ਅਕਾਲੀ ਦਲ ਦਾ ਚਿਹਰਾ ਪੰਜਾਬ ਵਿਚ ਹੋਰ ਸੀ ਅਤੇ ਕੇਂਦਰ ਵਿਚ ਹੋਰ: ਸੁਖਮਿੰਦਰਪਾਲ ਸਿੰਘ ਗਰੇਵਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਪੋਕਸਮੈਨ ਟੀ.ਵੀ. 'ਤੇ ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ

Sukhminderpal Singh Grewal

ਚੰਡੀਗੜ੍ਹ  (ਸਪੋਕਸਮੈਨ ਟੀ.ਵੀ.): ਖੇਤੀ ਬਿਲਾਂ ਦੇ ਵਿਰੋਧ ਵਿਚ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਅਪਣਾ ਗਠਜੋੜ ਤੋੜ ਲਿਆ। ਇਹ ਗਠਜੋੜ ਟੁੱਟਣ ਤੋਂ ਬਾਅਦ ਹਰ ਕਿਸੇ ਦੇ ਮਨ ਵਿਚ ਅਕਾਲੀ-ਭਾਜਪਾ ਦੇ ਸਿਆਸੀ ਭਵਿੱਖ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਹਨ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਭਾਜਪਾ ਕਿਸਾਨ ਮੋਰਚਾ ਦੇ ਆਲ ਇੰਡੀਆ ਸੈਕਟਰੀ ਸੁਖਮਿੰਦਰਪਾਲ ਸਿੰਘ ਗਰੇਵਾਲ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਕੁਝ ਅੰਸ਼:

ਸਵਾਲ: ਅਕਾਲੀ-ਭਾਜਪਾ ਦਾ ਰਿਸ਼ਤਾ ਕਾਫ਼ੀ ਪੁਰਾਣਾ ਸੀ, ਜੋ ਕਿ ਹੁਣ ਟੁੱਟ ਗਿਆ ਹੈ, ਆਉਣ ਵਾਲੇ ਸਮੇਂ ਵਿਚ ਕੀ ਲਗਦਾ ਹੈ ਕਿ ਇਹ ਰਿਸ਼ਤਾ ਕਿਵੇਂ ਦਾ ਹੋਵੇਗਾ?
ਜਵਾਬ: ਦੇਖਣ ਦਾ ਅਲੱਗ-ਅਲੱਗ ਨਜ਼ਰੀਆ ਹੁੰਦਾ ਹੈ। ਅਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਬਹੁਤ ਕਦਰ ਕੀਤੀ। ਉਨ੍ਹਾਂ ਦੇ ਸ਼ੁਰੂ ਤੋਂ ਲੈ ਕੇ ਹੁਣ ਤਕ ਸਾਡੀ ਪਾਰਟੀ ਦੀ ਲੀਡਰਸ਼ਿਪ ਨਾਲ ਵਧੀਆ ਸਬੰਧ ਰਹੇ। ਇਹ ਰਿਸ਼ਤਾ ਨੂੰਹ-ਸੱਸ ਦਾ ਕਦੀ ਨਹੀਂ ਸੀ।

ਸਵਾਲ: ਤੁਸੀਂ ਕਈ ਵਾਰ ਬਾਦਲ ਪ੍ਰਵਾਰ ਅਤੇ ਬਾਦਲ ਸਰਕਾਰ ਬਾਰੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਹੀਆਂ। ਤੁਹਾਨੂੰ ਪੰਜਾਬ ਵਿਚ ਸੱਭ ਠੀਕ ਨਹੀਂ ਸੀ ਲਗਦਾ?
ਜਵਾਬ: ਭਾਜਪਾ ਦੇ ਵਰਕਰ ਹੋਣ ਦੇ ਨਾਤੇ ਜੇਕਰ ਅਪਣੇ ਪ੍ਰਵਾਰਾਂ ਦੀ, ਅਪਣੇ ਲੋਕਾਂ ਦੀ, ਅਪਣੇ ਘਰਾਂ ਦੀ, ਅਪਣੇ ਪਿੰਡਾਂ ਦੀ ਗੱਲ ਅਸੀਂ ਨਹੀਂ ਕਰਾਂਗੇ ਫਿਰ ਕੌਣ ਕਰੇਗਾ। ਅਸੀਂ ਇਸ ਮਿੱਟੀ ਵਿਚ ਪੈਦਾ ਹੋਏ ਤੇ ਇਥੋਂ ਹੀ ਖਾਧਾ, ਇਥੋਂ ਵੱਡੇ ਹੋ ਕੇ ਦਿੱਲੀ ਪੁੱਜੇ, ਜਿਹੜੇ ਮੁੱਦੇ ਅਸੀਂ ਚੁੱਕੇ, ਉਸ ਵਿਚ ਕਿਸੇ ਦਾ ਨਿਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਸੀ। ਗਠਜੋੜ ਦੀ ਸਰਕਾਰ ਹੋਣ ਕਰ ਕੇ ਮੈਂ 2009 ਵਿਚ ਇਹ ਮਾਮਲਾ ਧਿਆਨ ਵਿਚ ਲਿਆਂਦਾ ਕਿ ਪੰਜਾਬ ਵਿਚ ਲੈਂਡ, ਰੇਤ, ਟ੍ਰਾਂਸਪੋਰਟ, ਮੀਡੀਆ ਅਤੇ ਡਰੱਗਜ਼ ਦਾ ਫੈਲਾਅ ਹੋਣ ਜਾ ਰਿਹਾ ਹੈ।

ਇਸ ਤੋਂ ਬਾਅਦ ਮੈਨੂੰ ਮੁਅੱਤਲ ਕੀਤਾ ਗਿਆ, ਮੁਅੱਤਲ ਹੋਣ ਤੋਂ ਬਾਅਦ ਵੀ ਮੇਰੇ ਪਿੰਡ ਵਾਲਿਆਂ ਨੂੰ ਮੇਰੇ ਉਤੇ ਮਾਣ ਸੀ। ਮੇਰੇ ਮਨ ਉਤੇ ਕੋਈ ਬੋਝ ਨਹੀਂ ਸੀ। ਅਸੀਂ ਅੱਗ ਲਗਾਉਣ ਵਾਲਿਆਂ ਵਿਚ ਨਹੀਂ ਸਗੋਂ ਬੁਝਾਉਣ ਵਾਲਿਆਂ ਵਿਚ ਸੀ। ਪੰਜਾਬ ਦਾ ਬਹੁਤ ਨੁਕਸਾਨ ਹੋਇਆ ਅਤੇ ਸਾਰਿਆਂ ਦੇ ਸਾਹਮਣੇ ਹੋਇਆ। ਇਹੀ ਮੁੱਦਾ ਲੈ ਕੇ ਕਈ ਵੱਡੇ-ਵੱਡੇ ਲੀਡਰ ਬਣ ਗਏ ਅਤੇ ਕਈ ਵੱਡੀਆਂ-ਵੱਡੀਆਂ ਪਾਰਟੀਆਂ ਬਣ ਗਈਆਂ ਤੇ ਆਮ ਆਦਮੀ ਪਾਰਟੀ ਇਥੋਂ ਚਾਰ ਸੀਟਾਂ ਵੀ ਲੈ ਗਈ। ਅੱਜ ਵੀ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਲੋਕਾਂ ਕਰ ਕੇ ਪੰਜਾਬ ਦਾ ਖ਼ਾਤਮਾ ਹੋਇਆ, ਪਰਦਾ ਭਾਵੇਂ ਜਿੰਨਾ ਮਰਜ਼ੀ ਪਾਈ ਜਾਈਏ ਪਰ ਬੱਚੇ-ਬੱਚੇ ਨੂੰ ਪਤਾ ਹੈ ਕਿ ਇਸ ਲਈ ਜ਼ਿੰਮੇਵਾਰ ਕੌਣ ਹੈ?

