ਕਿਸਾਨ ਟਰੈਕਟਰ ਮਾਰਚ ਸਮੇਂ ਬੁਰਛਾਗਰਦੀ ਲਈ ਜ਼ਿੰਮੇਵਾਰ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਪੰਨੂ-ਪੰਧੇਰ ਜਥੇਬੰਦੀ, ਦੀਪ ਸਿੱਧੂ ਤੇ ਲੱਖਾ ਸਿਧਾਣਾ ਹੁੱਲੜਬਾਜ਼ ਹਮਾਇਤੀਆਂ ਨਾਲ ਵਰਜਿਤ ਰਿੰਗ ਰੋਡ ਰਾਹੀਂ ਲਾਲ ਕਿਲ੍ਹਾ ਰਾਸ਼ਟਰੀ ਸਮਾਰਕ ਵਲ ਲੈ ਗਏ।

farmer tractor march

ਕੁੱਲ ਆਲਮ ਜਾਣਦਾ ਹੈ ਕਿ 26 ਜਨਵਰੀ ਗਣਤੰਤਰ ਦਿਵਸ ਤੇ ਪਿਛਲੇ 72 ਸਾਲਾਂ ਵਿਚ ਪਹਿਲੀ ਵਾਰ ਰਾਜਧਾਨੀ ਦਿੱਲੀ ਤੇ ਲਗਭਗ ਸਾਰੇ ਖੇਤੀ ਪ੍ਰਧਾਨ ਸੂਬਿਆਂ ਦੇ ਜ਼ਿਲ੍ਹਾ ਹੈਡਕੁਆਰਟਰਾਂ ਤੇ ਭਾਰਤੀ ਕਿਸਾਨਾਂ ਨੇ ਟਰੈਕਟਰ ਮਾਰਚ ਬਿਲਕੁਲ ਸ਼ਾਂਤਮਈ ਢੰਗ ਨਾਲ ਜ਼ਾਬਤੇ ਵਿਚ ਕੀਤਾ। ਕਿਧਰੇ ਜਨਤਕ, ਸਰਕਾਰੀ ਜਾਂ ਨਿਜੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਸ ਮਾਰਚ ਵਿਚ ਲੱਖਾਂ ਕਿਸਾਨਾਂ, ਮਜ਼ਦੂਰਾਂ, ਕਿਰਤੀਆਂ, ਆੜ੍ਹਤੀਆਂ, ਪੱਲੇਦਾਰਾਂ ਆਦਿ ਨੇ ਭਾਗ ਲਿਆ। ਵਿਸ਼ਵ ਅੰਦਰ ਇਸ ਨਿਵੇਕਲੇ, ਲਾ-ਮਿਸਾਲ, ਅਹਿੰਸਕ ਤੇ ਇਤਿਹਾਸਕ ਮਾਰਚ ਦਾ ਨਾਮ ਗਿਨੀਜ਼ ਬੁੱਕ ਵਿਚ ਰਿਕਾਰਡ ਹੋਣ ਜਾ ਰਿਹਾ ਹੈ। ਇਸ ਮਾਰਚ ਦੀ ਹਮਾਇਤ ਵਿਦੇਸ਼ਾਂ ਅੰਦਰ ਬੈਠੇ ਭਾਰਤੀਆਂ ਨੇ ਕਈ ਦੇਸ਼ਾਂ ਅੰਦਰ ਰੋਸ ਮਾਰਚਾਂ ਕੱਢੇ ਜਿਨ੍ਹਾਂ ਵਿਚ ਕੈਨੇਡਾ, ਆਸਟ੍ਰੇਲੀਆ, ਇਟਲੀ, ਨਿਊਜ਼ੀਲੈਂਡ, ਅਮਰੀਕਾ ਆਦਿ ਸ਼ਾਮਲ ਹਨ।

