ਮੋਬਾਈਲ ਵਿਚ ਗੁਆਚਿਆ ਬਚਪਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮੇਰੀ ਬੇਬੇ ਆਖਦੀ ਹੈ ਕਿ ਜਦੋਂ ਮੈਂ ਛੋਟਾ ਬੱਚਾ ਸੀ ਤਾਂ ਬੜਾ ਹੀ ਸ਼ਰਾਰਤੀ ਹੁੰਦਾ ਸੀ। ਗੁਆਂਢੀਆਂ ਦੇ ਜਵਾਕਾਂ ਦੇ ਖਿਡੌਣਿਆਂ ਉਤੇ ਅਪਣਾ ਹੱਕ ਜਮਾ ਲੈਂਦਾ ਸੀ।

Kids playing with mobiles

ਮੇਰੀ ਬੇਬੇ ਆਖਦੀ ਹੈ ਕਿ ਜਦੋਂ ਮੈਂ ਛੋਟਾ ਬੱਚਾ ਸੀ ਤਾਂ ਬੜਾ ਹੀ ਸ਼ਰਾਰਤੀ ਹੁੰਦਾ ਸੀ। ਗੁਆਂਢੀਆਂ ਦੇ ਜਵਾਕਾਂ ਦੇ ਖਿਡੌਣਿਆਂ ਉਤੇ ਅਪਣਾ ਹੱਕ ਜਮਾ ਲੈਂਦਾ ਸੀ। ਸਾਰਾ ਦਿਨ ਘਰੋਂ ਬਾਹਰ ਖੇਡਦਾ ਰਹਿੰਦਾ ਸੀ। ਗਰਮੀਆਂ ਦੇ ਦਿਨਾਂ ਵਿਚ ਬੋਹੜ ਦੀ ਛਾਂ ਹੇਠ ਖੇਡਦੇ ਰਹਿਣਾ,  ਸਰਦੀਆਂ ਵਿਚ ਕੱਚ ਦੇ ਬੰਟੇ ਖੇਡਣਾ। 
ਕਦੇ ਜਿੱਤ ਕੇ ਬੰਟਿਆਂ ਨਾਲ ਜੇਬ ਭਰ ਲੈਣੀ ਤੇ ਕਦੇ ਉਹੀ ਭਰੀ ਜੇਬ ਹਾਰ ਜਾਣੀ। ਇਸ ਤੋਂ ਇਲਾਵਾ ਲੁਕਣਮੀਚੀ, ਬਾਂਦਰਕਿੱਲਾ, ਪਿੱਠੂ ਗਰਮ, ਰੱਸੀਟੱਪਾ, ਲੂਣ ਮਧਾਣੀ ਆਦਿ ਅਜਿਹੀਆਂ ਖੇਡਾਂ ਸਨ ਜਿਨ੍ਹਾਂ ਦਾ ਅਜਕਲ ਦੇ ਬੱਚਿਆਂ ਨੂੰ ਪਤਾ ਵੀ ਨਹੀਂ।

