ਅਲੋਪ ਹੋ ਗਿਆ ਸਿਹਰਾ ਪੜ੍ਹਨਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸੇਹਰਾ ਪੜ੍ਹਨਾ ਪੰਜਾਬ ਵਿਚ ਵਿਆਹ ਵੇਲੇ ਵਿਆਂਧੜ ਮੁੰਡੇ ਅਤੇ ਉਸ ਦੇ ਪਰਵਾਰ ਦੀ ਤਰੀਫ਼ ਵਿਚ ਪੜ੍ਹੇ ਜਾਣ ਵਾਲੀ ਕਾਵਿ ਰਚਨਾ ਦੀ ਰਸਮ ਨੂੰ ਕਿਹਾ ਜਾਂਦਾ ਸੀ

File Photo

ਸੇਹਰਾ ਪੜ੍ਹਨਾ ਪੰਜਾਬ ਵਿਚ ਵਿਆਹ ਵੇਲੇ ਵਿਆਂਧੜ ਮੁੰਡੇ ਅਤੇ ਉਸ ਦੇ ਪਰਵਾਰ ਦੀ ਤਰੀਫ਼ ਵਿਚ ਪੜ੍ਹੇ ਜਾਣ ਵਾਲੀ ਕਾਵਿ ਰਚਨਾ ਦੀ ਰਸਮ ਨੂੰ ਕਿਹਾ ਜਾਂਦਾ ਸੀ ਜਿਸ ਵਿਚ ਲਾੜੇ ਨੂੰ ਸਿਖਿਆ ਦੇਣ ਦੇ ਨਾਲ-ਨਾਲ ਉਸ ਦੇ ਪਰਵਾਰ, ਖ਼ਾਨਦਾਨ ਅਤੇ ਰਿਸ਼ਤੇਦਾਰਾਂ ਦੀਆਂ ਖ਼ੂਬੀਆਂ ਨੂੰ ਸ਼ਾਇਰਾਨਾ ਅੰਦਾਜ਼ ਵਿਚ ਨੌਜਵਾਨ ਬਰਾਤੀ ਰਾਹੀਂ ਜਾਂ ਪੇਸ਼ੇਵਰ ਲਿਖਾਰੀ ਵਲੋਂ ਪੇਸ਼ ਕੀਤਾ ਜਾਂਦਾ ਸੀ।

ਸਿਹਰਾ ਪੜ੍ਹਨ ਵਾਲੇ ਦੀ ਹੌਂਸਲਾ ਅਫ਼ਜ਼ਾਈ ਵਾਸਤੇ ਮੁੰਡੇ ਦਾ ਪਿਉ ਅਤੇ ਬਰਾਤੀ ਉਸ ਦੇ ਸਿਰ ਤੋਂ ਪੈਸੇ ਵਾਰ ਕੇ ਉਸ ਨੂੰ ਦਿੰਦੇ ਸਨ।ਸੇਹਰਾ ਲਾਵਾਂ ਜਾਂ ਫੇਰਿਆਂ ਤੋਂ ਬਾਅਦ ਪੜ੍ਹਿਆ ਜਾਂਦਾ ਸੀ। ਕੁੜੀ ਵਲੋਂ ਸਿੱਖਿਆ ਉਸ ਦੀ ਸਹੇਲੀ ਪੜ੍ਹਦੀ ਸੀ, ਜਿਸ ਵਿਚ ਲੜਕੀ ਨੂੰ ਉਸ ਦੇ ਮਾਂ-ਪਿਉ ਤੇ ਸੱਸ ਸਹੁਰੇ ਬਾਰੇ ਅਤੇ ਉਸ ਦੇ ਪਰਵਾਰ ਬਾਰੇ ਕੀ ਫ਼ਰਜ਼ ਹਨ ਆਦਿ ਬਾਰੇ ਸਿਖਿਆ ਦਿਤੀ ਜਾਂਦੀ ਸੀ।

