ਕੋਈ ਲੌਟਾ ਦੇ ਮੇਰੇ ਬੀਤੇ ਹੂਏ ਦਿਨ...!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਹਿੰਗਾਈ ਦੀ ਮਾਰ ਨੇ ਅੱਜ ਗ਼ਰੀਬ ਦੇ ਨਾਲ ਨਾਲ ਮੱਧ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਕੇ ਰੱਖ ਦਿਤੀ ਹੈ........

Petrol Pump

ਮਹਿੰਗਾਈ ਦੀ ਮਾਰ ਨੇ ਅੱਜ ਗ਼ਰੀਬ ਦੇ ਨਾਲ ਨਾਲ ਮੱਧ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਕੇ ਰੱਖ ਦਿਤੀ ਹੈ ਅਤੇ ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਹਰ ਆਦਮੀ ਨੂੰ ਅਪਣੀ ਜ਼ਿੰਦਗੀ ਦਾ ਇਕ-ਇਕ ਦਿਨ ਲੰਘਾਉਣਾ ਮੁਹਾਲ ਹੋਇਆ ਪਿਆ ਹੈ। ਇਨ੍ਹਾਂ ਹਾਲਾਤ ਦੇ ਵਿਚਕਾਰ ਆਏ ਦਿਨ ਪਟਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕ ਨੂੰ ਵਧੇਰੇ ਮੁਸ਼ਿਕਲ ਪਾ ਦਿਤਾ ਹੈ। ਅਰਥਾਤ ਪਟਰੌਲੀਅਮ ਪਦਾਰਥ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ, ਮਹਿੰਗਾਈ ਵਿਚ ਬਲਦੀ ਉਤੇ ਘਿਉ ਪਾਉਣ ਵਾਲਾ ਕੰਮ ਕਰ ਰਿਹਾ ਹੈ ਜਿਸ ਦੇ ਚਲਿਦਆਂ ਬਾਜ਼ਾਰ ਵਿਚ ਹਰ ਚੀਜ਼ ਮਹਿੰਗੀ ਹੋ ਰਹੀ ਹੈ।

ਅਰਥਾਤ ਹੁਣ ਗ਼ਰੀਬ ਲੋਕਾਂ ਨੂੰ ਅਪਣੇ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਵੱਡਾ ਸੰਘਰਸ਼ ਕਰਨਾ ਪੈ ਰਿਹਾ ਹੈ। ਅੱਜ ਤੋਂ ਲਗਭਗ ਚਾਰ ਸਾਲ ਪਹਿਲਾਂ ਜਦ ਇਹ ਸਰਕਾਰ ਵਜੂਦ ਵਿਚ ਆਈ ਸੀ ਤਾਂ ਉਸ ਸਮੇਂ ਦੇਸ਼ ਦੇ ਲੋਕਾਂ ਨੂੰ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ ਲੋਕਾਂ ਦੀਆਂ ਸਾਰੀਆਂ ਉਮੀਦਾਂ ਇਕ-ਇਕ ਕਰ ਕੇ ਚਕਨਾਚੂਰ ਹੁੰਦੀਆਂ ਗਈਆਂ। ਸਚਾਈ ਤਾਂ ਇਹ ਹੈ ਕਿ ਅੱਜ ਲੋਕ ਅਪਣੇ ਆਪ ਨੂੰ ਠਗਿਆ-ਠਗਿਆ ਮਹਿਸੂਸ ਰਹੇ ਹਨ ਤੇ ਅਕਸਰ ਲੋਕ ਇਕ ਪੁਰਾਣੇ ਗੀਤ ਦੇ ਇਹੋ ਬੋਲ ਗੁਣਗਣਾ ਰਹੇ ਹਨ ਕਿ  ''ਕੋਈ ਲੌਟਾ ਦੇ ਮੇਰੇ ਬੀਤੇ ਹੂਏ ਦਿਨ...!''