ਇਹ ਇਤਿਹਾਸਕ ਮਾਰਚ ਭਾਰਤ ਦੀ ਕੇਂਦਰ ਅੰਦਰ ਸ਼੍ਰੀ ਨਰੇਂਦਰ ਮੋਦੀ ਦੀ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਵਲੋਂ ਬਣਾਏ ਕਿਸਾਨੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਕਢਿਆ ਗਿਆ। ਇਹ ਮਾਰਚ ਕਈ ਗੇੜਾਂ ਦੀ ਗੱਲਬਾਤ ਟੁੱਟਣ ਕਰ ਕੇ ਰੋਸ ਵੱਜੋਂ ਆਯੋਜਤ ਕੀਤਾ ਗਿਆ ਸੀ। ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਪ੍ਰਸਾਸ਼ਨ ਦੀ ਸਹਿਮਤੀ ਨਾਲ ਤਹਿ ਸ਼ੁਦਾ ਰੂਟਾਂ ਤੇ ਇਸ ਨੂੰ ਕੱਢਣ ਦਾ ਫ਼ੈਸਲਾ ਹੋਇਆ ਸੀ। ਕੇਂਦਰ ਸਰਕਾਰ ਇਸ ਵਿਸ਼ਵ ਪ੍ਰਸਿੱਧ ਮਾਰਚ ਦੀ ਪੂਰੇ ਵਿਸ਼ਵ ਵਿਚ ਚਰਚਾ, ਕੁੱਝ ਪਛਮੀ ਰਾਸ਼ਟਰਾਂ ਵਲੋਂ ਅਮਰੀਕਾ, ਬਰਤਾਨੀਆ, ਫ਼ਰਾਂਸ, ਕੈਨੇਡਾ, ਅਸਟ੍ਰੇਲੀਆ, ਨਿਊਜ਼ੀਲੈਂਡ ਆਦਿ ਸਮੇਤ ਹਮਾਇਤ ਕਰ ਕੇ ਵੱਡੇ ਦਬਾਅ ਵਿਚ ਸੀ। ਸਰਦ ਰੁੱਤ ਦਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਕਰ ਕੇ ਸਰਕਾਰ ਹੋਰ ਵੀ ਦੁਚਿੱਤੀ ਵਿਚ ਫਸੀ ਹੋਈ ਸੀ। ਸਰਕਾਰ ਦੀ ਚਿੰਤਾ ਵਿਚ ਉਦੋਂ ਹੋਰ ਵਾਧਾ ਹੋਇਆ ਜਦੋਂ ਦਿੱਲੀ ਅੰਦਰ ਵੱਖ-ਵੱਖ ਥਾਵਾਂ ਤੇ ਦਿੱਲੀ ਵਾਸੀਆਂ ਨੇ ਕਿਸਾਨ ਮਾਰਚ ਦੀ ਆਉ ਭਗਤ ਵਿਚ ਲੰਗਰ, ਮਠਿਆਈਆਂ, ਚਾਹ-ਪਾਣੀ ਦੇ ਸਟਾਲ ਤੇ ਖ਼ਾਸ ਕਰ ਕੇ ਟਰੈਕਟਰ ਮਾਰਚ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਕੇਂਦਰ ਸਰਕਾਰ ਵਲੋਂ ਪਹਿਲਾਂ ਹੀ ਦੋ ਮਹੀਨੇ ਤੋਂ ਚੱਲ ਰਹੇ ਦਿੱਲੀ ਸਰਹੱਦ ਤੇ 6 ਕੁ ਥਾਵਾਂ ਤੇ ਬਿਲਕੁਲ ਸ਼ਾਂਤ, ਅਹਿੰਸਕ ਤੇ ਸਿਰੜੀ ਅੰਦੋਲਨ ਨੂੰ ਕਮਜ਼ੋਰ, ਬਦਨਾਮ ਅਤੇ ਖ਼ਤਮ ਕਰਨ ਲਈ ਖ਼ੁਫ਼ੀਆ ਏਜੰਸੀਆਂ, ਭੰਨ ਤੋੜ, ਅਫ਼ਵਾਹਾਂ ਦਾ ਸਹਾਰਾ ਲਿਆ ਜਾ ਰਿਹਾ ਸੀ। ਇਸ ਕਿਸਾਨੀ ਅੰਦੋਲਨ ਦੀ ਸੱਭ ਤੋਂ ਵੱਡੀ ਖ਼ੂਬਸੂਰਤੀ ਇਹ ਰਹੀ ਹੈ ਕਿ ਇਹ ਬਿਲਕੁਲ ਗ਼ੈਰ-ਰਾਜਨੀਤਕ, ਗ਼ੈਰ-ਧਾਰਮਕ, ਗ਼ੈਰ-ਜਾਤੀਵਾਦੀ, ਅਹਿੰਸਕ ਤੇ ਜ਼ਾਬਤਾ ਭਰਪੂਰ ਰਿਹਾ ਹੈ। ਇਸ ਦੇ ਕਿਸਾਨਾਂ ਆਗੂ, ਮਜ਼ਦੂਰਾਂ ਹਮਾਇਤੀਆਂ ਨੂੰ ਸਪੱਸ਼ਟ ਅੰਦੋਲਨ ਮੰਤਰ ਦੱਸ ਰਹੇ ਸਨ ਕਿ ਸ਼ਾਂਤੀ ਅਤੇ ਜ਼ਾਬਤਾ ਉਨ੍ਹਾਂ ਦੀ ਜਿੱਤ ਦਾ ਪ੍ਰਤੀਕ ਹੈ, ਜਿਸ ਦਿਨ ਸ਼ਾਂਤੀ ਤੇ ਜ਼ਾਬਤਾ ਟੁੱਟਾ ਉਸ ਦਿਨ ਮੋਦੀ ਸਰਕਾਰ ਜਿੱਤ ਜਾਵੇਗੀ ਤੇ ਤੁਸੀ ਸਦਾ ਲਈ ਉਸ ਦੇ ਧਨਾਢ ਕਾਰਪੋਰੇਟ ਮਿੱਤਰਾਂ ਦੇ ਸੰਗਲਾਂ ਵਿਚ ਜਕੜੇ ਜਾਣ ਕਰ ਕੇ ਗ਼ੁਲਾਮ ਬਣ ਕੇ ਰਹਿ ਜਾਵੋਗੇ। ਤੁਹਾਡੀਆਂ ਜ਼ਮੀਨਾਂ, ਸਦੀਆਂ ਤੋਂ ਚਲਿਆ ਆ ਰਿਹਾ ਸਵੈਮਾਣ ਤੇ ਸਵੈਨਿਰਭਰਤਾ ਵਾਲਾ ਕਿਸਾਨੀ ਕਿੱਤਾ ਖੁੱਸ ਜਾਵੇਗਾ। ਅਪਣੀਆਂ ਜ਼ਮੀਨਾਂ, ਅਪਣੇ ਕਿੱਤੇ ਦੀ ਹੋਂਦ ਤੇ ਭਵਿੱਖੀ ਪੀੜ੍ਹੀਆਂ ਦੇ ਭਵਿੱਖ ਦੀ ਰਾਖੀ ਲਈ ਪੰਜਾਬ ਵਿਚੋਂ ਉੱਠੀ ਇਹ ਲਹਿਰ ਹਰਿਆਣਾ, ਪਛਮੀ ਯੂ.ਪੀ., ਉੱਤਰਾਖੰਡ ਤੇ ਰਾਜਸਥਾਨ ਵਿਚ ਫੈਲਦੀ ਪੂਰੇ ਦੇਸ਼ ਵਿਚ ਪਸਰਦੀ ਚਲੀ ਗਈ। ਦਿੱਲੀ ਦੇ ਆਲੇ-ਦੁਆਲੇ ਪੰਜ-ਛੇ ਲੱਖ ਕਿਸਾਨਾਂ, ਮਜ਼ਦੂਰਾਂ ਬੀਬੀਆਂ-ਬੱਚਿਆਂ, ਨੌਜੁਆਨਾਂ ਗਾਇਕਾਂ, ਕਲਾਕਾਰਾਂ, ਬੁਧੀਜੀਵੀਆਂ, ਕਵੀਆਂ, ਢਾਡੀਆਂ, ਕੀਰਤਨੀਆਂ ਅਧਾਰਤ ਦੋ ਮਹੀਨਿਆਂ ਵਿਚ ਅਲੌਕਿਕ ਅਬਾਦੀਆਂ ਵੱਸ ਗਈਆਂ।