ਸਵਾਲ: ਤੁਸੀਂ 2009 ਵਿਚ ਜਿਹੜੇ ਮੁੱਦੇ ਚੁੱਕੇ, ਅੱਜ 11 ਸਾਲ ਹੋ ਗਏ ਨੇ। ਤੁਸੀਂ ਟ੍ਰਾਂਸਪੋਰਟ ਦਾ ਮੁੱਦਾ ਚੁਕਿਆ, ਰੇਤ ਮਾਫ਼ੀਆ ਦਾ ਮੁੱਦਾ ਚੁਕਿਆ, ਨਸ਼ਾ ਤਸਕਰੀ ਦੇ ਮੁੱਦੇ ਉਤੇ ਅਤੇ ਬਰਗਾੜੀ ਵੇਲੇ ਵੀ ਅਪਣੀ ਆਵਾਜ਼ ਚੁੱਕੀ। ਪਰ ਤੁਸੀਂ 11 ਸਾਲਾਂ ਵਿਚ ਕੇਂਦਰ ਨੂੰ ਕਿਉਂ ਨਹੀਂ ਸਮਝਾ ਸਕੇ ਕਿ ਪੰਜਾਬ ਵਿਚ ਹਾਲਾਤ ਠੀਕ ਨਹੀਂ?
ਜਵਾਬ: ਉਸ ਵਿਚ ਸੁਖਮਿੰਦਰਪਾਲ ਸਿੰਘ ਗਰੇਵਾਲ ਦਾ ਕੱਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੰਨਾ ਉੱਚਾ ਨਹੀਂ ਸੀ। ਉਹ ਪੁਰਾਣੇ ਲੀਡਰ ਸੀ ਤੇ ਉਨ੍ਹਾਂ ਨੇ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਕੰਮ ਕੀਤਾ ਹੋਇਆ ਸੀ, ਉਨ੍ਹਾਂ ਵਲ ਕੋਈ ਉਂਗਲ ਵੀ ਨਹੀਂ ਸੀ ਉਠਦੀ।

ਹੁਣ ਤਕ ਸਾਡੀ ਪਾਰਟੀ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੁੰਦਾ ਰਿਹਾ ਤੇ ਅੱਗੇ ਵੀ ਪਾਰਟੀ ਉਨ੍ਹਾਂ ਦਾ ਸਤਿਕਾਰ ਕਰਦੀ ਰਹੇਗੀ। ਇਕ ਗੱਲ ਜਦੋਂ ਆਉਂਦੀ ਹੈ ਕਿ ਬਾਦਲ ਸਾਹਿਬ ਤਾਂ ਠੀਕ ਹਨ ਪਰ ਹੇਠਾਂ ਸੁਖਬੀਰ ਬਾਦਲ ਜਾਂ ਹੋਰ ਪਾਰਟੀ ਆਗੂਆਂ ਨੇ ਇਸ ਚੀਜ਼ ਵਲ ਧਿਆਨ ਨਹੀਂ ਦਿਤਾ। ਸਾਡੇ ਪੰਜਾਬ ਦੀ ਜਿਵੇਂ ਰੋਸ਼ਨੀ ਸੀ, ਉਸ ਨੂੰ ਹੋਰ ਚਮਕਣਾ ਚਾਹੀਦਾ ਸੀ ਪਰ ਸਾਡਾ ਨੁਕਸਾਨ ਹੋਇਆ। ਸਾਡੀ ਸਹਿਯੋਗੀ ਪਾਰਟੀ ਸਿੱਧੇ ਤੌਰ ਉਤੇ ਇਸ ਚੀਜ਼ ਲਈ ਜ਼ਿੰਮੇਵਾਰ ਹੈ।

