰਘ ਨੇ ਅਪਣੇ ਪੁੱਤਰ ਜੱਸਾ ਸਿੰਘ ਨੂੰ ਸਿਖਾਈ। 

ਸ. ਭਗਵਾਨ ਸਿੰਘ ਨੇ ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਅਪਣੀ ਇਕ ਦੋ ਸੌ ਸਿੱਖਾਂ ਦੀ ਫ਼ੌਜੀ ਟੁਕੜੀ ਵੀ ਤਿਆਰ ਕਰ ਲਈ ਸੀ। ਉਹ 1738 ਵਿਚ ਵਜ਼ੀਰਾਬਾਦ ਵਾਲੀ ਲੜਾਈ ਵਿਚ ਸਖ਼ਤ ਜ਼ਖ਼ਮੀ ਹੋ ਕੇ ਬਾਅਦ ਵਿਚ ਸ਼ਹੀਦੀ ਪਾ ਗਏ। ਇਸ ਲੜਾਈ ਵਿਚ ਉਨ੍ਹਾਂ ਦਾ ਪੁੱਤਰ ਜੱਸਾ ਸਿੰਘ ਵੀ ਸ਼ਾਮਲ ਸੀ ਜਿਸ ਦੀ ਉਮਰ ਉਸ ਵੇਲੇ 15 ਸਾਲ ਦੀ ਹੀ ਸੀ। ਇੰਜ ਸ. ਜੱਸਾ ਸਿੰਘ ਨੂੰ ਬਚਪਨ ਵਿਚ ਹੀ ਪਿਉ ਦਾਦੇ ਤੋਂ ਹੀ ਹਥਿਆਰ ਬਣਾਉਣੇ ਤੇ ਚਲਾਉਣੇ ਗੁੜ੍ਹਤੀ ਵਿਚ ਮਿਲੇ ਸਨ। 
ਸ. ਜੱਸਾ ਸਿੰਘ ਨੇ ਮੁਢਲੀ ਵਿਦਿਆ ਅਪਣੇ ਪਿਉ ਕੋਲੋਂ ਹੀ ਪ੍ਰਾਪਤ ਕੀਤੀ ਅਤੇ ਅਪਣੇ ਹੀ ਪਿੰਡ ਦੇ ਸ. ਗੁਰਦਿਆਲ ਸਿੰਘ ਕੋਲੋਂ ਅੰਮ੍ਰਿਤਪਾਨ ਕੀਤਾ। ਅਪਣੇ ਪਿਤਾ ਦੀ ਦੇਖ ਰੇਖ ਵਿਚ ਹੀ ਉਹ ਦਿਨਾਂ ਵਿਚ ਹੀ ਉੱਚੇ ਲੰਮੇ ਕੱਦ, ਚੌੜਾ ਮੱਥਾ, ਚੌੜੀ ਛਾਤੀ, ਖੁਲ੍ਹੀ ਦਾੜ੍ਹੀ ਤੇ ਰੋਹਬਦਾਰ ਚਿਹਰੇ ਵਾਲਾ ਗੱਭਰੂ ਨਿਕਲ ਆਇਆ।

ਇਹ ਉਹ ਦਿਨ ਸਨ ਜਦੋਂ ਪੰਜਾਬ ਵਿਚ ਕੋਈ ਪੱਕੀ ਮਜ਼ਬੂਤ ਸਰਕਾਰ ਨਹੀਂ ਸੀ। ਜਰਵਾਣੇ ਕਬਜ਼ੇ ਦੀ ਲਾਲਸਾ ਵਿਚ ਲਗਾਤਾਰ ਹਮਲੇ ਕਰਦੇ ਰਹਿੰਦੇ ਸਨ। ਨਾਦਰ ਸ਼ਾਹ ਨੇ ਤਾਂ ਅੱਤ ਹੀ ਮਚਾ ਰੱਖੀ ਸੀ। ਬਿਖਰੇ ਹੋਏ ਸਿੱਖ ਵੀ ਅਪਣੀ ਤਾਕਤ ਵਧਾਉਣ ਲਈ ਮਸ਼ਕਾਂ ਕਰਦੇ ਰਹਿੰਦੇ ਸਨ। ਜੰਗਲਾਂ ਵਿਚੋਂ ਨਿਕਲ ਇਕੱਤਰ ਹੋ ਕੇ ਮਤੇ ਵੀ ਪਾਸ ਕਰਦੇ ਰਹਿੰਦੇ ਸਨ। 1748 ਵਿਚ ਸ. ਜੱਸਾ ਸਿੰਘ ਆਹਲੂਵਾਲੀਆ ਦੀ ਰਹਿਨੁਮਾਈ ਵਿਚ ‘ਦਲ ਖ਼ਾਲਸਾ’ ਦੀ ਸਥਾਪਤੀ ਹੋਈ। ਸਮੁੱਚਾ ਸਿੱਖ ਪੰਥ 11 ਮਿਸਲਾਂ ਵਿਚ ਵੰਡ ਦਿਤਾ ਗਿਆ। ਹਰ ਇਕ ਮਿਸਲ ਅਪਣੇ ਆਪ ਵਿਚ ਖ਼ੁਦ ਮੁਖਤਿਆਰ ਵੀ ਸੀ ਪਰ ਸਿੱਖ ਪੰਥ ਦੇ ਹਿੱਤ ਦੇ ਫ਼ੈਸਲੇ ਸਮੁੱਚੇ ਤੌਰ ਉਤੇ ਕੀਤੇ ਜਾਂਦੇ ਸਨ। 

