ਨਿਸ਼ਕਾਮ ਸੇਵਾ ਦੀ ਮੂਰਤ ਸਨ ਭਗਤ ਪੂਰਨ ਸਿੰਘ
ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਪਿੰਡ ਰਾਜੇਵਾਲ ਰੋਹਣੋ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਸ਼ਿੱਬੂ ਮੱਲ ਸ਼ਾਹੂਕਾਰ ਦੇ ਗ੍ਰਹਿ...
ਭਾਈ ਘਨੱਈਆ ਜੀ ਦੇ ਮਾਰਗ ਤੇ ਚਲਦੇ ਹੋਏ ਸਿੱਖ ਧਰਮ ਦੇ ਅਸੂਲਾਂ ਨੂੰ ਸਹੀ ਅਰਥਾਂ 'ਚ ਅਪਣੇ ਜੀਵਨ ਵਿਚ ਢਾਲਣ ਵਾਲੇ ਬੇਆਸਰੇ ਰੋਗੀਆਂ, ਅਨਾਥਾਂ, ਗ਼ਰੀਬਾਂ, ਅਪਾਹਜਾਂ ਅਤੇ ਦੀਨ-ਦੁਖੀਆਂ ਦੀ ਸੇਵਾ ਨੂੰ ਸਮਰਪਿਤ ਸਨ ਭਗਤ ਪੂਰਨ ਸਿੰਘ।
ਭਗਤ ਪੂਰਨ ਸਿੰਘ ਦਾ ਜਨਮ 4 ਜੂਨ, 1904 ਨੂੰ ਪਿੰਡ ਰਾਜੇਵਾਲ ਰੋਹਣੋ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਸ਼ਿੱਬੂ ਮੱਲ ਸ਼ਾਹੂਕਾਰ ਦੇ ਗ੍ਰਹਿ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਕ ਸੀ। ਭਗਤ ਪੂਰਨ ਸਿੰਘ ਦਾ ਬਚਪਨ ਦਾ ਨਾਂ ਰਾਮ ਜੀ ਦਾਸ' ਸੀ। ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਵਿਖੇ ਕੀਤੀ ਨਿਸ਼ਕਾਮ ਸੇਵਾ ਨੇ ਉਨ੍ਹਾਂ ਨੂੰ 'ਰਾਮ ਜੀ ਦਾਸ' ਤੋਂ ਭਗਤ ਪੂਰਨ ਸਿੰਘ ਬਣਾ ਦਿਤਾ।
ਗਿਆਨੀ ਕਰਤਾਰ ਸਿੰਘ ਅਤੇ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਉਨ੍ਹਾਂ ਦੀ ਸੇਵਾ ਨੂੰ ਵੇਖ ਕੇ ਭਗਤ ਜੀ ਕਹਿ ਕੇ ਸੰਬੋਧਨ ਕੀਤਾ। ਮਾਤਾ ਮਹਿਤਾਬ ਕੌਰ ਨੇ ਬਚਪਨ ਤੋਂ ਹੀ ਧਰੂ ਭਗਤ, ਹਨੂਮਾਨ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ, ਸੰਤਾਂ ਦੇ ਇਤਿਹਾਸ ਅਤੇ ਕਿੱਸੇ-ਕਹਾਣੀਆਂ ਸੁਣਾ ਕੇ ਪੂਰਨ ਸਿੰਘ ਨੂੰ ਇਸ ਪਾਸੇ ਵਲ ਲਾਇਆ।
