ਸਿੱਖ ਰਾਜਨੀਤੀ ਤੇ ਸਿੱਖ ਸਮਾਜ ਲਈ ਅਤਿ ਮਾੜੇ ਦਿਨ
ਭਾਰਤ ਦੇਸ਼ ਬਹੁਧਰਮੀ ਦੇਸ਼ ਹੈ। ਮਿਹਨਤੀ ਅਤੇ ਕਮਾਊ ਪੁੱਤਰ ਦੀ ਘਰ ਵਿਚ ਪੁੱਛ-ਪ੍ਰਤੀਤ ਹੁੰਦੀ ਸੀ। ਪਰ ਅੱਜ ਮਿਹਨਤੀ ਅਤੇ ਕਮਾਊ ਪੁੱਤਰ ਦੀ ਥਾਂ ਜ਼ਿਆਦਾ ਪੈਸੇ ...
ਭਾਰਤ ਦੇਸ਼ ਬਹੁਧਰਮੀ ਦੇਸ਼ ਹੈ। ਮਿਹਨਤੀ ਅਤੇ ਕਮਾਊ ਪੁੱਤਰ ਦੀ ਘਰ ਵਿਚ ਪੁੱਛ-ਪ੍ਰਤੀਤ ਹੁੰਦੀ ਸੀ। ਪਰ ਅੱਜ ਮਿਹਨਤੀ ਅਤੇ ਕਮਾਊ ਪੁੱਤਰ ਦੀ ਥਾਂ ਜ਼ਿਆਦਾ ਪੈਸੇ ਕਮਾਉਣ ਵਾਲੇ ਲੈ ਰਹੇ ਹਨ। ਭਾਵ ਮਾਇਆ ਦੀ ਹੋੜ। ਛੇਤੀ ਅਮੀਰ ਹੋਣ ਦੀ ਲਾਲਸਾ ਅੱਜ ਹਰ ਪਾਸੇ ਭਾਰੂ ਹੈ। ਇਸੇ ਤਰ੍ਹਾਂ ਭਾਰਤ ਦੀ ਬਹੁਗਿਣਤੀ ਹਿੰਦੂਤਵੀ ਸੋਚ ਆਜ਼ਾਦੀ ਦੇ ਸੰਘਰਸ਼ ਸਮੇਂ ਵੀ ਚਾਣਕਿਆ ਰਾਜਨੀਤੀ ਹੀ ਖੇਡਦੀ ਰਹੀ ਹੈ ਅਤੇ ਅੱਜ ਵੀ ਜਾਰੀ ਹੈ। ਸਿੱਖ ਭਾਵੇਂ ਘੱਟ ਗਿਣਤੀ ਵਿਚ ਸਨ ਅਤੇ ਅੱਜ ਵੀ ਹਨ ਪਰ ਕੁਰਬਾਨੀ ਪੱਖੋਂ ਸੱਭ ਤੋਂ ਅੱਵਲ ਰਹੇ ਹਨ ਅਤੇ ਰਹਿੰਦੇ ਵੀ ਹਨ।
ਆਜ਼ਾਦੀ ਤੋਂ ਬਾਅਦ ਪਾਕਿਸਤਾਨ ਨਾਲ ਕਾਰਗਿਲ ਸਮੇਤ ਜੋ ਜੰਗਾਂ ਹੋਈਆਂ, ਸਿੱਖ ਰੈਜਮੈਂਟਾਂ ਮੋਹਰੀ ਰੋਲ ਅਦਾ ਕਰਦੀਆਂ ਰਹੀਆਂ। ਦੁਖਾਂਤ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਦੇ ਰਾਜਭਾਗ ਤੇ ਕਾਬਜ਼ ਹਿੰਦੂਤਵੀ ਸੋਚ ਨੇ, ਸਿੱਖ ਕੌਮ ਨਾਲ ਉਹ ਜਬਰ-ਜ਼ੁਲਮ ਕੀਤਾ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਸਾਕਾ ਨੀਲਾ ਤਾਰਾ, ਸਿੱਖ ਨਸਲਕੁਸ਼ੀ ਅਤੇ ਪੰਜਾਬ ਵਿਚ 95 ਵਾਰ ਹੋਈ ਗੁਰਬਾਣੀ ਦੀ ਬੇਅਦਬੀ-ਇਹ ਉਹ ਸਮੇਂ ਹਨ, ਜੋ ਹਰ ਸਿੱਖ ਹਿਰਦੇ ਦੇ ਅੰਦਰ ਵਸੇ ਹੋਏ ਹਨ। ਹਾਂ ਜਾਗਦੀ ਜ਼ਮੀਰ ਵਾਲੇ ਸਿੱਖ ਕੌਮ ਵਿਚ ਬੈਠੇ ਗ਼ੱਦਾਰਾਂ, ਕੁਰਸੀ ਦੇ ਯਾਰਾਂ ਅਤੇ ਅੰਗਰੇਜ਼ਾਂ ਦੇ ਯਾਰਾਂ ਦਾ ਇਤਿਹਾਸ ਰੱਖਣ ਵਾਲੇ ਰਾਜਸੀ ਪ੍ਰਵਾਰਾਂ ਨੂੰ ਹੁਣ ਪਛਾਣਦੇ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਅਤੇ ਭਾਈ ਸੁਬੇਗ ਸਿੰਘ 1984 ਜੂਨ ਦੇ ਉਹ ਸਿੱਖ ਸ਼ਹੀਦ ਹਨ, ਜਿਨ੍ਹਾਂ ਦੀਆਂ ਤਸਵੀਰਾਂ ਤੋਂ ਕੱਟੜਵਾਦੀਆਂ ਨੂੰ ਅੱਜ ਵੀ ਡਰ ਲਗਦਾ ਹੈ। ਹੱਦ ਦਰਜੇ ਦੀ ਕਮੀਨਗੀ ਕਰਦੇ ਹਨ ਜਦ ਇਹ ਸੰਤਾਂ ਦੀ ਤਸਵੀਰ ਦਾ ਨਿਰਾਦਰ ਕਰਦੇ ਹਨ। ਜਿੰਨਾ ਮਰਜ਼ੀ ਸਿੱਖੀ ਦੇ ਦੁਸ਼ਮਣ ਜ਼ੋਰ ਲਾ ਲੈਣ ਸਿੱਖੀ ਨੂੰ ਮਿਟਾਉਣ ਵਾਲੇ ਆਪ ਹੀ ਮਿਟਦੇ ਰਹੇ ਹਨ। ਜਿਸ ਨੇ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਟੱਕਰ ਲਈ ਹੈ, ਉਸ ਦੀ ਕੁਲ ਹੀ ਖ਼ਤਮ ਹੁੰਦੀ ਆਈ ਹੈ।
ਕੌਮ ਵਿਚ ਬੈਠੇ ਗ਼ੱਦਾਰਾਂ ਅਤੇ ਕੁਰਸੀ ਦੇ ਯਾਰਾਂ ਦੀ ਪਛਾਣ ਕਰਨੀ ਸੌਖੀ ਹੈ। ਚਾਹੇ ਕੌਮ ਇਨ੍ਹਾਂ ਸਿੱਖ ਲੀਡਰਾਂ ਨੂੰ ਰਾਜਭਾਗ ਦਿੰਦੀ ਹੈ ਪਰ ਇਨ੍ਹਾਂ ਦੇ ਅੰਦਰ ਬੇਗ਼ੈਰਤੀ ਸੋਚ ਅਤੇ ਕਮੀਨਗੀ ਇਨ੍ਹਾਂ ਨੂੰ ਫਟਕਾਰਦੀ ਹੈ। ਇਹ ਕੁਰਸੀ ਉਤੇ ਬੈਠ ਕੇ ਵੀ ਕੌਮ ਦੇ ਮਸਲਿਆਂ ਦਾ ਹੱਲ ਅਤੇ ਇਨਸਾਫ਼ ਨਹੀਂ ਕਰਵਾ ਸਕੇ।1984 ਦੇ ਸ਼ਹੀਦਾਂ ਪ੍ਰਤੀ ਸਾਲਾਨਾ ਸ਼ਰਧਾਂਜਲੀ ਸਮਾਗਮ, ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਚ ਮਨਾਇਆ ਜਾਂਦਾ ਹੈ, ਇਹ ਉਥੇ ਵੀ ਨਹੀਂ ਪਹੁੰਚਦੇ ਕਿਉਂਕਿ ਅੰਦਰ ਵਸਿਆ ਡਰ ਅਤੇ ਕੌਮ ਨਾਲ ਕੀਤੀ ਗ਼ੱਦਾਰੀ ਇਨ੍ਹਾਂ ਨੂੰ ਅਜਿਹੇ ਸ਼ੁੱਭ ਕਾਰਜਾਂ ਉਤੇ ਜਾਣ ਹੀ ਨਹੀਂ ਦਿੰਦੀ।
ਸੋ ਪੰਜਾਬ ਵਿਚ ਵਸਦੇ ਸਿੱਖੋ ਇਨ੍ਹਾਂ ਗੱਦਾਰਾਂ ਅਤੇ ਕੁਰਸੀ ਦੇ ਯਾਰਾਂ ਨੂੰ ਪਛਾਣਨਾ ਹੁਣ ਕੋਈ ਔਖਾ ਨਹੀਂ ਹੈ। ਕੌਮ ਵਿਚ ਬੈਠੇ ਗ਼ੱਦਾਰਾਂ ਅਤੇ ਕੁਰਸੀਵਾਦੀ ਲੀਡਰਾਂ ਦੀ ਰਾਜਸੀ ਭੁੱਖ ਨੇ 1984 ਤੋਂ ਬਾਅਦ ਕੌਮ ਦਾ ਰੱਜ ਕੇ ਘਾਣ ਕਰਵਾਇਆ ਹੈ। ਕੌਮ ਮੇਰੀ ਦੇ ਦਰਦੀਉ, ਹੁਣ ਤੁਸੀ ਸੰਭਲੋ। ਹਊਮੈ ਹੰਕਾਰ ਛੱਡ ਕੇ ਕੌਮ ਵਿਚ ਆਏ ਨਿਘਾਰ ਨੂੰ ਠੱਲ੍ਹ ਪਾਉਣ ਲਈ ਕੁਰਸੀਵਾਦ, ਮਾਇਆਵਾਦ ਅਤੇ ਪ੍ਰਵਾਰਵਾਦ ਵਿਚੋਂ ਨਿਕਲ ਕੇ ਕੌਮੀ ਲੜਾਈ ਲੜੋ।
ਪਿਛਲੇ ਲਗਭਗ ਦੋ ਕੁ ਸਾਲਾਂ ਤੋਂ ਗੁਰਬਾਣੀ ਦੀ ਬੇਅਦਬੀ, ਸਕੂਲੀ ਵਿਦਿਅਕ ਸਿਲੇਬਸ ਵਿਚੋਂ ਸਿੱਖ ਇਤਿਹਾਸ ਨਾਲ ਛੇੜਛਾੜ ਕਰਨੀ, ਸੁਪਰੀਮ ਕੋਰਟ ਦੇ ਜੱਜ ਵਲੋਂ ਦਸਤਾਰ ਤੇ ਸਵਾਲ ਕਰਨਾ ਅਜਿਹੇ ਮਸਲੇ ਹਨ ਜਿਹੜੇ ਕੇਂਦਰ ਤੇ ਕਾਬਜ਼ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸ਼ੁਰੂ ਹੋਏ ਹਨ। ਇਥੇ ਇਹ ਕਹਿਣ ਵਿਚ ਗੁਰੇਜ਼ ਨਹੀਂ ਕਿ ਅਜਿਹਾ ਕੁੱਝ ਵਾਪਰਨ ਤੋਂ ਬਾਅਦ ਵੀ ਸਿੱਖ ਦਸਤਾਰਧਾਰੀ ਆਗੂ ਕੁਰਸੀ ਨਾਲ ਜੁੜੇ ਹੋਏ ਹਨ।