1747 ਵਿਚ ਵਿਸਾਖੀ ਦਾ ਮਤਾ ਪਾਸ ਕੀਤਾ ਗਿਆ ਜਿਸ ਅਨੁਸਾਰ ਦਰਬਾਰ ਸਾਹਿਬ ਦੀ ਹਿਫ਼ਾਜ਼ਤ ਲਈ ਇਕ ਕਿਲ੍ਹਾ ਉਸਾਰਨਾ ਸੀ। ਪੰਜ ਸੌ ਘੁੜ ਸਵਾਰਾਂ ਵਾਲਾ ਇਕ ਕਿਲ੍ਹਾ ਉਸਾਰਿਆ ਗਿਆ ਜਿਸ ਦਾ ਨਾਂ ਗੁਰੂ ਰਾਮ ਦਾਸ ਦੇ ਨਾਂ ਤੇ ‘ਰਾਮ ਰੌਣੀ’ ਰਖਿਆ ਗਿਆ। ਇਸ ਦੇ ਬਣਨ ਨਾਲ ਸਿੱਖਾਂ ਦੀ ਤਾਕਤ ਵਿਚ ਕਾਫ਼ੀ ਵਾਧਾ ਹੋਇਆ ਜਿਸ ਤੋਂ ਲਾਹੌਰ ਦਾ ਗਵਰਨਰ ਮੀਰ ਮੰਨੂ ਘਬਰਾ ਗਿਆ। ਉਸ ਦਾ ਮੰਨਣਾ ਸੀ ਕਿ ਸਿੱਖਾਂ ਦੇ ਖ਼ਾਤਮੇ ਤੋਂ ਬਿਨਾਂ ਮੁਗ਼ਲ ਰਾਜ ਸੰਭਵ ਨਹੀਂ। ਉਨ੍ਹਾਂ ਨੇ ਅਪਣੀ ਗ਼ਸ਼ਤੀ ਫ਼ੌਜ ਸਿੱਖਾਂ ਨੂੰ ਖ਼ਤਮ ਕਰਨ ਲਈ ਭੇਜ ਦਿਤੀ। ਸਿੱਖਾਂ ਨੇ ਪੈਂਤੜੇ ਦੇ ਤੌਰ ਤੇ ਪਹਿਲਾਂ ਦੀ ਤਰ੍ਹਾਂ ਹੀ ਜੰਗਲਾਂ ਵਿਚ ਜਾ ਡੇਰੇ ਲਗਾਏ। ਕੁੱਝ ਸਿੱਖ ਜਲੰਧਰ ਵਲ ਨੂੰ ਨਿਕਲ ਗਏ। ਉਥੋਂ ਦਾ ਫ਼ੌਜਦਾਰ ਅਦੀਨਾ ਬੇਗ਼ ਸੀ।

ਉਸ ਨੂੰ ਵੀ ਗਵਰਨਰ ਵਲੋਂ ਸਿੱਖਾਂ ਨੂੰ ਮਾਰਨ ਦਾ ਹੁਕਮ ਮਿਲ ਚੁਕਿਆ ਸੀ। ਉਸ ਨੇ ਸੋਚਿਆ ਕਿ ਸਿੱਖਾਂ ਨੂੰ ਮਾਰ ਕੇ ਤਾਂ ਮੀਰ ਮੰਨੂ ਦੀ ਤਾਕਤ ਵਿਚ ਅਥਾਹ ਵਾਧਾ ਹੋ ਜਾਵੇਗਾ ਜਿਸ ਅੱਗੇ ਉਹ ਖ਼ੁਦ ਕਮਜ਼ੋਰ ਪੈ ਜਾਵੇਗਾ। ਇਹ ਸੋਚ ਕੇ ਉਸ ਨੇ ਸਿੱਖਾਂ ਨਾਲ ਮੇਲ ਮਿਲਾਪ ਕਰ ਲਿਆ ਅਤੇ ਕੁੱਝ ਨੂੰ ਅਪਣੀ ਫ਼ੌਜ ਵਿਚ ਭਰਤੀ ਵੀ ਕਰ ਲਿਆ। ਸ. ਜੱਸਾ ਸਿੰਘ ਦੀ ਤਾਕਤ ਨੂੰ ਉਹ ਪਛਾਣਦਾ ਸੀ। ਇਸ ਲਈ ਉਸ ਨੂੰ ਫ਼ੌਜ ਵਿਚ ਵੱਡੇ ਅਹੁਦੇ ਤੇ ਰੱਖ ਲਿਆ। ਸ. ਜੱਸਾ ਸਿੰਘ ਦਾ ਵੀ ਅਪਣਾ ਨਿਸ਼ਾਨਾ ਸੀ, ਉਹ ਮੁਗ਼ਲ ਫ਼ੌਜ ਵਿਚ ਰਹਿ ਕੇ ਸਿੱਖਾਂ ਦੇ ਭਲੇ ਲਈ ਕੁੱਝ ਕਰਨਾ ਚਾਹੁੰਦਾ ਸੀ ਅਤੇ ਨਾਲ ਹੀ ਰਾਜਨੀਤਕ ਭੇਦਾਂ ਤੋਂ ਜਾਣੂ ਹੋਣਾ ਚਾਹੁੰਦਾ ਸੀ। ਇਹ ਉਨ੍ਹਾਂ ਦੀ ਦੂਰ ਅੰਦੇਸ਼ੀ ਹੀ ਸੀ। ਉਧਰ ਮੀਰ ਮੰਨੂ ਦਾ ਵਜ਼ੀਰ ਦੀਵਾਨ ਕੌੜਾ ਮੱਲ ਵੀ ਅੰਦਰੋਂ ਸਿੱਖਾਂ ਦਾ ਹਿਤੈਸ਼ੀ ਸੀ। 

