ਸਿੱਖ ਸਿਧਾਂਤ ਬਨਾਮ ਬਾਦਲ, ਬ੍ਰਹਮਪੁਰਾ ਤੇ ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਕਾਲੀ ਦਲ ਵਲੋਂ ਅਪਣੇ 100ਵੇਂ ਸਾਲ ਵਿਚ ਦਾਖ਼ਲ ਹੋਣ ਮੌਕੇ ਅਰਥਾਤ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜਾਂ ਖ਼ੁਸ਼ੀਆਂ ਬਾਰੇ ਕਿਧਰੇ ਵੀ ਵਿਖਾਈ

Sikh Doctrine vs. Badal, Brahmpura and Dhindsa

ਅਕਾਲੀ ਦਲ ਵਲੋਂ ਅਪਣੇ 100ਵੇਂ ਸਾਲ ਵਿਚ ਦਾਖ਼ਲ ਹੋਣ ਮੌਕੇ ਅਰਥਾਤ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜਾਂ ਖ਼ੁਸ਼ੀਆਂ ਬਾਰੇ ਕਿਧਰੇ ਵੀ ਵਿਖਾਈ ਜਾਂ ਸੁਣਾਈ ਨਹੀਂ ਦੇ ਰਿਹਾ ਕਿਉਂਕਿ ਇਸ ਸਮੇਂ ਬਾਦਲ ਪ੍ਰਵਾਰ ਹੀ ਪੂਰੀ ਤਰ੍ਹਾਂ ਅਕਾਲੀ ਦਲ ਉਤੇ ਕਾਬਜ਼ ਹੋਣ ਦਾ ਦਾਅਵਾ ਕਰ ਰਿਹਾ ਹੈ ਤੇ ਵਰਤਮਾਨ ਸਮੇਂ ਵਿਚ ਬਾਦਲ ਪ੍ਰਵਾਰ ਅਰਥਾਤ ਅਕਾਲੀ ਦਲ ਨੂੰ ਅਪਣੀ ਹੋਂਦ ਬਚਾਉਣ ਲਈ ਵਿਉਂਤਬੰਦੀ ਕਰਨੀ ਪੈ ਰਹੀ ਹੈ।

ਇਸ ਦੇ ਪਿਛੋਕੜ ਵਲ ਝਾਤ ਮਾਰੀ ਜਾਵੇ ਤਾਂ ਕਈ ਦਹਾਕੇ ਪਹਿਲਾਂ ਅਰਥਾਤ ਦੇਸ਼ ਦੀ 1947 ਵਿਚ ਹੋਈ ਵੰਡ ਸਮੇਂ ਮਾਸਟਰ ਤਾਰਾ ਸਿੰਘ ਇਸ ਦੇ ਨਿਰਵਿਵਾਦ ਪ੍ਰਧਾਨ ਸਨ। ਕੁੱਝ ਸਾਲਾਂ ਬਾਅਦ ਸੰਤ ਫਤਹਿ ਸਿੰਘ ਨੇ ਮਾਸਟਰ ਜੀ ਦੀ ਪ੍ਰਧਾਨਗੀ ਨੂੰ ਚੁਨੌਤੀ ਦਿੰਦਿਆਂ ਵੰਗਾਰਿਆ ਤੇ ਅਪਣੀ ਅਗਵਾਈ ਵਿਚ ਵਖਰਾ ਅਕਾਲੀ ਦਲ ਜਥੇਬੰਦ ਕੀਤਾ ਜਿਸ ਦੀ ਅਕਾਲੀ ਰਾਜਨੀਤੀ ਵਿਚ ਸਰਦਾਰੀ ਹੋਈ ਤੇ ਮਾਸਟਰ ਤਾਰਾ ਸਿੰਘ ਦਾ ਧੜਾ ਭਾਵੇਂ ਪਛੜ ਗਿਆ

ਪਰ ਦੋਵੇਂ ਧਿਰਾਂ ਦਾ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ, ਪੰਥ ਦਾ ਨੁਕਸਾਨ ਕਰਨ ਜਾਂ ਸਿੱਖ ਰਹਿਤ ਮਰਿਆਦਾ ਦਾ ਘਾਣ ਕਰਨ ਦਾ ਕੋਈ ਇਰਾਦਾ ਨਹੀਂ ਸੀ। ਦੋਵੇਂ ਧਿਰਾਂ ਪੰਥਕ ਸਿਧਾਂਤਾਂ ਉਤੇ ਪਹਿਰਾ ਦਿੰਦਿਆਂ ਪੰਥ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਰਹੀਆਂ। ਅਕਾਲੀ ਦਲ ਕਈ ਵਾਰ ਦੋਫਾੜ ਹੋਇਆ ਤੇ ਬਾਦਲ ਪ੍ਰਵਾਰ ਚਾਣਕੀਆ ਨੀਤੀ ਰਾਹੀਂ ਤਕਰੀਬਨ ਹਰ ਵਾਰ ਅਪਣੇ ਵਿਰੋਧੀ ਨੂੰ ਮਾਤ ਦੇਣ ਵਿਚ ਕਾਮਯਾਬ ਹੁੰਦਾ ਰਿਹਾ।