ਸਵਾਲ: ਤੁਸੀਂ ਭਾਜਪਾ ਕਿਸਾਨ ਮੋਰਚਾ ਦੇ ਆਲ ਇੰਡੀਆ ਸੈਕਟਰੀ ਹੋ। ਕਿਸਾਨ ਮੋਰਚੇ ਨੂੰ ਸਮਝ ਨਹੀਂ ਆਇਆ ਕਿ ਜਿਹੜਾ ਆਰਡੀਨੈਂਸ ਪਿਛਲੇ 2 ਸਾਲ ਤੋਂ ਤਿਆਰ ਹੋ ਰਿਹਾ ਹੈ, ਉਸ ਦਾ ਕਿਸਾਨਾਂ ਉਤੇ ਕੀ ਅਸਰ ਪਵੇਗਾ ਜਾਂ ਕਿਸਾਨਾਂ ਦਾ ਇਸ ਉਤੇ ਕੀ ਇਤਰਾਜ਼ ਹੋਵੇਗਾ?
ਜਵਾਬ: ਇਕ ਤਾਂ ਮੈਂ ਪੰਜਾਬੀਆਂ ਅਤੇ ਕਿਸਾਨ ਭਰਾਵਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਦੋਂ ਵੀ ਮੇਰੇ ਭਰਾਵਾਂ ਨਾਲ ਧੱਕਾ ਹੋਵੇਗਾ ਤਾਂ ਇਹ ਨਹੀਂ ਕਿ ਮੈਂ ਅਪਣੀ ਲੀਡਰਸ਼ਿਪ ਨੂੰ ਨਹੀਂ ਕਹਾਂਗਾ। ਪਹਿਲਾਂ ਉਸ ਕਾਨੂੰਨ ਨੂੰ ਪੜ੍ਹਿਆ ਜਾਵੇ ਤੇ ਵਿਚਾਰਿਆ ਜਾਵੇ। ਇਹ ਕਾਨੂੰਨ ਕਿਸਾਨ ਪੱਖੀ ਹਨ, ਇਸ ਵਿਚ ਐਮ.ਐਸ.ਪੀ. ਖ਼ਤਮ ਨਹੀਂ ਹੋਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਵੀ ਸਪੱਸ਼ਟ ਕੀਤਾ ਹੈ। ਜਦੋਂ ਲੋਕ ਸਭਾ ਦੇ ਫ਼ਲੋਰ ਉਤੇ ਕਹਿ ਦਿਤਾ ਜਾਂਦਾ ਹੈ ਤਾਂ ਉਹ ਵੀ ਕਾਨੂੰਨ ਹੀ ਹੁੰਦਾ ਹੈ।

ਸਵਾਲ: ਤੁਸੀਂ ਕਹਿੰਦੇ ਹੋ ਕਿ ਜਦੋਂ ਫ਼ਲੋਰ ਉਤੇ ਮੰਤਰੀ ਜਾਂ ਪ੍ਰਧਾਨ ਮੰਤਰੀ ਕਹਿ ਦੇਣ ਤਾਂ ਉਹ ਅਪਣੇ ਆਪ ਵਿਚ ਹੀ ਕਾਨੂੰਨ ਹੁੰਦਾ ਹੈ ਪਰ ਉਸੇ ਫ਼ਲੋਰ ਉਤੇ ਅਕਾਲੀ ਦਲ ਨੇ ਕਿਹਾ ਕਿ ਇਹ ਕਾਨੂੰਨ ਵਿਰੋਧੀ ਹੈ?
ਜਵਾਬ: ਇਸ ਬਾਰੇ ਪਹਿਲਾਂ ਅਕਾਲੀਆਂ ਨੂੰ ਪੁੱਛੋ, ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛੋ ਜਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛੋ। ਉਨ੍ਹਾਂ ਨੇ ਮੀਟਿੰਗਾਂ ਵੀ ਅਟੈਂਡ ਕੀਤੀਆਂ, ਖਰੜੇ ਵੀ ਦੇਖੇ ਅਤੇ ਸਾਈਨ ਵੀ ਕੀਤੇ। ਅਕਾਲੀ ਦਲ ਜਵਾਬ ਦੇ ਸਕਦਾ ਹੈ ਕਿ ਪਹਿਲਾਂ ਉਹ ਬਿਲ, ਕਾਨੂੰਨ, ਖਰੜੇ ਜਾਂ ਆਰਡੀਨੈਂਸ ਠੀਕ ਕਿਵੇਂ ਸੀ ਅਤੇ ਬਾਅਦ ਵਿਚ ਗ਼ਲਤ ਕਿਵੇਂ ਹੋ ਗਏ?