ਅਦੀਨਾ ਬੇਗ ਨੇ ਜੱਸਾ ਸਿੰਘ ਦਾ ਜੁੱਸਾ ਤੇ ਉਸ ਦੀ ਸਮਝ ਵੇਖ ਕੇ ਉਸ ਨੂੰ ਇਕ ਪਲਟਣ ਦਾ ਮੁਖੀ ਬਣਾ ਦਿਤਾ ਜਿਸ ਵਿਚ 100 ਸਿੱਖ ਤੇ 60 ਹਿੰਦੂ ਸਨ। ਮੀਰ ਮੰਨੂ ਨੇ ਸਿੱਖਾਂ ਦੇ ਕਿਲ੍ਹੇ ‘ਰਾਮ ਰੌਣੀ’ ਨੂੰ ਢਾਹੁਣ ਦੀ ਯੋਜਨਾ ਬਣਾ ਰੱਖੀ ਸੀ ਜਿਸ ਦੀ ਪੂਰਤੀ ਲਈ ਉਹ ਅੰਮ੍ਰਿਤਸਰ ਲਈ ਰਵਾਨਾਂ ਹੋ ਚੁੱਕਾ ਸੀ। ਉਧਰ ਅਦੀਨਾ ਬੇਗ਼ ਨੇ ਵੀ ਉਸ ਦੀ ਮਦਦ ਲਈ ਸ. ਜੱਸਾ ਸਿੰਘ ਨੂੰ ਫ਼ੌਜ ਦੀ ਇਕ ਟੁਕੜੀ ਦੇ ਕੇ ਅੰਮ੍ਰਿਤਸਰ ਭੇਜ ਦਿਤਾ। ‘ਰਾਮ ਰੌਣੀ’ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਗਿਆ। ਕੁੱਝ ਦਿਨਾਂ ਬਾਅਦ ਘੇਰੇ ਕਾਰਨ ਕਿਲ੍ਹੇ ਅੰਦਰ ਰਸਦ ਪਾਣੀ ਦੀ ਥੁੜ ਹੋ ਗਈ। ਭੁੱਖ ਨਾਲ ਸਿੱਖ ਖ਼ਤਮ ਹੋਣੇ ਸ਼ੁਰੂ ਹੋ ਗਏ। ਇਹ ਵੇਖ ਜੱਸਾ ਸਿੰਘ ਤੋਂ ਰਿਹਾ ਨਾ ਗਿਆ। ਉਹ ਬਾਗ਼ੀ ਹੋ ਗਿਆ ਅਤੇ ਅਪਣੀ ਫ਼ੌਜੀ ਟੁਕੜੀ ਸਮੇਤ ਕਿਲ੍ਹੇ ਦੇ ਸਿੱਖਾਂ ਨਾਲ ਜਾ ਸੁਲਾਹ ਕੀਤੀ।

ਸਿੱਖਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਮੀਰ ਮੰਨੂ ਘਬਰਾ ਗਿਆ। ਜੱਸਾ ਸਿੰਘ ਨੇ ਦੀਵਾਨ ਕੌੜਾ ਮੱਲ ਨੂੰ ਵੀ ਸੁਨੇਹਾ ਭੇਜ ਦਿਤਾ ਕਿ ਉਹ ਸਿੱਖਾਂ ਦੀ ਮਦਦ ਕਰੇ ਤੇ ਮੀਰ ਮੰਨੂ ਨੂੰ ਘੇਰਾ ਖ਼ਤਮ ਕਰਨ ਲਈ ਮਨਾਵੇ। ਕੌੜਾ ਮੱਲ ਨੇ ਮੀਰ ਮੰਨੂ ਨੂੰ ਸਲਾਹ ਦਿਤੀ ਕਿ ਹੁਣ ਸਿੱਖਾਂ ਨਾਲ ਸੁਲਾਹ ਕਰਨ ਵਿਚ ਹੀ ਭਲਾ ਹੈ ਕਿਉਂਕਿ ਦੂਜੇ ਪਾਸਿਉਂ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰ ਹਮਲਾ ਕਰਨ ਲਈ ਚੜਿ੍ਹਆ ਆ ਰਿਹਾ ਹੈ। ਮੀਰ ਮੰਨੂ ਹਾਲਾਤ ਭਾਂਪਦਿਆਂ ਮੰਨ ਗਿਆ ਅਤੇ ਘੇਰਾਬੰਦੀ ਚੁੱਕ ਲਈ। ਜੱਸਾ ਸਿੰਘ ਦੀ ਜਿੱਤ ਹੋ ਗਈ ਤੇ ਉਸ ਨੂੰ ਕਿਲ੍ਹੇ ਦਾ ਮੁਖੀ ਥਾਪ ਦਿਤਾ। ਕਿਲ੍ਹੇ ਦਾ ਨਾਂ ਵੀ ਬਦਲ ਕੇ ‘ਰਾਮਗੜ੍ਹ’ ਰੱਖ ਦਿਤਾ। ਜੱਸਾ ਸਿੰਘ ਹੁਣ ਸ. ਜੱਸਾ ਸਿੰਘ ‘ਰਾਮਗੜ੍ਹੀਆ’ ਬਣ ਗਿਆ। ਇਹ ਖ਼ਿਤਾਬ ਉਨ੍ਹਾਂ ਨੂੰ ਬਹਾਦੁਰੀ, ਮਿਹਨਤ ਤੇ ਦੂਰ ਅੰਦੇਸ਼ੀ ਸੋਚ ਕਾਰਨ ਦਿਤਾ ਗਿਆ, ਜੋ ਬੜੇ ਫ਼ਖ਼ਰ ਵਾਲੀ ਗੱਲ ਸੀ। ਅੱਜ ਵੀ ਸਾਰੇ ਲੁਹਾਰੇ ਤਰਖਾਣੇ ਦਾ ਕੰਮ ਕਰਨ ਵਾਲੇ ਕਿਰਤੀ ਅਪਣੇ ਆਪ ਨੂੰ ‘ਰਾਮਗੜ੍ਹੀਆ’ ਅਖਵਾ ਕੇ ਬੜਾ ਮਾਣ ਮਹਿਸੂਸ ਕਰਦੇ ਹਨ। 

ਸ. ਜੱਸਾ ਸਿੰਘ ਰਾਮਗੜ੍ਹੀਆ ਹੁਣ ਹੋਰ ਵੀ ਵੱਡੇ ਕਾਰਨਾਮੇ ਕਰਨ ਲਈ ਤਿਆਰ ਬਰ ਤਿਆਰ ਹੋ ਗਿਆ ਸੀ। ਉਸ ਨੇ ਅਹਿਮਦ ਸ਼ਾਹ ਅਬਦਾਲੀ ਨਾਲ ਵੱਡੀ ਲੜਾਈ ਲੜੀ। ਇਸ ਵਿਚ ਹਿੰਦੂ ਰਾਜੇ ਜਸਪਤ ਰਾਏ ਦਾ ਭਰਾ ਲਖਪਤ ਰਾਏ ਵੀ ਅਬਦਾਲੀ ਨਾਲ ਰਲ ਗਿਆ ਸੀ। ਇਸ ਯੁੱਧ ਵਿਚ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ। ਲਗਭਗ 30 ਹਜ਼ਾਰ ਸਿੱਖ ਸ਼ਹੀਦ ਹੋਏ ਤੇ ਕੁੱਝ ਜੰਗਲਾਂ ਨੂੰ ਚਲੇ ਗਏ। ਲਖਪਤ ਰਾਏ ਦਾ ਕਹਿਣਾ ਸੀ ਕਿ ਇਕ ਖਤਰੀ ਨੇ ਸਿੱਖਾਂ ਨੂੰ ਸਾਜਿਆ ਸੀ ਤੇ ਹੁਣ ਇਕ ਖ਼ਤਰੀ (ਖ਼ੁਦ) ਹੀ ਇਨ੍ਹਾਂ ਨੂੰ ਖ਼ਤਮ ਕਰੇਗਾ। ਉਸ ਨੇ ਜੰਗਲਾਂ ਨੂੰ ਅੱਗ ਲੁਆ ਦਿਤੀ ਜਿਸ ਨਾਲ ਕਿੰਨੇ ਹੀ ਸਿੱਖ ਨੌਜੁਆਨ, ਬਜ਼ੁਰਗ, ਔਰਤਾਂ ਤੇ ਬੱਚੇ ਸੜ ਗਏ। ਇਸ ਨੂੰ ਇਤਿਹਾਸ ਵਿਚ ਵੱਡੇ ਘਲੂਘਾਰੇ ਦਾ ਨਾਂ ਦਿਤਾ ਜਾਂਦਾ ਹੈ। ਇਸ ਵਿਚ ਹਰ ਸਿੱਖ ਸਰਦਾਰ ਜ਼ਖ਼ਮੀ ਹੋਇਆ ਸੀ। ਜੱਸਾ ਸਿੰਘ ਰਾਮਗੜ੍ਹੀਆ ਨੂੰ 14, ਜੱਸਾ ਸਿੰਘ ਅਹਲੂਵਾਲੀਆ ਨੂੰ 22, ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ 16 ਜ਼ਖ਼ਮਾਂ ਦੇ ਨਿਸ਼ਾਨ ਸਨ। 

1759 ਵਿਚ ਅਬਦਾਲੀ ਨੇ ਪਾਣੀਪੱਤ ਵਿਚ ਮਰਾਠਿਆਂ ਨੂੰ ਹਰਾ ਕੇ ਦਿੱਲੀ ਵਿਚ ਬਹੁਤ ਬੁਰੀ ਤਰ੍ਹਾਂ ਲੁੱਟ ਮਚਾਈ। ਲੁੱਟ ਦੇ ਮਾਲ ਨਾਲ ਉਹ ਦੋ ਹਜ਼ਾਰ ਹਿੰਦੂ ਲੜਕੀਆਂ ਵੀ ਨਾਲ ਲੈ ਕੇ ਕਾਬਲ ਵਲ ਚੱਲ ਪਿਆ। ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਨੂੰ ਜਾ ਘੇਰਿਆ। ਉਸ ਨੇ ਲੁੱਟ ਦਾ ਮਾਲ ਖੋਹ ਲਿਆ ਅਤੇ ਲੜਕੀਆਂ ਨੂੰ ਛੁਡਵਾ ਕੇ ਉਨ੍ਹਾਂ ਦੇ ਘਰੋਂ ਘਰੀਂ ਪਹੁੰਚਾਇਆ। ਇਸੇ ਤਰ੍ਹਾਂ 1761 ਵਿਚ ਕਸੂਰ ਦੇ ਐਸ਼ਪ੍ਰਸਤ ਜਮਾਲ ਖ਼ਾਂ ਤੇ ਹੁਸੈਨ ਖਾਂ ਨਵਾਬਾਂ ਨੇ ਜਦੋਂ ਬ੍ਰਾਹਮਣਾਂ ਤੇ ਖਤਰੀਆਂ ਦੀਆਂ ਲੜਕੀਆਂ ਨੂੰ ਉਧਾਲ ਕੇ ਮਹਿਲਾਂ ਵਿਚ ਲੈ ਗਏ ਤਾਂ ਉਨ੍ਹਾਂ ਦੇ ਦੁਖੀ ਮਾਪਿਆਂ ਨੇ ਅਕਾਲ ਤਖ਼ਤ ਤੇ ਚੱਲ ਰਹੇ ਦੀਵਾਨ ਵਿਚ ਜਾ ਫ਼ਰਿਆਦ ਕੀਤੀ। ਜੱਸਾ ਸਿੰਘ ਰਾਮਗੜ੍ਹੀਆ ਸੁਣ ਕੇ ਜਾਹੋ-ਜਲਾਲ ਵਿਚ ਆ ਗਏ ਅਤੇ ਉਨ੍ਹਾਂ ਤੁਰਤ ਕਸੂਰ ਨੂੰ ਜਾ ਘੇਰਿਆ। ਲੜਕੀਆਂ ਨੂੰ ਛੁਡਵਾ ਕੇ ਘਰਂੋ ਘਰੀ ਪਹੁੰਚਾਇਆ ਤੇ ਕਸੂਰ ਉਤੇ ਕਬਜ਼ਾ ਕਰ ਲਿਆ ਜੋ ਪਠਾਣਾਂ ਦਾ ਸੱਭ ਤੋਂ ਵੱਡਾ ਥੰਮ੍ਹ ਸੀ। 

1762 ਵਿਚ ਮੁਗ਼ਲ ਫ਼ੌਜਾਂ ਨੇ ਦਰਬਾਰ ਸਾਹਿਬ ਉਤੇ ਹਮਲਾ ਕਰ ਕੇ ਉਸ ਨੂੰ ਬਾਰੂਦ ਨਾਲ ਉਡਾ ਦਿਤਾ ਅਤੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿਤਾ। ਇਹ ਸਿੱਖਾਂ ਨੂੰ ਸਿੱਧੀ ਵੰਗਾਰ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਬਦਲਾ ਲੈਣ ਲਈ 60 ਹਜ਼ਾਰ ਸਿੱਖ ਇਕੱਤਰ ਕਰ ਲਏ ਤਾਂ ਅਬਦਾਲੀ ਨੂੰ ਇਸ ਦਾ ਪਤਾ ਚੱਲ ਗਿਆ। ਉਸ ਨੇ ਤੁਰਤ ਹਮਲਾ ਕਰ ਦਿਤਾ ਪਰ ਜੱਸਾ ਸਿੰਘ ਰਾਮਗੜ੍ਹੀਆ ਦੀ ਤਾਕਤ ਅੱਗੇ ਉਸ ਨੂੰ ਮੂੰਹ ਦੀ ਖਾਣੀ ਪਈ। ਅਬਦਾਲੀ ਲਾਹੌਰ ਛੱਡ ਕੇ ਕਾਬਲ ਚਲਾ ਗਿਆ। ਸਿੱਖਾਂ ਨੇ ਪਿੱਛੋਂ ਮਾਲਵੇ ਤੇ ਦੁਆਬੇ ਸਮੇਤ ਸਰਹੰਦ ਤੇ ਵੀ ਕਬਜ਼ਾ ਕਰ ਲਿਆ। ਅਬਦਾਲੀ ਨੇ ਫਿਰ ਗੁੱਸਾ ਖਾ ਕੇ 1764 ਵਿਚ ਸਿੱਖਾਂ ਨੂੰ ਖ਼ਤਮ ਕਰਨ ਲਈ ਹਮਲਾ ਕਰ ਦਿਤਾ। ਸਿੱਖ ਅਪਣੇ ਪੈਂਤੜੇ ਅਨੁਸਾਰ ਜੰਗਲਾਂ ਵਿਚ ਜਾ ਛਿਪੇ ਤੇ ਗ਼ੁਰੀਲਾ ਯੁੱਧ ਕਰਦੇ ਰਹੇ। ਅਬਦਾਲੀ ਦੇ ਵਾਪਸ ਮੁੜ ਜਾਣ ਤੇ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ। ਹੁਣ ਸਤਲੁਜ ਤੋਂ ਅਟਕ ਤਕ ਸਿੱਖਾਂ ਦਾ ਕਬਜ਼ਾ ਹੋ ਗਿਆ।

ਅਬਦਾਲੀ ਨੂੰ ਇਸ ਦੀ ਖ਼ਬਰ ਲੱਗੀ ਤਾਂ ਉਸ ਨੇ 1767 ਵਿਚ ਫਿਰ ਪੰਜਾਬ ਤੇ ਹਮਲਾ ਬੋਲ ਦਿਤਾ ਪਰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਪਾਰ ਕਰਦਿਆਂ ਹੀ ਉਸ ਨੂੰ ਘੇਰ ਲਿਆ ਅਤੇ ਅਬਦਾਲੀ ਫਿਰ ਭੱਜ ਗਿਆ। ਇਸ ਜੰਗ ਵਿਚ ਜੱਸਾ ਸਿੰਘ ਆਹਲੂਵਾਲੀਆ ਸਖ਼ਤ ਜ਼ਖ਼ਮੀ ਹੋ ਗਏ ਸਨ। ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਸੰਘਰਸ਼ ਦੀ ਪੂਰੀ ਤਰ੍ਹਾਂ ਕਮਾਨ ਸੰਭਾਲ ਲਈ ਸੀ। ਉਸ ਦੀ ਚੜ੍ਹਤ ਵੇਖ ਕੇ ਗੁਆਂਢੀ ਰਾਜੇ ਤੇ ਕੁੱਝ ਮਿਸਲਾਂ ਦੇ ਸਰਦਾਰ ਅੰਦਰੋਂ ਅੰਦਰੀ ਈਰਖਾ ਖਾਣ ਲੱਗ ਪਏ ਸਨ ਪਰ ਜੱਸਾ ਸਿੰਘ ਕਾਮਯਾਬੀ ਦੀਆਂ ਪੌੜੀਆਂ ਲਗਾਤਾਰ ਚੜ੍ਹਦਾ ਜਾ ਰਿਹਾ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ 11 ਮਾਰਚ 1783 ਨੂੰ ਜੱਸਾ ਸਿੰਘ ਆਹਲੂਵਾਲੀਆ ਤੇ ਬਘੇਲ ਸਿੰਘ ਸਮੇਤ ਦਿੱਲੀ ਤੇ ਧਾਵਾ ਬੋਲ ਦਿਤਾ ਅਤੇ ਲਾਲ ਕਿਲ੍ਹੇ ਤੇ ਖ਼ਾਲਸਾਈ ਝੰਡਾ ਝੁਲਾ ਦਿਤਾ। ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਲੀ ਦੇ ਤਖ਼ਤ ਤੇ ਬਿਠਾਇਆ ਗਿਆ ਤਾਂ ਇਸ ਨਾਲ ਸਿੱਖਾਂ ਵਿਚ ਰੋਸ ਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੋਈ ਮਨੁੱਖੀ ਸ੍ਰੀਰ ਤਖ਼ਤ ਕਿਵੇਂ ਬੈਠ ਗਿਆ?

ਇਸ ਵੇਲੇ ਜੱਸਾ ਸਿੰਘ ਰਾਮਗੜ੍ਹੀਆ ਕੋਲ 15 ਹਜ਼ਾਰ ਅਪਣੀ ਫ਼ੌਜ ਹੋ ਗਈ ਸੀ। ਬਘੇਲ ਸਿੰਘ ਨੇ ਕਿਸੇ ਵੇਲੇ ਮੇਰਠ ਦੀ ਸਮਰੂ ਬੇਗ਼ਮ ਨੂੰ ਬਚਾਇਆ ਸੀ ਜਿਸ ਕਰ ਕੇ ਉਸ ਨਾਲ ਗੂੜ੍ਹੇ ਆਪਸੀ ਸਬੰਧ ਸਨ। ਸਮਰੂ ਬੇਗ਼ਮ ਦੇ ਦਿੱਲੀ ਦੇ ਬਾਦਸ਼ਾਹ ਸ਼ਾਹ ਆਲਮ (ਦੂਜੇ) ਨਾਲ ਵੀ ਚੰਗੇ ਸਬੰਧ ਸਨ। ਇਸ ਲਈ ਉਸ ਨੇ ਇਸ ਭਾਵਨਾ ਨਾਲ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਦਿੱਲੀ ਆ ਕੇ ਤਿੰਨਾਂ ਹੀ ਸਰਦਾਰਾਂ ਦੀ ਬਾਦਸ਼ਾਹ ਨਾਲ ਸੰਧੀ ਕਰਵਾ ਦਿਤੀ। ਸੰਧੀ ਮੁਤਾਬਕ ਬਘੇਲ ਸਿੰਘ ਨੇ ਦਿੱਲੀ ਦੀ ਅਮਨ ਕਾਨੂੰਨ ਦੀ ਜ਼ਿੰਮੇਵਾਰੀ ਸੰਭਾਲੀ ਤੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਮਿਲ ਕੇ ਦਿੱਲੀ ਵਿਚ 7 ਗੁਰਦਵਾਰਿਆਂ ਦੀ ਉਸਾਰੀ ਕਰਵਾਈ ਜਿਨ੍ਹਾਂ ਵਿਚ ਸੀਸ ਗੰਜ, ਰਕਾਬ ਗੰਜ ਤੇ ਬੰਗਲਾ ਸਾਹਿਬ ਦੇ ਗੁਰਦਵਾਰੇ ਸ਼ਾਮਲ ਸਨ। ਜੱਸਾ ਸਿੰਘ ਰਾਮਗੜ੍ਹੀਆ ਅੱਠ ਮਹੀਨੇ ਦਿੱਲੀ ਰਹੇ। ਫਿਰ ਪਤਾ ਚਲਿਆ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਤਬੀਅਤ ਖ਼ਰਾਬ ਹੈ ਤਾਂ ਉਹ ਵਾਪਸ ਪਰਤ ਗਏ। ਹਾਲੇ ਪਟਿਆਲੇ ਹੀ ਪਹੁੰਚੇ ਸਨ ਕਿ ਪਤਾ ਚਲਿਆ ਕਿ ਉਹ ਚੱਲ ਵਸੇ ਹਨ।

ਇਸ ਦਾ ਉਨ੍ਹਾਂ ਨੂੰ ਡੂੰਘਾ ਸਦਮਾ ਪੁੱਜਾ। ਦਿੱਲੀ ਤੋਂ ਵਾਪਸ ਆਉਂਦਿਆਂ ਜੱਸਾ ਸਿੰਘ ਰਾਮਗੜ੍ਹੀਆ ਨੇ ਔਰੰਗਜ਼ੇਬ ਦੇ ਤਖ਼ਤ ਨੂੰ ਪੁੱਟ ਕੇ ਹਾਥੀ ਤੇ ਲੱਦ ਕੇ ਅੰਮ੍ਰਿਤਸਰ ਲੈ ਆਂਦਾ ਸੀ। ਉਸ ਨੂੰ ਹੁਣ ਰਾਮਗੜ੍ਹੀਆ ਬੁੰਗੇ ਦੇ ਤੌਰ ਉਤੇ ਜਾਣਿਆ ਜਾਂਦਾ ਹੈ। ਪਟਿਆਲੇ ਦੇ ਰਾਜਾ ਅਮਰ ਸਿੰਘ ਉਤੇ ਪਟੌਦੀ ਦੇ ਨਵਾਬ ਨੇ ਹਮਲਾ ਬੋਲਿਆ ਤਾਂ ਜੱਸਾ ਸਿੰਘ ਰਾਮਗੜ੍ਹੀਏ ਨੇ ਰਾਜਾ ਅਮਰ ਸਿੰਘ ਦੀ ਮਦਦ ਕਰ ਕੇ ਪਟੌਦੀ ਨੂੰ ਹਰਾਇਆ। ਅਮਰ ਸਿੰਘ ਨੇ ਕਿਸੇ ਵੇਲੇ ਜੱਸਾ ਸਿੰਘ ਰਾਮਗੜ੍ਹੀਏ ਦੀ ਮਦਦ ਵੀ ਕੀਤੀ ਸੀ ਅਤੇ ਉਸ ਨੂੰ ਨਜ਼ਰਾਨੇ ਦੇ ਤੌਰ ਉਤੇ ਹਾਂਸੀ ਤੇ ਹਿਸਾਰ ਦੇ ਇਲਾਕੇ ਵੀ ਦੇ ਦਿਤੇ ਸਨ। ਜੱਸਾ ਸਿੰਘ ਦਾ ਇਕੋ ਹੀ ਪੁੱਤਰ ਜੋਧ ਸਿੰਘ ਰਾਮਗੜ੍ਹੀਆ ਸੀ, ਜੋ ਇਸ ਵੇਲੇ ਜਵਾਨ ਹੋ ਚੁੱਕਾ ਸੀ ਅਤੇ ਰਾਜਸੀ ਗਤੀਵਿਧੀਆਂ ਵਿਚ ਵੀ ਹਿੱਸਾ ਲੈਂਦਾ ਸੀ।

ਜੱਸਾ ਸਿੰਘ ਨੇ ਇਹ ਇਲਾਕੇ ਅਪਣੇ ਪੁੱਤਰ ਨੂੰ ਸੌਂਪ ਦਿਤੇ ਜਿਨ੍ਹਾਂ ਦਾ ਰਾਜ ਪ੍ਰਬੰਧ ਉਹ ਵਧੀਆ ਢੰਗ ਨਾਲ ਚਲਾਉਂਦਾ ਰਿਹਾ ਅਤੇ ਬਾਅਦ ਵਿਚ ਉਹ ਇਲਾਕੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪ ਦਿਤੇ ਸਨ। ਜੱਸਾ ਸਿੰਘ ਇਕ ਬਹਾਦਰ ਤੇ ਨਿਡਰ ਯੋਧੇ ਦੇ ਨਾਲ ਨਾਲ ਇਕ ਨਰਮ ਦਿਲ ਇਨਸਾਨ ਵੀ ਸੀ ਜੋ ਲੋੜਵੰਦਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦਾ ਸੀ। ਇਕ ਸਮੇਂ ਹਿਸਾਰ ਦੇ ਹਾਕਮ ਨੇ ਇਕ ਗ਼ਰੀਬ ਬ੍ਰਾਹਮਣ ਦੀ ਲੜਕੀ ਉਧਾਲ ਲਈ। ਲੜਕੀ ਦਾ ਬਾਪ ਰੋਂਦਾ ਹੋਇਆ, ਜੱਸਾ ਸਿੰਘ ਕੋਲ ਫ਼ਰਿਆਦ ਲੈ ਕੇ ਆਇਆ ਤਾਂ ਉਸ ਕੋਲੋਂ ਪਿਉ ਦਾ ਦੁਖ ਸਹਿਨ ਨਾ ਹੋਇਆ। ਉਹ ਤੁਰਤ ਉਠਿਆ ਤੇ ਲੜਕੀ ਨੂੰ ਆਜ਼ਾਦ ਕਰਵਾ ਲਿਆਇਆ ਤੇ 5 ਹਜ਼ਾਰ ਰੁਪਏ ਸ਼ਗਨ ਦੇ ਕੇ ਉਸ ਦੇ ਘਰ ਤੋਰਿਆ। ਆਖਣ ਲੱਗੇ ਕਿ ਧੀਆਂ ਨੂੰ ਖ਼ਾਲੀ ਹੱਥ ਨਹੀਂ ਤੋਰੀਦਾ।