ਮੌਜੂਦਾ ਸਮੇਂ ਵਿਚ ਪਟਰੌਲ ਦੀਆਂ ਵਧੀਆਂ ਕੀਮਤ ਬਾਰੇ ਸੋਚਦੇ ਹੋਏ ਵੀ ਚਿੱਤ ਘਾਊਂ-ਮਾਊਂ ਤੇ ਕਲੇਜਾ ਮੂੰਹ ਨੂੰ ਆਉਂਦਾ ਹੈ।'' 2008 ਵਿਚ ਕੱਚੇ ਤੇਲ ਦੇ ਭਾਅ ਪ੍ਰਤੀ ਬੈਰਲ 142 ਡਾਲਰ ਸੀ ਤੇ ਇਸ ਦੇ ਬਾਵਜੂਦ ਉਸ ਸਮੇਂ ਪਟਰੌਲ ਤੇ ਡੀਜ਼ਲ ਦੇ ਭਾਅ ਕ੍ਰਮਵਾਰ 50.52 ਰੁਪਏ ਤੇ ਡੀਜ਼ਲ 34.86 ਰੁਪਏ ਸੀ। ਉਥੇ ਹੀ ਮਈ 2014 ਵਿਚ ਕੌਮਤਰੀ ਮੰਡੀ ਵਿਚ ਤੇਲ ਦੀ ਕੀਮਤ 106.86 ਡਾਲਰ ਪ੍ਰਤੀ ਬੈਰਲ ਸੀ। ਪਰ ਜਦੋਂ ਭਾਜਪਾ ਸਰਕਾਰ ਨੇ ਮਈ 2014 ਵਿਚ ਵਾਗਡੋਰ ਸੰਭਾਲੀ ਤਦ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 57. 28 ਰੁਪਏ ਤੇ ਪੈਟਰੋਲ 70 ਰੁਪਏ ਪ੍ਰਤੀ ਲੀਟਰ ਸੀ।

ਮੌਜੂਦਾ ਸਮੇਂ ਵਿਚ ਕੱਚੇ ਤੇਲ ਦੇ ਭਾਅ (ਲਗਭਗ) 80 ਰੁਪਏ ਡਾਲਰ ਪ੍ਰਤੀ ਬੈਰਲ ਹਨ ਪਰ ਇਸ ਦੇ ਬਾਵਜੂਦ ਪੈਟਰੋਲ 80 ਰੁਪਏ ਪ੍ਰਤੀ ਲੀਟਰ  ਤੋਂ ਵੀ ਪਾਰ ਕਰ ਗਿਆ ਹੈ ਜਦ ਕਿ ਡੀਜ਼ਲ 70 ਰੁਪਏ ਦੇ ਕਰੀਬ ਹੈ। ਇਸ ਸਮੇਂ ਕੇਂਦਰ ਸਰਕਾਰ ਵਲੋਂ ਪਟਰੌਲ ਉਤੇ ਟੈਕਸ ਦੇ ਰੂਪ ਵਿਚ ਪ੍ਰਤੀ ਲੀਟਰ 19.48 ਰੁਪਏ ਅਤੇ ਡੀਜ਼ਲ ਤੇ ਪ੍ਰਤੀ ਲੀਟਰ 15.33 ਰੁਪਏ ਵਸੂਲੇ ਜਾ ਰਹੇ ਹਨ। ਇਸ ਤੋਂ ਇਲਾਵਾ ਵੱਖ-ਵੱਖ ਸੂਬਾਈ ਸਰਕਾਰਾਂ ਵਲੋਂ ਵੈਟ ਦੇ ਰੂਪ ਵਿਚ ਵੱਖ-ਵੱਖ ਤਰ੍ਹਾਂ ਦਾ ਟੈਕਸ ਲਗਾਇਆ ਜਾਂਦਾ ਹੈ। ਅਰਥਾਤ ਮਜਮੂਈ ਰੂਪ ਵਿਚ ਜਨਤਾ ਦਾ ਦੋਹਾਂ ਵਲੋਂ ਕਚੂਮਰ ਕਢਿਆ ਜਾ ਰਿਹਾ ਹੈ ਯਾਨੀਕਿ ਅਵਾਮ ਵਿਚਾਰੇ ਉਹ ਦਾਣੇ ਹਨ।

