ਬੇ-ਅਕਲ ਸਿੱਖ ਤੇ ਅਕਲਮੰਦ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ

File Photo

ਗੁਰੂ ਗ੍ਰੰਥ ਸਾਹਿਬ ਜੀ ਦੇ 1245 ਨੰ. ਪੰਨੇ ਉਪਰ ਸਲੋਕ ਦਰਜ ਹੈ:
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ 
ਅਕਲੀ ਸਹਿਬੁ ਸੇਵੀਐ ਅਕਲੀ ਪਾਈਐ ਮਾਨੁ
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ
ਨਾਨਕੁ ਆਖੈ ਰਾਹੁ ਇਹ ਹੋਰਿ ਗਲਾਂ ਸੈਤਾਨੁ

ਬਾਬਾ ਨਾਨਕ ਜੀ ਦੇ ਉਚਾਰਨ ਕੀਤੇ ਹੋਏ ਇਸ ਸ਼ਲੋਕ ਵਿਚ ਕਮਾਲ ਦੀ ਗੱਲ ਇਹ ਹੈ ਕਿ ਬਾਬਾ ਜੀ ਨੇ ਇਸ ਇਕ ਸਲੋਕ ਵਿਚ ਹੀ ਅਕਲਿ ਸ਼ਬਦ ਦੀ ਵਰਤੋਂ ਛੇ ਵਾਰ ਕੀਤੀ ਹੈ। ਆਖ਼ਰ ਕੀ ਕਾਰਨ ਹੈ ਕਿ ਬਾਬਾ ਨਾਨਕ ਜੀ ਨੇ ਅਕਲਿ ਸ਼ਬਦ ਤੇ ਏਨਾ ਜ਼ਿਆਦਾ ਜ਼ੋਰ ਦਿਤਾ? ਬਾਬਾ ਨਾਨਕ ਜੀ ਨੂੰ ਕੀ ਲੋੜ ਪੈ ਗਈ ਸੀ ਕਿ ਉਹ ਸਾਰੀ ਲੋਕਾਈ ਨੂੰ ਹੀ ਆਖ ਰਹੇ ਹਨ ਕਿ ਹੇ ਭਾਈ ਕੋਈ ਵੀ ਕੰਮ ਕਰਨਾ ਹੈ ਤਾਂ ਅਕਲਿ ਦੀ ਵਰਤੋਂ ਰੱਜ ਕੇ ਕਰੋ, ਬੁਧੀਮਾਨ ਬਣੋ, ਸਿਆਣੇ ਬਣੋ।