ਸਵਾਲ: ਸਾਬਕਾ ਕੇਂਦਰੀ ਮੰਤਰੀ ਬੀਬੀ ਬਾਦਲ ਕਹਿੰਦੇ ਨੇ ਕਿ ਮੈਂ ਪ੍ਰਧਾਨ ਮੰਤਰੀ ਕੋਲ ਗਈ ਹਾਂ ਅਤੇ ਹਰ ਅਫ਼ਸਰਾਂ ਕੋਲ ਗਈ ਹਾਂ ਕਿ ਕਿਸਾਨਾਂ ਦੀ ਗੱਲ ਸੁਣੀ ਜਾਵੇ। ਜਦ ਉਹ ਫ਼ਲੋਰ ਉਤੇ ਕਹਿ ਰਹੇ ਸੀ ਕਿ ਇਹ ਕਾਨੂੰਨ ਗ਼ਲਤ ਹੈ, ਥੋੜ੍ਹਾ ਜਿਹਾ ਸਬਰ ਨਹੀਂ ਦਿਖਾਇਆ ਜਾ ਸਕਦਾ ਸੀ?
ਜਵਾਬ: ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਦੋਹਰਾ ਚਿਹਰਾ ਰਿਹਾ ਸੀ, ਇਸ ਲਈ ਭਾਜਪਾ ਵੀ ਦੋ ਸਨ। ਪੰਜਾਬ ਵਿਚ ਅਕਾਲੀਆਂ ਦਾ ਚਿਹਰਾ ਹੋਰ ਸੀ ਤੇ ਦਿੱਲੀ ਵਿਚ ਹੋਰ ਸੀ।

ਪੰਜਾਬ ਵਿਚ ਇਨ੍ਹਾਂ ਨੂੰ ਬੀਜੇਪੀ ਨੂੰ ਕੁੱਝ ਦੇਣਾ ਪੈਂਦਾ ਸੀ ਇਸ ਲਈ ਬੀਜੇਪੀ ਤੋਂ ਔਖੇ ਸੀ। ਕੇਂਦਰ ਤੋਂ ਇਨ੍ਹਾਂ ਨੂੰ ਕੁੱਝ ਚਾਹੀਦਾ ਹੁੰਦਾ ਸੀ ਤੇ ਉਥੇ ਜਾ ਕੇ ਆਲੇ ਦੁਆਲੇ ਘੁੰਮਦੇ ਸੀ, ਗਣੇਸ਼ ਪ੍ਰਕਰਮਾ ਕਰਦੇ ਸੀ। ਇਹ ਤਾਂ ਬਾਦਲ ਪ੍ਰਵਾਰ ਹੀ ਦਸ ਸਕਦਾ ਹੈ ਕਿ ਉਹ ਕਾਨੂੰਨ ਰਾਤੋ-ਰਾਤ ਕਿਸਾਨ ਵਿਰੋਧੀ ਕਿਵੇਂ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਉਤੇ ਲੋਕ ਅੱਜ ਤਕ ਬਹੁਤ ਵਿਸ਼ਵਾਸ ਕਰਦੇ ਹਨ। ਉਨ੍ਹਾਂ ਨੇ ਫ਼ੇਸਬੁਕ ਉਤੇ ਲਾਈਵ ਹੋ ਕੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹੈ। ਇਸ ਦਾ ਕੋਈ ਨੁਕਸਾਨ ਨਹੀਂ।

ਸਵਾਲ: ਕੇਂਦਰ ਸਰਕਾਰ ਨੂੰ ਉਦਯੋਗਪਤੀ ਸਰਕਾਰ ਕਿਹਾ ਜਾਂਦਾ ਹੈ ਕਿਉਂਕਿ ਉਹ ਉਦਯੋਗਪਤੀਆਂ ਬਾਰੇ ਸੋਚਦੀ ਹੈ, ਗ਼ਰੀਬ ਜਾਂ ਆਮ ਇਨਸਾਨ ਬਾਰੇ ਨਹੀਂ ਸੋਚਦੀ?
ਜਵਾਬ: ਜਦੋਂ ਕਿਸੇ ਨੂੰ ਭੜਕਾਉਣਾ ਹੋਵੇ ਜਾਂ ਅੱਗ ਲਾਉਣੀ ਹੋਵੇ ਤਾਂ ਵੱਡੀਆਂ-ਵੱਡੀਆਂ ਉਦਾਹਰਣਾਂ ਦੇ ਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ। ਕਾਨੂੰਨ ਵਿਚ ਕਿਤੇ ਨਹੀਂ ਲਿਖਿਆ ਗਿਆ ਕਿ ਕਿਸਾਨ ਦਾ ਖੇਤ ਠੇਕੇ ਉਤੇ ਕਿਸੇ ਵੱਡੀ ਕੰਪਨੀ ਕੋਲ ਜਾਵੇਗਾ। ਇਥੇ ਸਿਰਫ਼ ਫ਼ਸਲ ਦਾ ਠੇਕਾ ਹੋਵੇਗਾ, ਉਹ ਵੀ ਕਿਸਾਨ ਦੀ ਮਰਜ਼ੀ ਮੁਤਾਬਕ ਹੋਵੇਗਾ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੀ ਚਿੰਤਾ ਨਹੀਂ, ਸਾਰਿਆਂ ਨੂੰ 2022 ਦੀਆਂ ਚੋਣਾਂ ਦਿਖ ਰਹੀਆਂ ਹਨ। ਸਾਰੀਆਂ ਪਾਰਟੀਆਂ ਨੇ ਅਪਣੀ-ਅਪਣੀ ਪਾਰਟੀ ਦੇ ਝੰਡੇ ਚੁੱਕੇ ਹੋਏ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੇਂਦਰ ਦੇ ਕਹਿਣ ਉਤੇ ਇਕ ਅੱਠ ਮੈਂਬਰੀ ਕਮੇਟੀ ਬਣਾਈ ਹੈ, ਇਸ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਤਕ ਇਨ੍ਹਾਂ ਦੀ ਗੱਲ ਪਹੁੰਚਾਈ ਜਾਵੇਗੀ।