ਮੈਨੂੰ ਯਾਦ ਹੈ ਕਿ ਮੈਂ ਅਪਣੇ ਦੋਸਤ ਦੇ ਵਿਆਹ ਤੇ ਦਸਾਂ ਗੁਰੂਆਂ ਦੀ ਓਟ ਲੈ ਕੇ ਫਿਰ ਉਸ ਦੇ ਰਿਸ਼ਤੇਦਾਰਾਂ ਦੀਆਂ ਖ਼ੂਬੀਆਂ ਦਾ ਜ਼ਿਕਰ ਮੈਂ ਸਿਹਰਾ ਪੜ੍ਹ ਕੇ ਕੀਤਾ ਸੀ ਜਿਸ ਦੀਆਂ ਚੰਦ ਲਾਈਨਾਂ ਮੈਨੂੰ ਅਜੇ ਵੀ ਯਾਦ ਹਨ ਜਿਨ੍ਹਾਂ ਦਾ ਜ਼ਿਕਰ ਹੁਣ ਮੈਂ ਕਰ ਰਿਹਾ ਹਾਂ।
ਪ੍ਰੀਤਮ ਸਿੰਘ ਦਾ ਸੇਹਰਾ

ਇਹ ਸੁਭਾਗ ਸੇਹਰਾ ਪ੍ਰੀਤਮ ਸਿੰਘ ਸਪੁੱਤਰ ਸ੍ਰੀ ਸਾਧੂ ਸਿੰਘ ਦੇ ਸ਼ੁੱਭ ਅਨੰਦ ਕਾਰਜ ਸਮੇਂ ਸਰਬ ਪਰਵਾਰ ਵਲੋਂ ਪ੍ਰੇਮ ਭੇਟ ਕੀਤਾ ਗਿਆ।
ਗੁਰੂ ਨਾਨਕ ਦੇਵ ਜੀ ਤੋਂ ਸਿਦਕ ਦੀ ਸੂਈ ਮੰਗੀ,
ਅੰਗਦ ਦੇਵ ਤੋਂ ਸਿੱਖੀ ਪਿਆਰ ਮੰਗਿਆ,
ਧਾਗਾ ਲਿਆ ਸਤਿ ਦਾ ਅਮਰਦਾਸ ਜੀ ਤੋਂ,
ਰਾਮਦਾਸ ਤੋਂ ਨਾਮ ਅਧਾਰ ਮੰਗਿਆ,

ਪੰਚਮ ਪਿਤਾ ਸੰਤੋਖ ਦੇ ਫੁੱਲ ਦਿਤੇ,
ਹਰਗੋਬਿੰਦ ਜੀ ਤੋਂ ਸ਼ਰਧਾ ਦਾ ਹਾਰ ਮੰਗਿਆ,
ਹਰਰਾਇ ਤੋਂ ਰਹਿਮਤ ਬਖ਼ਸ਼ਿਸ ਦਾ ਨਵਾਂ ਭੰਡਾਰ ਮੰਗਿਆ
ਹਰਕ੍ਰਿਸ਼ਨ ਤੋਂ ਅਰੋਗਤਾ ਦਾ ਦਾਨ ਮੰਗਿਆ,

ਨੌਵੇਂ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਲਈ ਨਿਮਰਤਾ ਉੱਚਾ ਉਚਾਰ ਚੰਨਾ,
ਚੜ੍ਹਦੀਕਲਾ ਲੈ ਪਿਤਾ ਦਸਮੇਸ਼ ਕੋਲੋਂ ਤੇਰੇ ਸੇਹਰੇ ਨੂੰ ਦਿਤਾ ਸ਼ਿੰਗਾਰ ਚੰਨਾ।