ਮੀਂਹ ਦੇ ਦਿਨਾਂ  ਵਿਚ ਬਚਪਨ ਦੀਆਂ ਕਈ ਗੱਲਾਂ  ਯਾਦ ਆ ਜਾਂਦੀਆਂ ਹਨ ਜੋ ਕਿ ਹੁਣ ਦੇ ਬੱਚਿਆਂ ਨੂੰ ਬਿਲਕੁਲ ਵੀ ਪਸੰਦ ਨਹੀਂ ਹਨ। ਜਦੋਂ ਅਸੀ ਪੰਜਵੀਂ-ਛੇਵੀਂ ਕੁ ਵਿਚ ਪੜ੍ਹਦੇ ਹੁੰਦੇ ਸਾਂ  ਤਾਂ ਕਿਸੇ ਦਿਨ ਕਿੱਧਰੇ ਬਰਸਾਤ ਲੱਗ ਜਾਣੀ ਤਾਂ ਬੱਸ ਫਿਰ ਸੱਭ ਆਂਢੀਆਂ-ਗੁਆਂਢੀਆਂ  ਦੇ ਸਾਰੇ ਨਿਆਣਿਆਂ  ਨੇ ਫ਼ੁੱਟਬਾਲ ਲੈ ਕੇ ਪਹੁੰਚ ਜਾਣਾ ਗਰਾਉਂਡ ਵਿਚ। ਮੀਂਹ ਵਿਚ ਹੀ ਫੁੱਟਬਾਲ ਖੇਡੀ ਜਾਣਾ ਉਦੋਂ ਤਕ ਜਦੋਂ ਤਕ ਮੀਂਹ ਹੱਟ ਨਹੀਂ ਜਾਂਦਾ ਜਾਂ ਫਿਰ ਇਕ ਅੱਧਾ ਬਿਮਾਰ ਨਹੀਂ ਹੋ ਜਾਂਦਾ। ਜਾਣਾ ਵੀ ਸਿਰਫ਼ ਨਿੱਕਰ ਪਾ ਕੇ। ਫਿਰ ਗਰਾਊਂਡ ਵਿਚ ਜਾਂ ਗੋਲ ਕਰਨ ਜਾਂ ਸੇਕਣ (ਕਿਸੇ ਦੇ ਕਿੱਕ ਨਾਲ ਫੁੱਟਬਾਲ ਮਾਰਨਾ) ਖੇਡਦੇ ਹੁੰਦੇ ਸਾਂ।

ਮੀਂਹ ਨਾਲ ਫੁੱਟਬਾਲ ਵੀ ਗਿਲੀ ਹੋ ਜਾਂਦੀ ਸੀ ਜਿਸ ਕਰ ਕੇ ਸੱਟ ਵੀ ਬਹੁਤ ਲਗਦੀ ਹੁੰਦੀ ਸੀ। ਜਿਸ ਨੂੰ ਵੀ ਲਗਦਾ ਹੁੰਦਾ ਸੀ ਪਿੱਠ ਉਤੇ ਫੁੱਟਬਾਲ ਦੇ ਅਕਾਰ ਦੀ ਛਾਪ ਬਣ ਜਾਂਦੀ ਸੀ। ਮੀਂਹ ਰੁਕਣ ਤੋਂ ਬਾਅਦ ਗਰਾਂਊਂਡ ਵਿਚ ਖੜੇ ਪਾਣੀ ਵਿਚ ਸਲਿੱਪਾਂ ਮਾਰੀ ਜਾਣੀਆਂ, ਭਾਵ ਦੂਰੋਂ ਭੱਜ ਕੇ ਆ ਕੇ ਪਾਣੀ ਵਿਚ ਤਿਲਕਣਾ। ਪੂਰੀ ਤਰ੍ਹਾਂ ਗਾਰੇ ਵਿਚ ਗਹਿਗੱਚ ਹੋ ਕੇ ਘਰ ਵਲ ਨੂੰ ਜਾਣਾ ਤੇ ਜਾਂਦਿਆਂ ਨੂੰ ਬੇਬੇ ਨੇ ਗਾਲ੍ਹਾਂ ਦੀ ਬੌਛਾੜ ਕਰ ਦੇਣੀ। ਬੇਬੇ ਨੇ ਕਹਿਣਾ, ''ਵੇ ਟੁੱਟ ਪੈਣਿਆਂ ਬਿਮਾਰ ਹੋਜੇਂਗਾ, ਨਹਾ ਕੇ ਸੁੱਕੇ ਕਪੜੇ ਪਾ ਲੈ।'' ਉਨ੍ਹਾਂ ਗਾਲਾਂ ਵਿਚ ਮਮਤਾ ਦੇ ਪਿਆਰ ਦੀ ਝਲਕ ਹੁੰਦੀ ਸੀ।