ਭਗਤ ਪੂਰਨ ਸਿੰਘ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਵਿਚ ਇਕ ਚਾਰ ਸਾਲ ਦੇ ਬੱਚੇ (ਪਿਆਰਾ ਸਿੰਘ) ਦੀ ਸੇਵਾ ਤੋਂ ਸ਼ੁਰੂ ਕੀਤਾ। ਇਸ ਅਪੰਗ ਬੱਚੇ ਨੂੰ ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਦੀ ਡਿਓਢੀ ਅੱਗੇ ਕੋਈ ਚੋਰੀ ਛੱਡ ਗਿਆ ਸੀ। ਗੁਰਦਵਾਰਾ ਸਾਹਿਬ ਦੇ ਗ੍ਰੰਥੀ ਨੇ ਬੱਚੇ ਨੂੰ ਭਗਤ ਜੀ ਦੇ ਹਵਾਲੇ ਕਰ ਕੇ ਆਖਿਆ, ''ਪੂਰਨ ਸਿੰਘ! ਤੂੰ ਹੀ ਅੱਜ ਤੋਂ ਇਸ ਬੱਚੇ ਦੀ ਸੇਵਾ-ਸੰਭਾਲ ਕਰ। ਭਗਤ ਜੀ ਲਈ ਇਹ ਬੱਚਾ ਪਿਆਰ ਦਾ ਸੋਮਾ ਹੋ ਨਿਬਿੜਿਆ, ਜਿਸ ਕਰ ਕੇ ਉਸ ਦਾ ਨਾਂ ਪਿਆਰਾ ਸਿੰਘ ਪੈ ਗਿਆ।
ਲਾਹੌਰ ਸ਼ਹਿਰ ਵਿਚ ਜਦ ਭਗਤ ਪੂਰਨ ਸਿੰਘ ਜੀ ਅਪਾਹਜ ਪਿਆਰਾ ਸਿੰਘ ਨੂੰ ਮੋਢਿਆਂ ਉਤੇ ਚੁੱਕੀ ਫਿਰਦੇ ਸਨ ਤਾਂ ਬਹੁਤ ਸਾਰੇ ਵਿਅਕਤੀ ਇਸ ਨੂੰ ਇਕ ਅਸੰਭਵ ਕੰਮ ਸਮਝਦੇ ਸਨ। ਇਕ ਦਿਨ ਭਗਤ ਪੂਰਨ ਸਿੰਘ ਜੀ ਦੇ ਇਕ ਨਜ਼ਦੀਕੀ ਵਕੀਲ ਨੇ ਭਗਤ ਜੀ ਨੂੰ ਕਿਹਾ ਕਿ ਇਸ ਨਾਲੋਂ ਤਾਂ ਚੰਗਾ ਸੀ ਕਿ ਇਹ (ਪਿਆਰਾ ਸਿੰਘ) ਗੁਰਦਵਾਰੇ ਦੇ ਬਾਹਰ ਹੀ ਮਰ ਜਾਂਦਾ ਕਿਉਂ ਜੋ ਇਕ ਦਿਨ ਕਿਸੇ ਸੜਕ ਦੇ ਕੰਢੇ ਮਰਨਾ ਹੀ ਹੈ। ਪਰ ਕੋਈ ਵੀ ਭਗਤ ਪੂਰਨ ਸਿੰਘ ਜੀ ਨੂੰ ਉਨ੍ਹਾਂ ਦੇ ਸਿਰੜੀ ਮਿਸ਼ਨ ਤੋਂ ਨਾ ਰੋਕ ਸਕਿਆ। ਭਗਤ ਜੀ ਦਾ ਅਕਾਲ ਪੁਰਖ ਤੇ ਅਤੁੱਟ ਵਿਸ਼ਵਾਸ ਅਤੇ ਦੁਖੀ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰਬਲ ਇੱਛਾ ਕਰ ਕੇ ਹੀ ਇਹ ਸੰਭਵ ਹੋ ਸਕਿਆ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਅਪੰਗ ਬੱਚੇ ਨੂੰ 18 ਅਗੱਸਤ 1947 ਨੂੰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿਚ ਲੈ ਕੇ ਪਹੁੰਚੇ। ਉਸ ਕੈਂਪ ਵਿਚ 25 ਹਜ਼ਾਰ ਦੇ ਕਰੀਬ ਮਰਦ, ਔਰਤਾਂ ਅਤੇ ਬੱਚੇ ਸਨ। ਅਪਾਹਜਾਂ ਦੀ ਸੇਵਾ-ਸੰਭਾਲ ਅਤੇ ਕਪੜੇ ਧੋਣ ਅਤੇ ਉਨ੍ਹਾਂ ਨੂੰ ਨਹਾਉਣ ਤੋਂ ਇਲਾਵਾ ਭਗਤ ਪੂਰਨ ਸਿੰਘ ਇਕੱਲੇ ਹੀ ਦੋਵੇਂ ਵੇਲੇ ਘਰਾਂ ਵਿਚੋਂ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਅਤੇ ਸੱਭ ਨੂੰ ਵਰਤਾਉਂਦੇ।