ਜਦੋਂ ਮੈਂ ਸੇਹਰਾ ਪੜ੍ਹਿਆ ਤਾਂ ਮੈਨੂੰ ਮੇਰੇ ਦੋਸਤ ਦੇ ਪਿਤਾ ਨੇ ਮੇਰੇ ਸਿਰ ਤੋਂ ਪੰਜਾਂ ਰੁਪਇਆਂ ਦਾ ਨੋਟ ਵਾਰ ਕੇ ਦਿਤਾ ਜੋ ਮੈਂ ਉਸ ਵੇਲੇ ਦੇ ਰਿਵਾਜ ਮੁਤਾਬਕ ਪਾਏ ਹੋਏ ਸਫ਼ਾਰੀ ਸੂਟ ਵਿਚ ਪਾ ਦਿਤਾ ਤਾਂ ਵੇਖੋ-ਵੇਖੀ ਬਰਾਤੀਆਂ ਨੇ ਮੇਰੇ ਸਫ਼ਾਰੀ ਸੂਟ ਦੀਆਂ ਦੋਵੇਂ ਜੇਬਾਂ ਰੁਪਇਆਂ ਨਾਲ ਭਰ ਦਿਤੀਆਂ ਜੋ ਮੈਂ ਬਾਅਦ ਵਿਚ ਅਪਣੇ ਦੋਸਤ ਦੇ
ਪਿਤਾ ਨੂੰ ਇਹ ਕਹਿ ਕੇ ਵਾਪਸ ਕਰ ਦਿਤੇ ਕਿ  ਤੁਹਾਡਾ ਵਿਆਹ 'ਤੇ ਕਾਫ਼ੀ ਖ਼ਰਚਾ ਹੋਇਆ ਹੈ, ਤੁਸੀ ਇਨ੍ਹਾਂ ਪੈਸਿਆਂ ਦੀ ਵਰਤੋਂ ਕਰ ਲੈਣਾ। ਜਦੋਂ ਮੇਰੇ ਦੋਸਤ ਦੇ ਪਿਤਾ ਨੇ ਮੈਨੂੰ ਘੁੱਟ ਕੇ ਜੱਫ਼ੀ ਪਾਈ ਤੇ ਸਾਰੇ ਬਰਾਤੀਆਂ ਸਾਹਮਣੇ ਕਿਹਾ, 'ਦੋਸਤ ਹੋਣ ਤਾਂ ਗੁਰਮੀਤ ਵਰਗੇ ਹੋਣ ਜਿਸ ਨੇ ਇਸ ਵੇਲੇ ਸਾਡੀ ਮਦਦ ਕੀਤੀ ਹੈ।'

ਇਹ ਸੁਣ ਕੇ ਮੇਰਾ ਸੀਨਾ ਚੌੜਾ ਹੋ ਗਿਆ ਸੀ। ਅੱਜ ਸੇਹਰੇ ਦੀ ਥਾਂ ਡੀਜੇ ਨੇ ਲੈ ਲਈ ਹੈ। ਅਸ਼ਲੀਲਤਾ ਅਤੇ ਨਸ਼ਿਆਂ ਬਾਰੇ ਗਾਣਿਆਂ ਦਾ ਬੋਲਬਾਲਾ ਹੈ ਜਿਸ ਨਾਲ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਆਦੀ ਹੋ ਗਈ ਹੈ। ਪੰਜਾਬ ਦਾ ਕਲਚਰ ਅਲੋਪ ਹੋ ਗਿਆ ਹੈ। ਇਸ ਦੇ ਨਾਲ ਸੇਹਰੇ ਪੜ੍ਹਨਾ ਅਤੇ ਪੜ੍ਹਨ ਵਾਲੇ ਵੀ ਅਲੋਪ ਹੋ ਗਏ ਹਨ। ਨੌਜਵਾਨ ਪੀੜ੍ਹੀ ਨੂੰ ਅਪਣੇ ਕਲਚਰ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ, ਸੇਵਾ ਮੁਕਤ ਇੰਸਪੈਕਟਰ ਸਪੰਰਕ : 9878600221