ਦੇਸ਼ ਵਿਦੇਸ਼ ਵਿਚੋਂ ਦਿਲ ਖੋਲ੍ਹ ਕੇ ਲੰਗਰ, ਰਿਹਾਇਸ਼, ਕੱਕਰ ਪੈਂਦੀ ਸਰਦੀ ਤੋਂ ਬਚਾਅ ਲਈ ਗਰਮ ਕਪੜਿਆਂ ਦਵਾਈਆਂ, ਐਬੂਲੈਂਸਾਂ, ਪਖ਼ਾਨੇ, ਇਸ਼ਨਾਨ ਤੇ ਟਰਾਲੀ-ਘਰਾਂ ਦਾ ਵਧੀਆ ਪ੍ਰਬੰਧ ਉਸਰ ਗਿਆ।ਕੇਂਦਰੀ ਏਜੰਸੀਆਂ, ਐਨ.ਆਈ.ਏ ਵਲੋਂ ਬੇਕਸੂਰ ਕਿਸਾਨਾਂ ਤੇ ਹਮਾਇਤੀਆਂ ਨੂੰ ਨੋਟਿਸ, ਉੱਘੇ ਕਿਸਾਨ ਆਗੂਆਂ ਨੂੰ ਮਾਰਨ ਦੀਆਂ ਧਮਕੀਆਂ, ਐਸ.ਵਾਈ.ਐਲ. ਮੁੱਦਾ, ਹਰਿਆਣਾ, ਯੂ.ਪੀ. ਸੂਬਾ ਸਰਕਾਰਾਂ ਤੇ ਦਿੱਲੀ ਪੁਲਿਸ ਦੀਆਂ ਅਣਮਨੁੱਖੀ ਤਸ਼ੱਦਦ ਜਿਸ ਵਿਚ ਕੁੱਝ ਦਿਨ ਪਹਿਲਾਂ ਹੈਲੀਕਾਪਟਰ ਰਾਹੀਂ ਕਿਸਾਨਾਂ ਉਤੇ ਪਟਰੌਲ ਬੰਬ ਸੁਟਣੇ ਤੇ ਭਾਜਪਾ ਦੇ ਵਰਕਰਾਂ ਦਾ ਕਿਸਾਨਾਂ ਉਤੇ ਹਮਲਾ ਕਰਨਾ ਆਦਿ ਸ਼ਾਮਲ ਹੈ। ਇਥੇ ਹੀ ਬਸ ਨਹੀਂ ਦਿੱਲੀ ਦੇ ਪਟਰੌਲ ਪੰਪਾਂ ਨੂੰ ਕਿਸ਼ਾਨਾਂ ਨੂੰ ਡੀਜ਼ਲ ਨਾ ਦੇਣ ਦੀਆਂ ਹਦਾਇਤਾਂ, ਅਣਪਛਾਤੇ ਵਿਅਕਤੀਆਂ ਦੀ ਘੁਸਪੈਠ ਰਾਹੀਂ ਖਲਬਲੀ ਪੈਦਾ ਕਰਨ ਆਦਿ ਦੇ ਹੱਥੇਕੰਡੇ ਫ਼ੇਲ ਹੋ ਗਏ।

25 ਜਨਵਰੀ ਰਾਤ ਨੂੰ ਕੇਂਦਰ ਸਰਕਾਰ ਦੀਆਂ ਏਜੰਸੀਆਂ ਅਤੇ ਪੁਲਿਸ ਨੇ ਕਿਸਾਨ-ਮਜ਼ਦੂਰ ਜਥੇਬੰਦੀ ਪੰਨੂ-ਪੰਧੇਰ ਤੇ ਦੀਪ ਸਿੱਧੂ ਨਾਮਕ ਅਖੌਤੀ ਪੈਰਾਸ਼ੂਟਰਾਂ ਦੀ ਅਗਵਾਈ ਵਿਚ ਹੁਲੜਬਾਜ਼ ਨੌਜੁਆਨਾਂ ਨਾਲ ਸ਼ਾਂਠ-ਗਾਂਠ ਰਾਹੀਂ ਇਸ ਮਾਰਚ ਨੂੰ ਬਦਨਾਮ ਕਰਨ ਦੀ ਸਾਜ਼ਸ਼ ਰਚੀ ਗਈ। ਇਹ ਦੋਸ਼ ਪ੍ਰੋਢ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵਲੋਂ ਹਿੱਕ ਠੋਕ ਕੇ 27 ਜਨਵਰੀ ਦੀ ਸਟੇਜ ਤੋਂ ਲਗਾਏ ਗਏ। ਪੰਨੂ-ਪੰਧੇਰ ਜਥੇਬੰਦੀ, ਦੀਪ ਸਿੱਧੂ ਤੇ ਲੱਖਾ ਸਿਧਾਣਾ ਹੁੱਲੜਬਾਜ਼ ਹਮਾਇਤੀਆਂ ਨਾਲ ਵਰਜਿਤ ਰਿੰਗ ਰੋਡ ਰਾਹੀਂ ਲਾਲ ਕਿਲ੍ਹਾ ਰਾਸ਼ਟਰੀ ਸਮਾਰਕ ਵਲ ਲੈ ਗਏ।

