ਜੀਵੇ ਪੰਜਾਬੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸ਼ਹਿਰ ਦੀਆਂ ਛੋਟੀਆਂ ਤੰਗ ਗਲੀਆਂ ਮੁਹੱਲਿਆਂ ਵਿਚੋਂ ਨਿਕਲ ਕੇ ਸ਼ਹਿਰ ਦੇ ਬਾਹਰਵਰ ਕੱਟੀਆਂ ਜਾ ਰਹੀਆਂ ਨਵੀਆਂ ਕਲੋਨੀਆਂ

Punjabi Language

ਸ਼ਹਿਰ ਦੀਆਂ ਛੋਟੀਆਂ ਤੰਗ ਗਲੀਆਂ ਮੁਹੱਲਿਆਂ ਵਿਚੋਂ ਨਿਕਲ ਕੇ ਸ਼ਹਿਰ ਦੇ ਬਾਹਰਵਰ ਕੱਟੀਆਂ ਜਾ ਰਹੀਆਂ ਨਵੀਆਂ ਕਲੋਨੀਆਂ ਵਿਚ ਸ਼ਹਿਰ ਦੇ ਕਹੇ ਜਾਂਦੇ ਉੱਚ ਵਰਗ ਦੇ ਪੜ੍ਹੇ ਲਿਖੇ ਲੋਕਾਂ ਨੇ ਆਪੋ-ਅਪਣੀਆਂ ਥਾਵਾਂ ਲੈ ਕੇ ਮਨਮਰਜ਼ੀ ਦੀਆਂ ਕੋਠੀਆਂ ਬਣਾਉਣੀਆਂ ਸ਼ੁਰੂ ਕਰ ਦਿਤੀਆਂ। ਵਿਦੇਸ਼ਾਂ ਵਿਚ ਪੜ੍ਹਨ ਭੇਜੇ ਬੱਚਿਆਂ ਦੀਆਂ ਸਲਾਹਾਂ ਨਾਲ ਵਿਦੇਸ਼ੀ ਰੰਗ-ਢੰਗ ਦੀਆਂ ਕੋਠੀਆਂ ਉਸਰ ਰਹੀਆਂ ਸਨ।

ਇਕ ਵਧੀਆ ਅਤੇ ਸਾਫ਼ ਸੁਥਰਾ ਮਾਹੌਲ ਬਣ ਗਿਆ। ਸਾਫ਼ ਸੁਥਰੀ ਪਾਰਕ, ਸੁਪਰ ਮਾਰਕਿਟ, ਗੱਡੀਆਂ ਖੜੀਆਂ ਕਰਨ ਲਈ ਖੁੱਲੀ-ਡੁੱਲੀ ਥਾਂ, ਹਰ ਘਰ ਅੱਗੇ ਹਰਿਆਵਲ ਲਈ ਰੁੱਖ-ਬੂਟੇ ਵਗ਼ੈਰਾ ਲੱਗੇ ਹੋਏ। ਕਲੋਨੀ ਦੇ ਅੰਦਰ ਹੀ ਸ਼ਹਿਰ ਦੇ ਮਹਿੰਗੇ ਸਕੂਲਾਂ ਦੀਆਂ ਬੱਸਾਂ ਬੱਚਿਆਂ ਨੂੰ ਲੈਣ ਅਤੇ ਛੱਡਣ ਆਉਂਦੀਆਂ ਪਰ ਪਿਛਲੇ ਕੁੱਝ ਦਿਨਾਂ ਤੋਂ ਕਲੋਨੀ ਵਿਚ ਨਵੀਂ ਨਕੋਰ ਕੋਠੀ ਬਣਵਾ ਕੇ ਰਹਿਣ ਆਏ ਇਕ ਪਰਵਾਰ ਤੋਂ ਸਾਰੀ ਕਲੋਨੀ ਕੁੱਝ ਦੁਖੀ ਸੀ। ਹਰ ਕੋਈ ਉਨ੍ਹਾਂ ਵੱਲ ਬੜੀ ਕੌੜੀ ਜਿਹੀ ਅੱਖ ਨਾਲ ਤਕਦਾ ਸੀ ਜਿਵੇਂ ਸਾਰੇ ਉਨ੍ਹਾਂ ਤੋਂ ਗੁੱਸੇ/ਨਾਰਾਜ਼ ਹੋਣ।

ਆਖਰ ਕਲੋਨੀ ਵਿਚੋਂ ਹੀ ਇਕ ਸਿਆਣੇ ਬਜ਼ੁਰਗ ਨੇ ਆਉਂਦੇ ਐਤਵਾਰ ਸਾਰਿਆਂ ਨੂੰ ਇਕਠੇ ਹੋਣ ਲਈ ਸੱਦਾ ਦਿਤਾ ਤਾਕਿ ਮਸਲਾ ਵਿਚਾਰਿਆ ਅਤੇ ਸੁਲਝਾਇਆ ਜਾ ਸਕੇ। ਆਖਰ ਰਿਸ਼ਤੇਦਾਰਾਂ ਤੋਂ ਵੀ ਪਹਿਲਾਂ ਸੁੱਖ-ਦੁੱਖ ਵੇਲੇ ਆਂਢ-ਗੁਆਂਢ ਨੇ ਹੀ ਕੰਮ ਆਉਣਾ ਹੁੰਦੈ। ਐਤਵਾਰ ਦੀ ਸ਼ਾਮ ਸਬੰਧਤ ਪ੍ਰਵਾਰ ਜੋ ਇਸ ਗੱਲ ਤੋਂ ਹੈਰਾਨ ਸੀ ਕਿ ਲੋਕ ਉਨ੍ਹਾਂ ਤੋਂ ਔਖੇ ਕਿਉਂ ਹਨ, ਉਹ ਵੀ ਪੁੱਜ ਚੁੱਕਾ ਸੀ ਅਤੇ ਕਲੋਨੀ ਦੇ ਅਗਾਂਹਵਧੂ ਮੰਨੇ ਜਾਂਦੇ ਲੋਕ ਵੀ ਕੁਰਸੀਆਂ ਤੇ ਸਜ ਚੁਕੇ ਸਨ।

ਸੱਭ ਤੋਂ ਪਹਿਲਾਂ ਸ਼ਿਕਾਇਤ ਕਰਤਾ ਉਠਿਆ ਅਤੇ ਬਾਕੀਆਂ ਦੀ ਨੁਮਾਇੰਦਗੀ ਕਰਦਾ ਹੋਇਆ ਬੜੀ ਹਲੀਮੀ ਨਾਲ ਸ਼ਬਦਾਂ ਦਾ ਸੰਘਣਾ ਜਾਲ ਬੁਣਦਿਆਂ ਕਹਿਣ ਲੱਗਾ ਕਿ ਇਸ ਕਲੋਨੀ ਵਿਚ ਹਰ ਘਰ ਦਾ ਮੈਂਬਰ ਪੜ੍ਹਿਆ ਲਿਖਿਆ ਹੈ ਅਤੇ ਅਪਣੇ ਬੱਚਿਆਂ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਚੰਗੇ ਅਤੇ ਮਹਿੰਗੇ ਸਕੂਲ ਵਿਚ ਪੜ੍ਹਾ ਰਿਹਾ ਹੈ ਤਾਕਿ ਬੱਚੇ ਵੀ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਬਣ ਸਕਣ।

ਕਲੋਨੀ ਵਿਚ ਆਏ ਇਸ ਨਵੇਂ ਪਰਵਾਰ ਤੋਂ ਸਾਨੂੰ ਕੋਈ ਬਹੁਤਾ ਇਤਰਾਜ਼ ਨਹੀਂ, ਕਿਉਂਕਿ ਇਹ ਵੀ ਸਾਡੇ ਵਾਂਗ ਪੜ੍ਹੇ-ਲਿਖੇ ਹਨ। ਭਾਜੀ ਆਰਕੀਟੈਕਟ ਹਨ ਅਤੇ ਭਰਜਾਈ ਜੀ ਵੀ ਪੀ.ਐੱਚ.ਡੀ ਹੋਲਡਰ ਹਨ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸਾਡੀ ਕਲੋਨੀ ਵਿਚ ਆਏ ਹਨ, ਪਰ ਹੈਰਾਨਗੀ ਹੈ ਕਿ ਐਨਾ ਪੜ੍ਹ ਲਿਖ ਕੇ ਵੀ ਇਨ੍ਹਾਂ ਨੇ ਅਪਣੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਨ ਲਈ ਪਾਏ ਹੋਏ ਹਨ।

ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਆਦਤਾਂ ਸਿੱਖ ਕੇ ਆ ਰਹੇ ਇਨ੍ਹਾਂ ਦੇ ਬੱਚੇ ਪੂਰੇ ਮੁਹੱਲੇ ਦੇ ਬੱਚਿਆਂ ਦੀਆਂ ਆਦਤਾਂ ਵਿਗਾੜ ਸਕਦੇ ਹਨ। ਇਸੇ ਗੱਲ ਦਾ ਸਾਰੀ ਕਲੋਨੀ ਨੂੰ ਇਤਰਾਜ਼ ਹੈ ਕਿ ਅਸੀ ਸਾਰੇ ਮਿਹਨਤ ਕਰ ਕੇ ਬੜੀ ਮੁਸ਼ਕਲ ਨਾਲ ਮਹਿੰਗੇ ਸਕੂਲਾਂ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਭੇਜਦੇ ਹਾਂ ਪਰ ਜੇਕਰ ਇਹ ਪਰਵਾਰ ਕਲੋਨੀ ਵਿਚ ਰਹੇਗਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਐਨਾ ਕਹਿੰਦੇ ਹੋਏ ਉਹ ਧੰਨਵਾਦ ਕਰ ਕੇ ਬੈਠ ਗਿਆ।

