ਗਾਇਕੀ ਅੰਬਰ ਦਾ ਧਰੂ ਤਾਰਾ ਸੀ ਕੁਲਦੀਪ ਮਾਣਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਮਾਣਕ ਦਾ ਜਨਮ ਵਾਲਿਦ ਨਿੱਕਾ ਖ਼ਾਨ ਦੇ ਘਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਹੋਇਆ

Kuldeep Manak was the star of singing amber

 

ਮੁਹਾਲੀ : ਪੰਜਾਬੀ ਗਾਇਕੀ ਦੇ ਅੰਬਰ ਵਿਚ ਕੁਲਦੀਪ ਮਾਣਕ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਸੀ ਜਿਸ ਦੀ ਰੋਸ਼ਨੀ ਰੁਖ਼ਸਤੀ ਪਿੱਛੋਂ ਵੀ ਮੱਠੀ ਨਹੀਂ ਪਈ। ਕੁਲ ਆਲਮ ਵਿਚ ਵਸਦੇ ਸਰੋਤੇ ਉਸ ਦੀ ਗਾਇਕੀ ਨੂੰ ਸਹਿਜ ਅਤੇ ਸੰਜੀਦਗੀ ਨਾਲ ਮਾਣਦੇ ਹਨ। 1968 ਤੋਂ ਗਾਉਣਾ ਸ਼ੁਰੂ ਕਰ ਸਦਾ ਲਈ ਲੋਕਾਂ ਦੇ ਦਿਲ ਵਿਚ ਬਸੇਰਾ ਬਣਾ ਲਿਆ। ਗਾਇਕੀ ਦੀ ਹਰ ਵਨਗੀ ਨੂੰ ਬਾਖ਼ੂਬੀ ਨਿਭਾਉਂਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ। ਇਸ ਲਈ ਕੋਈ ਦੂਜਾ ਕਲੀਆ ਦਾ ਬਾਦਸ਼ਾਹ ਨਾ ਬਣ ਸਕਿਆ। 15 ਨਵੰਬਰ 1951 ਨੂੰ ਮਾਣਕ ਦਾ ਜਨਮ ਵਾਲਿਦ ਨਿੱਕਾ ਖ਼ਾਨ ਦੇ ਘਰ ਬਠਿੰਡੇ ਜ਼ਿਲ੍ਹੇ ਦੇ ਪਿੰਡ ਜਲਾਲ ਵਿਖੇ ਹੋਇਆ। ਗਾਇਕੀ ਘਰਾਣੇ ਦੇ ਚਲਦਿਆਂ ਸੰਗੀਤ ਦੀ ਗੁੜ੍ਹਤੀ ਮਿਲਣੀ ਸੁਭਾਵਕ ਸੀ।

 

 

ਪ੍ਰਵਾਰ ਦੇ ਪੁਰਖੇ ਮਹਾਰਾਜਾ ਹੀਰਾ ਸਿੰਘ ਦੀ ਨਾਭਾ ਰਿਆਸਤ ਦੇ ਦਰਬਾਰ ਵਿਚ ਹਜ਼ੂਰੀ ਰਾਗੀ ਸਨ। ਪਿਤਾ ਦੀ ਤਾਲੀਮ ਨਾਲ ਵੱਡੇ ਭਰਾ ਸਿਦਕੀ ਤੇ ਰਫ਼ੀਕ ਨੂੰ ਸੂਫ਼ੀ ਸੰਗੀਤ ਦੀ ਚੰਗੀ ਸਮਝ ਸੀ  ਬਚਪਨ ਵਿਚ ਹੀ ਲਤੀਫ਼ ਮੁਹੰਮਦ (ਬਚਪਨ ਦਾ ਨਾਮ) ਨੇ ਬਾਲ ਸਭਾ ਵਿਚ ਗਾਉਣਾ ਸ਼ੁਰੂ ਕੀਤਾ। 1965 ਵਿਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਇਕ ਸਮਾਗਮ ਵਿਚ ਟੁਣਕਦੀ ਅਵਾਜ਼ ਸੁਣ ਲਤੀਫ਼ ਨੂੰ ਮਾਣਕ ਦੇ ਨਾਮ ਨਾਲ ਨਿਵਾਜਿਆ ਜੋ ਬਾਅਦ ਵਿਚ ‘ਕੁਲਦੀਪ ਮਾਣਕ’ ਬਣ ਮਾਂ ਬੋਲੀ ਨੂੰ ਸਮਰਪਤ ਹੋ ਗਿਆ। ਸਕੂਲ ਸਮੇਂ ਮਾਣਕ ਹਾਕੀ ਦਾ ਖਿਡਾਰੀ ਵੀ ਸੀ।