ਜੋ ਉਕਤ ਚੱਕੀ ਦੇ ਦੋਹਾਂ ਪਿੜਾਂ ਵਿਚਕਾਰ ਪਿਸ ਰਹੇ ਹਨ। ਉਹ ਚੀਕ ਰਹੇ ਹਨ ਤੇ ਦਰਦ ਨਾਲ ਤੜਪ ਰਹੇ ਹਨ ਪਰ ਉਨ੍ਹਾਂ ਦੀ ਆਵਾਜ਼ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ। ਜੇਕਰ ਦੇਸ਼ ਦੇ ਮਹਾਂਨਗਰਾਂ ਅੰਦਰ ਮਿਲ ਰਹੇ ਪਟਰੌਲ ਦੀਆਂ ਕੀਮਤ ਦੀ ਗੱਲ ਕਰੀਏ ਤਾਂ ਮੁੰਬਈ (83.61), ਭੋਪਾਲ (81.53), ਪਟਨਾ (81.42), ਹੈਦਰਾਬਾਦ (80.43), ਜਲੰਧਰ (81.12) ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਟਰੌਲ ਮਿਲ ਰਿਹਾ ਹੈ। ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਹੈ ਜਿਸ ਦੇ ਚਲਿਦਆਂ ਟ੍ਰਾਂਸਪੋਰਟ ਨਾਲ ਜੁੜੇ ਲੋਕੀ ਵੀ ਅੰਦਰੋਂ-ਅੰਦਰੀ ਧਾਹ ਮਾਰ ਰੋ ਰਹੇ ਹਨ ।

ਅਤੇ ਉਨ੍ਹਾਂ ਨੂੰ ਵੀ ਡਾਢੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਫਸੋਸ ਉਨ੍ਹਾਂ  ਦਾ ਦਰਦ ਸਮਝਣ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ। ਇਥੇ ਇਹ ਵੀ ਦੁਖਾਂਤ ਹੈ ਲੋਕਾਂ ਦੀ ਇਸ ਮੁਸ਼ਿਕਲ ਦੀ ਘੜੀ ਵਿਚ ਹਾਕਮ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਵੀ ਖ਼ਾਮੋਸ਼-ਤਮਾਸ਼ਾਈ ਬਣੀ ਵਿਖਾਈ ਦੇ ਰਹੀ ਹੈ। ਕੀ ਖ਼ੂਬ ਕਿਹਾ ਇਕ ਕਵੀ ਨੇ: ਦਰਦ ਏ ਦਿਲ ਦਰਦ ਆਸ਼ਨਾ ਜਾਨੇ,
                   ਔਰ ਬੇ-ਦਰਦ ਕੋਈ ਕਿਯਾ ਜਾਨੇ।