ਪਾਠਕ ਇਸ ਪੂਰੇ ਸਲੋਕ ਦੇ ਅਰਥ ਗੁਰੂ ਗ੍ਰੰਥ ਸਾਹਿਬ ਦਰਪਣ ਵਿਚ ਪੜ੍ਹ ਸਕਦੇ ਹਨ ਜਾਂ ਮੋਬਾਈਲ ਵਿਚ ਗੁਰਬਾਣੀ ਸਰਚਰ ਐਪ ਡਾਊਨਲੋਡ ਕਰ ਕੇ ਪੜ੍ਹ ਸਕਦੇ ਹਨ। ਆਪਾਂ ਇਸ ਲੇਖ ਰਾਹੀਂ ਅਕਲ ਦੀ ਵਰਤੋਂ ਕਰਨ ਦੇ ਕੁੱਝ ਫ਼ਾਇਦਿਆਂ ਤੇ ਸੱਚੀਆਂ ਘਟਨਾਵਾਂ ਉਤੇ ਜ਼ਿਕਰ ਕਰਾਂਗੇ। ਕੁੱਝ ਦਿਨ ਪਹਿਲਾਂ ਮੇਰੇ ਪਰਮ ਮਿੱਤਰ ਗੁਰਿੰਦਰ ਸਿੰਘ (ਕਾਲਪਨਿਕ ਨਾਮ) ਦੇ ਦਾਦੀ ਜੀ ਦਿਲ ਦਾ ਦੌਰਾ ਪੈ ਜਾਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਉਹ 83 ਸਾਲਾਂ ਦੇ ਸਨ। ਭੋਗ ਤੋਂ ਚਾਰ ਕੁ ਦਿਨ ਪਹਿਲਾਂ ਗੁਰਿੰਦਰ ਅਪਣਾ ਦੁੱਖ ਫ਼ਰੋਲਦਾ ਹੋਇਆ ਆਖਣ ਲੱਗਾ, ''ਯਾਰ ਮੇਰੀ ਹਾਲੇ ਨਵੀਂ-ਨਵੀਂ ਹੀ ਨੌਕਰੀ ਲੱਗੀ ਹੈ ਤੇ ਪਿਤਾ ਜੀ ਨੂੰ ਵੀ ਖੇਤੀ ਵਿਚੋਂ ਕੁੱਝ ਖ਼ਾਸ ਕਮਾਈ ਨਹੀਂ ਹੁੰਦੀ। ਅਸੀਂ ਭੋਗ ਦਾ ਖ਼ਰਚਾ ਕਿਵੇਂ ਕਰੀਏ? ਉਪਰੋਂ ਭੂਆ ਦੇ ਮੁੰਡੇ ਫ਼ੋਨ ਕਰ-ਕਰ ਕੇ ਆਖ ਰਹੇ ਹਨ ਕਿ ਨਾਨੀ ਦੇ ਭੋਗ ਤੇ ਕਿਸੇ ਕਿਸਮ ਦੀ ਕਮੀ ਨਹੀਂ ਹੋਣੀ ਚਾਹੀਦੀ।

ਮਟਰ-ਪਨੀਰ ਦੀ ਸਬਜ਼ੀ ਨਾਲ ਦੋ ਹੋਰ ਵੱਖ-ਵੱਖ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ ਤੇ ਬਾਅਦ ਵਿਚ ਜਲੇਬੀਆਂ ਦੇ ਨਾਲ ਗਰਮ ਗੁਲਾਬ ਜਾਮਣ ਵੀ ਹੋਣੀ ਚਾਹੀਦੀ ਹੈ।'' ਮੈਂ ਸਾਰੀ ਗੱਲ ਨੂੰ ਸਮਝ ਗਿਆ। ਹੁਣ ਸਾਰੀ ਰਾਮ ਕਹਾਣੀ ਮੇਰੇ ਸਾਹਮਣੇ ਘੁੰਮ ਰਹੀ ਸੀ। ਗੁਰਿੰਦਰ ਦੇ ਪ੍ਰਵਾਰ ਕੋਲ ਏਨੇ ਪੈਸੇ ਨਹੀਂ ਸਨ ਕਿ ਉਹ ਭੋਗ ਦਾ ਖ਼ਰਚਾ ਚੁੱਕ ਸਕਣ। ਉਹ ਬੜੀ ਚਿੰਤਾ ਵਿਚ ਸੀ।

ਮੈਂ ਉਸ ਦੀ ਮਾਨਸਿਕਤਾ ਨੂੰ ਸਮਝਦੇ ਹੋਏ ਆਖਿਆ, ''ਵੇਖ ਵੀਰ ਆਪਾਂ ਉਸ ਬਾਬੇ ਨਾਨਕ ਜੀ ਦੇ ਸਿੱਖ ਹਾਂ ਜਿਸ ਨੇ ਪੂਰੀ ਲੋਕਾਈ ਨੂੰ ਅਕਲਮੰਦ ਬਣਾਇਆ ਹੈ, ਫਿਰ ਆਪਾਂ ਖ਼ੁਦ ਉਸ ਦਾਤੇ ਵਲੋਂ ਦਿਤੀ ਅਕਲ ਦਾ ਇਸਤੇਮਾਲ ਕਿਉਂ ਨਹੀਂ ਕਰਦੇ? ਅਪਣੇ ਬੀਬੀ ਜੀ ਦਾ ਭੋਗ ਤਾਂ ਉਸੇ ਵੇਲੇ ਪੈ ਗਿਆ ਸੀ ਜਦੋਂ ਉਨ੍ਹਾਂ ਨੇ ਆਖ਼ਰੀ ਸਾਹ ਲਏ ਸਨ।