ਇਥੇ ਇਹ ਵੀ ਦਸਣਯੋਗ ਹੈ ਕਿ ਗਣਤੰਤਰ ਦਿਵਸ ਵਾਲੇ ਦਿਨ ਉਂਜ ਇਸ ਇਲਾਕੇ ਵਿਚ ਸੁਰਖਿਆ ਏਜੰਸੀਆਂ ਦੀ ਪੂਰਨ ਮੁਸਤੈਦੀ ਹੁੰਦੀ ਹੈ ਤੇ ਇਥੇ ਪਰਿੰਦਾ ਵੀ ਪਰ ਨਹੀਂ ਸੀ ਮਾਰ ਸਕਦਾ ਪਰ ਉਸ ਦਿਨ ਏਜੰਸੀਆਂ ਦੀ ਮਿਲੀਭੁਗਤ ਹੋਣ ਕਰ ਕੇ ਉਥੇ ਹੁੱਲੜਬਾਜ਼ਾਂ ਨੂੰ ਜਾਣ ਦਿਤਾ ਗਿਆ। ਜਿਸ ਕਾਰਨ ਦੀਪ ਸਿੱਧੂ ਦੇ ਹਮਾਇਤੀ ਟਰੈਕਟਰਾਂ, ਮੋਟਰਸਾਈਕਲਾਂ, ਨਿਹੰਗ ਘੁੜਸਵਾਰ ਅਤੇ ਸ਼ਰਾਰਤੀ ਅਨਸਰ ਲਾਲ ਕਿਲੇ ਤੇ ਜਾ ਚੜ੍ਹੇ। ਉਸ ਦੀ ਫ਼ਸੀਲ ਤੇ ਕੇਂਦਰੀ ਏਜੰਸੀਆਂ ਤੇ ਅਰਧ ਫ਼ੌਜੀ ਦਲਾਂ-ਦਿੱਲੀ ਪੁਲਿਸ ਦੀ ਹਾਜ਼ਰੀ ਵਿਚ ਸ਼੍ਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਫ਼ਸੀਲ ਤੇ ਲਹਿਰਾਏ। ਬਾਕਾਇਦਾ ਜਨ-ਗਨ-ਮਨ ਰਾਸ਼ਟਰੀ ਗੀਤ ਵੀ ਗਾਇਆ ਗਿਆ। ਦੀਪ ਸਿੱਧੂ ਕਹਿ ਰਿਹਾ ਸੀ, ‘ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ।’ ਇਸੇ ਦੌਰਾਨ ਇਸ ਸਾਜ਼ਸ਼ੀ ਹਜੂਮ ਤੇ ਪੁਲਿਸ ਦਰਮਿਆਨ ਦੌਸਤਾਨਾ ਇੱਟਾਂ-ਵੱਟਿਆਂ ਤੇ ਡੰਡਿਆਂ ਦਾ ਆਦਾਨ-ਪ੍ਰਦਾਨ ਹੋਇਆ। ਪੁਲਿਸ ਮੌਕੇ ਤੋਂ ਤਿੱਤਰ ਹੁੰਦੀ ਵੇਖੀ ਗਈ।

ਕੇਂਦਰ ਸਰਕਾਰ, ਕੁੱਝ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸ਼ੁਰੂ ਤੋਂ ਕਿਸਾਨੀ ਅੰਦੋਲਨ ਨੂੰ ਖ਼ਾਲਿਸਤਾਨੀਆਂ, ਨਕਸਲੀਆਂ, ਮਾਉਵਾਦੀਆਂ ਅਤੇ ਗੁੰਡਾਗਰਦ ਅਨਸਰਾਂ ਦਾ ਅੰਦੋਲਨ ਗਰਦਾਨ ਦੇ ਰਹੇ ਸਨ। ਕੇਂਦਰ ਸਰਕਾਰ ਦਾ ਪਿੱਠੂ ਨੈਸ਼ਨਲ ਮੀਡੀਆ ਇਸ ਦਾ ਧੂਆਂਧਾਰ ਪ੍ਰਚਾਰ ਕਰਦਾ ਰਿਹਾ ਹੈ। ਖ਼ਾਲਿਸਤਾਨੀ ਅਮਰੀਕੀ ਗੁਰਪਤਵੰਤ ਸਿੰਘ (ਪਤਿੱਤ ਸਿੱਖ) ਨੇ ਇਹ ਐਲਾਨ ਕਰ ਰਖਿਆ ਸੀ ਕਿ ਜੋ ਸਿੱਖ ਨੌਜਵਾਨ ਲਾਲ ਕਿਲ੍ਹੇ ਦੀ ਫ਼ਸੀਲ ਤੇ ਖ਼ਾਲਿਸਤਾਨੀ ਝੰਡਾ ਲਹਿਰਾਏਗਾ, ਉਸ ਨੂੰ ਢਾਈ ਲੱਖ ਡਾਲਰ ਇਨਾਮ ਦਿਤਾ ਜਾਵੇਗਾ। ਲਾਲ ਕਿਲ੍ਹਾ ਘਟਨਾ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਤੇ ਪਿੱਠੂ ਮੀਡੀਆ ਸਾਬਤ ਕਰ ਰਹੇ ਹਨ ਕਿ ਕਿਸਾਨ ਅੰਦੋਲਨ ਵਿਚ ਖ਼ਾਲਿਸਤਾਨੀ, ਮਾਉਵਾਦੀ ਨਕਸਲਵਾਦੀ, ਗੁੰਡਾਗਰਦ ਅਨਸਰ ਸ਼ਾਮਲ ਹੈ। ਉਹ ਵਿਸ਼ਵ ਭਾਈਚਾਰੇ ਵਿਚ ਜਿਵੇਂ ਅਮਰੀਕਾ ਅੰਦਰ ਪ੍ਰਧਾਨ ਜੋਅ ਬਾਈਡਨ ਪ੍ਰਸ਼ਾਸਨ ਸਾਬਕਾ ਪ੍ਰਧਾਨ ਡੋਨਾਲਡ ਟਰੰਪ ਤੇ 6 ਜਨਵਰੀ 2021 ਨੂੰ ਉਗਰ ਗੋਰੇ ਹਮਾਇਤੀਆਂ ਰਾਹੀਂ ਅਮਰੀਕੀ ਸੰਸਦ ਉਤੇ ਹਮਲਾ ਕਰਨ ਲਈ ਉਕਸਾਉਣ ਕਰ ਕੇ ਮਹਾਂ ਅਭਿਯੋਗ ਚਲਾ ਰਿਹਾ ਹੈ, ਕੇਂਦਰ ਅੰਦੋਲਨਕਾਰੀ ਆਗੂਆਂ ਨੂੰ ਲਾਲ ਕਿਲ੍ਹਾ ਘਟਨਾ ਲਈ ਦੋਸ਼ੀ ਠਹਿਰਾ ਰਿਹਾ ਹੈ ਜਿਸ ਕਾਰਨ ਕਿਸਾਨ ਅੰਦੋਲਨ ਖਿਡਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਲਾਲ ਕਿਲੇ੍ ਦੀ ਘਟਨਾ ਨੇ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਤੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਵਿਚ ਸੰਨ 1984 ਵਾਂਗ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿਤਾ। ਉਂਜ ਇਨ੍ਹਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਲਾਲ ਕਿਲ੍ਹੇ ਦੀ ਫ਼ਸੀਲ ਤੇ ਨਿਸ਼ਾਨ ਸਾਹਿਬ ਲਹਿਰਾਉਣ ਦਾ ਤਿੰਨ ਕਾਲੇ-ਕਾਨੂੰਨਾਂ ਦੀ ਵਾਪਸੀ ਨਾਲ ਆਖ਼ਰ ਸਬੰਧ ਕੀ ਹੈ? ਕੀ ਇੰਜ ਕਰ ਕੇ ਤੁਸੀ ਹਿੰਦੁਸਤਾਨ ਜਿੱਤ ਲਵੋਗੇ? ਇਹ ਦੇਸ਼ ਤਾਂ ਸੱਭ ਦਾ ਸਾਂਝਾ ਹੈ, ਪਿਆਰਾ ਹੈ। ਇਸ ਦੀ ਆਜ਼ਾਦੀ ਲਈ ਸਿੱਖਾਂ ਨੇ 90 ਫ਼ੀ ਸਦੀ ਕੁਰਬਾਨੀਆਂ ਦਿਤੀਆਂ, ਲੜਾਈ ਸਰਕਾਰ ਨਾਲ ਹੈ ਦੇਸ਼ ਨਾਲ ਨਹੀਂ।

ਸਿੰਘੂ, ਟਿੱਕਰੀ, ਗਾਜ਼ੀਪੁਰ ਰੂਟਾਂ ਤੋਂ ਸਹਿਮਤੀ ਅਨੁਸਾਰ ਬੈਰੀਕੇਡ ਪੁਲਿਸ ਨੇ ਨਹੀਂ ਹਟਾਏ, ਉਲਟਾ ਦਬ ਕੇ ਅੱਥਰੂ ਗੈਸ, ਲਾਠੀਚਾਰਜ, ਟਰੈਕਟਰਾਂ ਦੀ ਭੰਨ-ਤੋੜ, ਟਰੈਕਟਰਾਂ ਦੇ ਟਾਇਰ ਪੰਚਰ ਕੀਤੇ, ਡੀਜ਼ਲ ਕਢਿਆ ਗਿਆ, ਆਗੂਆਂ ਤੇ ਅੰਦੋਲਨਕਾਰੀਆਂ ਤੇ ਕੇਸ ਦਰਜ ਕੀਤੇ ਗਏ ਪਰ ਕੀ ਹੁੱਲੜਬਾਜ਼ਾਂ ਵਲੋਂ ਲਾਲ ਕਿਲ੍ਹੇ ਤੇ ਝੰਡਾ ਲਹਿਰਾਉਣਾ ਦਿੱਲੀ ਪੁਲਿਸ ਦੀ ਬਜਰ ਨਾਕਾਮੀ ਨਹੀਂ? ਕੀ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਨਹੀਂ ਦੇ ਦੇਣਾ ਚਾਹੀਦਾ? ਆਖ਼ਰ ਮੋਦੀ ਸਰਕਾਰ ਨੂੰ ਇਹ ਕਾਨੂੰਨ ਏਨੇ ਪਿਆਰੇ ਕਿਉਂ ਨੇ? ਸਰਕਾਰ ਦੱਸੇ ਕਿ ਉਸ ਨੂੰ ਨੂੰ ਇਹ ਖੇਤੀ ਕਾਨੂੰਨ ਪਿਆਰੇ ਹਨ ਜਾਂ ਕਿਸਾਨ? ਕਿਉਂ ਇਨ੍ਹਾਂ ਕਾਨੂੰਨਾਂ ਦੀ ਜ਼ਿੱਦ ਕਰ ਕੇ ਲੱਖਾਂ ਕਿਸਾਨਾਂ ਨੂੰ ਸਰਦ ਰੁੱਤ, ਅਥਰੂ ਗੈਸ, ਪਾਣੀਆਂ ਦੀਆਂ ਬੁਛਾੜਾਂ, ਗੋਲੀ ਤੇ ਤਸੀਹਿਆਂ ਦਾ ਸ਼ਿਕਾਰ ਬਣਾ ਰਹੋ ਹੋ? ਕੀ ਭਾਜਪਾ ਤੇ ਭਗਵਾ ਬ੍ਰਿਗੇਡ ਬਾਬਰੀ ਮਸਜਿਦ ਹੁਲੜਬਾਜ਼ ਕਾਰਵਾਈ, ਅਡਵਾਨੀ ਰੱਥ ਯਾਤਰਾਵਾਂ ਵੇਲੇ ਫ਼ਿਰਕੂ ਹਿੰਸਾ, ਕਤਲੋ-ਗਾਰਤ, ਸਾੜ-ਫੂਕ ਭੁੱਲ ਗਏ? ਫਿਰ ਵੀ ਇਸ ਹਿੰਸਾ ਵਿਚ ਕੋਈ ਸਾੜ ਫੂਕ ਜਾਂ ਦੁਕਾਨ ਵਗੈਰਾ ਨਹੀਂ ਲੁੱਟੀ ਗਈ ਜਿਸ ਨੂੰ ਏਨਾ ਤੂਲ ਦਿਤਾ ਜਾ ਰਿਹਾ ਹੈ। ਜੋ ਵੀ ਨੁਕਸਾਨ ਪੁਲਿਸ ਜਾਂ ਲਾਲ ਕਿਲੇ ਦਾ ਕੀਤਾ ਹੈ ਇਹ ਏਜੰਸੀਆਂ ਨੇ ਅਪਣੇ ਬੰਦੇ ਵਿਚ ਪਾ ਕੇ ਕਰਵਾਇਆ ਹੈ। 

ਕਿਸਾਨ ਲੀਡਰਸ਼ਿਪ ਨੂੰ ਭਵਿੱਖ ਵਿਚ ਨੌਜੁਆਨਾਂ ਨੂੰ ਜ਼ਾਬਤੇ ਵਿਚ ਰੱਖਣ, ਹਰ ਮੋਰਚੇ ਤੇ ਆਪ ਅਗਵਾਈ ਕਰਨ, ਵਿਕਾਊ ਅਤੇ ਗੁੰਡਾਗਰਦ ਹੁਲੜਬਾਜ਼ ਅਨਸਰ ਦੀ ਨਿਸ਼ਾਦੇਹੀ ਕਰ ਕੇ ਇਸ ਵਿਸ਼ਵ ਦੇ ਨਿਵੇਕਲੇ ਇਤਿਹਾਸਕ ਕਿਸਾਨੀ ਅੰਦੋਲਨ ਨੂੰ ਜਿੱਤ ਤੱਕ ਪੂਰੀ ਮੁਸ਼ਤੈਦੀ ਨਾਲ ਸ਼ਾਂਤੀ ਪੂਰਵਕ ਜਾਰੀ ਰਖਣਾ ਚਾਹੀਦਾ ਹੈ। ਜ਼ਬਰੀ ਨੋਟਬੰਦੀ, ਜੀ.ਐਸ.ਟੀ., ਨਾਗਰਿਕਤਾ ਕਾਨੂੰਨ, ਧਾਰਾ 370 ਵਾਪਸੀ, ਤਿੰਨ ਕਿਸਾਨੀ ਕਾਲੇ ਕਾਨੂੰਨਾਂ ਆਧਾਰਤ ‘ਨਿਰਵਾਚਤ ਤਾਨਾਸ਼ਾਹੀ’ ਕਰ ਕੇ ਮੋਦੀ ਸਰਕਾਰ ਦੇਸ਼-ਵਿਦੇਸ਼ ਅੰਦਰ ਵਧਦੇ ਵਿਰੋਧ ਕਰ ਕੇ ਬੁਰੀ ਤਰ੍ਹਾਂ ਦਬਾਅ ਹੇਠ ਹੈ। ਏਕਤਾ, ਸੰਜਮ, ਹਲੇਮੀ, ਮਜ਼ਬੂਤੀ ਤੇ ਜ਼ਾਬਤਾ ਪੂਰਨ ਪ੍ਰੋਗਰਾਮ ਨਿਸ਼ਚਤ ਤੌਰ ’ਤੇ ਨਿਰਵਾਚਤ ਤਾਨਾਸ਼ਾਹੀ’ ਨੂੰ ਕਿਸਾਨ ਅੰਦੋਲਨ ਅੱਗੇ ਗੋਡੇ ਟੇਕਣ ਲਈ ਮਜਬੂਰ ਕਰਨਗੇ।

(ਦਰਬਾਰਾ ਸਿੰਘ ਕਾਹਲੋਂ
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)
ਸੰਪਰਕ : +1-289-829-2929