ਸ. ਜੱਸਾ ਸਿੰਘ ਰਾਮਗੜ੍ਹੀਆ ਦੀ 1776 ਤਕ ਪੂਰੀ ਚੜ੍ਹਤ ਹੋ ਗਈ ਸੀ ਤੇ ਉਨ੍ਹਾਂ ਦਾ ਇਕਬਾਲ ਸਿਖ਼ਰਾਂ ਤੇ ਸੀ। ਉਨ੍ਹਾਂ ਨੇ ਅਪਣੇ ਰਾਜ ਦੀਆਂ ਸਰਹੱਦਾਂ ਦੂਰ ਤਕ ਵਧਾ ਲਈਆਂ ਸਨ। ਕਨ੍ਹਈਆ ਸਰਦਾਰਾਂ ਨੂੰ ਜਿੱਤ ਕੇ ਉਨ੍ਹਾਂ ਨੇ ਬਟਾਲਾ, ਹਰਗੋਬਿੰਦਪੁਰ, ਕਲਾਨੌਰ, ਮੱਤੇਵਾਲ ਤੇ ਦਾਦੂਵਾਲ ਉਤੇ ਕਬਜ਼ਾ ਕਰ ਲਿਆ ਸੀ। ਹਰਗੋਬਿੰਦਪੁਰ ਨੂੰ ਅਪਣੀ ਰਾਜਧਾਨੀ ਬਣਾ ਕੇ ਦੂਜੇ ਪਾਸੇ ਨਿਕਲ ਗਏ ਤੇ ਅੰਮ੍ਰਿਤਸਰ, ਗੁਰਦਾਸਪੁਰ, ਮਹਿਤਾ, ਵੇਰਕਾ, ਦੀਨਾਨਗਰ, ਘੂਮਾਣ, ਸ਼ਾਹਪੁਰ ਕੰਢੀ, ਕਾਦੀਆਂ, ਟਾਂਡਾ ਉੜਮੁੜ, ਮਿਆਣੀ, ਸਰੀਂਹ, ਰਾੜ੍ਹਦੀਵਾਲਾ, ਜ਼ਹੂਰਾ, ਕਾਂਗੜਾ, ਹੁਸ਼ਿਆਰਪੁਰ, ਨੂਰਪੁਰ ਤੇ ਚੰਗਾ ਨੂੰ ਨਾਲ ਮਿਲਾ ਲਿਆ। ਫਿਰ ਮੇਰਠ, ਹਿਸਾਰ, ਮੁਜ਼ੱਫ਼ਗੜ੍ਹ, ਦਿੱਲੀ ਅਤੇ ਯਮੁਨਾ ਤਕ ਦਾ ਇਲਾਕਾ ਨਾਲ ਮਿਲਾ ਕੇ ਵਿਸ਼ਾਲ ਰਾਜ ਦਾ ਮਹਾਰਾਜਾ ਅਖਵਾਇਆ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹੀ ਸੀ। ਉਹ ਗ਼ਰੀਬਾਂ ਦਾ ਮਸੀਹਾ ਵੀ ਬਣਿਆ ਤੇ ਸਿੱਖਾਂ ਦਾ ਸੱਚਾ ਪੈਰੋਕਾਰ ਬਣ ਕੇ ਉਸ ਦੀ ਰਖਿਆ ਵੀ ਕੀਤੀ। ਕਿੰਨੇ ਹੀ ਗੁਰਦਵਾਰੇ ਅਤੇ ਕਿਲ੍ਹੇ ਉਸਾਰੇ। ਉਸ ਨੇ ਜੋ ਰਾਮਗੜ੍ਹੀਆ ਬੂੰਗਾ ਬਣਵਾਇਆ, ਉਹ ਤਖ਼ਤ ਸ੍ਰੀ ਗੁਰੂ ਰਾਮਦਾਸ ਤੋਂ 14 ਫ਼ੁਟ ਹੇਠ ਬਣਵਾਇਆ ਸੀ। ਇਹ ਉਨ੍ਹਾਂ ਦੀ ਸਿੱਖੀ ਪ੍ਰਤੀ ਸ਼ਰਧਾ ਤੇ ਨਿਮਰਤਾ ਦੀ ਲਖਾਇਕ ਹੈ। ਸਿੱਖੀ ਕਾਰਜ ਲਈ ਉਹ ਉਮਰ ਭਰ ਇਕ ਦਿਨ ਵੀ ਚੈਨ ਨਾਲ ਨਹੀਂ ਬੈਠੇ ਅਤੇ ਇੰਜ ਦਿਨ ਰਾਤ ਸੰਘਰਸ਼ ਵਿਚ ਰਹਿੰਦਿਆਂ ਉਹ 80 ਸਾਲ ਦੀ ਉਮਰ ਵਿਚ 1803 ਵਿਚ ਚੱਲ ਵਸੇ। 
ਸੰਪਰਕ : 98726-70278