ਬਜ਼ੁਰਗ ਸਾਰਾ ਮਸਲਾ ਸਮਝ ਚੁਕਿਆ ਸੀ ਅਤੇ ਸਬੰਧਤ ਪਰਵਾਰ ਦੇ ਮੁਖੀ ਨੂੰ ਬੋਲਣ ਦਾ ਮੌਕਾ ਦਿਤਾ ਗਿਆ ਤਾਂ ਉਸ ਨੇ ਬੜੀ ਨਿਮਰਤਾ ਨਾਲ ਅਪਣੀ ਗੱਲ ਕਰਨੀ ਸ਼ੁਰੂ ਕੀਤੀ। ਉਸ ਨੇ ਕਿਹਾ ਕਿ ਜਿਵੇਂ ਮੇਰੇ ਤੋਂ ਪਹਿਲਾਂ ਸ਼ਿਕਾਇਤ ਕਰਤਾ ਨੇ ਦਸਿਆ ਕਿ ਮੈਂ ਇਕ ਆਰਕੀਟੈਕਟ ਹਾਂ ਇਸ ਲਈ ਇਹ ਦਸਦਾ ਜਾਵਾਂ ਕਿ ਮੇਰੀ ਵੀ ਬਾਰਵੀਂ ਜਮਾਤ ਤਕ ਦੀ ਪੜਾਈ ਸਰਕਾਰੀ ਸਕੂਲ ਵਿਚ ਹੀ ਹੋਈ ਹੈ ਅਤੇ ਮੇਰੀ ਘਰਵਾਲੀ ਜੋ ਪੀ.ਐੱਚ.ਡੀ. ਹੋਲਡਰ ਹੈ ਉਨ੍ਹਾਂ ਦੀ ਪੜ੍ਹਾਈ ਵੀ ਸਰਕਾਰੀ ਸਕੂਲ ਵਿਚ ਹੀ ਹੋਈ ਹੈ।

ਮੈਰਿਟ ਵਿਚ ਆਉਣ ਕਰ ਕੇ ਮਿਲੇ ਵਜ਼ੀਫ਼ਿਆਂ ਦੇ ਸਿਰ 'ਤੇ ਹੀ ਉਹ ਪੀ.ਐੱਚ.ਡੀ ਕਰ ਸਕੀ ਹੈ। ਸਾਨੂੰ ਇਹ ਮਾਣ ਬਿਨਾਂ ਸ਼ੱਕ ਵਿਦਿਆ ਨੇ ਦਿਵਾਇਆ ਹੈ। ਵਿਦਿਆ ਤਾਂ ਵਿੱਦਿਆ ਹੀ ਹੈ, ਉਹ ਸਰਕਾਰੀ ਸਕੂਲ ਦੀ ਹੋਵੇ ਜਾਂ ਨਿਜੀ ਸਕੂਲਾਂ ਦੀ। ਸਿਰਫ਼ ਉਸ ਵਿਦਿਆ ਨੂੰ ਪ੍ਰਾਪਤ ਕਰਨ ਦਾ ਕੋਈ ਫ਼ਾਇਦਾ ਨਹੀਂ ਜਿਸ ਨੂੰ ਪ੍ਰਾਪਤ ਕਰ ਕੇ ਅਸੀ ਅਪਣੀ ਮਾਂ ਬੋਲੀ ਭੁੱਲ ਜਾਈਏ, ਅਪਣੀ ਵਿਰਾਸਤ, ਵਿਰਸਾ, ਸਭਿਆਚਾਰ, ਇਤਿਹਾਸ ਭੁੱਲ ਜਾਈਏ। ਭਾਜੀ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਸਾਡੀ ਕਲੋਨੀ ਦੇ ਬੱਚੇ ਵਿਗੜ ਜਾਣਗੇ।