ਖ਼ਾਲਿਸਤਾਨ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਨਹੀਂ ਮੰਗਿਆ ਸੀ ਪਰ ਕੌਮ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਜੇਕਰ ਸਮੇਂ ਦੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਵਾਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।ਛੋਟੀ ਸੋਚ ਅਤੇ ਅਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਣ ਵਾਲੇ ਇਸ ਨਾਲ ਭਾਵੇਂ ਸਹਿਮਤ ਨਹੀਂ ਸਨ ਪਰ 'ਦਾਤੇ ਘਰ ਦੇਰ ਹੈ ਅੰਧੇਰ ਨਹੀਂ' ਮੁਤਾਬਕ ਦੁਨੀਆਂ ਦੇ ਸਿਰਜਣਹਾਰੇ ਵਾਹਿਗੁਰੂ ਜੀ ਦੇ ਹੱਥ-ਵਸ ਸੱਭ ਕੁੱਝ ਹੈ। ਅਪਣੇ ਆਪ ਹਾਲਾਤ ਬਣਨਗੇ।
ਜਿਨ੍ਹਾਂ ਲਈ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਪਰ ਉਨ੍ਹਾਂ ਬੇਈਮਾਨਾਂ ਨੇ ਸਾਡੀ ਨਸਲਕੁਸ਼ੀ ਕਰਨ ਤਕ ਸੋਚ ਲਿਆ, ਫਿਰ ਪਿੱਛੇ ਬਚਦਾ ਹੀ ਕੀ ਹੈ? ਮਨੁੱਖ ਕਦੇ ਵੀ ਸੰਪੂਰਨ ਨਹੀਂ ਹੁੰਦਾ। ਜੇ ਸੰਪੂਰਨ ਹੋ ਜਾਵੇ ਤਾਂ ਉਹ ਰੱਬ ਬਣ ਜਾਵੇਗਾ। ਪਰ ਨਹੀਂ ਰੱਬ ਇਕ ਹੀ ਹੈ ਅਤੇ ਇਕ ਹੀ ਰਹੇਗਾ। ਭਰਾਵੋ ਸਾਡੀ ਲੀਡਰਸ਼ਿਪ ਵਿਚ ਅੰਤਾਂ ਦਾ ਨਿਘਾਰ ਆ ਚੁਕਿਆ ਹੈ। ਵੇਖੋ ਜਿਸ ਦਸਤਾਰਧਾਰੀ ਲੀਡਰ ਨੂੰ ਭਾਜਪਾ ਨੇ ਕੇਂਦਰ ਕੈਬਨਿਟ ਵਿਚ ਲਿਆ ਹੈ ਉਸ ਦਾ ਬਿਆਨ ਵੇਖੋ ਕਿ ''ਸੰਤ ਭਿੰਡਰਾਂਵਾਲੇ ਸੁਬਰਾਮਨੀਅਮ ਦੇ ਦੋਸਤ ਹੋ ਸਕਦੇ ਹਨ, ਮੇਰੇ ਨਹੀਂ : ਹਰਦੀਪ ਸਿੰਘ ਪੁਰੀ।''