 

 

ਪੜ੍ਹਾਈ ਮਗਰੋਂ ਸੰਗੀਤ ਨੂੰ ਜੀਵਨ ਦਾ ਹਿੱਸਾ ਬਣਾ ਲਿਆ। ਸੁਰਾਂ ਦੀਆਂ ਬਰੀਕੀਆਂ ਸਿਖਣ ਲਈ ਬੂਟੀਵਾਲਾ ਦੇ ਉਸਤਾਦ ਖੁਸ਼ੀ ਮੁਹੰਮਦ ਇਕਬਾਲ ਨੁੰ ਗੁਰੂ ਧਾਰਿਆ। ਚੜ੍ਹਦੀ ਉਮਰੇ ਗਾਇਕੀ ਖੇਤਰ ਵਿਚ ਨਾਮਣਾ ਖੱਟਣ ਵਲ ਵਿਰਤੀ ਲੱਗ ਗਈ। ਰਾਗਾਂ ਦੀ ਪਕੜ ਤੇ ਰਿਆਜ਼ ਨਾਲ ਸੁਰਬੰਧ ਕੀਤੀ ਆਵਾਜ਼ ਸਦਕੇ ਅਖਾੜੇ ਸਜਾਉਣੇ ਸ਼ੁਰੂ ਕਰ ਦਿਤੇ। ਰਸੀਲੀ ਆਵਾਜ਼, ਲੰਮੀ ਹੇਕ ਅਤੇ ਹਿੱਕ ਦੇ ਜ਼ੋਰ ਨਾਲ ਗਾਉਣ ਦੇ ਵਖਰੇ ਅੰਦਾਜ਼ ਨਾਲ ਮਾਣਕ ਦੀ ਗੁੱਡੀ ਅੰਬਰੀਂ ਚੜ੍ਹਨ ਵਿਚ ਦੇਰ ਨਾ ਲੱਗੀ।  

 

ਗਾਇਕੀ ਦੀ ਸਫ਼ਲ ਉਡਾਰੀ ਲਈ ਬਠਿੰਡਾ ਛੱਡ ਸੰਗੀਤ ਦੇ ਮੱਕਾ ਲੁਧਿਆਣੇ ਡੇਰੇ ਲਾ ਲਏ ਅਤੇ ਗਾਇਕ ਗੁਰਚਰਨ ਸਿੰਘ ਗਾਇਕਾ ਸੀਮਾ ਨਾਲ ਸਾਂਝੇ ਅਖਾੜੇ ਲਾਉਣ ਲੱਗਾ। 1968 ਵਿਚ ਸਤਾਰਵੇਂ ਸਾਲ ਮੁੱਛ ਫੁੱਟ ਉਮਰੇ ਗੁਰਦੇਵ ਸਿੰਘ ਮਾਨ ਦਾ ਲਿਖਿਆ ‘ਲੌਂਗ ਕਰਾ ਮਿੱਤਰਾ ਮਛਲੀ ਪਾਉਣਗੇ ਮਾਪੇ’ ਹਿੱਟ ਗੀਤ ਨਾਲ ਗਾਉਣਾ ਸ਼ੁਰੂ ਕੀਤਾ।

 

 

 

ਦਿੱਲੀ ਦੀ ਐਚ.ਐਮ.ਵੀ ਕੰਪਨੀ ਨੇ ਬਾਬੂ ਸਿੰਘ ਮਾਨ ਦਾ ਲਿਖਿਆ “ਜੀਜਾ ਅੱਖੀਆਂ ਨਾ ਮਾਰ ਵੇ, ਮੈਂ ਕਲ ਦੀ ਕੁੜੀ’’ ਗਾਇਕਾ ਸੀਮਾ ਨਾਲ ਰਿਕਾਰਡ ਕਰਵਾਇਆ। ਜਲਦ ਹੀ ਨਰਿੰਦਰ ਬੀਬਾ ਨਾਲ ਦੋਗਾਣਾ ‘ਨਾਲੇ ਬਾਬਾ ਲੱਛੀ ਪੀ ਗਿਆ, ਨਾਲੇ ਦੇ ਗਿਆ ਦੁਵਾਨੀ ਖੋਟੀ’ ਵੀ ਖ਼ੂਬ ਪਸੰਦ ਕੀਤਾ ਗਿਆ। ਚਾਰੇ ਪਾਸੇ ਮਾਣਕ ਮਾਣਕ ਹੋਣ ਲੱਗੀ । 

 ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਸੰਪਰਕ: 78374-90309