ਮੀਂਹ ਵਾਲੇ ਦਿਨ ਕਈ ਵਾਰੀ ਤਾਂ ਸਾਰਾ-ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿਚ 'ਭਾਟਣੀ' ਖੇਡਣਾ। ਭਾਟਣੀ ਤੋਂ ਭਾਵ ਸਾਰੇ ਪਿੰਡ ਵਿਚ ਛੂਹਣ-ਛੁਹਾਈ। ਹੁਣ ਦੇ ਜਵਾਕਾਂ ਨੂੰ ਤਾਂ ਇਹੋ ਨਹੀਂ ਪਤਾ ਹੋਣਾ ਕਿ ਭਾਟਣੀ ਕਿਹੜੀ ਸ਼ੈਅ ਦਾ ਨਾਂ ਹੈ। ਜਿਸ ਦੇ ਸਿਰ ਵਾਰੀ ਆ ਜਾਂਦੀ ਸਾਰੀ ਦਿਹਾੜੀ ਉਹੀ ਵਾਰੀ ਦਿੰਦਾ ਰਹਿ ਜਾਂਦਾ। ਮੀਂਹ ਵਿਚ ਪੂਰੇ ਪਿੰਡ ਵਿਚ ਨੱਠੇ ਫਿਰਨਾ। ਕਦੇ ਕਿਸੇ ਦੇ ਕੋਠੇ ਉਤੇ ਚਲਦੇ ਪਰਨਾਲੇ ਹੇਠ ਹੋ ਜਾਣਾ, ਕਦੇ ਕਿਸੇ ਦੀਆਂ ਪਾਥੀਆਂ ਭੰਨ ਸੁਟਣੀਆਂ ਤੇ ਕਦੇ ਕੰਧ ਟੱਪਣ ਲੱਗਿਆਂ ਕਿਸੇ ਦੀ ਕੰਧ ਢਾਹ ਦੇਣੀ (ਉਨ੍ਹਾਂ ਸਮਿਆਂ ਵਿਚ ਕੰਧਾਂ ਮਿਟੀ ਦੀਆਂ ਬਣੀਆਂ ਹੁੰਦੀਆਂ ਸਨ)।

ਕੁੱਲ ਮਿਲਾ ਕੇ ਬਹੁਤ ਹੀ ਵਧੀਆ ਦਿਨ ਹੁੰਦੇ ਸਨ। ਹੁਣ ਦੇ ਜਵਾਕਾਂ ਨੂੰ ਵੇਖ ਲਉ ਅੰਦਰਾਂ ਵਿਚੋਂ ਹੀ ਨਹੀਂ ਨਿਕਲਦੇ। ਮੀਂਹ ਦੀ ਇਕ ਬੂੰਦ ਵੀ ਜੇ ਅਜਕਲ ਦੇ ਜਵਾਕਾਂ ਉਤੇ ਪੈ ਜਾਵੇ ਤਾਂ ਝੱਟ ਬਿਮਾਰ ਹੋ ਜਾਂਦੇ ਨੇ। ਇਸ ਦਾ ਅਸਲੀ ਕਾਰਨ ਇਹ ਹੈ ਕਿ ਅਜਕਲ ਦੇ ਜਵਾਕ ਮੋਬਾਈਲ ਦੇ ਆਦੀ ਹੋ ਗਏ ਹਨ। ਉਨ੍ਹਾਂ ਦਾ ਬਚਪਨ ਮੋਬਾਈਲ ਵਿਚ ਫਸ ਕੇ ਰਹਿ ਗਿਆ ਹੈ। ਅਜਕਲ ਦੇ ਜਵਾਕ ਨਾ ਤਾਂ ਖੇਡ-ਕੁੱਦ ਕਰਦੇ ਹਨ, ਬੱਸ ਘਰਾਂ ਅੰਦਰ ਹੀ ਪਏ ਰਹਿੰਦੇ ਨੇ। ਨੱਠਣ-ਭੱਜਣ ਜਾਂ ਹੱਥ ਪੈਰ ਹਿਲਾਉਣ ਵਾਲੀ ਕੋਈ ਖੇਡ ਨਹੀਂ ਖੇਡਦੇ ਬਲਕਿ ਮੋਬਾਈਲਾਂ ਜਾਂ ਕੰਪਿਊਟਰਾਂ ਤੇ ਹੀ ਗੇਮਾਂ ਖੇਡਦੇ ਨੇ ਜਿਸ ਕਾਰਨ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ।