ਜੇ ਬੱਚੇ ਵਿਗੜ ਜਾਣਗੇ ਤਾਂ ਜਿਹੜੀਆਂ ਮਹਿੰਗੀਆਂ ਅਤੇ ਚਮਕਦੀਆਂ ਇਮਾਰਤਾਂ ਵਿਚੋਂ ਉਹ ਵਿਦਿਆ ਹਾਸਲ ਕਰ ਕੇ ਆ ਰਹੇ ਹਨ ਕੀ ਉਹ ਐਨੀ ਹੌਲੀ/ਹਲਕੀ ਹੈ ਜੋ ਚੰਗੇ ਬੁਰੇ ਦੀ ਪਹਿਚਾਣ ਕਰਨ ਤੋਂ ਅਸਮਰੱਥ ਹੈ? ਅਸੀ ਤਾਂ ਇਹ ਸੋਚ ਕੇ ਇਸ ਕਲੋਨੀ ਵਿਚ ਕੋਠੀ ਬਣਾਈ ਸੀ ਕਿ ਇਥੇ ਕਾਫ਼ੀ ਪੜ੍ਹੇ ਲਿਖੇ ਲੋਕ ਹੋਣਗੇ ਪਰ ਅਫ਼ਸੋਸ! ਇਸ ਨਾਲੋਂ ਤਾਂ ਅਸੀ ਸ਼ਹਿਰ ਦੀਆਂ ਤੰਗ ਗਲੀਆਂ ਬਾਜ਼ਾਰਾਂ ਵਿਚ ਹੀ ਚੰਗੇ ਸੀ, ਜਿਥੇ ਸਾਰੇ ਬੱਚੇ ਇਕੱਠੇ ਖੇਡਦੇ ਸੀ, ਇਕ ਦੂਜੇ ਨਾਲ ਖਾਣ-ਪੀਣ ਤੋਂ ਇਲਾਵਾ ਅਪਣੇ ਖਿਡੌਣੇ ਤਕ ਸਾਂਝੇ ਕਰ ਲੈਂਦੇ ਸਨ।

ਨਾ ਕੋਈ ਰੰਗ ਦੇਖਦਾ ਸੀ ਨਾ ਜਾਤ-ਪਾਤ ਦੇਖਦਾ ਸੀ ਅਤੇ ਨਾ ਹੀ ਅਮੀਰੀ ਤੇ ਗ਼ਰੀਬੀ ਵੇਖੀ ਜਾਂਦੀ ਸੀ। ਉਥੇ ਸਾਰੇ ਬੱਚੇ ਬੱਸ ਅਪਣਾ ਬਚਪਨ ਅਤੇ ਕੁਦਰਤ ਦੇ ਰੰਗਾਂ ਨੂੰ ਮਾਣਦੇ ਸਨ। ਸਿਆਣੇ ਬਜ਼ੁਰਗ ਨੇ ਵਿਚੋਂ ਹੀ ਟੋਕਦਿਆਂ ਕਿਹਾ, ''ਸਰਦਾਰ ਸਾਹਿਬ ਬੈਠ ਜਾਉ! ਸਾਰੀ ਕਲੋਨੀ ਵਾਲਿਆਂ ਦੀਆਂ ਝੁਕੀਆਂ ਹੋਈਆਂ ਗਰਦਨਾਂ ਅਤੇ ਨੀਵੀਆਂ ਹੋਈਆਂ ਅੱਖਾਂ ਹੁਣ ਤੁਹਾਡੇ ਨਾਲ ਹੀ ਉੱਪਰ ਉਠਣਾ ਚਾਹੁੰਦੀਆਂ ਹਨ।''

ਬੱਸ ਫਿਰ ਕੀ ਸੀ ਹੁਣ ਤਕ ਸੱਭ ਸਾਂਝੇ ਤੌਰ 'ਤੇ ਰਹਿਣ ਲਗ ਪਏ ਅਤੇ ਕਲੋਨੀ ਦੇ ਨਾਮ ਦੀ ਤਖ਼ਤੀ ਵੀ ਪੰਜਾਬੀ ਵਿਚ ਹੈ ਅਤੇ ਘਰਾਂ ਦੇ ਬਾਹਰ ਲੱਗੀਆਂ ਤਖ਼ਤੀਆਂ 'ਤੇ ਵੀ ਪੰਜਾਬੀ ਉਕਰੀ ਹੋਈ ਹੈ। ਗੁਰਦਵਾਰਾ ਸਾਹਿਬ ਦੇ ਭਾਈ ਕੋਲੋਂ ਵੀ ਹਰ ਹਫ਼ਤੇ ਕਲੋਨੀ ਦੇ ਬੱਚਿਆਂ ਲਈ ਪੰਜਾਬੀ ਦੀ ਕਲਾਸ ਲਗਾਉਣ ਦਾ ਵਾਅਦਾ ਕੀਤਾ ਗਿਆ।