ਅਸਲ ਵਿਚ ਬੰਦੇ ਦਾ ਭੋਗ ਤਾਂ ਉਸੇ ਵੇਲੇ ਪੈ ਜਾਂਦਾ ਹੈ ਜਦੋਂ ਉਹ ਮਰ ਜਾਂਦਾ ਹੈ। ਬਾਅਦ ਵਾਲੇ ਕਿਸੇ ਭੋਗ-ਭੂਗ ਦੀ ਕੋਈ ਵੀ ਲੋੜ ਨਹੀਂ ਹੁੰਦੀ। ਇਹ ਸਾਰੀ ਪਾਖੰਡਬਾਜ਼ੀ ਅਸੀ ਆਪ ਹੀ ਅਪਣੇ ਗਲ ਪਾਈ ਹੋਈ ਹੈ। ਗੁਰੂ ਕਾਲ ਸਮੇਂ ਬਾਬੇ ਨਾਨਕ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਜੀ ਨੇ ਕੋਈ ਭੋਗ ਨਹੀਂ ਪਾਇਆ। ਆਪਾਂ ਦੋਵਾਂ ਨੇ ਹੀ ਇਤਿਹਾਸ ਦੀ ਐਮ.ਏ ਕੀਤੀ ਹੋਈ ਹੈ ਜਿਸ ਵਿਚ ਆਪਾਂ ਸਿੱਖ ਇਤਿਹਾਸ ਵੀ ਪੜ੍ਹਿਆ ਹੈ। ਪਰ ਮਰਨ ਤੋਂ ਬਾਅਦ ਭੋਗ ਪਾਉਣ ਦੀ ਗੱਲ ਕਿਸੇ ਵੀ ਕਿਤਾਬ ਵਿਚ ਲਿਖੀ ਹੋਈ ਨਹੀਂ ਮਿਲਦੀ।'

'ਕਾਫ਼ੀ ਸਮਝਾਉਣ ਦੇ ਬਾਅਦ ਗੁਰਿੰਦਰ ਸਮਝ ਗਿਆ ਕਿ ਇਹ ਸੱਭ ਫ਼ਾਲਤੂ ਦੇ ਰਸਮ ਰਿਵਾਜ ਹਨ। ਪਰ ਹੁਣ ਦੁਨੀਆਂਦਾਰੀ ਦਾ ਕੀ ਕੀਤਾ ਜਾਵੇ? ਜੋ ਰਸਮ ਰਿਵਾਜ ਕਈ ਸੌ ਸਾਲਾਂ ਤੋਂ ਸਾਡੇ ਗਲ ਪਏ ਹੋਏ ਹਨ, ਉਨ੍ਹਾਂ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ?ਅਖ਼ੀਰ ਇਹ ਫ਼ੈਸਲਾ ਕੀਤਾ ਗਿਆ ਕਿ ਭੋਗ ਤਾਂ ਪਾਉਣਾ ਹੀ ਪੈਣਾ ਹੈ। ਪ੍ਰਵਾਰ ਆਖਣ ਲੱਗਾ ਕਿ ''ਜੇ ਬੀਬੀ ਦਾ ਭੋਗ ਨਾ ਪਾਇਆ ਤਾਂ ਰਿਸ਼ਤੇਦਾਰ ਕੀ ਆਖਣਗੇ?''

ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਗੁਰਿੰਦਰ ਭਾਵੇਂ ਮੇਰੀ ਗੱਲ ਸਮਝ ਗਿਆ ਹੈ ਪਰ ਪ੍ਰਵਾਰ ਦੇ ਸਾਹਮਣੇ ਉਸ ਨੇ ਵੀ ਗੋਡੇ ਟੇਕ ਦਿਤੇ ਹਨ। ਹੁਣ ਸਮੱਸਿਆ ਇਹ ਸੀ ਕਿ ਬਿਨਾ ਕਰਜ਼ਾ ਚੁੱਕੇ ਜਾਂ ਆੜ੍ਹਤੀਏ ਤੋਂ ਬਿਨਾ ਪੈਸੇ ਫੜੇ ਭੋਗ ਦਾ ਖ਼ਰਚਾ ਕਿਵੇਂ ਕੀਤਾ ਜਾਵੇ ਤਾਕਿ (ਅੰਦਰੋਂ ਖ਼ਾਲੀ) ਜੱਟਾਂ ਦੀ ਨੱਕ ਵੱਢੀ ਨਾ ਜਾਵੇ। ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਪ੍ਰਵਾਰ ਚਿੰਤਾ ਤੇ ਫ਼ਿਕਰ ਵਿਚ ਡੁਬਿਆ ਹੋਇਆ ਸੀ।

ਸਾਰੀ ਸਥਿਤੀ ਨੂੰ ਪੁਰੀ ਤਰ੍ਹਾਂ ਸਮਝਦਿਆਂ ਹੋਇਆਂ ਮੈਂ ਪ੍ਰਵਾਰ ਨੂੰ ਆਖਿਆ ਕਿ ''ਤੁਸੀ ਫ਼ਿਕਰ ਨਾ ਕਰੋ, ਸਾਰਾ ਇੰਤਜ਼ਾਮ ਹੋ ਗਿਆ ਹੈ। ਬੀਬੀ ਜੀ ਦੇ ਭੋਗ ਉਤੇ ਜੋ-ਜੋ ਭੂਆ ਦੇ ਮੁੰਡੇ ਨੇ ਆਖਿਆ ਹੈ, ਉਹੀ ਕੁੱਝ ਖਾਣ ਪੀਣ ਨੂੰ ਬਣੇਗਾ। ਹੋਇਆ ਵੀ ਇੰਜ ਹੀ ਸਾਰੇ ਰਿਸ਼ਤੇਦਾਰ ਤੇ ਆਂਢੀ ਗਆਂਢੀ ਰੱਜ-ਰੱਜ ਕੇ ਖਾ ਪੀ ਗਏ। ਰੋਟੀ ਤੋਂ ਬਾਅਦ ਜਲੇਬੀਆਂ ਦੇ ਨਾਲ ਗਰਮ ਗੁਲਾਬ ਜਾਮਣਾਂ ਦਾ ਵੀ ਇਤਜ਼ਾਮ ਕੀਤਾ ਗਿਆ।

ਹੁਣ ਪਾਠਕ ਸੋਚਦੇ ਹੋਣਗੇ ਕਿ ਜਿਸ ਪ੍ਰਵਾਰ ਕੋਲ ਭੋਗ ਵਾਸਤੇ ਪੇਸੈ ਨਹੀਂ ਸਨ, ਉਨ੍ਹਾਂ ਨੇ ਬਿਨਾ ਪੇਸੈ ਖ਼ਰਚ ਕੀਤੇ ਪੰਜਾਹ ਹਜ਼ਾਰੀ ਭੋਗ ਕਿਵੇਂ ਪਾ ਲਿਆ? ਅਸਲ ਵਿਚ ਇਹ ਸੱਭ ਕੁੱਝ ਅਕਲ ਦਾ ਇਸਤੇਮਾਲ ਕਰਨ ਨਾਲ ਹੀ ਹੋ ਸਕਿਆ। ਬੀਬੀ ਜੀ ਦਾ ਭੋਗ ਬਿਨਾਂ ਪੈਸੇ ਖ਼ਰਚ ਕੀਤੇ ਸਿਆਣਪ ਦਾ ਇਸਤੇਮਾਲ ਕਰਨ ਨਾਲ ਪੈ ਗਿਆ। ਅਸਲ ਵਿਚ ਹੋਇਆ ਇੰਜ ਕਿ ਅਸੀ (ਮੈਂ ਤੇ ਗੁਰਿੰਦਰ ਨੇ) ਉਸੇ ਦਿਨ ਭੂਆ ਦੇ ਮੁੰਡੇ ਨੂੰ ਫ਼ੋਨ ਕਰ ਕੇ ਆਖ ਦਿਤਾ ਕਿ ਵੀਰੇ ਬੀਬੀ ਮਰਨ ਤੋਂ ਪਹਿਲਾਂ ਇਹ ਆਖ ਕੇ ਗਈ ਸੀ ਕਿ ਉਸ ਦੇ ਭੋਗ ਉਤੇ ਜੋ ਵੀ ਖ਼ਰਚ ਆਇਆ ਉਹ ਮੇਰਾ ਲਾਡਲਾ ਦੋਹਤਾ ਗੋਲਡੀ ਹੀ ਕਰੇਗਾ।