ਮੋਬਾਈਲ ਨਾਲ ਨਜਰ ਉਤੇ ਵੀ ਭੈੜਾ ਅਸਰ ਪੈਂਦਾ ਹੈ। ਅਜਕਲ ਬੱਚੇ ਮੋਬਾਈਲਾਂ ਵਿਚ ਇੰਨੇ ਈ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਪ੍ਰਵਾਰ ਵਿਚ ਬੈਠਣ ਤਕ ਦਾ ਟਾਇਮ ਨਹੀਂ। ਉਹ ਘਰ ਦੀ ਹਰ ਗੱਲ ਤੋਂ ਬੇਖ਼ਬਰ ਹਨ। ਇਸ ਲਈ ਨਾਂ ਤਾਂ ਬੱਚਿਆਂ ਦਾ ਮਾਪਿਆਂ ਪ੍ਰਤੀ ਪਹਿਲਾਂ ਵਾਲਾ ਪਿਆਰ ਰਿਹਾ ਹੈ ਤੇ ਨਾ ਹੀ ਉਨ੍ਹਾਂ ਲਈ ਪਹਿਲਾਂ ਜਿਹਾ ਸਤਿਕਾਰ। ਇਸ ਤਰ੍ਹਾਂ ਬੱਚੇ ਮਾਪਿਆਂ ਤੋਂ ਦੂਰ ਹੋ ਰਹੇ ਹਨ ਤੇ ਉਨ੍ਹਾਂ ਨੂੰ ਇਕੱਲਿਆਂ ਰਹਿਣ ਦੀ ਆਦਤ ਪੈ ਜਾਂਦੀ ਹੈ। ਕਈ ਵਾਰੀ ਅਜਿਹੀਆਂ ਘਟਨਾਵਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਬੱਚਿਆਂ ਦੁਆਰਾ ਮਾਨਸਕ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਜਾਂਦੀ ਹੈ ਜਾਂ ਫਿਰ ਕਈ ਵਾਰ ਕਤਲ ਦੀਆਂ

ਘਟਨਾਵਾਂ ਵੀ ਵੇਖਣ ਨੂੰ ਮਿਲਦੀਆਂ ਹਨ।  ਮੋਬਾਈਲ ਤੇ ਕੰਪਿਊਟਰ ਅੱਜ ਦੇ ਜਵਾਕਾਂ ਦੇ ਦਿਮਾਗ਼ਾਂ ਵਿਚ ਘਰ ਕਰ ਗਏ ਨੇ, ਜੋ ਕਿ ਆਉਣ ਵਾਲੀ ਪੀੜ੍ਹੀ ਲਈ ਬਹੁਤ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਮਾਤਾ-ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਅਪਣੇ ਬੱਚਿਆਂ ਨੂੰ ਅਪਣਾ ਕੀਮਤੀ ਸਮਾਂ ਦੇਣ। ਬੱਚਿਆਂ ਨਾਲ ਅਪਣਾ ਬਚਪਨ ਸਾਂਝਾ ਕਰਨ, ਅਤੇ ਉਨ੍ਹਾਂ ਨੂੰ ਖੇਡਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਤਾਕਿ ਉਹ ਮੋਬਾਈਲ ਫ਼ੋਨ ਦੇ ਮਾੜੇ ਪ੍ਰਭਾਵ ਤੋਂ ਬਚ ਸਕਣ।
ਸੰਪਰਕ : 87278-32086