ਪਿਛਲੇ ਸਾਲ ਜਦ ਦੇਸ਼ ਵਿਚ ਜੀਐਸਟੀ ਲਾਗੂ ਹੋਇਆ ਸੀ ਤਾਂ ਚਾਹੀਦਾ ਤਾਂ ਇਹ ਸੀ ਕਿ ਪਟਰੌਲੀਅਮ ਪਦਾਰਥਾਂ ਨੂੰ ਵੀ ਜੀਐਸਟੀ ਦੇ ਘੇਰੇ ਵਿਚ ਲੈ ਆਉਂਦੇ ਪਰ ਅਜਿਹਾ ਨਾ ਕੀਤਾ ਗਿਆ ਕਿਉਂਕਿ ਇਸ ਨਾਲ ਜੋ ਵਾਧੂ ਟੈਕਸ ਜਾਂ ਸੈੱਸ ਦੇ ਰੂਪ ਵਿਚ ਦੇਸ਼ ਭਰ ਦੀਆਂ ਰਾਜ ਤੇ ਕੇਂਦਰ ਸਰਕਾਰਾਂ ਨੂੰ ਪਟਰੌਲ ਤੇ ਡੀਜ਼ਲ ਮੋਟੀ ਆਮਦਨ ਹੋ ਰਹੀ ਹੈ, ਉਸ ਵਿਚ ਭਾਰੀ ਕਮੀ ਆ ਜਾਣੀ ਸੀ। ਹਾਲਾਂਕਿ ਉਕਤ ਪਟਰੌਲ ਡੀਜ਼ਲ ਦੀਆਂ ਵਧਦੀਆਂ ਕੀਮਤ ਨੇ ਮੁਲਕ ਦੇ ਅਵਾਮ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ ਪਰ ਇਸ ਦੇ ਬਾਵਜੂਦ ਇਲੈਕਟ੍ਰਾਨਿਕ ਮੀਡੀਆ ਦੇ ਕੁੱਝ ਇਕ ਨਿਊਜ਼ ਚੈਨਲਾਂ ਨੂੰ ਛੱਡ ਕੇ ਬਾਕੀ

ਸੱਭ ਚੈਨਲਾਂ ਤੋਂ ਲੋਕਹਿਤ ਨਾਲ ਜੁੜੇ ਮੁੱਦੇ ਗ਼ਾਇਬ ਹਨ। ਭਾਵ ਵੱਧ ਰਹੀਆਂ ਕੀਮਤਾਂ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦੇ ਮੁਢਲੀਆਂ ਖ਼ਬਰਾਂ ਵਿਚੋਂ ਅਕਸਰ ਗ਼ਾਇਬ ਰਹਿੰਦੇ ਹਨ। ਇਸ ਲਈ ਵਧੇਰੇ ਚੈਨਲ ਵੱਖ-ਵੱਖ ਪ੍ਰੋਗਰਾਮਾਂ ਅਧੀਨ ਧਾਰਮਕ ਮਾਮਲਿਆਂ ਉਤੇ ਬਹਿਸ ਕਰਵਾ ਕੇ ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਫੈਲਾਉਂਦੇ ਨਜ਼ਰ ਆਉਂਦੇ ਹਨ ਜਾਂ ਲੋਕਾਂ ਨੂੰ ਵਹਿਮ ਭਰਮ ਦੀ ਦਲ-ਦਲ ਵਿਚ ਧਕਦੇ ਨਜ਼ਰ ਆਉਂਦੇ ਹਨ। ਵਧੇਰੇ ਮੇਨ ਸਟਰੀਮ ਮੀਡੀਆ ਦੇ ਨਿਊਜ਼ ਚੈਨਲਾਂ ਉਤੇ ਪਟਰੌਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਖ਼ਾਮੋਸ਼ੀ ਛਾਈ ਹੋਈ ਹੈ।