ਸਵਾਲ: ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਿਚ ਅਕਾਲੀ ਦਲ ਦਾ ਕੰਟਰੋਲ ਸੀ, ਉਹ ਕਿਸੇ ਦੀ ਮੰਨਦੇ ਨਹੀਂ ਸੀ, ਤੁਹਾਨੂੰ ਨਜ਼ਰ-ਅੰਦਾਜ਼ ਕੀਤਾ ਜਾਂਦਾ ਰਿਹਾ। ਇਕ ਵਾਰ ਤੁਹਾਨੂੰ ਮੁਅੱਤਲ ਵੀ ਕੀਤਾ। ਅਕਾਲੀ ਦਲ ਨੇ ਭਾਈਵਾਲੀ ਬਚਾਉਣ ਲਈ ਪੰਜਾਬ ਦੇ ਸਾਰੇ ਮੁੱਦਿਆਂ ਨੂੰ ਪਿੱਛੇ ਛੱਡ ਦਿਤਾ ਜਿਸ ਕਾਰਨ ਪੰਜਾਬ ਦਾ ਨੁਕਸਾਨ ਹੋਇਆ ਅਤੇ ਤੁਹਾਡਾ ਵੀ ਨੁਕਸਾਨ ਹੋਇਆ। ਕੀ ਤੁਸੀਂ ਹੁਣ ਸਮਝਦੇ ਹੋ ਕਿ ਹੁਣ ਵੀ ਭਵਿੱਖ ਵਿਚ ਬਾਕੀ ਮੁੱਦੇ ਛੱਡ ਕੇ ਭਾਜਪਾ ਵਲੋਂ ਭਾਈਵਾਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ?
ਜਵਾਬ: ਸਪੱਸ਼ਟ ਹੈ। ਸਾਰੇ ਜਾਣਦੇ ਹਨ ਕਿ ਅੱਜ ਜੋ ਲੋਕ ਅਗਵਾਈ ਕਰਨ ਦਾ ਦਾਅਵਾ ਕਰ ਰਹੇ ਨੇ ਜਾਂ ਕਿਸਾਨ ਜਥੇਬੰਦੀਆਂ ਨੂੰ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਕੀ ਅਗਵਾਈ ਕਰਨਗੇ? ਇਸ ਲਈ ਲੋੜ ਹੈ ਕਿ ਕਿਸਾਨ ਜਥੇਬੰਦੀਆਂ ਦੇ ਲੀਡਰ ਅੱਗੇ ਆਉਣ ਅਤੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਜਾਵੇ। ਨਰਿੰਦਰ ਮੋਦੀ ਕਦੇ ਨਹੀਂ ਚਾਹੁਣਗੇ ਕਿ ਦੇਸ਼ ਦੀ ਕਿਸਾਨੀ ਦਾ ਨੁਕਸਾਨ ਹੋਵੇ। ਆਉਣ ਵਾਲੇ ਸਮੇਂ ਵਿਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।