ਇਹ ਬੀਬੀ ਜੀ ਦੀ ਆਖ਼ਰੀ ਇੱਛਾ ਸੀ। ਬਸ ਫਿਰ ਕੀ ਸਾਡਾ ਹਨੇਰੇ ਵਿਚ ਹੀ ਛਡਿਆ ਤੀਰ ਸਹੀ ਨਿਸ਼ਾਨੇ ਉਤੇ ਜਾ ਵੱਜਾ। ਅਗਲੇ  ਹੀ ਦਿਨ ਭੂਆ ਦਾ ਮੁੰਡਾ ਬੈਂਕ ਗਿਆ ਤੇ ਉਸ ਨੇ ਪੰਜਾਹ ਹਜ਼ਾਰ ਰੁਪਏ ਗੁਰਿੰਦਰ ਦੇ ਖਾਤੇ ਵਿਚ ਟਰਾਂਸਫ਼ਰ ਕਰ ਦਿਤੇ। ਰਹਿੰਦੀ ਕਸਰ ਅਸੀ ਭੋਗ ਤੋਂ ਬਾਅਦ ਪੂਰੀ ਕਰ ਦਿਤੀ। ਅਸੀ ਗੋਲਡੀ ਵੀਰੇ ਨੂੰ ਆਖ ਦਿਤਾ ਕਿ ''ਵੀਰ ਜੀ ਇਸ ਸਾਰੇ ਕਾਰਜ ਨਾਲ ਬੀਬੀ ਜੀ ਦੀ ਆਤਮਾ ਨੂੰ ਬਹੁਤ ਖ਼ੁਸ਼ੀ ਮਿਲੀ ਹੋਵੇਗੀ। ਉਹ ਉਪਰ ਰੱਬ ਕੋਲ ਬੈਠੀ ਵੀ ਤੈਨੂੰ ਅਪਣੇ ਸੱਭ ਤੋਂ ਲਾਡਲੇ ਪੁੱਤਰ ਨੂੰ ਦੁਆਵਾਂ ਹੀ ਦੇਂਦੀ ਹੋਵੇਗੀ।''

ਅਸਲ ਵਿਚ ਇਹ ਸੱਭ ਕੁੱਝ ਅਸੀ ਇਸ ਲਈ ਕੀਤਾ ਕਿ ਇਕ ਤਾਂ ਭੂਆ ਤੇ ਫੁਫੜ ਦੋਵੇਂ ਉੱਚ ਦਰਜੇ ਦੇ ਸਰਕਾਰੀ ਅਧਿਕਾਰੀ ਸਨ ਤੇ ਗੋਲਡੀ ਵੀ ਮੋਹਾਲੀ ਕਿਸੇ ਚੰਗੀ ਕੰਪਨੀ ਵਿਚ ਚੰਗੀ ਤਨਖ਼ਾਹ ਉਤੇ ਨੌਕਰੀ ਲੱਗਾ ਹੋਇਆ ਸੀ। ਬਸ ਅਕਲ ਦਾ ਇਸਤੇਮਾਲ ਕਰਨ ਨਾਲ ਸਾਰਾ ਕੰਮ ਸਿਰੇ ਚੜ੍ਹ ਗਿਆ। ਕੀ ਸਹੀ ਹੋਇਆ ਕੀ ਗ਼ਲਤ ਰੱਬ ਜਾਣਦਾ।(ਬਾਕੀ ਅਗਲੇ ਹਫ਼ਤੇ)
ਸੰਪਰਕ : 88475-46903