ਮਸਾਂ ਸਾਲ ਕੁ ਲਈ ਕੇਂਦਰ ਸਰਕਾਰ ਵਿਚ ਮਿਲੀ ਕੁਰਸੀ ਖ਼ਾਤਰ ਇਹ ਬਿਆਨ ਦੇ ਗਿਆ ਭਾਜਪਾ ਵਿਚ ਬੈਠਾ ਸਿੱਖ ਆਗੂ। ਕੀ ਸਿੱਖੋ ਅਜਿਹੇ ਸਿੱਖ ਲੀਡਰਾਂ ਦੀ ਇਸ ਸੋਚ ਤੋਂ ਕੋਈ ਆਸ ਰੱਖੀ ਜਾ ਸਕਦੀ ਹੈ? ਨਹੀਂ! ਅਜਿਹੇ ਹੀ ਕੁਰਸੀਵਾਦੀ ਸਿਰਫ਼ ਵੇਖਣ ਨੂੰ ਸਿੱਖ ਦਿਸਣ ਵਾਲੇ ਦਿੱਲੀ ਦਰਬਾਰ ਵਿਚ ਕੁਰਸੀ ਪ੍ਰਾਪਤ ਕਰਦੇ ਰਹੇ ਹਨ, ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ ਆਦਿ ਪਰ ਸਿਰਫ਼ ਕੁਰਸੀ ਲਈ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਤੋਂ ਮੂੰਹ ਫੇਰਨ ਵਾਲਿਉ ਤੁਸੀ ਤਾਂ ਅਪਣੀ ਕੌਮ ਦੇ ਵੀ ਨਹੀਂ ਬਣੇ ਪਰ ਜਿਨ੍ਹਾਂ ਦੀ ਦਿਤੀ ਕੁਰਸੀ ਤੇ ਮਾਣ ਕਰਦੇ ਹੋ, ਉਹ ਕੋਲ ਨਹੀਂ ਰਹਿਣੀ।
ਸਬਕ ਸਿਖੋ ਕਿ ਸਿੱਖ ਕੌਮ ਦੇ ਲੀਡਰੋ, ਗ਼ੱਦਾਰੋ, ਕੁਰਸੀ ਦੇ ਯਾਰਾਂ ਦੇ ਨਾਂ ਜਦ ਵੀ ਮਰਨ ਉਪਰੰਤ ਲਏ ਜਾਣਗੇ ਉਹ ਨਫ਼ਰਤ ਤੇ ਈਰਖਾ ਸੰਗ। ਪਰ ਕੌਮ ਲਈ ਸ਼ਹੀਦ ਹੋਣ ਵਾਲੇ ਸਿੱਖ ਸਰਦਾਰਾਂ ਦੀਆਂ ਸ਼ਹੀਦੀਆਂ ਹਰ ਸਿੱਖ ਦੇ ਹਿਰਦੇ ਵਿਚ ਵਸਦੀਆਂ ਹਨ ਅਤੇ ਕਾਇਰ ਉਨ੍ਹਾਂ ਦੀਆਂ ਤਸਵੀਰਾਂ ਤੋਂ ਵੀ ਡਰਦੇ ਰਹਿੰਦੇ ਹਨ।
''ਲੋਕਾਂ ਦਾ ਇਲਾਜ ਕਰਨ ਵਾਲੇ ਰਾਮਦੇਵ ਦੇ ਗੋਡਿਆਂ ਦਾ ਲੰਡਨ ਵਿਚ ਹੋਵੇਗਾ ਆਪਰੇਸ਼ਨ'' ਇਹ ਸੁਰਖ਼ੀ ਹੈਰਾਨਗੀ ਪੈਦਾ ਕਰਦੀ ਹੈ ਕਿ ਦੇਸੀ ਦਵਾਈਆਂ ਦੇ ਮਾਹਰ ਆਪ ਅਪਣਾ ਇਲਾਜ ਲੰਡਨ ਵਿਚ ਜਾ ਕੇ ਕਰਵਾ ਰਹੇ ਹਨ। ਲੋਕੋ ਸੋਚੋ।
ਸੰਪਰਕ : 83602-96946