ਘਰਾਂ ਵਿਚੋਂ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਅਤੇ ਸੱਭ ਨੂੰ ਵਰਤਾਉਂਦੇ। ਇਥੋਂ ਤਕ ਕਿ ਅਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿਚ ਰੋਟੀ ਦੀਆਂ ਬੁਰਕੀਆਂ (ਗਰਾਹੀਆਂ) ਪਾਉਂਦੇ 1949 ਤੋਂ 1958 ਤਕ ਫ਼ੁਟਪਾਥਾਂ, ਰੁੱਖਾਂ ਦੀ ਛਾਵੇਂ, ਕਦੇ ਖ਼ਾਲਸਾ ਕਾਲਜ ਕੋਲ ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ਼ ਖ਼ਾਲਸਾ ਦੀਵਾਨ ਦੇ ਕੋਲ ਝੋਪੜੀਆਂ ਬਣਾ ਕੇ ਪੀੜਤ ਲੋਕਾਂ ਦੀ ਸੇਵਾ-ਸੰਭਾਲ ਕੀਤੀ। 1958 ਵਿਚ ਅੰਮ੍ਰਿਤਸਰ ਵਿਖੇ ਥਾਂ ਮੁੱਲ ਖ਼ਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ। ਇਹ ਆਸ਼ਰਮ ਜੋ ਕੁੱਝ ਕੁ ਮਰੀਜ਼ਾਂ ਨੂੰ ਲੈ ਕੇ ਭਗਤ ਪੂਰਨ ਸਿੰਘ ਜੀ ਨੇ ਬੀਜ ਰੂਪ ਵਿਚ ਸ਼ੁਰੂ ਕੀਤਾ, ਅੱਜ 1700 ਤੋਂ ਵੱਧ ਮਰੀਜ਼ ਜਿਨ੍ਹਾਂ ਵਿਚ ਔਰਤਾਂ, ਬੱਚੇ ਅਤੇ ਬੁੱਢੇ ਸ਼ਾਮਲ ਹਨ, ਲਈ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ।
ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਜਲ ਸਾਧਨਾਂ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨਾਲ ਸਬੰਧਤ ਕਈ ਕਿਤਾਬਚੇ, ਟ੍ਰੈਕਟ, ਫ਼ੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿਚ ਛਾਪ ਕੇ ਵੰਡੇ। ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਪਿੰਗਲਵਾੜਾ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਹੈ। ਇਸ ਦੇ ਬਾਨੀ ਭਗਤ ਪੂਰਨ ਸਿੰਘ ਨੂੰ ਭਾਵੇਂ ਬਹੁਤ ਮੁਸ਼ਕਲਾਂ ਆਈਆਂ ਪਰ ਉਹ ਅਪਣੇ ਮਿਸ਼ਨ ਵਿਚ ਸਫ਼ਲ ਹੋਏ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜੀ ਦਾ ਕੰਮ, ਟਾਈਪ ਕਰਨਾ, ਕੁਰਸੀਆਂ ਬੁਣਨੀਆਂ, ਮੋਮਬੱਤੀਆਂ, ਗੁੱਡੀਆਂ, ਖਿਡੌਣੇ ਬਣਾਉਣ ਆਦਿ ਦੀ ਸਿਖਲਾਈ ਦਿਤੀ ਜਾਂਦੀ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਲੋਂ ਪਿੰਗਲਵਾੜਾ ਨੂੰ 10 ਲੱਖ ਰੁਪਏ ਸਾਲਾਨਾ ਮਦਦ ਮਿਲਦੀ ਹੈ। ਪੰਜਾਬ ਸਰਕਾਰ ਵਲੋਂ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਇਕ-ਇਕ ਲੱਖ ਰੁਪਏ ਸਾਲਾਨਾ ਮਦਦ ਮਿਲਦੀ ਹੈ।ਭਗਤ ਪੂਰਨ ਸਿੰਘ ਜੀ ਨੇ ਕੁਦਰਤੀ ਸੋਮਿਆਂ ਦੀ ਰਖਿਆ ਕਰੋ, ਸਾਦਾ ਜੀਵਨ ਬਤੀਤ ਕਰੋ, ਵੱਧ ਤੋਂ ਵੱਧ ਰੁੱਖ ਲਗਾ ਕੇ ਮਨੁੱਖਤਾ ਦਾ ਭਲਾ ਕਰੋ, ਖਾਦੀ ਦੇ ਕਪੜੇ ਪਹਿਨ ਕੇ ਬੇਰੁਜ਼ਗਾਰੀ ਨੂੰ ਘਟਾਉਣ ਵਿਚ ਮਦਦ ਕਰੋ, ਸਾਦਾ ਖਾਣਾ, ਸਾਦਾ ਪਾਉਣਾ ਅਤੇ ਸਾਦਗੀ ਵਿਚ ਰਹਿਣ ਦਾ ਅਨੰਦ ਹੀ ਵਖਰਾ ਹੈ।
ਡੀਜ਼ਲ ਤੇ ਪਟਰੌਲ ਦੀ ਵਰਤੋਂ ਘੱਟ ਕਰੋ, ਵੱਧ ਰਹੀ ਅਬਾਦੀ ਨੂੰ ਠੱਲ੍ਹ ਪਾਉਣ ਲਈ ਸੰਜਮ ਵਾਲਾ ਜੀਵਨ ਬਤੀਤ ਕਰੋ, ਰੋ ਰਹੀ ਹਵਾ, ਪਾਣੀ ਅਤੇ ਧਰਤੀ ਮਾਤਾ ਦੀ ਪੁਕਾਰ ਸੁਣੋ, ਬਰਸਾਤ ਦੇ ਮੌਸਮ ਵਿਚ ਹਰ ਪ੍ਰਾਣੀ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਵੇ, ਰਸਤੇ ਵਿਚ ਪਏ ਕੇਲਿਆਂ ਦੇ ਛਿੱਲੜ, ਕਿੱਲ, ਸ਼ੀਸ਼ੇ (ਕੱਚ) ਅਤੇ ਖੁਰੀ ਚੁੱਕ ਕੇ ਪ੍ਰਾਣੀ ਮਾਤਰ ਦਾ ਭਲਾ ਕਰੋ, ਜਾਨਵਰਾਂ ਦੀ ਰੱਖਿਆ ਲਈ ਵੱਧ ਤੋਂ ਵੱਧ ਉਪਰਾਲੇ ਕਰੋ ਆਦਿ ਉਪਦੇਸ਼ ਸਮੁੱਚੀ ਮਾਨਵਤਾ ਨੂੰ ਦਿਤੇ ਹਨ।
ਭਗਤ ਪੂਰਨ ਸਿੰਘ ਜੀ ਨੇ ਪਿੰਗਲਵਾੜਾ ਸਥਾਪਤ ਕਰ ਕੇ ਬੇਸਹਾਰਾ, ਅਪਾਹਜਾਂ, ਅਪੰਗਾਂ ਉਤੇ ਮਹਾਨ ਪਰਉਪਕਾਰ ਕੀਤਾ ਹੈ। ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵਲੋਂ 1981 ਵਿਚ 'ਪਦਮ ਸ੍ਰੀ' ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਪਰ ਭਾਰਤ ਸਰਕਾਰ ਵਲੋਂ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਉਤੇ ਹੋਏ ਹਮਲੇ ਦੇ ਰੋਸ ਵਜੋਂ ਉਨ੍ਹਾਂ ਨੇ ਇਹ ਪੁਰਸਕਾਰ ਵਾਪਸ ਕਰ ਦਿਤਾ ਸੀ। 1990 ਵਿਚ ਭਗਤ ਪੂਰਨ ਸਿੰਘ ਨੂੰ ਹਾਰਮਨੀ ਐਵਾਰਡ ਅਤੇ 1991 ਵਿਚ ਰੋਗ ਰਤਨ ਐਵਾਰਡ ਪ੍ਰਾਪਤ ਹੋਏ।
ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ। ਨਿਸ਼ਕਾਮ ਸੇਵਾ ਦੀ ਮੂਰਤ, ਪਰਉਪਕਾਰੀ, ਨਿਆਸਰਿਆਂ ਦਾ ਆਸਰਾ ਭਗਤ ਪੂਰਨ ਸਿੰਘ 5 ਅਗੱਸਤ, 1992 ਨੂੰ 88 ਸਾਲ ਦੀ ਉਮਰ ਬਤੀਤ ਕਰ ਕੇ ਸੱਚਖੰਡ ਜਾ ਬਿਰਾਜੇ। ਭਗਤ ਪੂਰਨ ਸਿੰਘ ਜੀ ਚਾਹੇ ਝੁੱਗੀਆਂ ਦੀ ਥਾਂ ਆਲੀਸ਼ਾਨ ਇਮਾਰਤਾਂ ਉਸਾਰ ਕੇ ਸੰਸਾਰ ਤੋਂ ਚੋਲਾ ਤਿਆਗ ਗਏ ਪਰ ਵਰਤਮਾਨ ਸਮੇਂ ਡਾ. ਇੰਦਰਜੀਤ ਕੌਰ ਜੀ ਦੀ ਦੇਖ-ਰੇਖ ਹੇਠ ਪਿੰਗਲਵਾੜਾ 'ਚ ਮਰੀਜ਼ਾਂ ਦੀ ਸੇਵਾ-ਸੰਭਾਲ ਜਾਰੀ ਹੈ। ਮਰੀਜ਼ਾਂ ਦੀ ਸੇਵਾ ਲਈ ਇਕ ਡਿਸਪੈਂਸਰੀ ਸਥਾਪਤ ਹੈ। ਪਿੰਗਲਵਾੜਾ ਵਿਚ ਬਹੁਤ ਸਾਰੇ ਪਾਗਲ ਮਰੀਜ਼ ਹਨ।
ਇਹ ਮਰੀਜ਼ ਅਪਣੀਆਂ ਦਵਾਈਆਂ ਆਪ ਨਹੀਂ ਲੈ ਸਕਦੇ। ਮਰੀਜ਼ਾਂ ਦੀ ਸੇਵਾ ਲਈ 245 ਸੇਵਾਦਾਰਨੀਆਂ, 256 ਸੇਵਾਦਾਰ ਅਤੇ 18 ਟਰੇਂਡ ਨਰਸਾਂ ਕੰਮ ਕਰ ਰਹੀਆਂ ਹਨ। ਸਾਰੇ ਵਾਰਡਾਂ ਵਿਚ ਸੂਰਜੀ ਸ਼ਕਤੀ ਪਲਾਂਟ ਲਗਾਇਆ ਗਿਆ ਹੈ ਜਿੱਥੇ ਮਰੀਜ਼ਾਂ ਦੇ ਕਪੜੇ ਗਰਮ ਪਾਣੀ ਨਾਲ ਧੋਤੇ ਜਾਂਦੇ ਹਨ।ਭਗਤ ਪੂਰਨ ਸਿੰਘ ਜੀ ਵਾਤਾਵਰਣ ਦੀ ਸੰਭਾਲ ਸਬੰਧੀ ਬੜੇ ਚਿੰਤਤ ਰਹਿੰਦੇ ਸਨ। ਹਰ ਸਾਲ ਸੰਸਥਾ ਦੇ ਸੇਵਾਦਾਰਾਂ ਵਲੋਂ ਭਗਤ ਜੀ ਦੀ ਬਰਸੀ ਤੇ ਰੁੱਖ ਲਾਉਣ ਦੀ ਮੁਹਿੰਮ ਵਿੱਢੀ ਜਾਂਦੀ ਹੈ। ਪਿੰਗਲਵਾੜਾ ਸੰਸਥਾ ਵਲੋਂ ਅਪਣੀ ਨਰਸਰੀ ਵਿਚ 60 ਹਜ਼ਾਰ ਤੋਂ ਵੱਧ ਬੂਟੇ ਪੈਦਾ ਕਰ ਕੇ ਵੱਖ-ਵੱਖ ਸੰਸਥਾਵਾਂ ਨੂੰ ਭੇਜੇ ਗਏ।
ਪਿੰਗਲਵਾੜਾ ਦੀਆਂ ਅੰਮ੍ਰਿਤਸਰ, ਮਾਨਾਂਵਾਲਾ, ਗੋਇੰਦਵਾਲ, ਜਲੰਧਰ, ਸੰਗਰੂਰ, ਪਲਸੋਰਾ (ਚੰਡੀਗੜ੍ਹ), ਪੰਡੋਰੀ ਵੜੈਚ ਵਿਖੇ ਬ੍ਰਾਂਚਾਂ ਹਨ। ਭਗਤ ਪੂਰਨ ਸਿੰਘ ਆਦਰਸ਼ ਸਕੂਲ, ਬੁੱਟਰ ਕਲਾਂ ਕਾਦੀਆਂ, ਭਗਤ ਪੂਰਨ ਸਿੰਘ ਆਦਰਸ਼ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੁਕੇਸ਼ਨ, ਭਗਤ ਪੂਰਨ ਸਿੰਘ ਗੁੰਗੇ-ਬੋਲੇ ਬੱਚਿਆਂ ਦਾ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਕਿੱਤਾ ਸਿਖਲਾਈ ਕੇਂਦਰ ਮਾਲਾਂਵਾਲਾ ਆਦਿ ਵਿਖੇ ਮੁਫ਼ਤ ਵਿੱਦਿਅਕ ਸਹੂਲਤਾਂ ਦਿਤੀਆਂ ਜਾਂਦੀਆਂ ਹਨ। ਸੰਗਰੂਰ ਅਤੇ ਮਾਨਾਂਵਾਲਾ ਬ੍ਰਾਂਚ ਵਿਚ ਬਿਰਧ ਘਰ ਚੱਲ ਰਹੇ ਹਨ।
ਮਾਨਾਂਵਾਲਾ ਕੰਪਲੈਕਸ ਵਿਖੇ ਗਊਸ਼ਾਲਾ ਵੀ ਹੈ ਜਿਸ ਵਿਚ 180 ਗਊਆਂ, ਵੱਛੇ ਅਤੇ ਵੱਛੀਆਂ ਹਨ। ਗਊਆਂ ਦਾ ਦੁੱਧ ਮਰੀਜ਼ਾਂ ਲਈ ਵਰਤਿਆ ਜਾਂਦਾ ਹੈ। ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ (ਬਣਾਵਟੀ ਅੰਗ ਕੇਂਦਰ) ਵਿਚ 6 ਹਜ਼ਾਰ ਤੋਂ ਵੱਧ ਅੰਗਹੀਣਾਂ ਨੂੰ ਬਣਾਵਟੀ ਅੰਗ ਲਗਾਏ ਜਾ ਚੁੱਕੇ ਹਨ। ਪਿੰਗਲਵਾੜਾ ਸੰਸਥਾ ਦਾ ਕੰਮ ਸਿਰਫ਼ ਪੰਜਾਬ ਨੂੰ ਬਣਾਵਟੀ ਅੰਗ ਲਗਾਏ ਜਾ ਚੁੱਕੇ ਹਨ। ਪਿੰਗਲਵਾੜਾ ਸੰਸਥਾ ਦਾ ਕੰਮ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ, ਕਿਤੇ ਵੀ ਕੁਦਰਤੀ ਆਫ਼ਤਾਂ ਆਉਂਦੀਆਂ ਹਨ, ਉਥੋਂ ਦੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।
ਜਦ ਲਾਟੂਰ, ਚਮੋਲੀ, ਲਦਾਖ, ਸੁਨਾਮੀ ਲਹਿਰਾਂ, ਈਰਾਨ ਵਿਚ ਭੂਚਾਲ ਨਾਲ ਲੋਕ ਪ੍ਰਭਾਵਤ ਹੋਏ ਤਾਂ ਡਾ. ਇੰਦਰਜੀਤ ਕੌਰ ਜੀ ਦੀ ਅਗਵਾਈ ਵਿਚ ਪਿੰਗਲਵਾੜਾ ਵਲੋਂ ਕੰਬਲ, ਕਪੜੇ, ਰਾਸ਼ਨ, ਦਵਾਈਆਂ ਪੀੜਤਾਂ ਦੇ ਘਰ ਘਰ ਜਾ ਕੇ ਰਾਹਤ ਸਮੱਗਰੀ ਵੰਡੀ ਗਈ।ਭਾਰਤ ਸਰਕਾਰ ਵਲੋਂ 10 ਦਸੰਬਰ, 2004 ਨੂੰ ਭਗਤ ਪੂਰਨ ਸਿੰਘ ਜੀ ਦੀ ਇਕ ਡਾਕ-ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ। ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਭਗਤ ਪੂਰਨ ਸਿੰਘ ਦੀਆਂ ਜੀਵਨ ਘਾਲਣਾਵਾਂ ਸਬੰਧੀ ਤਸਵੀਰਾਂ ਦਾ ਸੰਗ੍ਰਹਿ ਅਜਾਇਬ ਘਰ ਪਿੰਗਲਵਾੜਾ ਵਿਚ ਸਥਾਪਤ ਕਤਾ ਗਿਆ ਹੈ।
ਪਿੰਗਲਵਾੜਾ ਸੰਸਥਾ ਵਲੋਂ ਹੁਣ ਤਕ ਪੰਜਾਬੀ ਦੀਆਂ 30 ਪੁਸਤਕਾਂ, 52 ਕਿਤਾਬਚੇ ਅੰਗਰੇਜ਼ੀ ਦੀਆਂ 21 ਪੁਸਤਕਾਂ ਅਤੇ 78 ਕਿਤਾਬਚੇ, ਹਿੰਦੀ ਦੀਆਂ 87 ਪੁਸਤਕਾਂ-ਕਿਤਾਬਚੇ ਛਾਪੇ ਗਏ ਹਨ। ਇਹ ਸਾਰੀ ਸਮੱਗਰੀ ਪਿੰਗਲਵਾੜਾ ਦੇ ਅਪਣੇ ਛਾਪੇਖਾਨੇ 'ਪੂਰਨ ਪ੍ਰਿੰਟਿੰਗ ਪ੍ਰੈੱਸ' ਵਿਚ ਹੁਣ 19 ਮੈਨੂਅਲ ਮਸ਼ੀਨਾਂ ਦੀ ਥਾਂ 2 ਆਟੋ ਪ੍ਰਿੰਟ ਮਸ਼ੀਨਾਂ ਰਾਹੀਂ ਛਾਪੀ ਜਾਂਦੀ ਹੈ।
ਭਗਤ ਪੂਰਨ ਸਿੰਘ ਨੇ ਲੱਖਾਂ ਦੀ ਗਿਣਤੀ ਵਿਚ ਪੁਸਤਕਾਂ, ਕਿਤਾਬਚੇ, ਟਰੈਕਟ, ਇਸ਼ਤਿਹਾਰ ਫ਼ੋਲਡਰ ਛਾਪ ਕੇ ਵੰਡੇ। ਅੱਜ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਗੁਰਦਵਾਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਅਤੇ ਹੋਰ ਕਈ ਗੁਰਦਵਾਰਿਆਂ ਵਿਚ ਉਨ੍ਹਾਂ ਦੇ ਸ਼ਰਧਾਲੂ ਸਾਹਿਤ ਮੁਫ਼ਤ ਵੰਡਣ ਦੀ ਸੇਵਾ ਕਰ ਰਹੇ ਹਨ। ਬਹੁਤ ਸਾਰੇ ਇਤਿਹਾਸਕ ਗੁਰਦਵਾਰਿਆਂ ਵਿਚ ਪਿੰਗਲਵਾੜਾ ਦੀਆਂ ਗੋਲਕਾਂ ਸਥਾਪਤ ਹਨ।
ਪਿੰਗਲਵਾੜਾ ਸੰਸਥਾ ਦਾ ਕੋਈ ਵੀ ਸੇਵਾਦਾਰ ਡੱਬਿਆਂ (ਦਾਨ ਪਾਤਰ) ਨਾਲ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਗਲੀ-ਮੁਹੱਲਿਆਂ ਜਾਂ ਕਿਸੇ ਵੀ ਸਥਾਨ ਤੇ ਘੁੰਮ ਫਿਰ ਕੇ ਮਾਇਆ ਦੀ ਉਗਰਾਹੀ ਨਹੀਂ ਕਰ ਰਿਹਾ। ਭਗਤ ਪੂਰਨ ਸਿੰਘ ਜੀ ਬਾਰੇ ਬਣੀ ਫ਼ਿਲਮ 'ਇਹੁ ਜਨਮੁ ਤੁਮਾਰੇ ਲੇਖੇ' ਵੀ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੇ ਆਮ ਲੋਕਾਂ ਨੂੰ ਕਾਫ਼ੀ ਪ੍ਰਭਾਵਤ ਕੀਤਾ।
ਜਮਾਲਪੁਰ, ਲੁਧਿਆਣਾ