ਇਸ ਦੇ ਉਲਟ ਸੋਸ਼ਲ ਮੀਡੀਆ ਉਤੇ ਪਟਰੌਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ਉਤੇ ਕਾਰਟੂਨ ਤੇ ਵਿਅੰਗਮਈ ਜੁਮਿਲਆਂ ਰਾਹੀਂ ਲੋਕਾਂ ਅੰਦਰਲਾ ਦਰਦ ਫੁਟ-ਫੁਟ ਬਾਹਰ ਆ ਰਿਹਾ ਹੈ। ਇਨ੍ਹਾਂ ਵਿਅੰਗਾਂ ਰਾਹੀਂ ਨਿਵੇਕਲੇ ਰੂਪ ਵਿਚ ਲੋਕਾਂ ਨੂੰ ਮਹਿੰਗਾਈ ਬਾਰੇ ਜਾਗਰੂਕ ਕਰ ਰਿਹਾ ਹੈ। ਉਹ ਯਕੀਨਨ ਕਾਬਲ-ਏ-ਤਾਰੀਫ਼ ਹੈ ਤੇ ਸ਼ਲਾਘਾਯੋਗ ਵੀ। ਮੇਰੇ ਖਿਆਲ ਵਿਚ ਅੱਜ ਸੋਸ਼ਲ ਮੀਡੀਆ ਵਿਰੋਧੀ ਧਿਰ ਤੇ ਮੇਨ ਸਟਰੀਮ ਮੀਡੀਆ ਦੋਹਾਂ ਦੀ ਹੀ ਭਰਪੂਰ ਜ਼ਿੰਮੇਵਾਰੀ ਇਕਲਾ ਖ਼ੁਦ ਹੀ ਨਿਭਾ ਰਿਹਾ ਹੈ। ਪਿਛਲੇ ਦਿਨੀਂ ਇਕ ਕਾਰਟੂਨ ਵੇਖਿਆ

ਜਿਸ ਵਿਚ ਇਕ ਸਕੂਟਰ ਸਵਾਰ ਪਟਰੌਲ ਪੰਪ ਉਤੇ ਖੜਾ, ਪਟਰੌਲ ਪਾਉਣ ਵਾਲੇ ਕਰਿੰਦੇ ਨੂੰ ਕਹਿ ਰਿਹਾ ਹੈ ਕਿ ਦਸ ਰੁਪਏ ਦਾ ਪਟਰੌਲ ਮੇਰੇ ਸਕੂਟਰ ਉਤੇ ਛਿੜਕ ਦੇ (ਪਟਰੌਲੀਅਮ ਪਦਾਰਥ ਦੀਆਂ ਕੀਮਤਾਂ ਵਿਚ ਵਾਧੇ ਕਾਰਨ) ਬੱਸ ਮੈਂ ਅੱਜ ਇਸ ਨੂੰ ਅੱਗ ਹੀ ਲਗਾ ਦੇਣੀ ਹੈ। ਇਕ ਹੋਰ ਸੋਸ਼ਲ ਮੀਡੀਆ ਉਤੇ ਵਿਅੰਗ ਵੇਖਣ ਨੂੰ ਮਿਲਆ ਜਿਸ ਵਿਚ ਇਕ ਬੋਰਡ ਉਤੇ ਲਿਖਿਆ ਸੀ ਕਿ ਬੱਬੂ ਪੈਂਚਰ ਵਾਲਾ ਇਸ ਦੇ ਹੇਠ ਲਿਖਿਆ ਸੀ

ਕਿ ਪਟਰੌਲ ਦੀਆਂ ਵਧੀਆਂ ਕੀਮਤ ਦੇ ਮਦੇਨਜ਼ਰ ਇਥੇ ਮੋਟਰਸਾਈਕਲ ਦੇ ਪੈਡਲ ਲਗਾਏ ਜਾਂਦੇ ਹਨ। ਦਰਅਸਲ ਉਕਤ ਵਿਅੰਗ, ਵਿਅੰਗ ਨਹੀਂ, ਸਗੋਂ ਅਵਾਮ ਦੀ ਅੰਦਰੂਨੀ ਦੁਖਦੀ ਪੀੜ ਦਾ ਉਹ ਸੈਲਾਬ ਹੈ ਜੋ ਕਈ ਵਾਰ ਹਕੂਮਤ ਦੇ ਤਖ਼ਤ ਨੂੰ ਰੋੜ੍ਹ ਕੇ ਅਪਣੇ ਨਾਲ ਲੈ ਤੁਰਦਾ ਹੈ।
ਸੰਪਰਕ : 98552-59650