ਭਾਵੇਂ ਅਪਣੇ ਵਿਰੋਧੀ ਨੂੰ ਢਾਹੁਣ ਲਈ ਪੰਥ ਦਾ ਨੁਕਸਾਨ ਕਰਨਾ ਹੋਵੇ, ਪੰਥਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣਾ ਹੋਵੇ ਤੇ ਭਾਵੇਂ ਸੰਗਤਾਂ ਦੇ ਖ਼ੂਨ-ਪਸੀਨੇ ਦੀ ਕਮਾਈ ਅਰਥਾਤ ਸ਼ਰਧਾ ਵਾਲੀਆਂ ਗੋਲਕਾਂ ਦੀ ਦੁਰਵਰਤੋਂ ਕਰਨੀ ਹੋਵੇ, ਇਹ ਸੱਭ ਅਪਣੀ ਕੁਰਸੀ ਬਚਾਉਣ, ਚਮਕਾਉਣ, ਸੱਤਾ ਹਥਿਆਉਣ ਤੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਵਾਲੀਆਂ ਚਾਲਾਂ ਨਿਰੰਤਰ ਜਾਰੀ ਰਹੀਆਂ। ਦੇਸ਼ ਦੀ ਵੰਡ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਪਣਾ ਰਾਜਸੀ ਜੀਵਨ ਸਰਗਰਮ ਕਾਂਗਰਸੀ ਵਜੋਂ ਸ਼ੁਰੂ ਕੀਤਾ ਪਰ ਸਾਰੀ ਉਮਰ ਕਾਂਗਰਸ ਨੂੰ ਨਿੰਦਣ ਤੇ ਭੰਡਣ ਦੀ ਕਲਾ ਵਰਤ ਕੇ ਪੰਜ ਵਾਰ ਮੁੱਖ ਮੰਤਰੀ ਦੀ ਕੁਰਸੀ ਉਤੇ ਬੈਠ ਕੇ ਸੱਤਾ ਦਾ ਆਨੰਦ ਮਾਣਿਆ।

ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਪਹਿਲਾਂ ਦੇ ਰਵਾਇਤੀ ਜਥੇਦਾਰਾਂ ਨੂੰ ਪਿੱਛੇ ਕਰਨ ਦੀ ਨੀਤੀ ਅਪਣਾਈ। ਇਸ ਕਾਰਜ ਵਿਚ ਕਦੇ ਇਕ ਨੂੰ ਅਪਣੇ ਨਾਲ ਮਿਲਾਇਆ ਤੇ ਕਦੇ ਉਸ ਨੂੰ ਠਿੱਬੀ ਮਾਰਨ ਲਈ ਦੂਜੇ ਨਾਲ ਦੋਸਤੀ ਗੰਢ ਲਈ। ਮਿਸਾਲ ਦੇ ਤੌਰ ਉਤੇ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ, ਕਾਬਲ ਸਿੰਘ ਵਰਗੇ ਅਜਿਹੇ ਸਿਰਕੱਢ ਅਕਾਲੀ ਆਗੂ ਬਾਦਲ ਪ੍ਰਵਾਰ ਦੇ ਰਸਤੇ ਦਾ ਰੋੜਾ ਬਣੇ, ਕਿਸੇ ਨੂੰ ਪੁਚਕਾਰ ਕੇ ਜਾਂ ਝਿੜਕ ਕੇ ਲਾਂਭੇ ਕਰਨ ਦੀ ਨੀਤੀ ਵਿਚ ਪ੍ਰਕਾਸ਼ ਸਿੰਘ ਬਾਦਲ ਹਰ ਵਾਰ ਕਾਮਯਾਬ ਹੁੰਦੇ ਰਹੇ।

ਉਨ੍ਹਾਂ ਅਕਾਲੀ ਦਲ ਵਲੋਂ ਪ੍ਰਵਾਨ ਕੀਤੇ ਗਏ ਆਨੰਦਪੁਰ ਸਾਹਿਬ ਦੇ ਮਤੇ ਦੀਆਂ ਸਾਰੀਆਂ ਮੰਗਾਂ ਸਮੇਤ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੂੰ ਬਿਲਕੁਲ ਵਿਸਾਰ ਦਿਤਾ ਪਰ ਨਾਲ ਸੰਗਤਾਂ ਨੂੰ ਗੁਮਰਾਹ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਸ਼ਕਲਾਂ ਵਾਲੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਦੀ ਵੀ ਖ਼ੂਬ ਦੁਰਵਰਤੋਂ ਕੀਤੀ।

ਹੁਣ ਬਾਦਲ ਪ੍ਰਵਾਰ ਨੂੰ ਮਾਝੇ ਦੇ ਧੜੱਲੇਦਾਰ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਮਾਲਵੇ ਦੇ ਮੂਹਰਲੀ ਕਤਾਰ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਚੁਨੌਤੀ ਦਿਤੀ ਗਈ ਹੈ ਤੇ ਰਾਜਸੀ ਗਲਿਆਰਿਆਂ 'ਚ ਚਲਦੀਆਂ ਚਰਚਾਵਾਂ ਤੋਂ ਇਹ ਅੰਦਾਜ਼ਾ ਲਗਾਉਣਾ ਅਜੇ ਬੜਾ ਮੁਸ਼ਕਲ ਜਾਪਦਾ ਹੈ ਕਿ ਬਾਦਲਾਂ ਜਾਂ ਉਸ ਦੇ ਵਿਰੋਧੀਆਂ ਵਿਚੋਂ ਕਿਹੜੀ ਪਾਰਟੀ ਕਾਮਯਾਬ ਹੋਵੇਗੀ ਜਾਂ ਮਾਤ ਖਾ ਜਾਵੇਗੀ।

 ਬਾਦਲਾਂ ਵਲੋਂ ਤਾਕਤ ਦੇ ਨਸ਼ੇ ਵਿਚ ਪੰਥ ਦੀ ਚੜ੍ਹਦੀਕਲਾ ਦੇ ਪ੍ਰਤੀਕ ਬਣ ਚੁੱਕੇ ਅਖ਼ਬਾਰ 'ਰੋਜ਼ਾਨਾ ਸਪੋਕਸਮੈਨ' ਨੂੰ ਬੰਦ ਕਰਾਉਣ, ਬਾਨੀ ਸੰਪਾਦਕ ਵਿਰੁਧ ਝੂਠੇ ਮਾਮਲੇ ਦਰਜ ਕਰਵਾਉਣ, ਸੌਦੇ ਸਾਧ ਦੇ ਚੇਲੇ-ਚੇਲੀਆਂ ਤੋਂ ਇਕੋ ਸਮੇਂਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸਥਿਤ ਰੋਜ਼ਾਨਾ ਸਪੋਕਸਮੈਨ ਦੇ 7 ਸਬ-ਦਫ਼ਤਰ ਤਹਿਸ ਨਹਿਸ ਕਰਵਾਉਣ, ਪੱਤਰਕਾਰਾਂ ਦੀ ਬੇਇਜ਼ਤੀ ਵਰਗੀਆਂ ਸ਼ਰਮਨਾਕ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਵਿਰੁਧ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਾ ਸਮਝਣ ਵਰਗੀਆਂ ਬਹੁਤ ਸਾਰੀਆਂ ਹੋਰ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ।

ਬਾਦਲਾਂ ਵਲੋਂ ਪੰਥ ਦਾ ਨੁਕਸਾਨ ਕਰਨ ਵਾਲੀਆਂ ਕੁੱਝ ਕੁ ਚੋਣਵੀਆਂ ਗੱਲਾਂ ਤੇ ਘਟਨਾਵਾਂ ਉਤੇ ਨਜ਼ਰ ਮਾਰੀ ਜਾਵੇ ਤਾਂ ਸੰਭਵ ਹੈ ਕਿ ਅਗਾਮੀ ਪੰਜਾਬ ਵਿਧਾਨ ਸਭਾ ਜਾਂ ਗੁਰਦਵਾਰਾ ਚੋਣਾ ਵਿਚ ਬਾਦਲ ਦਲ ਦੇ ਆਗੂਆਂ ਨੂੰ ਸਿੱਖ ਸੰਗਤਾਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਬੜੀ ਦਿੱਕਤ ਆਵੇਗੀ।
(ਬਾਕੀ ਅਗਲੇ ਹਫ਼ਤੇ)
ਸੰਪਰਕ :98728-10153,  ਗੁਰਿੰਦਰ ਸਿੰਘ ਕੋਟਕਪੂਰਾ